ਸਰਬੱਤ ਦੇ ਭਲੇ ਲਈ ਸਰਬ ਧਰਮ ਸੰਮੇਲਨ ਕਰਵਾਇਆ

ਯੂਬਾ ਸਿਟੀ, (ਸੁਰਿੰਦਰ ਮਹਿਤਾ) : ਬੀਤੇ ਦਿਨੀਂ ਸਥਾਨਕ ਗੁਰਦੁਆਰਾ ਬੋਗ ਰੋਡ ਵਿਖੇ ਸਮੂਹ ਸੰਗਤ ਦੀ ਸਹਾਇਤਾ ਨਾਲ ਇਕ ਸਰਬ ਧਰਮ ਸੰਮੇਲਨ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਦਿਵਸ ਮਨਾਇਆ ਗਿਆ। ਇਸ ਸਮਾਗਮ ਨੂੰ ਵੱਖੋ-ਵੱਖਰੇ ਧਾਰਮਿਕ ਵਿਸ਼ਵਾਸ ਰੱਖਣ ਵਾਲੇ ਸੱਜਣਾਂ ਨੇ ਸੰਬੋਧਨ ਕੀਤਾ, ਸਾਰੇ ਬੁਲਾਰਿਆਂ ਦੇ ਵਿਚਾਰਾਂ ‘ਚੋਂ ਇਕੋ ਸਾਂਝੀ ਸੁਰ ਭਾਰੂ ਹੋ ਰਹੀ ਸੀ ਕਿ ਬਾਬੇ ਨਾਨਕ ਦਾ ਸੁਨੇਹਾ ਕਿਸੇ ਖਾਸ ਜਾਤ, ਮਜ਼ਹਬ, ਕਿਸੇ ਖਾਸ ਇਲਾਕੇ ਲਈ ਜਾਂ ਕਿਸੇ ਖਾਸ ਵਰਗ ਲਈ ਨਹੀਂ ਸਗੋਂ ਸਮੁੱਚੀ ਮਨੁੱਖਤਾ ਲਈ ਹੈ। ਸਮੂਹ ਬੁਲਾਰਿਆਂ ਦੀ ਰਾਏ ਸੀ ਕਿ ਬਾਬੇ ਨਾਨਕ ਦੇ ਫ਼ਲਸਫ਼ੇ ਨੂੰ ਅੱਜ ਦੇ ਤੇਜ਼ ਤਰਾਰ ਤੇ ਪਦਾਰਥਵਾਦੀ ਯੁੱਗ ‘ਚ ਵੱਧ ਤੋਂ ਵੱਧ ਪ੍ਰਚਾਰਨ ਦੀ ਲੋੜ ਹੈ। ਇਸ ‘ਚ ਸਮੁੱਚੀ ਮਨੁੱਖਤਾ ਦਾ ਭਲਾ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਮਾਰਕਸੀ ਪਿਛੋਕੜ ਵਾਲੇ ਚਿੰਤਕ ਮਾਸਟਰ ਹਰਭਜਨ ਸਿੰਘ ਬਾਸੀ ਨੇ ਆਖਿਆ ਕਿ ਸਭ ਧਰਮਾਂ ਦਾ ਮਕਸਦ ਤੇ ਸੁਨੇਹਾ ਸਾਂਝਾ ਹੈ। ਸਭ ਧਰਮਾਂ ਦੇ ਮੂਲ ਸਿਧਾਂਤ ਮਨੁੱਖਤਾ ਦੇ ਭਲੇ ਦੀ ਗੱਲ ਕਰਦੇ ਹਨ ਤੇ ਹਰ ਧਰਮ ਦਾ ਸੁਭਾਅ ਸਮਾਜਵਾਦੀ ਹੈ। ਉਨ੍ਹਾਂ ਆਖਿਆ ਕਿ ਹਰ ਧਰਮ ਦੀ ਲੋਅ ‘ਚ ਦੱਬੇ-ਕੁੱਚਲੇ ਲੋਕਾਂ ਦੇ ਭਲੇ ਲਈ ਅਧਿਆਤਮਿਕਤਾ ਦੇ ਨਾਲ-ਨਾਲ ਸਮਾਜ ਭਲਾਈ ਦੇ ਕੰਮਾਂ ‘ਤੇ ਵੀ ਜ਼ੋਰ ਦੇਣ। ਜੇਕਰ ਉਹ ਧਾਰਮਿਕ, ਨਸਲੀ ਤੇ ਹੋਰ ਵਖਰੇਵਿਆਂ ਤੋਂ ਉਪਰ ਉਠ ਕੇ ਸਮਾਜ ਸੇਵਾ ਦੇ ਕੰਮ ਕਰਨ ਤਾਂ ਆਪਸੀ ਸਾਂਝ ਹੋਰ ਵਧੇਗੀ ਅਤੇ ਹਰ ਤਰ੍ਹਾਂ ਦੇ ਵਿਖਰੇਵੇਂ ਘੱਟਣਗੇ। ਗੁਰਦੁਆਰਾ ਦੇ ਸਾਬਕਾ ਪ੍ਰਧਾਨ ਸ਼ ਹਰਬੰਸ ਸਿੰਘ ਪੰਮਾਂ ਨੇ ਅਮਰੀਕਾ ‘ਚ ਵੱਧ ਰਹੇ ਧਾਰਮਿਕ ਤਣਾਅ ‘ਤੇ ਚਿੰਤਾ ਪ੍ਰਗਟ ਕਰਦਿਆਂ, ਇਸਲਾਮ ਧਰਮ ਦੀਆਂ ਭਾਵਨਾਵਾਂ ਨੂੰ ਭੜਕਾਉਣ ਵਾਲੀ ਫਿਲਮ ਦੀ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਇਸ ਫਿਲਮ ਦੀ ਆੜ ‘ਚ ਅਮਰੀਕਾ ਵਿਰੋਧੀਆਂ ਵੱਲੋਂ ਦੁਨੀਆ ਭਰ ‘ਚ ਅਮਰੀਕਾ ਖ਼ਿਲਾਫ਼ ਕੀਤੇ ਜਾ ਰਹੇ ਹਮਲਿਆਂ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਸੀਰੀਆ ‘ਚ ਮਾਰੇ ਗਏ ਅਮਰੀਕਾ ਦੇ ਰਾਜਦੂਤ ਦੇ ਕਾਤਲਾਂ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕੀਤੀ। ਗੁਰੂ ਘਰ ਵੱਲੋਂ ਮਾਰੇ ਗਏ ਰਾਜਦੂਤ ਦੇ ਪਰਿਵਾਰ ਨੂੰ ਹਮਦਰਦੀ ਭਰਿਆ ਸੁਨੇਹਾ ਵੀ ਭੇਜਿਆ ਗਿਆ ਤੇ ਉਨ੍ਹਾਂ ਦੀ ਯੂਬਾ ਸਿਟੀ ਦੇ ਸਿੱਖ ਭਾਈਚਾਰੇ ਵੱਲੋਂ ਹਰ ਸੰਭਵ ਮਦਦ ਦਾ ਵੀ ਭਰੋਸਾ ਦਿੱਤਾ ਗਿਆ ਹੈ। ਸਥਾਨਕ ਬਾਲਮੀਕ ਸਭਾ ਦੇ ਬਾਨੀ ਸ੍ਰੀ ਮੋਹਣ ਲਾਲ ਗਿੱਲ ਨੇ ਆਖਿਆ ਕਿ ਦੁਨੀਆ ਦੇ ਹਰ ਧਰਮ ਦੇ ਬਾਨੀ ਨੇ ਦੱਬੇ-ਕੁੱਚਲੇ ਲੋਕਾਂ ਨੂੰ ਉਪਰ ਚੁੱਕਣ ਲਈ ਆਪਣੇ ਗਲ ਨਾਲ ਲਾਇਆ ਪਰ ਜੇਕਰ ਇਸ ਦੇ ਬਾਵਜੂਦ ਅੱਜ ਦੇ ਦੌਰ ‘ਚ ਲੋਕ ਜਾਤਾਂ, ਮਜ਼੍ਹਬਾਂ, ਰੰਗਾਂ ਤੇ ਨਸਲਾਂ ਵਰਗੇ ਵਿਤਕਰਿਆਂ ਕਰਕੇ ਇਕ ਦੂਜੇ ਨਾਲ ਵਿਤਕਰਾ ਕਰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਧਰਮਾਂ ਦੇ ਮੂਲ ਸਿਧਾਂਤਾਂ ਦੀ ਸਮਝ ਨਹੀਂ ਤੇ ਜਾਂ ਉਨ੍ਹਾਂ ਦੀ ਅਵੱਗਿਆ ਕਰ ਰਹੇ ਹਨ। ਅੱਜ ਲੋੜ ਹੈ ਆਪੋ ਆਪਣੇ ਧਰਮਾਂ ਨੂੰ ਸਮਝਦਿਆਂ ਉਨ੍ਹਾਂ ‘ਤੇ ਚੱਲਣ ਦੀ ਤਾਂ ਕਿ ਹਰ ਤਰ੍ਹਾਂ ਦੇ ਵਿਤਕਰੇ ਘੱਟ ਸਕਣ।

