ਗੁੱਲੀ ਡੰਡਾ ਭਾਰਤ ਰਤਨ

ਪਿੰਡ ਵਿਚ ਅਸੀਂ ਇਸ ਨੂੰ ਗੁੱਲੀ ਡੰਡੇ ਦੀ ਖੇਡ ਕਹਿੰਦੇ ਰਹੇ। ਗੋਰਿਆਂ ਦੇ ਟੇਟੇ ਚੜ੍ਹ ਕੇ ਸਾਡੀ ਇਹ ਖੇਡ ਕ੍ਰਿਕਟ ਦੀ ਖੇਡ ਬਣ ਗਈ। ਦੇਸੀ ਬੰਦਿਆਂ ਲਈ ਇਹ ਗੁੱਲੀ ਡੰਡਾ ਹੀ ਰਹੀ। ਵਲੈਤੀ ਅਮੀਰਾਂ ਲਈ ਇਹ ਕ੍ਰਿਕਟ ਰਾਣੀ ਬਣ ਗਈ।

ਕਹਿੰਦੇ ਇਕ ਵਾਰੀ ਹਿਟਲਰ ਨੂੰ ਕ੍ਰਿਕਟ ਦਾ ਇਕ ਮੈਚ ਦੇਖਣ ਲਈ ਬੁਲਾਇਆ ਗਿਆ। ਦੋ ਟੀਮਾਂ ਤਿੰਨ ਦਿਨ ਠਾਹ-ਠੂਹ ਕਰਦੀਆਂ ਰਹੀਆਂ। ਆਖਿਰ ਮੈਚ ਡਰਾਅ ਹੋ ਗਿਆ। ‘ਕੌਣ ਜਿੱਤਿਆ?’ ਹਿਟਲਰ ਨੇ ਪੁੱਛਿਆ, ‘ਕੋਈ ਵੀ ਨਹੀਂ’, ਪ੍ਰਬੰਧਕਾਂ ਨੇ ਦੱਸਿਆ। ਹਿਟਲਰ ਸੁਣ ਕੇ ਬਹੁਤ ਹੈਰਾਨ ਹੋਇਆ, ‘ਤਿੰਨ ਦਿਨ ਇਹ ਭਕਾਈ ਮਾਰਦੇ ਰਹੇ, ਜਿੱਤਿਆ ਕੋਈ ਵੀ ਨੀਂ? ਹੈਂ! ਬੜੀ ਹੈਰਾਨੀ ਦੀ ਗੱਲ ਐ। ਕੌਮੀ ਟਾਈਮ ਤੇ ਪੈਸੇ ਦੀ ਏਨੀ ਬਰਬਾਦੀ? ਸਾਰਿਆਂ ਨੂੰ ਗੋਲੀ ਨਾਲ ਉੱਡਾ ਦੇਣਾ ਚਾਹੀਦੈ’, ਆਖ ਹਿਟਲਰ ਭਰਿਆ ਪੀਤਾ ਮੈਦਾਨ ‘ਚੋਂ ਬਾਹਰ ਚਲਾ ਗਿਆ।

ਨੋਬਲ ਇਨਾਮ ਜੇਤੂ ਅੰਗਰੇਜ਼ੀ ਨਾਟਕਕਾਰ ਕ੍ਰਿਕਟ ਬਾਰੇ ਕਿਤੇ ਲਿਖਦਾ ਹੈ, ‘ਦਸ ਮੂਰਖ ਖੇਡ ਰਹੇ ਹੁੰਦੇ ਹਨ ਤੇ ਹਜ਼ਾਰਾਂ ਮੂਰਖ ਦੇਖ ਰਹੇ ਹੁੰਦੇ ਹਨ।’

ਗੁੱਲੀ ਡੰਡਾ ਖੇਡਦਾ ਸਾਡਾ ਟਸ਼ਨੀ ਕ੍ਰਿਕਟ ਖੇਡਣ ਕਰਕੇ ਟਸ਼ਨ ਬਾਬੂ ਹੋ ਗਿਆ ਹੈ। ਛੋਟੇ ਹੁੰਦਿਆਂ ਸਾਡੇ ਨਾਲ ਗੁੱਲੀ ਡੰਡਾ ਖੇਡਦਾ ਤਾਂ ਉਸ ਦੀ ਟੁੱਲ ਬਹੁਤ ਮਸ਼ਹੂਰ ਹੁੰਦੀ ਸੀ। ਜੋਸ਼ ‘ਚ ਆ ਕੇ ਟੁੱਲ ਮਾਰਦਾ ਤਾਂ ਗੁੱਲੀ ਅਗਲੇ ਮੁਹੱਲੇ ‘ਚੋਂ ਲੱਭਣੀ ਪੈਂਦੀ ਸੀ। ਆਪਣੀ ਵਾਰੀ ਆਈ ਤੋਂ ਉਹ ਸਾਨੂੰ ਡਾਹ ਨਹੀਂ ਸੀ ਦਿੰਦਾ। ਉਸ ਦੀ ਗੁੱਲੀ ਦਾ ਕੈਚ ਸਾਡੇ ਕੋਲੋਂ ਫੜਿਆ ਨਹੀਂ ਸੀ ਜਾਂਦਾ। ਸਾਥੀਆਂ ਦੇ ਕਹਿਣ ਮੂਜਬ ਉਹ ਸਾਡੀਆਂ ਭੰਬੀਰੀਆਂ ਭੁਆ ਦਿੰਦਾ ਸੀ। ਉਹ ਸਾਡੇ ਪਿੰਡ ਦੀ ਗੁੱਲੀ ਡੰਡਾ ਖੇਡ ਦਾ ਹੀਰੋ ਮੰਨਿਆ ਜਾਂਦਾ ਸੀ। ਗੁੱਲੀ ਡੰਡਾ ਖੇਡਦੇ ਸਮੇਂ ਉਹ ਪਤਾ ਨਹੀਂ ਕੀਹਦੇ-ਕੀਹਦੇ ਸ਼ੀਸ਼ੇ ਭੰਨਦਾ ਸੀ। ਤਾਈ ਚਮੇਲੀ ਤਾਂ ਉਹਨੂੰ ਗਾਲ੍ਹਾਂ ਦਾ ਪ੍ਰਸ਼ਾਦ ਲਗਾਤਾਰ ਵੰਡਦੀ ਹੀ ਰਹਿੰਦੀ ਸੀ। ਉਸ ਦੇ ਕਿਸੇ ਬੂਹੇ ਬਾਰੀ ਦਾ ਸ਼ੀਸ਼ਾ ਟਸ਼ਨੀ ਨੇ ਸਾਬਤ ਨਹੀਂ ਸੀ ਰਹਿਣ ਦਿੱਤਾ। ਮਸਾਂ ਮਰ ਖਪ ਕੇ ਮੈਟ੍ਰਿਕ ‘ਚੋਂ ਥਰਡ ਡਿਵੀਜ਼ਨ ਵਿਚ ਪਾਸ ਹੋਇਆ।

ਸ਼ਹਿਰ ਕਾਲਜ ‘ਚ ਦਾਖਲ ਹੋ ਕੇ ਕ੍ਰਿਕਟ ਖੇਡਣ ਲੱਗ ਪਿਆ। ਹੱਥ ਤਾਂ ਖੁੱਲ੍ਹਾ ਹੀ ਹੋਇਆ ਸੀ, ਬਸ ਸ਼ਹਿਰ ਵਿਚ ਜਾ ਕੇ ਸੁੰਢ ਦੀ ਗੰਢੀ ਹੱਥ ਆ ਗਈ। ਸਰਕਦਾ-ਸਰਕਦਾ ਨੈਸ਼ਨਲ ਟੀਮ ‘ਚ ਜਾ ਵੜਿਆ। ਉਸ ਪਿੰਡ ਵੱਲ ਤੇ ਗੁੱਲੀ ਡੰਡੇ ਵੱਲ ਮੁੜ ਕੇ ਨਹੀਂ ਦੇਖਿਆ।

ਅਚਾਨਕ ਸਾਡਾ ਉਸ ਨਾਲ ਮੇਲ ਹੋਇਆ ਤਾਂ ਪਹਿਲੀ ਨਜ਼ਰੇ ਤਾਂ ਉਹ ਸਾਡੇ ਕੋਲੋਂ ਪਛਾਣਿਆ ਹੀ ਨਹੀਂ ਗਿਆ। ਹੁਣ ਉਹ ਟਸ਼ਨੀ ਤੋਂ ਟਸ਼ਨ ਬਾਬੂ ਬਣ ਚੁੱਕਿਆ ਸੀ।

