ਮੋਗਾ ਚੋਣ ਤੋਂ ਬਾਅਦ ਪੰਜਾਬ ਦੇ ਸਿਆਸੀ ਸਮੀਕਰਨ ਬਦਲਣਗੇ?

ਮੋਗਾ ਹਲਕੇ ਦੀ ਉਪ ਚੋਣ ਤੋਂ ਬਾਅਦ ਅਕਾਲੀ ਦਲ ਨੂੰ ਇਹ ਸੀਟ ਕਾਂਗਰਸ ਤੋਂ ਖੋਹਣ ਵਿਚ ਕਾਮਯਾਬੀ ਮਿਲਣ ਦੇ ਨਾਲ ਹੀ ਪੰਜਾਬ ਵਿਚ ਦਲ-ਬਦਲੀਆਂ ਦੇ ਰੁਝਾਨ ਨੂੰ ਹਵਾ ਮਿਲਦੀ ਨਜ਼ਰ ਆ ਰਹੀ ਹੈ। ਕਾਂਗਰਸ ਪਾਰਟੀ ਦੇ ਕਈ ਹੋਰ ਵਿਧਾਇਕ ਅਕਾਲੀ ਦਲ ਵਿਚ ਛੜੱਪਾ ਮਾਰ ਸਕਦੇ ਹਨ ਅਤੇ ਅਜਿਹੀਆਂ ਕਨਸੋਆਂ ਆ ਰਹੀਆਂ ਹਨ ਕਿ ਇਕ ਦੋ ਵਿਧਾਇਕ ਤਾਂ ਇਸ ਰੁਝਾਨ ਦਾ ਲਾਭ ਲੈਣ ਲਈ ਤਿਆਰ ਬੈਠੇ ਹਨ। ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਾਲ ਨੂੰ ਬੇਸ਼ੱਕ ਅਕਾਲੀ ਦਲ ਦੁਆਰਾ ਪ੍ਰਸ਼ਾਸਨ ਦੀ ਦੁਰਵਰਤੋਂ ਕਰਕੇ ਜਿੱਤਣ ਦੇ ਦੋਸ਼ ਲਗਾ ਕੇ ਆਪਣਾ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਇਸ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੇ ਕਿ ਆਖਿਰ ਇਕ ਪੱਕੀ ਕਾਂਗਰਸੀ ਸੀਟ ਅਕਾਲੀ ਦਲ ਦੇ ਹੱਥਾਂ ਵਿਚ ਕਿਵੇਂ ਚਲੀ ਗਈ। ਮੋਗਾ ਦੀ ਚੋਣ ਕਾਂਗਰਸ ਦੇ ਲਈ ਜ਼ਿਆਦਾ ਦਿਲਚਸਪ ਰਹੀ ਕਿਉਂਕਿ ਕਾਂਗਰਸ ਦੀ ਸਾਰੀ ਲੀਡਰਸ਼ਿਪ ਇਸ ਚੋਣ ਵਿਚ ਪੂਰਨ ਇੱਕਜੁਟ ਨਜ਼ਰ ਆਈ, ਪਰ ਨਤੀਜੇ ਆਉਣ ਤੋਂ ਤੁਰੰਤ ਬਾਅਦ ਫਿਰ ਉਹੀ ਕਾਟੋ ਕਲੇਸ਼ ਸ਼ੁਰੂ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਈ ਲੀਡਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ, ਜਿਹੜੇ ਇਸ ਚੋਣ ਦਰਮਿਆਨ ਕਿਤੇ ਨਜ਼ਰ ਨਹੀਂ ਆਏ ਸਨ। ਇਕ ਵਿਧਾਇਕ ਬ੍ਰਹਮ ਮਹਿੰਦਰਾ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਖੁੱਲ੍ਹੀ ਬਗਾਵਤ ਤੱਕ ਕਰ ਦਿੱਤੀ ਹੈ। ਇਸ ਬਗਾਵਤ ਦੇ ਸਿੱਟੇ ਕੀ ਨਿਕਲਦੇ ਹਨ, ਇਹ ਤਾਂ ਫਿਲਹਾਲ ਨਹੀਂ ਕਿਹਾ ਜਾ ਸਕਦਾ, ਪਰ ਇਸ ਗੱਲ ਦੀ ਸੰਭਾਵਨਾ ਪੂਰੀ ਹੈ ਕਿ ਕਾਂਗਰਸ ਦੇ ਕੁਝ ਹੋਰ ਵਿਧਾਇਕ ਅਕਾਲੀ ਦਲ ਵਿਚ ਜਾ ਸਕਦੇ ਹਨ, ਪਰ ਕੀ ਅਕਾਲੀ ਦਲ ਦਲ-ਬਦਲੀ ਕਰਨ ਦੀ ਇਜਾਜ਼ਤ ਦੇਵੇਗਾ? ਇਸ ਦੀ ਸੰਭਾਵਨਾ ਬਹੁਤ ਘੱਟ ਹੈ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਇਕ ਤਾਂ ਅਕਾਲੀ ਦਲ ਕੋਲ ਆਪਣਾ ਪੂਰਨ ਬਹੁਮਤ ਹੋ ਗਿਆ ਹੈ ਅਤੇ ਦੂਜਾ ਮੋਗਾ ਦੀ ਦਲ ਬਦਲੀ ਦੇ ਕਾਰਨ ਉਹਨਾਂ ਦੀ ਆਪਣੀ ਪਾਰਟੀ ਦੇ ਅੰਦਰ ਵੀ ਵਿਰੋਧੀ ਸੁਰ ਨਜ਼ਰ ਆਏ ਹਨ। ਕਈ ਲੀਡਰਾਂ ਨੇ ਇਸ ਉਤੇ ਇਤਰਾਜ਼ ਪ੍ਰਗਟ ਕੀਤਾ ਹੈ ਅਤੇ ਅਕਾਲੀ ਦਲ ਨੂੰ ਅਜਿਹੀ ਰਾਜਨੀਤੀ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਲ ਬਦਲੀ ਕਰਵਾ ਕੇ ਪਾਰਟੀ ਨੂੰ ਬਹੁਮਤ ਨਹੀਂ ਬਲਕਿ ਉਹ ਕਾਂਗਰਸ ਦਾ ਦਮ ਤੋੜਨ ਦੀ ਫਿਰਾਕ ਵਿਚ ਹਨ, ਪਰ ਉਹਨਾਂ ਨੂੰ ਇਹ ਵੀ ਪਤਾ ਹੈ ਕਿ ਕਾਂਗਰਸ ਵਰਗੀ ਵੱਡੀ ਪਾਰਟੀ ਨੂੰ ਇੰਨੀ ਜਲਦੀ ਵੀ ਕਮਜ਼ੋਰ ਨਹੀਂ ਕੀਤਾ ਜਾ ਸਕਦਾ। ਕਾਂਗਰਸ ਦੀ ਅਗਵਾਈ ਦਿੱਲੀ ਤੋਂ ਹੁੰਦੀ ਹੈ ਅਤੇ ਦਿੱਲੀ ਦੇ ਆਕਾਵਾਂ ਦੀ ਮਰਜ਼ੀ ਤੋਂ ਬਿਨਾਂ ਕਾਂਗਰਸ ਵਿਚ ਪੱਤਾ ਵੀ ਨਹੀਂ ਹਿੱਲਦਾ, ਇਸ ਕਾਰਨ ਕਾਂਗਰਸ ਕਮਜ਼ੋਰ ਨਹੀਂ ਹੋਵੇਗੀ, ਬਲਕਿ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਜ਼ਰੂਰ ਕੁਝ ਜ਼ਿਆਦਾ ਲਾਭ ਲੈਣ ਦੀ ਸਥਿਤੀ ਵਿਚ ਆ ਗਿਆ ਹੈ। ਕੁੱਲ ਮਿਲਾ ਕੇ ਪੰਜਾਬ ਦੇ ਰਾਜਨੀਤਿਕ ਹਾਲਾਤ ਇਹ ਹਨ ਕਿ ਅਕਾਲੀ ਦਲ ਨੂੰ ਮੋਗਾ ਚੋਣ ਦਰਮਿਆਨ ਬਹੁਤ ਕੌੜਾ ਤਜਰਬਾ ਹੋਇਆ ਹੈ ਕਿਉਂਕਿ ਉਸ ਨੂੰ ਇਹ ਚੋਣ ਜਿੱਤਣ ਲਈ ਪੂਰਾ ਤਾਣ ਲਗਾਉਣਾ ਪਿਆ ਹੈ ਅਤੇ ਉਪਰੋਂ ਆਲੋਚਨਾ ਦਾ ਸ਼ਿਕਾਰ ਵੀ ਹੋਣਾ ਪਿਆ, ਇਸ ਕਰਕੇ ਉਹ ਅਗਲੇਰੇ ਸਮੇਂ ਵਿਚ ਅਜਿਹਾ ਨਹੀਂ ਕਰੇਗਾ। ਜੇਕਰ ਕਰੇਗਾ ਵੀ ਤਾਂ ਸੁਰੱਖਿਆ ਸੀਟਾਂ ਉਤੇ ਹੀ ਕਰੇਗਾ। ਦੂਜਾ ਕਾਂਗਰਸ ਲਈ ਕਰੋ ਜਾਂ ਮਰੋ ਦੀ ਨੀਤੀ ਤਹਿਤ ਹੁਣ ਕਾਂਗਰਸ ਅਕਾਲੀ ਦਲ ਨੂੰ ਜ਼ੋਰਦਾਰ ਟੱਕਰ ਦੇਣ ਲਈ ਇੱਕਜੁਟ ਹੋਣ ਲੱਗ ਪਈ ਹੈ ਅਤੇ ਜਦੋਂ ਕਾਂਗਰਸ ਇੱਕਜੁਟ ਹੋ ਜਾਂਦੀ ਹੈ, ਅਕਾਲੀ ਦਲ ਉਤੇ ਭਾਰੂ ਪੈ ਸਕਦੀ ਹੈ। ਕਾਂਗਰਸ ਦੇ ਅੰਦਰ ਧੜੇਬੰਦੀ ਵੀ ਹੈ ਅਤੇ ਕੁਝ ਉਚ ਲੀਡਰ ਅਜਿਹੇ ਵੀ ਹਨ, ਜਿਹੜੇ ਆਪਣੇ ਵਿਰੋਧੀਆਂ ਨੂੰ ਅਕਾਲੀ ਦਲ ਵਿਚ ਭਜਾ ਕੇ ਉਹਨਾਂ ਸੀਟਾਂ ਤੇ ਆਪਣੇ ਸਮਰਥਕ ਉਮੀਦਵਾਰਾਂ ਦੇ ਪੈਰ ਪੱਕੇ ਕਰਵਾਉਣਾ ਚਾਹੁੰਦੇ ਹਨ, ਪਰ ਅਕਾਲੀ ਦਲ ਵਿਚ ਗਏ ਲੀਡਰਾਂ ਦਾ ਭਵਿੱਖ ਸੁਰੱਖਿਅਤ ਨਹੀਂ ਰਹਿ ਜਾਵੇਗਾ ਕਿਉਂਕਿ ਬਾਅਦ ਵਿਚ ਉਹਨਾਂ ਦੀ ਪਹਿਲੀ ਪਾਰਟੀ ਨੇ ਉਹਨਾਂ ਨੂੰ ਲੈਣਾ ਨਹੀਂ ਅਤੇ ਅਕਾਲੀ ਦਲ ਨੇ ਉਹਨਾਂ ਨੂੰ ਟਿਕਟ ਨਹੀਂ ਦੇਣੀ ਕਿਉਂਕਿ ਅਕਾਲੀ ਦਲ ਕੋਲ ਆਪਣਾ ਵੀ ਟਿਕਟਾਂ ਦਾ ਚਾਹਵਾਨ ਵੱਡਾ ਕਾਡਰ ਮੌਜੂਦ ਹੈ।

Comments

comments

Share This Post

RedditYahooBloggerMyspace