ਲੜਾਈ ਵਾਲੀ ਫ਼ਿਲਮ

ਸਾਡੇ ਪਿੰਡ ਦੇ ਦਿੱਤੂ ਅਮਲੀ ਨੇ ਰਾਤ ਕਿਤੇ ਟੈਲੀਵਿਜ਼ਨ ‘ਤੇ ਅਗਲੇ ਦਿਨ ਦੇ ਪ੍ਰੋਗਰਾਮਾਂ ਦੀ ਅਨਾਊਂਸਮੈਂਟ ਸੁਣੀ। ਅਗਲੇ ਦਿਨ ਉਹ ਭੋਰਾ ਕੁ ਨਾਗਣੀ ਖਾ ਕੇ ਤੇ ਲਾਲ ਸੁਰਖ ਚਾਹ ਪੀ ਕੇ ਪਿੰਡ ਵਿਚ ਹਰ ਕਿਸੇ ਨੂੰ ਦੱਸਦਾ ਫਿਰੇ ਕਿ ਰਾਤੀਂ ਫਿਲਮ ਆਉਣੀ ਏ ‘ਡਾਕੂ ਤੇ ਮਿਲਟਰੀ’ ਦੀ ਬੜੀ ਹੀ ਮਾਰਧਾੜ ਤੇ ਲੜਾਈ ਵਾਲੀ ਏ ਫਿਲਮ ‘ਗੱਡੀਆਂ ਭਰ ਭਰ ਮਿਲਟਰੀ ਵਾਲਿਆਂ ਦੀਆਂ ਆਉਣੀਆਂ ਤੇ ਉਨ੍ਹਾਂ ਇਕ ਬੜੇ ਵੱਡੇ ਤੇ ਖਤਰਨਾਕ ਡਾਕੂ ਨੂੰ ਫੜਨਾ ਹੈ।’ ਗੱਬਰ ਸਿੰਘ ਤੋਂ ਵੀ ਵੱਡਾ ਹੋਊ ਉਹ ਡਾਕੂ ਤੇ ਉਸ ਨਾਲ ਡਾਕੂਆਂ ਦੀ ਪੂਰੀ ਫੌਜ ਵੀ ਹੈ। ਉਏ ਤੁਸੀਂ ‘ਸ਼ੋਅਲੇ’ ਫਿਲਮ ਨੂੰ ਭੁੱਲ ਜਾਉਗੇ। ਰਾਤੀਂ ਬਾਰਾਂ ਵਜੇ ਆਉਣੀ, ਤੁਸੀਂ ਵੇਖਿਓ ਸਾਰੇ। ਦਿੱਤੂ ਨੇ ਫਿਲਮ ਬਾਰੇ ਹੋਰ ਵੀ ਕਾਫ਼ੀ ਸਾਰਾ ਪ੍ਰਚਾਰ ਕਰ ਦਿੱਤਾ। ਪਿੰਡ ਦੇ ਸਾਰੇ ਸ਼ੌਕੀਨ ਲੋਕ ਅੱਧੀ ਰਾਤ ਤੱਕ ਜਾਗਦੇ ਰਹੇ। ਜਦੋਂ ਘੜੀ ‘ਤੇ ਬਾਰਾਂ ਵੱਜੇ ਤਾਂ ਲੋਕੀਂ ਤਾੜੀਆਂ ਮਾਰ ਕੇ ਖੁਸ਼ ਹੋ ਉਠੇ। ਪਰ ਇਹ ਕੀ…?

ਟੈਲੀਵਿਜ਼ਨ ਉਤੇ ਤਾਂ ਹੋਰ ਹੀ ਕੋਈ ਜੰਗਲੀ ਜਾਨਵਰਾਂ ਬਾਰੇ ਅੰਗਰੇਜ਼ੀ ਵਾਲੀ ਫਿਲਮ ਆਈ ਜਾਵੇ। ਲੋਕੀਂ ਖਿਝੇ ਹੋਏ ਦਿੱਤੂ ਅਮਲੀ ਨੂੰ ਗਾਲ੍ਹਾਂ ਕੱਢਣ, ਪਰ ਉਹ ਤਾਂ ਨਸ਼ੇ ਦੀ ਲੋਰ ਵਿਚ ਬਿਨਾਂ ਟਿਕਟੋਂ ਹੀ ਆਪਣੀ ਚੁਬਾਰੀ ਵਿਚ ਪਿਆ ਅਮਰੀਕਾ ਕੈਨੇਡਾ ਗੋਰੀਆਂ ਮੇਮਾਂ ਨਾਲ ਘੁੰਮ ਫਿਰ ਰਿਹਾ ਸੀ। ਦਰਅਸਲ ਹੋਇਆ ਇੰਝ ਕੇ ਟੀ. ਵੀ. ਤੋਂ ਇਕ ਡਾਕੂਮੈਂਟਰੀ ਫਿਲਮ ਦੀ ਅਨਾਊਂਸਮੈਂਟ ਹੋਈ ਸੀ। ਪਰ ਦਿੱਤੂ ਨੇ ਆਪਣੀ ਮੱਤ ਮੁਤਾਬਿਕ ‘ਡਾਕੂਮੈਂਟਰੀ’ ਨੂੰ ‘ਡਾਕੂ ਮਿਲਟਰੀ’ ਕਹਿ ਕੇ ਪ੍ਰਚਾਰ ਕਰ ਸੁੱਟਿਆ ਸੀ।

ਅਗਲੇ ਦਿਨ ਜਿਹੜਾ ਵੀ ਟੱਕਰੇ ਦਿੱਤੂ ਦੀ ਭੁਗਤ ਸਵਾਰੀ ਜਾਵੇ। ਹਰ ਕਿਸੇ ਦੀ ਅੱਖ ਵਿਚ ਰਾਤ ਵਾਲਾ ਉਨੀਂਦਰਾ ਰੜਕ ਰਿਹਾ ਸੀ।

-ਜਸਦੇਵ ਸਿੰਘ ਮਾਨ

Comments

comments

Share This Post

RedditYahooBloggerMyspace