ਇਹ ਸਾਡੀ ਸਰਕਾਰ

ਇਹ ਸਾਡਾ ਪੰਜਾਬ ਬੇਲੀਓ

ਇਹ ਸਾਡੀ ਸਰਕਾਰ

ਆਟੇ ਦਾਲ ਦੇ ਲਾਰੇ ਲਾ ਕੇ

ਨਸ਼ਿਆਂ ਦੇ ਵਰਿਆ ਵਹਾ ਕੇ

ਬਾਬਿਆਂ ਦੇ ਗੋਡੀਂ ਹੱਥ ਲਾ ਕੇ

ਡੋਡੇ-ਫੀਮਾਂ ਵੰਡ ਵੰਡਾ ਕੇ

ਭਰਮ ਅਕਾਲੀ ਪੰਥ ਦਾ ਪਾ ਕੇ

ਬਣ ਗਈ ਪੰਜਵੀਂ ਵਾਰ

ਵੋਟਾਂ ਇਸ ਨੂੰ ਅਸੀਂ ਵੀ ਪਾਈਆਂ

ਛੱਡ ਕੇ ਕਾਰੋਬਾਰ

ਇਹ ਸਾਡੀ…।

ਇਹ ਲੀਡਰ ਸਰਦਾਰ

ਚਿੱਟੀ ਪੱਗੜੀ ਅੱਖ ਮੀਸਣੀ

ਖੂਬ ਸਜੇ ਦਾਹੜਾ ਪ੍ਰਕਾਸ਼

ਖਚਰਾ ਹਾਸਾ, ਮਿੱਠੀ ਭਾਸ਼ਾ

ਭਾਸ਼ਣ ਹੈ ਦਮਦਾਰ

ਇਹ ਸਾਡੀ….।

ਕਬਜ਼ੇ ਧੱਕੇ, ਧਿੰਗਾਜ਼ੋਰੀ

ਲੁੱਟਾਂ ਖੋਹਾਂ ਰਿਸ਼ਵਤਖੋਰੀ

ਘਾਗ ਸਿਆਸੀ ਸਾਊ ਬੰਦਾ

ਰੋਕਦਾ ਇਹ ਨਹੀਂ

ਟੋਕਦਾ ਇਹ ਨਹੀਂ

ਮੱਚ ਗਈ ਹਾਹਾਕਾਰ।

ਇਹ ਸਾਡੀ….।

ਨੰਨ੍ਹੀ ਛਾਂ ਦੇ ਮਾਮੇ ਬੁੱਕਦੇ

ਧੀਆਂ ਭੈਣਾਂ ਘਰਾਂ ‘ਚੋਂ ਚੁੱਕਦੇ

ਸੱਚ ਇਨਸਾਫ ਕਾਨੂੰਨ ਨਾ ਕੋਈ

ਪੁਲਿਸ ਇਨ੍ਹਾਂ ਦਾ ਦਾਸੀ ਹੋਈ

ਜਾਨ ਮਾਲ ਦੀ ਰਾਖੀ ਛੱਡ ਕੇ

ਕੁੱਤੀ ਰਲ ਗਈ ਚੋਰਾਂ ਨਾਲ

ਧੀਆਂ ਭੈਣਾਂ ਦੀ ਪੱਤ ਲੱਥੇ

ਤਾਹੀਉਂ ਸਰੇ ਬਾਜ਼ਾਰ।

ਇਹ ਸਾਡਾ ਪੰਜਾਬ ਬੇਲੀਓ

ਇਹ ਸਾਡੀ….।

ਸਾਕ ਸਕੀਰੀ ਘਰ ਦੇ ਸਾਰੇ

ਨੇਤਾਗਿਰੀ ਦੇ ਉੱਚ ਮੁਨਾਰੇ

ਛਲਕੇ ਪਿਤਾ ਪਿਆਰ

ਨੌਜਵਾਨ ਪੰਜਾਬ ਦੇ ਮੁੰਡੇ

ਨੱਬੇ ਫੀਸਦੀ ਨਸ਼ਿਆਂ ਨੇ ਫੁੰਡੇ

ਫੇਲ੍ਹ ਹੋਈ ਕਿਰਸਾਨੀ ਸਾਰੀ

ਹੁਣ ਇੱਜ਼ਤ ਅਣਖ ਦੀ ਵਾਰੀ

ਉਹ ਵੀ ਰੋ ਰਹੀ ਤਾਰੋ ਤਾਰ

ਇਹ ਸਾਡੀ ਸਰਕਾਰ ਬੇਲੀਓ

ਇਹ ਜਨਤਾ ਦੀ ਸੱਚੀ ਸੇਵਕ

ਇਹ ਜਨਤਾ ਦੀ ਦਾਸ

ਸਦੀਆਂ ਤੱਕ ਪੰਜਾਬ ਨਾ ਭੁੱਲੂ

ਇਸ ਦੇ ਇਹ ਉਪਕਾਰ

ਇਹ ਸਾਡਾ ਪੰਜਾਬ ਬੇਲੀਓ

ਇਹ ‘ਪੰਥਕ’ ਸਰਕਾਰ!

 -ਰਾਣਾ ਸੰਘੇੜਾ ਤਲਵਣ

Comments

comments

Share This Post

RedditYahooBloggerMyspace