ਪ੍ਰਧਾਨ ਬਦਲਣ ਨਾਲ ਨਹੀਂ ਘਟੇਗੀ ਕਾਂਗਰਸ ਦੀ ਮੁਸ਼ਕਿਲ

ਕਾਂਗਰਸ ਨੇ ਪੰਜਾਬ ਦੀ ਲੀਡਰਸ਼ਿਪ ਵਿਚ ਇੱਕਦਮ ਤਬਦੀਲੀ ਕਰਦਿਆਂ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਥਾਪ ਦਿੱਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਲੱਗਭੱਗ 14 ਸਾਲ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਾਲੀ ਹੈ। ਇਸ ਸਮੇਂ ਦਰਮਿਆਨ ਉਹ ਪੰਜ ਸਾਲ ਮੁੱਖ ਮੰਤਰੀ ਵੀ ਰਹੇ, ਹਾਲਾਂਕਿ ਪ੍ਰਧਾਨ ਉਸ ਵਕਤ ਵੀ ਉਹਨਾਂ ਨੇ ਆਪਣੀ ਮਨਮਰਜ਼ੀ ਦਾ ਲਗਾ ਕੇ ਰੱਖਿਆ। ਕੈਪਟਨ ਅਮਰਿੰਦਰ ਸਿੰਘ ਦੇ ਕਾਰਜਕਾਲ ਦਰਮਿਆਨ ਕਾਂਗਰਸ ਵਿਚ ਧੜੇਬੰਦੀ ਖਤਮ ਨਹੀਂ ਹੋਈ, ਬਲਕਿ ਇਹ ਹੋਰ ਜ਼ਿਆਦਾ ਵਧਦੀ ਗਈ। ਆਪਣੇ ਸ਼ਾਹੀ ਅੰਦਾਜ਼ ਵਿਚ ਵਿੱਚਰਨ ਦੇ ਆਦੀ ਕੈਪਟਨ ਅਮਰਿੰਦਰ ਸਿੰਘ ਨੇ ਹਾਲਾਂਕਿ ਇਕ ਤਾਕਤਵਰ ਲੀਡਰ ਵਜੋਂ ਕਾਂਗਰਸ ਦੀ ਪ੍ਰਧਾਨਗੀ ਸੰਭਾਲ ਕੇ ਰੱਖੀ ਹੈ, ਪਰ ਆਮ ਜਨਤਾ ਵਿਚ ਵਿੱਚਰਨ ਪੱਖੋਂ ਉਹ ਅਕਾਲੀ ਦਲ ਦੇ ਲੀਡਰਾਂ ਤੋਂ ਹਮੇਸ਼ਾ ਮਾਤ ਖਾਂਦੇ ਰਹੇ ਹਨ। ਸਾਲ 2002 ਦੀਆਂ ਚੋਣਾਂ ਵਿਚ ਉਹਨਾਂ ਨੇ ਅਕਾਲੀ ਦਲ ਨੂੰ ਹਰਾ ਕੇ ਸੱਤਾ ਸੰਭਾਲੀ ਸੀ। ਉਸ ਤੋਂ ਬਾਅਦ 2007 ਦੀਆਂ ਚੋਣਾਂ ਵਿਚ ਉਹਨਾਂ ਨੇ ਇਕ ਅਜਿਹਾ ਪੱਤੇ ਖੇਡਿਆ ਕਿ ਵਿਰੋਧੀ ਧਿਰ ਅਕਾਲੀ ਦਲ ਦੇ ਹੋਸ਼ ਉਡ ਗਏ ਸਨ, ਪਰ ਉਹ ਸੱਤਾ ਵਿਚ ਨਾ ਪਰਤ ਸਕੇ। ਇਸ ਤੋਂ ਬਾਅਦ ਹੋਈਆਂ ਲੋਕ ਸਭਾ ਚੋਣਾਂ ਵਿਚ ਕਿਸਮਤ ਨੇ ਫਿਰ ਉਹਨਾਂ ਦਾ ਸਾਥ ਦਿੱਤਾ ਅਤੇ ਪੰਜਾਬ ਵਿਚ ਕਾਂਗਰਸ ਨੂੰ 8 ਸੀਟਾਂ ਮਿਲੀਆਂ। ਇਸ ਤੋਂ ਬਾਅਦ ਵਿਧਾਨ ਸਭਾ ਦੀਆਂ 2012 ਦੀਆਂ ਚੋਣਾਂ ਵੇਲੇ ਉਹਨਾਂ ਤੋਂ ਬਹੁਤ ਵੱਡੀ ਆਸ ਰੱਖੀ ਜਾ ਰਹੀ ਸੀ, ਪਰ ਉਹ ਭਰਮ ਵਿਚ ਰਹੇ ਕਿ ਪੰਜਾਬ ਵਿਚ ਸੱਤਾ ਤਬਦੀਲੀ ਹੋਣੀ ਲਾਜ਼ਮੀ ਹੈ। ਇਸ ਦੇ ਉਲਟ ਅਕਾਲੀ ਦਲ ਨੇ ਇਹ ਚੋਣ ਪੂਰੀ ਵਿਉਂਤ ਨਾਲ ਲੜੀ ਅਤੇ ਉਸ ਨੂੰ ਪੂਰਨ ਬਹੁਮਤ ਵੀ ਪ੍ਰਾਪਤ ਹੋ ਗਿਆ। ਕੈਪਟਨ ਅਮਰਿੰਦਰ ਸਿੰਘ ਦੇ ਸਿਰ ਇਸ ਹਾਰ ਦਾ ਠੀਕਰਾ ਭੰਨਣਾ ਸੁਭਾਵਿਕ ਹੀ ਸੀ, ਕਿਉਂਕਿ ਉਹਨਾਂ ਦੀ ਅਗਵਾਈ ਵਿਚ ਚੋਣ ਲੜੀ ਗਈ ਸੀ। ਮੋਗਾ ਦੀ ਉਪ ਚੋਣ ਹਾਲਾਂਕਿ ਇਕ ਬੇਲੋੜੀ ਚੋਣ ਸੀ ਅਤੇ ਅੰਦਾਜ਼ਾ ਵੀ ਇਹੀ ਸੀ ਕਿ ਸੱਤਾਧਾਰੀ ਅਕਾਲੀ ਦਲ ਇਹ ਸੀਟ ਜਿੱਤਣ ਦੇ ਲਈ ਪੂਰਾ ਵਾਹ ਲਗਾਵੇਗਾ, ਹਰ ਕਿਸਮ ਦੇ ਹਥਿਆਰ ਦੀ ਵਰਤੋਂ ਕਰੇਗਾ ਅਤੇ ਸਰਕਾਰੀ ਮਸ਼ੀਨਰੀ ਵੀ ਉਸੇ ਦਾ ਸਾਥ ਦੇਵੇਗੀ। ਇਸ ਕਰਕੇ ਇਸ ਜਿੱਤ ਨੂੰ ਕੋਈ ਜ਼ਿਆਦਾ ਅਚੰਭੇਜਨਕ ਨਹੀਂ ਕਿਹਾ ਜਾ ਸਕਦਾ, ਪਰ ਇਸ ਹਾਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਅਕਸ ਨੂੰ ਤਬਾਹ ਕਰਕੇ ਰੱਖ ਦਿੱਤਾ। ਕਾਂਗਰਸ ਦੀ ਕੇਂਦਰੀ ਕਮਾਨ ਨੇ ਲੋਕ ਸਭਾ ਚੋਣਾਂ ਤੱਕ ਉਹਨਾਂ ਉਤੇ ਭਰੋਸਾ ਕਰਨ ਦੀ ਹਿੰਮਤ ਨਹੀਂ ਦਿਖਾਈ ਅਤੇ ਪ੍ਰਤਾਪ ਸਿੰਘ ਬਾਜਵਾ ਨੂੰ ਪ੍ਰਧਾਨ ਥਾਪ ਦਿੱਤਾ।

