ਅੱਤਵਾਦ ਹਰ ਪੱਧਰ ਤੇ ਖ਼ਤਰਨਾਕ

ਦੁਨੀਆਂ ਭਰ ਵਿਚ ਆਜ਼ਾਦੀ ਦੇ ਅੰਦੋਲਨ ਪਹਿਲਾਂ ਵੀ ਚੱਲੇ ਅਤੇ ਹੁਣ ਵੀ ਚੱਲ ਰਹੇ ਹਨ। ਇਹਨਾਂ ਵਿਚੋਂ ਜ਼ਿਆਦਾਤਰ ਅੰਦੋਲਨਾਂ ਵਿਚ ਹਿੰਸਕ ਵਾਰਦਾਤਾਂ ਵੀ ਹੋਈਆਂ ਅਤੇ ਆਮ ਆਦਮੀ ਪ੍ਰਭਾਵਿਤ ਵੀ ਹੋਏ। ਜਦੋਂ ਜਦੋਂ ਆਮ ਆਦਮੀ ਦਾ ਘਾਣ ਹੁੰਦਾ ਹੈ ਤਾਂ ਆਜ਼ਾਦੀ ਦਾ ਕੋਈ ਅੰਦੋਲਨ ਸਫਲ ਨਹੀਂ ਹੋ ਸਕਦਾ। ਕਸ਼ਮੀਰ ਵਿਚ ਵੀ ਅਜਿਹਾ ਹੀ ਕੁਝ ਹੋਇਆ ਹੈ। ਕਸ਼ਮੀਰ ਦੀ ਆਜ਼ਾਦੀ ਦੇ ਨਾਂ ਉਤੇ ਬੱਚਿਆਂ ਅਤੇ ਨੌਜਵਾਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੇ ਹੱਥਾਂ ਵਿਚ ਹਥਿਆਰ ਪਕੜਾ ਦਿੱਤੇ ਹਨ ਅਤੇ ਪੜ੍ਹ-ਲਿਖ ਕੇ ਅੱਗੇ ਵਧਣ ਦੀ ਉਮਰ ਵਿਚ ਹੀ ਉਹਨਾਂ ਨੂੰ ਅਪਰਾਧੀ ਬਣਾ ਦਿੱਤਾ ਗਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਇਹ ਨੌਜਵਾਨ ਆਪਣੀ ਜਵਾਨੀ ਦੇ ਸਿਖਰ ਤੇ ਪਹੁੰਚਣ ਤੋਂ ਪਹਿਲਾਂ ਹੀ ਇਸ ਸੰਸਾਰ ਨੂੰ ਰੁਖਸਤ ਕਰ ਗਏ, ਜੇਲ੍ਹਾਂ ਵਿਚ ਸੜ ਰਹੇ ਹਨ ਅਤੇ ਇਹਨਾਂ ਦੀ ਅਗਲੀ ਪੀੜ੍ਹੀ ਬਰਬਾਦ ਹੋ ਰਹੀ ਹੈ। ਅਜਿਹੇ ਹੀ ਨੌਜਵਾਨਾਂ ਵਿਚੋਂ ਅਫਜ਼ਲ ਗੁਰੂ ਵਰਗੇ ਵੀ ਹਨ, ਜਿਹੜੇ ਡਾਕਟਰ ਬਣਨ ਦੇ ਸੁਪਨੇ ਲੈਂਦੇ-ਲੈਂਦੇ ਅੱਤਵਾਦੀ ਬਣ ਗਏ ਅਤੇ ਆਖਿਰ ਮੌਤ ਦੇ ਮੂੰਹ ਜਾ ਪਏ। ਪਾਰਲੀਮੈਂਟ ‘ਤੇ 2001 ਵਿਚ ਹੋਏ ਦਹਿਸ਼ਤਵਾਦੀ ਹਮਲੇ ਦੇ ਦੋਸ਼ੀ ਮੁਹੰਮਦ ਅਫ਼ਜ਼ਲ ਗੁਰੂ ਨੂੰ ਪਿਛਲੇ ਸ਼ਨੀਵਾਰ ਤਿਹਾੜ ਜੇਲ੍ਹ ਵਿਚ ਸਵੇਰੇ ਅੱਠ ਵਜੇ ਫਾਂਸੀ ਲਾ ਦਿੱਤਾ ਗਿਆ। ਫਾਂਸੀ ਤੋਂ ਬਾਅਦ ਅਫ਼ਜ਼ਲ ਗੁਰੂ ਦੀ ਲਾਸ਼ ਨੂੰ ਤਿਹਾੜ ਜੇਲ੍ਹ ‘ਚ ਹੀ ਦਫ਼ਨ ਕਰ ਦਿੱਤਾ ਗਿਆ ਹੈ। 