ਫਿਰ ਦੁਬਾਰਾ ਹੋਏ ਬੰਬ ਧਮਾਕੇ

ਭਾਰਤ ਵਿਚ ਅੱਤਵਾਦ ਦਾ ਖ਼ਤਰਾ ਜਿਉਂ ਦਾ ਤਿਉਂ ਬਰਕਰਾਰ ਹੈ, ਬੇਸ਼ੱਕ ਭਾਰਤ ਸਰਕਾਰ ਲੱਖ ਦਮਗੱਜੇ ਮਾਰੀ ਜਾਵੇ। ਹਾਲ ਹੀ ਵਿਚ ਹੈਦਰਾਬਾਦ ਵਿਚ ਹੋਏ ਧਮਾਕਿਆਂ ਵਿਚ 16 ਲੋਕੀ ਮਾਰੇ ਗÂੈ ਅਤੇ ਸੈਂਕੜੇ ਲੋਕੀ ਜ਼ਖਮੀ ਹੋ ਗਏ। ਇਹਨਾਂ ਧਮਾਕਿਆਂ ਦੀ ਜ਼ਿੰਮੇਵਾਰੀ ਭਾਵੇਂ ਕਿਸੇ ਵੀ ਸੰਗਠਨ ਨੇ ਲਈ ਹੋਵੇ, ਪਰ ਇਹ ਸਪਸ਼ਟ ਹੈ ਕਿ ਭਾਰਤ ਦੀਆਂ ਸਰਕਾਰਾਂ ਅੱਤਵਾਦ ਨੂੰ ਰੋਕਣ ਦੇ ਲਈ ਗੰਭੀਰਤਾ ਨਹੀਂ ਦਿਖਾ ਰਹੀਆਂ। ਜਦੋਂ ਵੀ ਅਜਿਹੀ ਵਾਰਦਾਤ ਹੁੰਦੀ ਹੈ, ਉਹੀ ਪੁਰਾਣੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਹਨ, ਜੋ ਹਰ ਧਮਾਕੇ ਤੋਂ ਬਾਅਦ ਹੁੰਦੀਆਂ ਹਨ। ਸਥਾਨਕ ਪੁਲਸ ਨੂੰ ਸਹਾਇਤਾ ਦੇਣ ਲਈ ਦਿੱਲੀ ਤੋਂ ਕਈ ਟੀਮਾਂ ਪਹੁੰਚ ਗਈਆਂ। ਦੂਜੇ ਪਾਸੇ ਨੇਤਾ ਇਕੱਠੇ ਹੋ ਗਏ। ਲੋਕ ਸਭਾ ਅਤੇ ਰਾਜ ਸਭਾ ‘ਚ ਵੀ ਹੰਗਾਮਾ ਹੋਇਆ। ਗ੍ਰਹਿ ਮੰਤਰੀ ਵਲੋਂ ਦਿੱਤੇ ਬਿਆਨ ਨੂੰ ਵਿਰੋਧੀ ਧਿਰ ਨੇ ਨਕਾਰ ਦਿੱਤਾ। ਪਰ ਇਹ ਤਾਂ ਨਿਰੋਲ ਰਾਜਨੀਤੀ ਹੈ, ਇਸ ਦੇ ਅਸਲ ਕਾਰਨਾਂ ਦੀ ਕੋਈ ਘੋਖ ਨਹੀਂ ਕਰਨਾ ਚਾਹੁੰਦਾ। ਇਹ ਕੋਈ ਪਹਿਲਾ ਬੰਬ ਧਮਾਕਾ ਨਹੀਂ ਸੀ, ਅਜਿਹੇ ਧਮਾਕੇ ਦੇਸ਼ ‘ਚ ਕਈ ਜਗ੍ਹਾ ਹੋ ਚੁੱਕੇ ਹਨ। ਹਰ ਵਾਰ ਵਾਂਗ ਟੀ. ਵੀ. ਚੈਨਲ ਇਸ ਵਾਰ ਫਿਰ ਤੇਜ਼ ਹੋ ਗਏ, ਕੋਈ ਪਾਕਿਸਤਾਨ ਨੂੰ ਨਿੰਦ ਰਿਹਾ ਸੀ ਤਾਂ ਕੋਈ ਭਾਰਤ ਸਰਕਾਰ ਨੂੰ ਪਰ ਜੜ੍ਹ ‘ਚ ਜਾਣ ਲਈ ਕੋਈ ਤਿਆਰ ਨਹੀਂ। ਆਖਿਰ ਬੰਬ ਧਮਾਕਿਆਂ ਤੇ ਅੱਤਵਾਦੀ ਵਾਰਦਾਤਾਂ ਦਾ ਇਲਾਜ ਕੀ ਹੈ? ਭਵਿੱਖ ‘ਚ ਇਨ੍ਹਾਂ ਨੂੰ ਕਿਵੇਂ ਰੋਕਿਆ ਜਾਵੇਗਾ? ਇਸ ਦਾ ਠੋਸ ਜਵਾਬ ਕਿਸੇ ਕੋਲ ਨਹੀਂ ਹੈ। ਅੱਤਵਾਦੀ ਹਮਲੇ ਦਾ ਸਿਕਾਰ ਜੋ ਲੋਕੀ ਹੁੰਦੇ ਹਨ, ਉਹਨਾਂ ਤੋਂ ਪੁੱਛ ਕੇ ਦੇਖੋ ਕਿ ਇਸ ਦਾ ਕੀ ਦਰਦ ਹੁੰਦਾ ਹੈ। ਲੋਕੀ ਮਾਰੇ ਜਾਂਦੇ ਹਨ, ਪਰਿਵਾਰ ਪਿੱਛੇ ਵਿਲਕਦੇ ਰਹਿ ਜਾਂਦੇ ਹਨ। ਜਿਹੜੇ ਜ਼ਖਮੀ ਹੋ ਜਾਂਦੇ ਹਨ, ਕਈ-ਕਈ ਸਾਲ ਹਸਪਤਾਲਾਂ ਵਿਚ ਪਏ ਰਹਿੰਦੇ ਹਨ, ਬੜੀ ਮੁਸ਼ਕਿਲ ਨਾਲ ਠੀਕ ਹੋ ਪਾਉਂਦੇ ਹਨ, ਪਰ ਇਹਨਾਂ ਵਿਚੋਂ ਵੀ ਜ਼ਿਆਦਾਤਰ ਲੋਕੀ ਅੰਗਹੀਣ ਹੋ ਜਾਂਦੇ ਹਨ।  ਸਾਰੇ ਜਾਣਦੇ ਹਨ ਕਿ ਇਕ ਅੱਤਵਾਦੀ ਘਟਨਾ ਤੋਂ ਬਾਅਦ ਸਮਾਜ ਦਾ ਇਕ ਤਬਕਾ ਫਾਇਦੇ ‘ਚ ਹੁੰਦਾ ਹੈ ਕਿਉਂਕਿ ਉਸ ਦਾ ਕਾਰੋਬਾਰ ਵਧਦਾ ਹੈ। ਇਹ ਕਾਰੋਬਾਰ ਫੋਰਸਾਂ ਦੇ ਆਧੁਨਿਕੀਕਰਨ, ਨਵੀਆਂ ਟੀਮਾਂ ਦੇ ਗਠਨ ਅਤੇ ਸੁਰੱਖਿਆ ਬਲਾਂ ਨੂੰ ਹੋਰ ਮਜ਼ਬੂਤ ਕਰਨ ਦੇ ਨਾਂ ‘ਤੇ ਵਧਾਇਆ ਜਾਂਦਾ ਹੈ। ਫੋਰਸਾਂ ਦੇ ਆਧੁਨਿਕੀਕਰਨ ਦੇ ਨਾਂ ‘ਤੇ ਨਵੇਂ ਹਥਿਆਰਾਂ ਦੀ ਖ਼ਰੀਦ ਹੁੰਦੀ ਹੈ, ਜਿਨ੍ਹਾਂ ‘ਚ ਕਮਿਸ਼ਨ ਬਣਦੇ ਹਨ। ਹਥਿਆਰਾਂ ਦੇ ਖੇਤਰ ‘ਚ ਕਾਰੋਬਾਰ ਕਰਨ ਵਾਲੀ ਕੰਪਨੀ ਨੂੰ ਇਕ ਬੰਬ ਧਮਾਕਾ ਅਰਬਾਂ ਰੁਪਏ ਦਾ ਕਾਰੋਬਾਰ ਦਿੰਦਾ ਹੈ। ਭਾਰਤ ਵਿਚ ਜਦੋਂ ਵੀ ਕੋਈ ਅੱਤਵਾਦੀ ਹਮਲਾ ਹੁੰਦਾ ਹੈ ਤਾਂ ਸੁਰੱਖਿਆ ਫੋਰਸਾਂ ਵਿਚ ਵਾਧਾ ਤੇ ਆਧੁਨਿਕੀਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ। ਖਰਚੇ ਵਧਾਏ ਜਾਂਦੇ ਹਨ ਪਰ ਇਸ ਦੇ ਬਾਵਜੂਦ ਅੱਤਵਾਦੀ ਵਾਰਦਾਤਾਂ ਵਿਚ ਕੋਈ ਕਮੀ ਨਹੀਂ ਆਉਂਦੀ। ਸੱਚਾਈ ਇਹ ਹੈ ਕਿ ਅੱਤਵਾਦ ਦਾ ਸਰੂਪ ਬਦਲ ਗਿਆ ਹੈ। ਹੁਣ ਅੱਤਵਾਦ ਦੀ ਲੜਾਈ ਰਵਾਇਤੀ ਜਾਂ ਕਨਵੈਨਸ਼ਨ ਨਹੀਂ ਹੈ। ਇਸ ਦਾ ਰੂਪ ਬਿਲਕੁਲ ਨਵਾਂ ਹੈ। ਹਾਲਾਂਕਿ ਅੱਤਵਾਦ ਇਕ ਕੌਮਾਂਤਰੀ ਮਸਲਾ ਹੈ, ਪਰ ਹਾਲ ਦੇ ਸਮੇਂ ਵਿਚ ਜੋ ਅੱਤਵਾਦ ਦੇਖਿਆ ਜਾ ਰਿਹਾ ਹੈ, ਉਹ ਕੌਮਾਂਤਰੀ ਘੱਟ, ਘਰੇਲੂ ਜ਼ਿਆਦਾ ਹੈ। ਚਾਹੇ ਅਮਰੀਕਾ ਹੋਵੇ ਜਾਂ ਭਾਰਤ, ਜ਼ਿਆਦਾਤਰ ਅੱਤਵਾਦੀ ਹਮਲੇ ਅੰਦਰੋਂ ਹੀ ਹੋ ਰਹੇ ਹਨ। ਅਮਰੀਕਾ ਵਿਚ ਇਸ ਘਰੇਲੂ ਅੱਤਵਾਦ ਦੇ ਕਾਰਨ ਆਰਥਿਕ ਅਤੇ ਮਾਨਸਿਕ ਹੋ ਸਕਦੇ ਹਨ, ਪਰ ਭਾਰਤ ਵਿਚ ਧਾਰਮਿਕ ਜ਼ਿਆਦਾ ਹਨ। ਭਾਰਤ ਵਿਚ ਧਰਮ ਦੇ ਨਾਂ ਤੇ ਹੁੰਦੀ ਰਾਜਨੀਤੀ ਦੇ ਕਾਰਨ ਵੀ ਅੱਤਵਾਦ ਦਾ ਖ਼ਤਰਾ ਬਰਕਰਾਰ ਹੈ, ਕਿਉਂਕਿ ਭਾਰਤ ਵਿਚ ਸਿਆਸੀ ਲੀਡਰ ਲੋਕਾਂ ਨੂੰ ਧਰਮ ਦੇ ਨਾਂ ਤੇ ਵੰਡਦੇ ਹਨ ਅਤੇ ਉਹਨਾਂ ਦੀ ਵੋਟ ਹਾਸਲ ਕਰਨ ਲਈ ਉਹਨਾਂ ਨੂੰ ਲੜਾਉਂਦੇ ਹਨ। ਇਹੀ ਕਾਰਨ ਹੈ ਕਿ ਭਾਰਤ ਵਿਚ ਘੱਟ ਗਿਣਤੀਆਂ ਦੇ ਮਨਾਂ ਵਿਚ ਵਾਰ ਵਾਰ ਰੋਸ ਜਾਗਦਾ ਹੈ, ਜਿਸਦਾ ਨਤੀਜਾ ਘਰੇਲੂ ਅੱਤਵਾਦ ਦੇ ਰੂਪ ਵਿਚ ਨਿਕਲਦਾ ਹੈ।

Comments

comments

Share This Post

RedditYahooBloggerMyspace