ਕੀ ਰਾਹੁਲ ਗਾਂਧੀ ਵੱਡੇ ਲੀਡਰ ਵਜੋਂ ਉਭਰ ਸਕਣਗੇ?

ਹਾਲ ਹੀ ਵਿੱਚ ਪਾਰਟੀ ਦੇ ਜੈਪੁਰ ਵਿਖੇ ਹੋਏ ‘ਚਿੰਤਨ ਸ਼ਿਵਿਰ’ ਦੌਰਾਨ ਵੀ ਕਈ ਕੇਂਦਰੀ ਮੰਤਰੀਆਂ ਅਤੇ ਸੀਨੀਅਰ ਆਗੂਆਂ ਵੱਲੋਂ ਇਹ ਮੰਗ ਜ਼ੋਰਦਾਰ ਢੰਗ ਨਾਲ ਦੁਹਰਾਈ ਗਈ ਸੀ। ਸਿੱਟੇ ਵਜੋਂ ‘ਚਿੰਤਨ ਸ਼ਿਵਿਰ’ ਦੀ ਸਮਾਪਤੀ ਉਪਰੰਤ ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਰੱਖਿਆ ਮੰਤਰੀ ਏ.ਕੇ. ਐਂਟਨੀ ਵੱਲੋਂ ਪੇਸ਼ ਕੀਤੇ ਗਏ ਮਤੇ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਏ ਜਾਣ ਬਾਅਦ ਰਾਹੁਲ ਗਾਂਧੀ ਨੂੰ ਪਾਰਟੀ ਦਾ ਉਪ-ਪ੍ਰਧਾਨ ਬਣਾ ਦਿੱਤਾ ਗਿਆ। ਹੁਣ ਪਾਰਟੀ ਵਿੱਚ ਉਨ੍ਹਾਂ ਦੀ ਹੈਸੀਅਤ ਸੋਨੀਆ ਗਾਂਧੀ ਤੋਂ ਬਾਅਦ ਦੂਜੇ ਨੰਬਰ ਦੀ ਹੋ ਗਈ ਹੈ। ਭਾਵੇਂ ਉਹ ਪਹਿਲਾਂ ਵੀ ਪਾਰਟੀ ਅੰਦਰ ਪ੍ਰਮੁੱਖ ਭੂਮਿਕਾ ਨਿਭਾ ਰਹੇ ਹਨ ਪਰ ਹੁਣ ਅਮਲੀ ਰੂਪ ਵਿੱਚ ਵੱਡਾ ਅਹੁਦਾ ਮਿਲ ਜਾਣ ਨਾਲ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵਧ ਗਈ ਹੈ। ਕਾਂਗਰਸੀ ਲੀਡਰ ਇਹ ਮਹਿਸੂਸ ਕਰ ਰਹੇ ਹਨ ਕਿ ਰਾਹੁਲ ਗਾਂਧੀ ਜੋ ਕਿ ਇਕ ਨੌਜਵਾਨ ਲੀਡਰ ਹਨ, ਦੀ ਅਗਵਾਈ ਵਿਚ ਪਾਰਟੀ ਵਧੀਆ ਕਾਰਗੁਜ਼ਾਰੀ ਦਿਖਾਵੇਗੀ।

