ਕੌਤਕ

ਮੂੰਹ ਹਨੇਰੇ ਜਦੋਂ ਪਿੰਡ ਦੇ ਲੋਕੀਂ ਖੇਤਾਂ ਵੱਲ ਨੂੰ ਨਿਕਲੇ ਤਾਂ ਉਹ ਪਿੰਡ ਦੀ ਚੜ੍ਹਦੀ ਵੱਖੀ ਵਿਚ ਪੈਂਦੀ ਸਰਕੜੇ ਵਾਲੀ ਜ਼ਮੀਨ ਵਿਚੋਂ ਧੂਆਂ ਨਿਕਲਦਾ ਵੇਖਕੇ ਹੈਰਾਨ ਰਹਿ ਗਏ। ਕੋਈ ਆਖੇ ਉੱਥੇ ਅੱਗ ਲੱਗ ਗਈ ਹੋਣੀ ਐ ਅਤੇ ਦੂਜਾ ਝੱਟ ਉਸ ਦੀ ਗੱਲ ਕੱਟਦਾ ਹੋਇਆ ਆਖਦਾ ਕਿ ਅੱਗ ਕਿੱਦਾਂ ਲੱਗ ਸਕਦੀ ਹੈ, ਉੱਥੇ ਝੱਲ ਹੀ ਏਨਾ ਹੈ ਕਿ ਉੱਥੇ ਕੋਈ ਜਾ ਈ ‘ਨੀ ਸਕਦਾ। ਖੈਰ! ਗੱਲਾਂ ਹੁੰਦੀਆਂ ਗਈਆਂ ‘ਤੇ ਲੋਕਾਂ ਦੀ ਭੀੜ ਵਧਦੀ ਗਈ।

ਪਤਾ ਕਰਨ ਲਈ ਜਦੋਂ ਕੁਝ ਲੋਕੀਂ ਸਰਕੜੇ ਅਤੇ ਘਾਹ-ਫੂਸ ਵਿਚੋਂ ਲੰਘ ਕੇ ਉੱਥੇ ਪੁੱਜੇ ਤਾਂ ਇਹ ਵੇਖ ਕੇ ਹੈਰਾਨ ਰਹਿ ਗਏ ਕਿ ਇਕ ਭਗਵੇਂ ਕੱਪੜੇ ਪਾਈ ਟਮਕ ਵਰਗੇ ਢਿੱਡ ਵਾਲਾ ਘੋਨ ਮੋਨ ਸਾਧੂ ਧੂਣਾ ਧੁਖਾ ਕੇ ਬੈਠਾ ਹੋਇਆ ਸੀ। ਲੋਕਾਂ ਨੇ ਸਾਧੂ ਨੂੰ ਬੁਲਾਇਆ ਪਰ ਉਹ ਕੁਝ ਬੋਲਿਆ ਹੀ ਨਾ ਸਗੋਂ ਆਪਣੀ ਮਸਤੀ ਵਿਚ ਬੇਖ਼ਬਰ ਬੈਠਾ ਰਿਹਾ। ਪਿੰਡ ਵਿਚ ਦੱਸਣ ਲਈ ਕੁਝ ਲੋਕ ਵਾਹੋ-ਦਾਹੀ ਪਿੰਡ ਵੱਲ ਨੂੰ ਹੋ ਤੁਰੇ। ਬੱਸ ਫਿਰ ਕੀ ਸੀ, ਇਹ ਗੱਲ ਜੰਗਲ ਦੀ ਅੱਗ ਵਾਂਗ ਨਹੀਂ ਸਗੋਂ ਸਰਕੜੇ ਵਿਚ ਬੈਠੇ ਸਾਧ ਦੇ ਧੂਣੇ ਦੇ ਧੂਏਂ ਵਾਂਗ ਸਾਰੇ ਪਿੰਡ ਵਿਚ ਫੈਲ ਗਈ।

