ਅਜਾਇਬ ਸਿੰਘ ਹੁੰਦਲ ਦੀਆਂ ਰਚਨਾਵਾਂ

ਦੁੱਖ ਦਾਰੂ

ਕਿੱਥੇ ਚਲੇ ਗਏ ਨੇ ਉਹ ਦਿਨ
ਜਦ ਦੁੱਖ ਸੁੱਖ ਸਾਂਝੇ ਹੁੰਦੇ ਸਨ।
ਇੱਕ ਘਰ ਵਿੱਚ ਖ਼ੁਸ਼ੀ ਆਉਣੀ
ਸਾਰੇ ਘਰਾਂ ਖ਼ੁਸ਼ੀ ਮਨਾਉਣੀ
ਇੱਕ ਘਰ ਦੁਖੀ ਹੋਣਾ
ਸਾਰਿਆਂ ਘਰਾਂ ਪ੍ਰੇਸ਼ਾਨ ਹੋ ਜਾਣਾ।
ਦੁੱਖ ਦੀ ਦਵਾ ਕਰਨ ਲਈ
ਸਿਰਫ਼ ਦੁਖੀ ਨੇ ਹੀ ਨਹੀਂ
ਹਰ ਇੱਕ ਨੇ ਦੁਆ ਕਰਨੀ
ਦੁੱਖ ਦਾਰੂ ਹੋ ਜਾਣਾ
ਕਿਸੇ ਅਹਿਸਾਨ ਨਾ ਜਤਾਉਣਾ
ਕਿਸੇ ਅਹਿਸਾਨਮੰਦ ਨਾ ਹੋਣਾ।
ਬੜਾ ਸੋਚਿਆ ਗਿਆ ਹੈ
ਬੜਾ ਲਿਖਿਆ ਗਿਆ ਹੈ
ਦੁੱਖ ਨੂੰ ਸੁੱਖ ਵਿੱਚ ਬਦਲਣ ਲਈ
ਦੁੱਖ ਨਹੀਂ ਬਦਲਿਆ
ਦੁਖੀ ਜ਼ਰੂਰ ਬਦਲ ਗਏ ਨੇ।
ਕੋਈ ਦੁਖੀ ਆਪਣਾ ਦੁੱਖ ਨਹੀਂ ਫੋਲਦਾ
ਦੁੱਖ ਲੁਕਾਉਂਦਾ ਹੈ
ਲੁਕਾਇਆ ਹੋਇਆ ਦੁੱਖ ਦਾਰੂ
ਨਹੀਂ ਬਣਦਾ
ਰੋਗ ਬਣ ਜਾਂਦਾ ਹੈ
ਤਨ ਦਾ ਵੀ, ਮਨ ਦਾ ਵੀ।
ਮਨ ਨੂੰ ਜਿੱਤਣ ਵਾਲਾ
ਮਨ ਤੋਂ ਹਾਰ ਜਾਂਦਾ ਹੈ
ਜਗ ਤੋਂ ਹਾਰ ਜਾਂਦਾ ਹੈ
ਆਪਣੇ ਆਪ ਤੋਂ ਹਾਰ ਜਾਂਦਾ ਹੈ
ਕਿੱਥੇ ਚਲੇ ਗਏ ਨੇ ਉਹ ਦਿਨ…।
ਮੇਰੇ ਅਰਥ

ਮੇਰੇ ਸ਼ਬਦ ਜੋੜ ਬਦਲ ਬਦਲ
ਕੇ ਵੀ
ਉਹ ਮੇਰੇ ਅਰਥ ਨਹੀਂ ਬਦਲ
ਸਕਿਆ।
ਉਸ ਦੀ ਜ਼ਿੱਦ ਨੇ
ਮੈਨੂੰ ਅੱਖਰ ਅੱਖਰ ਕਰ ਦਿੱਤਾ ਹੈ।
ਉਹ ਹੈਰਾਨ ਹੋ ਰਿਹਾ ਹੈ
ਕਿ ਮੇਰੇ ਹਰ ਅੱਖਰ ਨੇ
ਇੱਕ ਸ਼ਬਦ ਸਿਰਜ ਲਿਆ ਹੈ
ਇੱਕ ਵਾਕ ਸਿਰਜ ਲਿਆ ਹੈ।
ਉਹ ਪ੍ਰੇਸ਼ਾਨ ਹੋ ਰਿਹਾ ਹੈ
ਕਿ ਮੇਰੇ ਅਰਥ
ਪਹਿਲਾਂ ਨਾਲੋਂ ਵੀ ਗੰਭੀਰ ਹੋ
ਗਏ ਨੇ
ਸਪਸ਼ਟ ਹੋ ਗਏ ਨੇ।
ਗ਼ਜ਼ਲਾਂ