ਰਾਹੁਲ ਗਾਂਧੀ ਇਕ ਨੌਜਵਾਨ ਲੀਡਰ ਹਨ ਅਤੇ ਉਨ੍ਹਾਂ ਵਿਚ ਪਾਰਟੀ ਅੰਦਰ ਨਵੀਂ ਰੂਹ ਫੂਕਣ ਦੀ ਵੀ ਸਮਰੱਥਾ ਹੈ, ਪਰ ਬਹੁਤ ਸਾਰੇ ਸਿਆਸੀ ਮਾਹਿਰ ਇਹ ਕਹਿੰਦੇ ਹਨ ਕਿ ਸ੍ਰੀ ਗਾਂਧੀ ਦੇ ਵਿਚ ਉਹ ਕਰਿਸ਼ਮਾ ਨਹੀਂ ਹੈ, ਜਿਹੜਾ ਕਿ ਸ੍ਰੀਮਤੀ ਇੰਦਰਾ ਗਾਂਧੀ ਜਾਂ ਰਾਜੀਵ ਗਾਂਧੀ ਵਿਚ ਸੀ।  ਉਤਰ ਪ੍ਰਦੇਸ਼ ਦੀ ਵਿਧਾਨ ਸਭਾ ਚੋਣ ਰਾਹੁਲ ਗਾਂਧੀ ਦੀ ਅਗਵਾਈ ਵਿਚ ਲੜੀ ਗਈ। ਇਹ ਆਸ ਕੀਤੀ ਜਾ ਰਹੀ ਸੀ ਕਿ ਇਸ ਸੂਬੇ ਵਿਚ ਕਾਂਗਰਸ ਵਧੀਆ ਕਾਰਗੁਜ਼ਾਰੀ ਦਿਖਾਵੇਗੀ, ਪਰ ਅਜਿਹਾ ਹੋ ਨਹੀਂ ਸਕਿਆ। ਇਸ ਮਗਰੋਂ ਗੁਜਰਾਤ ਵਿਚ ਕਾਂਗਰਸ ਦੀ ਅਗਵਾਈ ਰਾਹੁਲ ਗਾਂਧੀ ਨੇ ਕੀਤੀ। ਇਥੇ ਇਹ ਗੱਲ ਵੀ ਦੱਸਣਯੋਗ ਹੈ ਕਿ ਇਥੋਂ ਭਾਜਪਾ ਦੀ ਅਗਵਾਈ ਨਰਿੰਦਰ ਮੋਦੀ ਕਰ ਰਹੇ ਸਨ। ਭਾਜਪਾ ਦੇ ਕਈ ਖੇਮਿਆਂ ਦੇ ਵਿਚ ਇਹ ਚਰਚਾ ਹੈ ਕਿ ਆਉਣ ਵਾਲੇ ਸਮੇਂ ਵਿਚ ਨਰਿੰਦਰ ਮੋਦੀ ਨੂੰ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਭਾਰਿਆ ਜਾਵੇਗਾ। ਇਸ ਲਈ ਇਹ ਕਿਹਾ ਜਾਂਦਾ ਰਿਹਾ ਹੈ ਕਿ ਆਉਂਦੀਆਂ ਲੋਕ ਸਭਾ ਚੋਣਾਂ ਨਰਿੰਦਰ ਮੋਦੀ ਬਨਾਮ ਰਾਹੁਲ ਗਾਂਧੀ ਹੋਣਗੀਆਂ। ਇਸ ਤੋਂ ਪਹਿਲਾਂ ਜਿਹੜੀਆਂ ਗੁਜਰਾਤ ਚੋਣਾਂ ਹੋਈਆਂ ਸਨ, ਉਸ ਵਿਚ ਨਰਿੰਦਰ ਮੋਦੀ ਬਾਜ਼ੀ ਮਾਰ ਚੁੱਕੇ ਹਨ। ਇਸ ਲਈ ਸਿਆਸੀ ਮਾਹਿਰ ਰਾਹੁਲ ਗਾਂਧੀ ਤੋਂ ਕੋਈ ਵੱਡੀ ਆਸ ਨਹੀਂ ਰੱਖ ਰਹੇ। ਉਪਰੋਂ ਬਹੁਤ ਸਾਰੇ ਅਜਿਹੇ ਮੁੱਦੇ ਹਨ ਜਿਸ ਕਾਰਨ ਕਾਂਗਰਸ ਨੂੰ ਬਹੁਤ ਸਾਰੇ ਸੂਬਿਆਂ ਦੇ ਵਿਚ ਮਾਰ ਪੈ ਚੁੱਕੀ ਹੈ। ਆਮ ਜਨਤਾ ਮਹਿੰਗਾਈ ਤੋਂ ਬਹੁਤ ਜ਼ਿਆਦਾ ਦੁਖੀ ਹੈ। ਇਸ ਪ੍ਰਕਾਰ ਆਮ ਜਨਤਾ ਵਿਚ ਇਸ ਸਮੇਂ ਕਾਂਗਰਸ ਪ੍ਰਤੀ ਨਾਂਹਪੱਖੀ ਸੋਚ ਹੀ ਅਪਣਾਈ ਜਾ ਰਹੀ ਹੈ। ਕੀ ਰਾਹੁਲ ਗਾਂਧੀ ਇਸ ਨਾਂਹਪੱਖੀ ਸੋਚ ਨੂੰ ਹਾਂਪੱਖੀ ਸੋਚ ਵਿਚ ਬਦਲ ਸਕਦੇ ਹਨ? ਇਹ ਬਹੁਤ ਹੀ ਮਹੱਤਵਪੂਰਨ ਸਵਾਲ ਹੈ। ਜੇਕਰ ਇਨ੍ਹਾਂ ਲੋਕ ਸਭਾ ਚੋਣਾਂ ਦੇ ਵਿਚ ਕਾਂਗਰਸ ਵਧੀਆ ਕਾਰਗੁਜ਼ਾਰੀ ਨਾ ਦਿਖਾ ਸਕੀ, ਤਾਂ ਆਉਣ ਵਾਲੇ ਸਮੇਂ ਵਿਚ ਰਾਹੁਲ ਗਾਂਧੀ ਵੱਡੇ ਲੀਡਰ ਵਜੋਂ ਨਹੀਂ ਉਭਰ ਸਕਣਗੇ।

Comments

comments

Share This Post

RedditYahooBloggerMyspace