‘ਅਰੇ ਆ ਬਈ ਟਸ਼ਨੀ, ਸਾਡਾ ਗੁੱਲੀ ਡੰਡੇ ਦਾ ਹੀਰੋ ਟਸ਼ਨੀ…’, ਆਖ ਅਸੀਂ ਉਸਨੂੰ ਛਾਤੀ ਨਾਲ ਲਗਾਉਣਾ ਚਾਹਿਆ।

ਸੂਟਡ-ਬੂਟਡ, ਬਦੇਸ਼ੀ ਘੜੀ ਤੇ ਕਾਲੇ ਗੌਗਲਜ਼ ਪਹਿਨੀ ਉਹ ਤਾਂ ਕੋਈ ਫ਼ਿਲਮੀ ਹੀਰੋ ਲਗਦਾ ਸੀ।

‘ਕਿਹੜੀ ਗੁੱਲੀ ਕਿਹੜਾ ਡੰਡਾ। ਉਹ ਸਭ ਪਿਛੇ ਪਿੰਡ ‘ਚ ਰਹਿ ਗਏ। ਹੁਣ ਮੇਰੇ ਕੋਲ ਕ੍ਰਿਕਟ ਹੈ, ਕ੍ਰਿਕਟ ਤੇ ਬੱਸ ਕ੍ਰਿਕਟ…’, ਟਸ਼ਨ ਬਾਬੂ ਨੇ ਮੂੰਹ ਸੰਗੋੜਦੇ ਹੋਏ ਆਖਿਆ।

‘ਪਰ ਤੇਰੀ ਸ਼ੁਰੂਆਤ ਤਾਂ ਗੁੱਲੀ ਡੰਡੇ ਤੋਂ ਹੀ ਹੋਈ ਸੀ ਨਾ?’, ਅਸੀਂ ਹੱਸਦੇ ਹੋਏ ਆਖਿਆ। ਟਸ਼ਨ ਬਾਬੂ ਨੂੰ ਸਾਡੇ ਹਾਸੇ ‘ਤੇ ਹਾਸਾ ਨਹੀਂ ਆਇਆ।

ਗੰਭੀਰ ਹੋ ਕੇ ਕਹਿਣ ਲੱਗਾ, ‘ਲੋਕ ਅਤੀਤ ਨੂੰ ਨਹੀਂ, ਵਰਤਮਾਨ ਨੂੰ ਦੇਖਦੇ ਹੁੰਦੇ ਆ। ਕੀ ਸਮਝੇ। ਹੁਣ ਤੁਹਾਡਾ ਇਹ ਟਸ਼ਨ ਬਾਬੂ ਕ੍ਰਿਕਟ ਜਗਤ ਦਾ ਹੀਰੋ ਹੈ, ਹੀਰੋ, ਸਮਝੇ ਨਾ?’ ਉਸ ਛਾਤੀ ਫੁਲਾ ਕੇ ਆਖਿਆ।

‘ਜੋ ਮਜ਼ਾ ਗੁੱਲੀ ਡੰਡੇ ‘ਚ ਸੀ ਉਹ ਕ੍ਰਿਕਟ ‘ਚ ਕਿੱਥੇ? ਕੀ ਹੈ ਕ੍ਰਿਕਟ ‘ਚ, ਹੈਂ?’ ਅਸੀਂ ਖਿਝ ਕੇ ਆਖਿਆ। ਸਾਡੇ ਇਸ ਡਾਇਲਾਗ ‘ਤੇ ਟਸ਼ਨ ਬਾਬੂ ਨੂੰ ਕਾਫ਼ੀ ਔਖ ਮਹਿਸੂਸ ਹੋਈ ਲਗਦੀ ਸੀ।