ਉਨ੍ਹਾਂ ਕਿਹਾ ਕਿ ਅੱਜ ਦੇ ਸੱਭਿਅਕ ਸਮਾਜ ਵਿਚ ਘਿਰਣਾ, ਨਫ਼ਰਤ ਤੇ ਪੱਖਪਾਤ ਕੋਈ ਥਾਂ ਨਹੀਂ। ਸਾਹਿਤਕਾਰ ਮਹਿੰਦਰ ਸਿੰਘ ਘੱਗ ਹੁਰਾਂ ਆਖਿਆ ਕਿ ਲੋਕਾਂ ਨੂੰ ਆਪੋ ਆਪਣੇ ਧਰਮਾਂ ਨਾਲ ਸਬੰਧਿਤ ਸਾਹਿਤ ਵੱਧ ਤੋਂ ਵੱਧ ਪੜ੍ਹਨਾ ਚਾਹੀਦਾ ਹੈ, ਤਾਂ ਕਿ ਉਨ੍ਹਾਂ ਦੇ ਧਾਰਮਿਕ ਸੂਝ-ਬੂਝ ‘ਚ ਪ੍ਰਫੁੱਲਤਾ ਆ ਸਕੇ।

ਸਮਾਗਮ ਦੌਰਾਨ ਆਮ ਸੰਗਤ ਦੇ ਨਾਲ ਗੁਰੂ ਘਰ ਦੇ ਸਮੂਹ ਬੋਰਡ ਦੇ ਮੈਂਬਰ ਹਾਜ਼ਰ ਸਨ। ਗੁਰੂ ਘਰ ਦੇ ਪ੍ਰਧਾਨ ਮੋਹਣ ਸਿੰਘ ਬੈਂਸ, ਸਕੱਤਰ ਗੁਰਦਿਆਲ ਸਿੰਘ ਨਿੱਝਰ ਨੇ ਆਖਿਆ ਕਿ ਆਉਣ ਵਾਲੇ ਸਮੇਂ ‘ਚ ਸੰਗਤ ਦੇ ਸਹਿਯੋਗ ਨਾਲ ਅਜਿਹੇ ਸਮਾਗਮ ਵੱਧ ਤੋਂ ਵੱਧ ਕਰਵਾਏ ਜਾਣਗੇ। ਸਮਾਗਮ ਦੌਰਾਨ ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘਾਂ ਨੇ ਦੂਜੇ ਗੁਰੂ ਘਰਾਂ ਦੇ ਕੀਰਤਨੀਏ ਜਥਿਆਂ ਦੇ ਸਹਿਯੋਗ ਨਾਲ ਕੀਰਤਨ ਦਰਬਾਰ ਕਰਵਾਇਆ ਗਿਆ।

ਇਸ ਸਮਾਗਮ ਨੂੰ ਸਫਲ ਬਣਾਉਣ ‘ਚ ਗੁਰੂ ਘਰ ਦੇ ਡਾਇਰੈਕਟਰ ਸ਼ ਹਰਦੇਵ ਸਿੰਘ ਥਿਆੜਾ ਦਾ ਅਹਿਮ ਰੋਲ ਸੀ। ਉਨ੍ਹਾਂ ਆਖਿਆ ਕਿ ਇਹ ਸਮਾਗਮ ਗੁਰੂ ਦੀ ਮੱਤ ਤੇ ਉਨ੍ਹਾਂ ਵੱਲੋਂ ਬਖਸ਼ੀ ਸਮਰੱਥਾ ਨਾਲ ਹੀ ਸਿਰੇ ਚੜ੍ਹਿਆ ਹੈ ਤੇ ਅਜਿਹੇ ਸਮਾਗਮਾਂ ਦੀ ਹੋਰ ਬਹੁਤ ਲੋੜ ਹੈ। ਸਮਾਗਮ ਦੇ ਸਹਿਯੋਗੀ ਇੰਡੀਆ ਐਜੂਕੇਸ਼ਨ ਐਂਡ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਮੱਖਣ ਸਿੰਘ ਬਾਸੀ ਨੇ ਆਖਿਆ ਕਿ ਸਮਾਗਮ ਦੀ ਸਫਲਤਾ ਲਈ ਸੰਗਤ ਦੇ ਧੰਨਵਾਦੀ ਹਨ, ਜਿਨ੍ਹਾਂ ਨੇ ਅਥਾਹ ਸਹਿਯੋਗ ਦਿੱਤਾ। ਆਉਣ ਵਾਲੇ ਸਮੇਂ ‘ਚ ਗੁਰੂ ਘਰ ਦੇ ਪ੍ਰਬੰਧਕਾਂ ਤੇ ਸੰਗਤ ਦੇ ਸਹਿਯੋਗ ਅਜਿਹੇ ਹੋਰ ਸਮਾਗਮ ਕਰਵਾਏ ਜਾਣਗੇ। ਇਸ ਮੌਕੇ ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਕਸ਼ਮੀਰਾ ਸਿੰਘ ਹੁਰਾਂ ਨੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।

Comments

comments

Share This Post

RedditYahooBloggerMyspace