2001 ਦੇ ਦਸੰਬਰ ਮਹੀਨੇ ਦੀ 13 ਤਰੀਕ ਨੂੰ ਜੈਸ਼-ਏ-ਮੁਹੰਮਦ ਨਾਲ ਸਬੰਧਤ ਪੰਜ ਪਾਕਿਸਤਾਨੀ ਦਹਿਸ਼ਤਗਰਦ ਸਫੇਦ ਰੰਗ ਦੀ ਅੰਬੈਸਡਰ ਕਾਰ ‘ਚ, ਜਿਸ ‘ਤੇ ਗ੍ਰਹਿ ਮੰਤਰਾਲੇ ਦੇ ਸਟਿੱਕਰ ਲੱਗੇ ਹੋਏ ਸਨ, ਪਾਰਲੀਮੈਂਟ ਦੇ ਅਹਾਤੇ ‘ਚ ਦਾਖ਼ਲ ਹੋਏ ਸਨ। ਉਸ ਸਮੇਂ ਕੋਈ ਸਾਢੇ ਗਿਆਰਾਂ ਵਜੇ, ਕੁਝ ਹੀ ਮਿੰਟ ਪਹਿਲਾਂ ਪਾਰਲੀਮੈਂਟ ਉੱਠ ਚੁੱਕੀ ਸੀ। ਉਸ ਵਕਤ ਦੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਅਤੇ ਕਾਂਗਰਸ ਪ੍ਰਮੁੱਖ ਸੋਨੀਆ ਗਾਂਧੀ ਪਾਰਲੀਮੈਂਟ ਤੋਂ ਜਾ ਚੁੱਕੇ ਸਨ, ਪਰ ਫਿਰ ਵੀ ਲਗਭਗ 200 ਸਾਂਸਦ ਮੌਜੂਦ ਸਨ। ਦਹਿਸ਼ਤਗਰਦਾਂ ਦੀ ਯੋਜਨਾ ਵੱਧ ਤੋਂ ਵੱਧ ਸਾਂਸਦਾਂ ਨੂੰ ਖ਼ਤਮ ਕਰਨ ਅਤੇ ਰਹਿੰਦਿਆਂ ਨੂੰ ਬੰਧਕ ਬਣਾਉਣ ਦੀ ਸੀ। ਉਹ ਜੈਸ਼-ਏ-ਮੁਹੰਮਦ ਦੀ ਉਸ ਪਹਿਲੀ ਕਾਰਵਾਈ ਨੂੰ ਦੁਹਰਾਉਣ ਦੀ ਯੋਜਨਾ ਰੱਖਦੇ ਸਨ, ਜਿਸ ਵਿਚ ਦਸੰਬਰ, 1999 ‘ਚ ਭਾਰਤੀ ਜਹਾਜ਼ ਨੂੰ ਅਗਵਾ ਕਰਕੇ ਕੰਧਾਰ ਲਿਜਾਇਆ ਗਿਆ ਸੀ ਅਤੇ ਸਰਕਾਰ ਨਾਲ ਗੱਲ ਕਰਕੇ ਆਪਣੇ ਆਗੂ ਮਸੂਦ ਮਜ਼ਹਰ ਤੇ ਡੈਨੀਅਲ ਪਰਲ ਦੇ ਕਾਤਲ ਉਮਰ ਸ਼ੇਖ਼ ਨੂੰ ਛੁਡਵਾ ਲਿਆ ਗਿਆ ਸੀ, ਜਿਸ ਲਈ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਨੂੰ ਹਾਲੇ ਤੱਕ ਆਲੋਚਨਾ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਮੁਹੰਮਦ ਅਫ਼ਜ਼ਲ ਗੁਰੂ ਨੂੰ ਪਾਰਲੀਮੈਂਟ ‘ਤੇ ਇਸ ਹਮਲੇ ਲਈ ਦਹਿਸ਼ਤਗਰਦਾਂ ਨੂੰ ਹਥਿਆਰ ਪ੍ਰਦਾਨ ਕਰਨ ਤੇ ਸ਼ਰਨ ਦੇਣ ਦਾ ਦੋਸ਼ੀ ਪਾਉਂਦਿਆਂ ਹੇਠਲੀ ਅਦਾਲਤ ਨੇ 2002 ਵਿਚ ਮੌਤ ਦੀ ਸਜ਼ਾ ਸੁਣਾਈ ਸੀ। ਨਾਲ ਹੀ ਦੋ ਹੋਰ ਦੋਸ਼ੀਆਂ ਐਸ ਏ ਆਰ ਗਿਲਾਨੀ ਤੇ ਸ਼ੌਕਤ ਹੁਸੈਨ ਨੂੰ ਵੀ ਇਹੋ ਸਜ਼ਾ ਦਿੱਤੀ ਗਈ ਸੀ। 