ਕੁਝ ਗੋਡਿਆਂ ਦੇ ਦਰਦ ਕਾਰਨ ਤੁਰਨ ਤੋਂ ਵੀ ਆਤੁਰ ਮਾਈਆਂ ਨੇ ਦੁੱਧ, ਦਹੀਂ, ਘਿਉ ਅਤੇ ਹੋਰ ਖਾਣ ਵਾਲਾ ਸਾਮਾਨ ਲੈ ਕੇ ਉਧਰ ਨੂੰ ਛੂਟ ਵੱਟ ਲਈ। ਝੱਲ ਝੂਡਾ ਹੋਣ ਕਾਰਨ ਜਿੱਥੋਂ ਕਦੇ ਲੰਘਿਆ ਨਹੀਂ ਸੀ ਜਾਂਦਾ, ਉੱਥੇ ਸ਼ਾਮ ਤੱਕ ਦਗੜ ਰਾਹ ਬਣ ਚੁੱਕਾ ਸੀ। ਹੌਲੀ-ਹੌਲੀ ਉੱਥੇ ਛੰਨ ਜਿਹੀ ਬਣ ਗਈ ਅਤੇ ਸਾਧੂ ਸ਼ਾਮ-ਸਵੇਰੇ ਭਜਨ ਬੰਦਗੀ ਕਰਦਾ ਹੋਇਆ ਲੋਕਾਂ ਨੂੰ ਸਿਖਿਆਵਾਂ ਦੇ ਗੱਫੇ ਵੰਡਣ ਲੱਗ ਪਿਆ। ਪਿੰਡ ‘ਚੋਂ ਉੱਡ ਕੇ ਗੱਲ ਸਾਰੇ ਇਲਾਕੇ ਵਿਚ ਫੈਲ ਗਈ ਅਤੇ ਉੱਥੇ ਲੋਕਾਂ ਦੀਆਂ ਭੀੜਾਂ ਜੁੜਨੀਆਂ ਸ਼ੁਰੂ ਹੋ ਗਈਆਂ। ਦਿਨਾਂ ਵਿਚ ਹੀ ਸਰਕੜਾ ਸਾਫ ਹੋ ਗਿਆ। ਸਾਧੂ ਦੀ ਕੁਟੀਆ ਬਣ ਕੇ ਤਿਆਰ ਹੋ ਗਈ। ਮਹੀਨੇ ਵਿਚ ਇਕ ਵਾਰ ਧਾਰਮਿਕ ਸਮਾਗਮ ਕਰਨ ਦਾ ਦਿਨ ਨਿਸਚਿਤ ਹੋਣ ਨਾਲ ਲੋਕਾਂ ਦਾ ਵੱਡਾ ਇਕੱਠ ਹੋਣ ਲੱਗ ਪਿਆ।

ਕਈ ਸਾਲ ਇਸੇ ਤਰ੍ਹਾਂ ਚਲਦਾ ਰਿਹਾ ਅਤੇ ਸਾਧੂ ਕੋਲ ਚੜ੍ਹਾਵੇ ਦੇ ਰੂਪ ਵਿਚ ਕਾਫੀ ਮਾਇਆ ਇਕੱਠੀ ਹੋ ਗਈ ਅਤੇ ਚੇਲਿਆਂ ਦੀ ਫ਼ੌਜ ਵੀ। ਵਿਦੇਸ਼ਾਂ ਵਿਚ ਬੈਠੇ ਲੋਕੀਂ ਵੀ ਸਾਧੂ ਦੇ ਸ਼ਰਧਾਲੂ ਬਣ ਗਏ। ਇਸੇ ਕਰਕੇ ਸਾਧੂ ਦਾ ਵਿਦੇਸ਼ੀ ਪੈਸਿਆਂ ਨੂੰ ਦੇਸੀ ਪੈਸਿਆਂ ਵਿਚ ਤਬਦੀਲ ਕਰਨ ਵਾਲੀਆਂ ਦੁਕਾਨਾਂ ਵਿਚ ਆਉਣਾ-ਜਾਣਾ ਆਮ ਹੋ ਗਿਆ। ਸਾਧੂ ਦੀ ਥੈਲੀ ਭਾਰੀ ਹੋਣ ਲੱਗ ਪਈ ਅਤੇ ਭਗਤ-ਜਨਾਂ ਦੇ ਬੈਠਣ ਲਈ ਛੱਤਿਆ ਥਾਂ ਛੋਟਾ ਜਾਪਣ ਲੱਗ ਪਿਆ। ਹੁਣ ਸਾਧੂ ਨੇ ਮਹੀਨਾਵਾਰੀ ਸਮਾਗਮ ਵਿਚ ਵੱਡਾ ਹਾਲ ਉਸਾਰਨ ਦੀ ਤਜਵੀਜ਼ ਰੱਖ ਦਿੱਤੀ। ਜੋ ਮਿੰਟਾਂ ਸਕਿੰਟਾਂ ਵਿਚ ਪ੍ਰਵਾਨ ਹੋਣ ਦੇ ਨਾਲ-ਨਾਲ ਸਾਧੂ ਦੇ ਸਾਹਮਣੇ ਨੋਟਾਂ ਦੀ ਵੱਡੀ ਢੇਰੀ ਜਮ੍ਹਾਂ ਕਰ ਗਈ।