‘ਤੂੰ ਕਹਿਨੈਂ ਕੀ ਹੈ ਕ੍ਰਿਕਟ ‘ਚ। ਮੈਂ ਪੁੱਛਦਾਂ ਕੀ ਨਹੀਂ ਹੈ ਕ੍ਰਿਕਟ ‘ਚ? ਪੈਸਾ, ਸ਼ੋਹਰਤ, ਦੇਸ਼-ਵਿਦੇਸ਼ ਦੇ ਟੂਰ। ਏਨਾ ਪੈਸਾ ਮੈਨੂੰ ਤੁਹਾਡੀ ਸੜੀ ਗੁੱਲੀ ਡੰਡੀ ਦੇ ਸਕਦੀ ਸੀ? ਏਨੀ ਸ਼ੋਹਰਤ ਪਿੰਡ ‘ਚ ਰਹਿ ਕੇ ਮਿਲ ਸਕਦੀ ਸੀ? ਘਰ ਦਿਆਂ ਦੇ ਧੋਣੇ ਧੋਤੇ ਗਏ। ਟੁੱਟਿਆ ਮਕਾਨ ਆਲੀਸ਼ਾਨ ਫਾਰਮ ‘ਚ ਬਦਲ ਗਿਐ। ਦੁਨੀਆ ਦੀ ਸਭ ਤੋਂ ਹੁਸੀਨ ਔਰਤ ਨਾਲ ਸ਼ਾਦੀ ਹੋ ਗਈ। ਹਾਲੇ ਵੀ ਫ਼ਿਲਮੀ ਐਕਟਰੈਸਾਂ ਮੇਰੇ ਕੋਲੋਂ ਟਾਈਮ ਤੇ ਫੋਨ ਨੰਬਰ ਮੰਗਦੀਆਂ।’

‘ਧਨਾਢਾਂ ਦੀ ਖੇਡ ‘ਚ ਏਦਾਂ ਤਾਂ ਹੁੰਦਾ ਹੀ ਹੈ’, ਅਸੀਂ ਆਖਿਆ।

‘ਵੱਡੀਆਂ-ਵੱਡੀਆਂ ਕੰਪਨੀਆਂ ਵਾਲੇ ਆਪਣੇ ਮਾਲ ਦੀ ਐਡ ਸਾਡੇ ਰਾਹੀਂ ਕਰਦੇ ਐ। ਸਾਡੇ ਰਾਹੀਂ ਕੋਕ, ਕੋਕਾ ਕੋਲਾ, ਬੈਟਰੀਆਂ, ਵੈਸਲੀਨਾਂ, ਸ਼ੈਂਪੂ, ਸਾਬਣ ਵੇਚਦੀਆਂ ਨੇ। ਜਿਹੜੀ ਚੀਜ਼ ਬਾਰੇ ਅਸੀਂ ਕਹਿ ਦੇਈਏ, ਧੜਾਧੜ ਵਿਕਣ ਲੱਗਦੀ ਐ। ਰੋਮਾਂਸ ਅੱਡ’, ਆਖ ਉਸ ਗਰਦਨ ਜਿਹੀ ਅਕੜਾ ਲਈ ਸੀ।

ਸਾਨੂੰ ਉਸ ਦੀ ਹੈਂਕੜ ‘ਤੇ ਗੁੱਸਾ ਆਇਆ ਸੀ। ਅਸੀਂ ਉਸ ਨੂੰ ਲੱਥੇ ਲਾਹੁਣ ਬਾਰੇ ਨੋਚਣ ਲੱਗੇ ਸਾਂ। ਝੱਟ ਹੀ ਸਾਡੇ ਦਿਮਾਗ ‘ਚ ‘ਕ੍ਰਿਕਟ ਫਿਕਸਿੰਗ’ ਵਾਲੀ ਗੱਲ ਅੜ ਗਈ ਸੀ।

‘ਮੰਨ ਲਿਆ ਕ੍ਰਿਕਟ ਕੁਬੇਰ ਦਾ ਖਜ਼ਾਨਾ ਹੈ। ਸਾਰੇ ਪਾਸੇ ਪੈਸਾ ਹੀ ਪੈਸਾ ਹੈ। ਚੌਕਾ ਮਾਰੋ ਤਾਂ ਪੈਸਾ, ਛਿੱਕਾ ਮਾਰੋ ਤਾਂ ਪੈਸਾ, ਸੈਂਕੜਾ, ਅਰਧ ਸੈਂਕੜਾ ਮਾਰੋ ਤਾਂ ਪੈਸਾ ਹੀ ਪੈਸਾ। ਕੈਚ ਫੜੋ ਤਾਂ ਪੈਸਾ। ਏਨਾ ਪੈਸਾ ਮਿਲਣ ਦੇ ਬਾਵਜੂਦ ਵੀ ਤੁਸੀਂ ਕਈ ਵਾਰੀ ਫਿਕਸਿੰਗ ਵਾਲਾ ਮੈਚ ਹੀ ਖੇਡਦੇ ਹੋ? ਇਹ ਕੀ ਗੱਲ ਹੋਈ ਭਲਾ?’ ਅਸੀਂ ਪੁੱਛਿਆ ਤਾਂ ਟਸ਼ਨ ਬਾਬੂ ਦੀ ਸ਼ਕਲ ਜਾਲ ‘ਚ ਫਸੀ ਮੱਛੀ ਵਰਗੀ ਹੋ ਗਈ ਸੀ।