ਹੁਣ ਕਾਂਗਰਸ ਦੀ ਕਮਾਨ ਪ੍ਰਤਾਪ ਸਿੰਘ ਬਾਜਵਾ ਦੇ ਹੱਥ ਹੈ, ਪਰ ਪੰਜਾਬ ਦੇ ਵੋਟਰਾਂ ਤੇ ਇਸ ਦੀ ਕੀ ਅਸਰ ਹੋਵੇਗਾ, ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ। ਪ੍ਰਤਾਪ ਸਿੰਘ ਬਾਜਵਾ ਲਈ ਸਭ ਤੋਂ ਵੱਡੀ ਚੁਣੌਤੀ ਕਾਂਗਰਸ ਵਿਚੋਂ ਧੜੇਬੰਦੀ ਖਤਮ ਕਰਨਾ ਹੋਵੇਗਾ ਅਤੇ ਇਸ ਦੇ ਲਈ ਉਸ ਨੂੰ ਸਾਰੇ ਵਰਗਾਂ ਅਤੇ ਲੀਡਰਾਂ ਦੇ ਨਾਲ ਮਿਲ ਕੇ ਚੱਲਣਾ ਹੋਵੇਗਾ। ਦੂਜੀ ਚੁਣੌਤੀ ਉਹਨਾਂ ਦੇ ਲਈ ਸੱਤਾਧਾਰੀ ਅਕਾਲੀ ਦਲ ਹੈ। ਅਕਾਲੀ ਦਲ ਨੇ ਰਾਜਨੀਤੀ ਦੇ ਗੂੜ੍ਹੇ ਭੇਦ ਸਿੱਖੇ ਹੋਏ ਹਨ ਅਤੇ ਜਿੱਤ ਪ੍ਰਾਪਤ ਕਰਨ ਲਈ ਇਹ ਪਾਰਟੀ ਹਰ ਕਿਸਮ ਦਾ ਹਰਬਾ ਵਰਤਣ ਅਤੇ ਸਾਰੇ ਹਥਿਆਰ ਵਰਤਣਾ ਸਿੱਖ ਚੁੱਕੀ ਹੈ। ਇਸ ਕਰਕੇ ਬਾਜਵਾ ਲਈ ਹੁਣ ਚੁਣੌਤੀ ਲੋਕ ਸਭਾ ਦੀਆਂ ਚੋਣਾਂ ਹਨ। ਇਸ ਵਾਰ ਕੇਂਦਰ ਵਿਚ ਤਬਦੀਲੀ ਦੇ ਮਿਲ ਰਹੇ ਸੰਕੇਤਾਂ ਦੇ ਕਾਰਨ ਅਜਿਹਾ ਨਹੀਂ ਜਾਪ ਰਿਹਾ ਕਿ ਪੰਜਾਬ ਵਿਚ ਕਾਂਗਰਸ ਨੂੰ ਪਹਿਲਾਂ ਵਾਂਗ ਭਰਪੂਰ ਹੁੰਗਾਰਾ ਮਿਲ ਸਕੇਗਾ। ਇਸੇ ਵਿਚਕਾਰ ਜੇਕਰ ਬਾਜਵਾ ਵੀ ਲੋਕ ਸਭਾ ਚੋਣਾਂ ਵਿਚ ਵਧੀਆ ਕਾਰਗੁਜ਼ਾਰੀ ਨਾ ਦਿਖਾ ਸਕੇ ਤਾਂ ਨਿਸਚਿਤ ਹੀ ਪ੍ਰਧਾਨਗੀ ਫਿਰ ਦੁਬਾਰਾ ਬਦਲ ਸਕਦੀ ਹੈ। ਪੰਜਾਬ ਕਾਂਗਰਸ ਦੇ ਵਿਚ ਇਸ ਵਕਤ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਸਿੰਘ ਬਾਜਵਾ ਅਤੇ ਇੱਕਾ-ਦੁੱਕਾ ਲੀਡਰ ਹੋਰ ਹਨ, ਜਿਹੜੇ ਹਮਲਾਵਰ ਰਾਜਨੀਤੀ ਕਰਦੇ ਹਨ। ਕਾਂਗਰਸ ਕੋਲ ਅਜਿਹੀ ਰਾਜਨੀਤੀ ਤੋਂ ਇਲਾਵਾ ਕੋਈ ਵਿਕਲਪ ਵੀ ਨਹੀਂ, ਕਿਉਂਕਿ ਅਕਾਲੀ ਦਲ ਨਾਲ ਫਰੈਂਡਲੀ ਮੈਚ ਖੇਡਣ ਵਾਲੇ ਲੀਡਰਾਂ ਦੀ ਕਾਰਗੁਜ਼ਾਰੀ ਇਹਨਾਂ ਤੋਂ ਵੀ ਮਾੜੀ ਰਹੀ ਹੈ। ਇਸ ਕਰਕੇ ਹੁਣ ਇਹ ਬਾਜਵਾ ਉਤੇ ਨਿਰਭਰ ਕਰੇਗਾ ਕਿ ਉਹ ਕਿਹੋ ਜਿਹੀ ਰਣਨੀਤੀ ਉਲੀਕਦੇ ਹਨ ਤਾਂ ਜੋ ਕਾਂਗਰਸ ਦੀ ਬੇੜੀ ਤਾਰ ਸਕਣ ਅਤੇ ਆਪਣੀ ਪ੍ਰਧਾਨਗੀ ਦੀ ਗੱਦੀ ਪੱਕੀ ਕਰ ਸਕਣ।

Comments

comments

Share This Post

RedditYahooBloggerMyspace