2003 ‘ਚ ਦਿੱਲੀ ਹਾਈਕੋਰਟ ਨੇ ਗਿਲਾਨੀ ਨੂੰ ਬਰੀ ਕਰਦਿਆਂ ਅਫ਼ਜ਼ਲ ਗੁਰੂ ਅਤੇ ਸ਼ੌਕਤ ਹੁਸੈਨ ਲਈ ਮੌਤ ਦੀ ਸਜ਼ਾ ਬਰਕਰਾਰ ਰੱਖੀ ਸੀ। ਸੁਪਰੀਮ ਕੋਰਟ ਨੇ 4 ਅਗਸਤ, 2005 ‘ਚ ਇਸ ਕੇਸ ‘ਤੇ ਫ਼ੈਸਲਾ ਸੁਣਾਉਂਦਿਆਂ ਅਫ਼ਜ਼ਲ ਗੁਰੂ ਨੂੰ ਸਜ਼ਾ-ਏ-ਮੌਤ, ਜਦੋਂਕਿ ਸ਼ੌਕਤ ਹੁਸੈਨ ਨੂੰ ਦਸ ਸਾਲ ਦੀ ਕੈਦ ਦਿੱਤੀ। ਮੁਹੰਮਦ ਅਫ਼ਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਨਾਲ ਹੁਣ ਲੰਮੇ ਸਮੇਂ ਤੋਂ ਚੱਲੀ ਆਉਂਦੀ ਅਨਿਸ਼ਚਿਤਤਾ ਦਾ ਖ਼ਾਤਮਾ ਹੋ ਗਿਆ ਹੈ ਅਤੇ ਉਸ ਦੁਆਰਾ ਕੀਤੀ ਰਹਿਮ ਦੀ ਅਪੀਲ ਦਾ ਮੁੱਦਾ ਵੀ ਖ਼ਤਮ ਹੋ ਗਿਆ ਹੈ, ਜੋ ਸਿਆਸੀ ਰੰਗਤ ਵੀ ਲੈ ਗਿਆ ਸੀ। ਅਫਜ਼ਲ ਗੁਰੂ ਦੀ ਫਾਂਸੀ ਉਤੇ ਰਾਜਨੀਤੀ ਜਿੰਨੀ ਮਰਜ਼ੀ ਹੋਵੇ, ਪਰ ਅਸਲ ਵਿਚ ਕਿਸੇ ਵੀ ਨਿਜ਼ਾਮ ਦੇ ਲਈ ਦਹਿਸ਼ਤਗਰਦੀ ਨੂੰ ਸਹਿਣਾ ਅਸੰਭਵ ਹੈ। ਦੁਨੀਆਂ ਭਰ ਵਿਚ ਅੱਜ ਅੱਤਵਾਦ ਇਕ ਵੱਡੀ ਸਮੱਸਿਆ ਅਤੇ ਬੁਰਾਈ ਬਣ ਗਿਆ ਹੈ, ਜਿਹੜਾ ਨਿਰਦੋਸ਼ਾਂ ਦਾ ਘਾਣ ਕਰ ਰਿਹਾ ਹੈ। ਚੜ੍ਹਦੀ ਉਮਰ ਦੇ ਬੱਚੇ ਅਤੇ ਨੌਜਵਾਨ ਇਸ ਦੀ ਬਲੀ ਚੜ੍ਹ ਰਹੇ ਹਨ। ਇਸ ਪ੍ਰਵਿਰਤੀ ਨੂੰ ਰੋਕਣਾ ਬਹੁਤ ਜ਼ਰੂਰੀ ਹੈ, ਕਿਉਂਕਿ ਹਥਿਆਰ ਕਿਸੇ ਸਮੱਸਿਆ ਦਾ ਹੱਲ ਨਹੀਂ। ਅੱਤਵਾਦ ਕਾਰਨ ਅੱਜ ਦੁਨੀਆਂ ਦੇ ਕਈ ਮੁਲਕ ਬਰਬਾਦੀ ਦੇ ਕੰਢੇ ਪਹੁੰਚ ਗਏ ਹਨ। ਅਫਗਾਨਿਸਤਾਨ, ਪਾਕਿਸਤਾਨ, ਸੂਡਾਨ ਵਰਗੇ ਮੁਲਕਾਂ ਦੀ ਹਾਲਤ ਤਾਂ ਬਹੁਤ ਹੀ ਮਾੜੀ ਹੈ। ਬਾਕੀ ਦੁਨੀਆਂ ਅੰਦਰੂਨੀ ਅੱਤਵਾਦ ਦੀ ਲੜਾਈ ਲੜ ਰਹੀ ਹੈ। ਇਤਿਹਾਸ ਗਵਾਹ ਹੈ ਕਿ ਤਰੱਕੀ ਅਤੇ ਖੁਸ਼ਹਾਲੀ ਨੂੰ ਜਦੋਂ ਵੀ ਗ੍ਰਹਿਣ ਲੱਗਦਾ ਹੈ ਤਾਂ ਉਹ ਹਿੰਸਾ ਦੇ ਕਾਰਨ ਹੀ ਲੱਗਦਾ ਹੈ। ਇਸ ਕਰਕੇ ਹਿੰਸਾ ਨੂੰ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅੱਤਵਾਦ ਕਿਉਂਕਿ ਆਮ ਆਦਮੀ ਨੂੰ ਨਿਸ਼ਾਨਾ ਬਣਾਉਂਦਾ ਹੈ, ਇਸ ਕਰਕੇ ਇਹ ਬਹੁਤ ਖ਼ਤਰਨਾਕ ਬੁਰਾਈ ਹੈ।

Comments

comments

Share This Post

RedditYahooBloggerMyspace