‘ਇਹ ਤਾਂ ਐਵੇਂ ਸਾਨੂੰ ਬਦਨਾਮ ਕਰਨ ਲਈ ਸਾਡੇ ਵਿਰੋਧੀਆਂ ਦੀਆਂ ਚਾਲਾਂ ਹੀ ਹਨ, ਹੋਰ ਕੁਸ਼ ਨੀਂ। ਏਨਾ ਪੈਸਾ ਤੇ ਧਨ ਮਿਲਣ ‘ਤੇ ਅਸੀਂ ਫਿਕਸਿੰਗ ਜਿਹੀਆਂ ਚਾਲਾਂ ਕਿਉਂ ਖੇਡਾਂਗੇ? ਹੈਂ ਤੁਸੀਂ ਆਪ ਹੀ ਦੱਸੋ?’, ਟਸ਼ਨ ਬਾਬੂ ਦੀ ਜ਼ਬਾਨ ਥਥਲਾਉਣ ਲੱਗ ਪਈ ਸੀ।

‘ਪੈਸਾ ਚੀਜ਼ ਹੀ ਐਸੀ ਹੈ ਟਸ਼ਨ ਬਾਬੂ, ਜਿੰਨਾ ਜ਼ਿਆਦਾ ਆਉਂਦੈ ਇਸ ਦੀ ਭੁੱਖ ਓਨੀ ਹੀ ਜ਼ਿਆਦਾ ਵਧਦੀ ਜਾਂਦੀ ਹੈ। ਲੋੜੋਂ ਵੱਧ ਪੈਸਾ ਆਉਣ ਨਾਲ ਬੰਦਾ ਜ਼ਿਆਦਾ ਕਮੀਨਾ ਹੋਣ ਲਗਦਾ ਹੈ।’ ਸਾਡੇ ਇਸ ਤਰ੍ਹਾਂ ਕਹਿਣ ਨਾਲ ਟਸ਼ਨ ਬਾਬੂ ਦੇ ਮੂੰਹ ਦਾ ਫਿਊਜ਼ ਜਿਹਾ ਉੱਡ ਗਿਆ ਸੀ। ਕਾਹਲ ਜਿਹੀ ਦਿਖਾਉਂਦੇ ਹੋਏ ਕਹਿਣ ਲੱਗਿਆ, ‘ਸਾਡੇ ਪ੍ਰਸ਼ੰਸਕ ਸਾਨੂੰ ਇਸ ਵਾਰ ਭਾਰਤ ਰਤਨ ਦੇਣ ਦੀ ਮੰਗ ਕਰ ਰਹੇ ਹਨ। ਰਾਜ ਸਭਾ ਦੀ ਸੀਟ ਦੇਣ ਦੀ ਵੀ ਗੱਲ ਚੱਲ ਰਹੀ ਹੈ। ਮਿਲਦੇ ਹਾਂ ਫੇਰ…’, ਆਖ ਉਹ ਚੱਲਣ ਲੱਗਿਆ।

ਅਸੀਂ ਹੱਸ ਕੇ ਕਹਿ ਦਿੱਤਾ, ‘ਤੂੰ ਭਾਵੇਂ ਕੁਸ ਬਣ ਜਾ। ਸਾਡਾ ਤਾਂ ਤੂੰ ਉਹੀ ਟਸ਼ਨੀ ਹੀ ਰਹੇਂਗਾ, ਟੁੱਲੇਬਾਜ਼ ਟਸ਼ਨੀ।’, ‘ਤੁਹਾਡੇ ਲੋਕਾਂ ਦੀ ਸਮੱਸਿਆ ਇਹੋ ਹੈ ਕਿ ਤੁਸੀਂ ਬੰਦੇ ਦਾ ਅਤੀਤ ਨੀਂ ਭੁੱਲਦੇ। ਬਹੁਤ ਮਾੜੀ ਗੱਲ ਹੈ ਇਹ, ਬੁਹਤ ਮਾੜੀ’, ਸਾਡੀ ਗੱਲ ਸੁਣਨ ਦਾ ਉਸ ਕੋਲ ਟੈਮ ਹੀ ਨਹੀਂ ਸੀ।

-ਕੇ. ਐਲ.ਗਰਗ

Comments

comments

Share This Post

RedditYahooBloggerMyspace