ਇਰਾਕ ’ਚ ਅਮਰੀਕੀ ਟਿਕਾਣਿਆਂ ’ਤੇ ਹਮਲਿਆਂ ਨਾਲ ਪੰਜਾਬੀਆਂ ਦੀ ਜਾਨ ਮੁੱਠ ’ਚ ਆਈ

ਜਲੰਧਰ: ਇਰਾਨ ਵੱਲੋਂ ਇਰਾਕ ਵਿੱਚ ਅਮਰੀਕਾ ਦੇ ਫੌਜੀ ਟਿਕਾਣਿਆਂ ’ਤੇ ਕੀਤੇ ਗਏ ਹਮਲੇ ਨਾਲ ਦੋਆਬੇ ਵਿਚ ਰਹਿੰਦੇ ਲੋਕ ਇਸ ਗੱਲੋਂ ਸਹਿਮ ਗਏ ਹਨ ਕਿ ਉਨ੍ਹਾਂ ਦੇ ਪੁੱਤ ਕਮਾਈਆਂ ਕਰਨ ਲਈ ਇਰਾਕ ਗਏ ਹੋਏ ਹਨ। ਹੁਸ਼ਿਆਰਪੁਰ ਦੇ ਪਿੰਡ ਹਾਜੀ ਦਾ ਰਹਿਣ ਵਾਲਾ ਨਰੇਸ਼ ਤਾਂ ਅਮਰੀਕੀ ਫੌਜਾਂ ਲਈ ਖਾਨਸਾਮਾ ਵਜੋਂ ਕੰਮ ਕਰਦਾ ਹੈ। ਪਿਛਲੇ ਸੱਤਾਂ ਸਾਲਾਂ ਤੋਂ ਉਹ ਅਮਰੀਕੀ ਫੌਜੀਆਂ ਦੀ ਹੀ ਖਾਤਰਦਾਰੀ ਵਿਚ ਲੱਗਾ ਹੋਇਆ ਹੈ। ਇਰਾਨ ਨੇ ਜਦੋਂ ਇਰਾਕ ਵਿਚ ਅਮਰੀਕੀ ਟਿਕਾਣਿਆਂ ’ਤੇ ਹਮਲੇ ਕੀਤੇ ਸਨ ਤਾਂ ਹਾਜੀ ਪਿੰਡ ਵਿਚ ਰਹਿੰਦੇ ਨਰੇਸ਼ ਦੇ ਪਰਿਵਾਰ ਦੀ ਜਾਨ ਮੁੱਠ ਵਿਚ ਆ ਗਈ ਸੀ। ਉਨ੍ਹਾਂ ਦੇ ਪਿਤਾ ਦਰਸ਼ਨ ਕੁਮਾਰ ਨੇ ਦੱਸਿਆ ਕਿ ਇਰਾਨ ਵੱਲੋਂ ਦਾਗੀਆਂ ਮਿਜ਼ਾਈਲਾਂ ਇੰਜ ਲੱਗਦੀਆਂ ਸਨ ਜਿਵੇਂ ਉਨ੍ਹਾਂ ਦੇ ਕਲੇਜੇ ਨੂੰ ਚੀਰ ਗਈਆਂ ਹੋਣ। ਉਨ੍ਹਾਂ ਨੇ ਰੱਬ ਦਾ ਸ਼ੁਕਰ ਮਨਾਇਆ ਜਦੋਂ ਉਥੇ ਵਰ੍ਹੀਆਂ ਮਿਜ਼ਾਈਲਾਂ ਦੌਰਾਨ ਵੀ ਨਰੇਸ਼ ਨੇ ਘਰ ਸੁੱਖ-ਸਾਂਦ ਦਾ ਫੋਨ ਕਰਕੇ ਮਾਪਿਆਂ ਦਾ ਕਲੇਜਾ ਠਾਰਿਆ ਸੀ।

ਪਿੰਡ ਛੋਕਰਾਂ ਦੇ ਛੇ-ਸੱਤ ਨੌਜਵਾਨ ਵੀ ਇਰਾਕ ਵਿਚ ਗਏ ਹੋਏ ਹਨ। ਢਾਈ ਸਾਲ ਪਹਿਲਾਂ ਇਰਾਕ ਗਏ ਬੌਬੀ ਨਾਂ ਦੇ ਨੌਜਵਾਨ ਨੇ ਇਰਾਕ ਤੋਂ ਕੀਤੀ ਗੱਲਬਾਤ ਦੌਰਾਨ ਦੱਸਿਆ ਕਿ ਇਰਾਨ ਨੇ ਜਿਹੜਾ ਹਮਲਾ ਕੀਤਾ ਹੈ ਉਥੋਂ ਉਹ ਦਸ ਕਿਲੋਮੀਟਰ ਦੂਰ ਰਹਿ ਰਿਹਾ ਹੈ। ਬੌਬੀ ਨੇ ਦੱਸਿਆ ਕਿ ਇਹ ਹਮਲਾ ਐਰਬਿਲ ਦੇ ਥਾਂ ’ਤੇ ਹੋਇਆ ਸੀ। ਉਸ ਦੀ ਭੈਣ ਤੇ ਜੀਜਾ ਵੀ ਇਰਾਕ ਵਿਚ ਹੀ ਰਹਿੰਦੇ ਹਨ ਤੇ ਆਪ ਉਹ ਉਸ ਕੰਪਨੀ ਵਿਚ ਕੰਮ ਕਰਦਾ ਹੈ ਜਿਹੜੀ ਐਲਮੀਨੀਅਮ ਦੇ ਦਰਵਾਜ਼ੇ ਫਿੱਟ ਕਰਨ ਦਾ ਕੰਮ ਕਰਦੀ ਹੈ। ਹਮਲੇ ਤੋਂ ਬਾਅਦ ਮਾਂ-ਬਾਪ ਨੂੰ ਸੁੱਖ ਸਾਂਦ ਬਾਰੇ ਦੱਸ ਦਿੱਤਾ ਸੀ।

Leave a Reply

Your email address will not be published. Required fields are marked *