ਉਸ ਸ਼ਹਿਰ ਦੇ ਲੋਕੀਂ ਜੇ ਖ਼ਤਾਵਾਰ ਬੜੇ ਨੇ।
ਇਸ ਸ਼ਹਿਰ ਦੇ ਲੋਕੀਂ ਵੀ ਗੁਨਾਹਗਾਰ ਬੜੇ ਨੇ।
ਘੁੱਟਦਾ ਹੈ ਤੇਰਾ ਦਮ ਤਾਂ ਵਜ੍ਹਾ ਹੋਰ ਹੋਏਗੀ,
ਕਮਰੇ ਤਾਂ ਤੇਰੇ ਘਰ ਦੇ ਹਵਾਦਾਰ ਬੜੇ ਨੇ।
ਹੈ ਘਾਟ ਹੁਨਰ ਦੀ ਕਿ ਹਕੀਕਤ ਦੀ ਕਮੀ ਹੈ,
ਸ਼ਾਹਕਾਰ ਬੜੇ ਥੋੜੇ ਨੇ ਫਨਕਾਰ ਬੜੇ ਨੇ।
ਵਿਕ ਜਾਣ ਲਈ ਰਾਜ਼ੀ ਕਦੇ ਹੋ ਤਾਂ ਸਹੀ ਤੂੰ,
ਤੇਰੇ ਵੀ ਤਲਬਗਾਰ ਖਰੀਦਾਰ ਬੜੇ ਨੇ।
ਕਿਧਰੇ ਵੀ ਕਿਸੇ ਘਟਨਾ ਦਾ ਨਾਇਕ ਤਾਂ ਕਦੇ ਬਣ,
ਛਾਪਣ ਨੂੰ ਤੇਰਾ ਨਾਮ ਵੀ ਅਖ਼ਬਾਰ ਬੜੇ ਨੇ।
ਮੈਨੂੰ ਵੀ ਤਾਂ ਦਿੱਤੀਆਂ ਨੇ ਮੇਰੀ ਮਾਂ ਨੇ ਦੁਆਵਾਂ,
ਕੀ ਹੋਇਆ ਤੇਰੇ ਕੋਲ ਜੇ ਹਥਿਆਰ ਬੜੇ ਨੇ।
ਆ ਜਾਏ ਕਦੇ ਜਾਚ ਜੇ ਖੇਡਣ ਦੀ ‘ਅਜਾਇਬ’,
ਖੇਡਣ ਦੇ ਲਈ ਉਮਰ ਦੇ ਦਿਨ ਚਾਰ ਬੜੇ ਨੇ।
ਹੁਣ ਵੀ ਹੱਥਾਂ ਨੂੰ ਸਮਝਾਇਆ ਜਾ ਸਕਦਾ ਹੈ।
ਢਹਿੰਦਾ ਹੋਇਆ ਸ਼ਹਿਰ ਬਚਾਇਆ ਜਾ ਸਕਦਾ ਹੈ।
ਕਿੰਨੇ ਲੋਕ ਸੜੇ ਹੋਣੇ ਧੁੱਪੇ ਰੁੱਖ ਲਾਉਂਦੇ,
ਇਹ ਅੰਦਾਜ਼ਾ ਛਾਂ ਤੋਂ ਲਾਇਆ ਜਾ ਸਕਦਾ ਹੈ।
ਰੁੱਖ ਕੱਟਣਾ ਤਾਂ ਨਾਵਾਜਬ ਹੈ, ਪਰ ਜੰਗਲ ਵੀ,
ਕੇਵਲ ਇੱਕ ਹੱਦ ਤਕ ਕਟਵਾਇਆ ਜਾ ਸਕਦਾ ਹੈ।
ਕੀ ਹੋਇਆ ਜੇ ਕਾਫ਼ੀ ਦੂਰ ਨਿਕਲ ਆਏ ਹਾਂ,
ਆਪਣੇ ਘਰ ਹਰ ਵੇਲੇ ਜਾਇਆ ਜਾ ਸਕਦਾ ਹੈ।
ਏਨੇ ਪਹਿਲੂ ਨੇ ਉਸ ਦੀ ਇੱਕ ਮੂਰਤ ਦੇ ਕਿ,
ਹਰ ਇੱਕ ਪਹਿਲੂ ਇਸ਼ਟ ਬਣਾਇਆ ਜਾ ਸਕਦਾ ਹੈ।
ਆਪਣੇ ਮਨ ਤੋਂ ਬੇਸ਼ੱਕ ਲਾਹੁਣਾ ਮੁਸ਼ਕਿਲ ਹੈ ਪਰ,
ਆਪਣੇ ਸਿਰ ਤੋਂ ਬੋਝ ਤਾਂ ਲਾਹਿਆ ਜਾ ਸਕਦਾ ਹੈ।
ਮਨ ਨੂੰ ਮਿਲੇ ਆਨੰਦ ‘ਅਜਾਇਬ’ ਜੇ ਮੋਇਆਂ ਤਾਂ,
ਸੂਲੀ ਉੱਪਰ ਵੀ ਮੁਸਕਾਇਆ ਜਾ ਸਕਦਾ ਹੈ।

 

Comments

comments

Share This Post

RedditYahooBloggerMyspace