ਲੰਮੀ-ਚੌੜੀ ਸੋਚ-ਵਿਚਾਰ ਤੋਂ ਬਾਅਦ ਨਕਸ਼ਾ ਤਿਆਰ ਕਰਵਾ ਕੇ ਸਾਧੂ ਨੇ ਆਪਣੇ ਇਕ ਸ਼ਰਧਾਲੂ ਮਿਸਤਰੀ ਨੂੰ ਹਾਲ ਬਣਾਉਣ ਲਈ ਠੇਕਾ ਦੇ ਦਿੱਤਾ। ਪਰ ਇਸ ਦੇ ਮਗਰੋਂ ਜਿਵੇਂ-ਜਿਵੇਂ ਪਤਾ ਲਗਦਾ ਗਿਆ, ਸੇਵਕਾਂ ਦੀ ਸੇਵਾ ਕਰਨ ਦੀ ਇੱਛਾ ਤੀਬਰ ਹੁੰਦੀ ਗਈ। ਵੱਖ-ਵੱਖ ਸੇਵਕਾਂ ਨੇ ਇੱਟਾਂ, ਸੀਮੈਂਟ, ਸਰੀਏ, ਮਜ਼ਦੂਰਾਂ, ਮਿਸਤਰੀਆਂ ਅਤੇ ਹੋਰ ਸਾਮਾਨ ਦੀ ਸੇਵਾ ਆਪੋ-ਆਪਣੇ ਜ਼ਿੰਮੇ ਲੈ ਲਈ। ਸਾਧੂ ਸੇਵਕਾਂ ਦੀ ਸ਼ਰਧਾ ‘ਤੇ ਖੁਸ਼ ਹੁੰਦਾ ਹੋਇਆ ਪਹਿਲੇ ਮਿਸਤਰੀ ਨੂੰ ਬੁਲਾ ਕੇ ਕਹਿਣ ਲੱਗਾ ਕਿ ਮਿਸਤਰੀ ਦੀ ਸੇਵਾ ਕਿਸੇ ਸ਼ਰਧਾਲੂ ਨੇ ਆਪਣੇ ਜ਼ਿੰਮੇ ਲੈ ਲਈ ਹੈ, ਇਸ ਲਈ ਤੁਸੀਂ ਆਪਣਾ ਠੇਕਾ ਰੱਦ ਸਮਝੋ। ਇਹ ਸੁਣ ਕੇ ਮਿਸਤਰੀ ਕਹਿਣ ਲੱਗਾ ਕਿ ਬਾਬਾ ਜੀ ਮੈਂ ਕੋਈ ਹੋਰ ਗੱਲ ਤਾਂ ਨਹੀਂ ਕਹਿਣੀ ਪਰ ਮੈਨੂੰ ਇਹ ਦੱਸੋ ਕਿ ਹੁਣ ਤੁਹਾਡੇ ਉਸ ਉਪਦੇਸ਼ ਦਾ ਕੀ ਬਣੇਗਾ ਜਿਸ ਵਿਚ ਤੁਸੀਂ ਸ਼ਾਮ-ਸਵੇਰੇ ਲੋਕਾਂ ਨੂੰ ਸੱਚ ਬੋਲਣ ਅਤੇ ਜ਼ਬਾਨ ‘ਤੇ ਖਰਾ ਉੱਤਰਨ ਦੀ ਆਮ ਗੱਲ ਕਰਦੇ ਰਹਿੰਦੇ ਹੋ? ਸਾਧੂ ਜਿਸ ਨੂੰ ਇਹੋ ਜਿਹੇ ਸਵਾਲ ਦੀ ਆਸ ਹੀ ਨਹੀਂ ਸੀ, ਸੁਣ ਕੇ ਚੁੱਪ ਕਰ ਗਿਆ ਅਤੇ ਮਿਸਤਰੀ ਉਹਨੂੰ ਬਿਨ੍ਹਾਂ ਬੁਲਾਇਆਂ ਆਪਣੇ ਰਾਹ ਪੈ ਗਿਆ।

ਹਾਲ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਦੇ ਨਾਲ ਹੀ ਬਿੱਲੀ ਵੀ ਥੈਲੇ ‘ਚੋਂ ਬਾਹਰ ਆਉਣੀ ਸ਼ੁਰੂ ਹੋ ਗਈ। ਜਿੰਨੇ ਮੂੰਹ ਓਨੀਆਂ ਗੱਲਾਂ। ਪਰ ਸੱਚੀ ਗੱਲ ਉੱਡਦੀ-ਉੱਡਦੀ ਹਨੇਰੀ ਬਣ ਗਈ ਕਿ ਸਾਧੂ ਜੀ ਮਹਾਰਾਜ ਦਾ ਫ਼ਰਮਾਨ ਹੈ ਕਿ ਇਸ ਹਾਲ ਨੂੰ ਮੁਕੰਮਲ ਹੋਣ ਵਿਚ ਘੱਟੋ-ਘੱਟ ਚਾਰ-ਪੰਜ ਸਾਲ ਜ਼ਰੂਰ ਲੱਗਣੇ ਚਾਹੀਦੇ ਹਨ। ਸਾਰਾ ਕੰਮ ਪੂਰਨ ਤਸੱਲੀ ਨਾਲ ਕਰਵਾਉਣਾ ਹੈ। ਇਹ ਸੁਣ ਕੇ ‘ਅਸਲ ਸੇਵਕ’ ਇਹ ਕਹਿਣ ਲੱਗ ਪਏ ਕਿ ਇਹਦੇ ਵਿਚ ਵੀ ਕੋਈ ਬਾਬਿਆਂ ਦਾ ਕੌਤਕ ਹੀ ਹੋਣਾ ਹੈ। ਉਨ੍ਹਾਂ ਦੀਆਂ ਉਹੀ ਜਾਣਨ। ਪਰ ‘ਕੁਝ ਕੁ ਲੋਕ’ ਇਸ ਕੌਤਕ ਦਾ ਸੱਚ ਦੱਸਣ ਲਈ ਇਹ ਆਖਦੇ ਸੁਣੇ ਗਏ ਕਿ ਹਾਲ ਬਣਾਉਣ ਦੀ ਸਾਰੀ ਜ਼ਿੰਮੇਵਾਰੀ ਤਾਂ ਪਹਿਲਾਂ ਹੀ ਵੱਖ-ਵੱਖ ਬੰਦਿਆਂ ਨੇ ਸੰਭਾਲ ਲਈ ਹੈ ਅਤੇ ਬਾਬੇ ਹੁਣ ਲਾਲਚ ਦੇ ਵਦਾਨ ‘ਤੇ ਸਵਾਰ ਹੋ ਕੇ ਹਾਲ ਦੀ ਸੇਵਾ ਦੇ ਨਾਂਅ ‘ਤੇ ਚਾਰ-ਪੰਜ ਸਾਲ ਉਗਰਾਹੀ ਕਰਨ ਦੀ ਯੋਜਨਾ ਘੜ ਕੇ ਦੇਸ਼-ਵਿਦੇਸ਼ ਵਿਚ ਬੈਠੇ ਆਪਣੇ ਸ਼ਰਧਾਲੂਆਂ ਕੋਲ ਜਾਣ ਲਈ ਤਿਆਰੀਆਂ ਕੱਸ ਰਹੇ ਨੇ। ਪਰ ‘ਕੁਝ ਕੁ ਲੋਕਾਂ’ ਦੀ ਸੁਣਦਾ ਹੀ ਕੌਣ ਹੈ?

-ਬਲਦੇਵ ਸਿੰਘ ਬੱਲੀ

Comments

comments

Share This Post

RedditYahooBloggerMyspace