ਚੋਥੀ ਜਮਾਤ ‘ਚ ਪੜਦੀ ਧੀ ਨੂੰ…………..

ਚੋਥੀ ਜਮਾਤ ‘ਚ ਪੜਦੀ ਧੀ ਨੂੰ
ਜਦੋਂ ਸਾਇਕਲ ਦੇ ਡੰਡੇ ਤੇ ਬਿਠਾ ਕੇ
ਸਕੂਲ ਛੱਡਣ ਜਾਂਦਾ ਹਾਂ
ਤਾਂ ਉਹ ਰੋਜ ਸਵਾਲ ਕਰਦੀ ਏ
ਪਾਪਾ ਜੀ ਅਸੀਂ ਸਕੂਟਰ ਕਦੋਂ ਲੈਣਾ ?
ਜਦੋਂ ਵਾਪਸ ਮੁੜਦਾ ਹਾਂ
ਤਾਂ ਅੱਖਾਂ ‘ਚ ਬਣਦੇ ਨੇ
ਸੈਕੰਡ ਹੈਂਡ ਸਕੂਟਰਾਂ ਦੇ ਖਾਕੇ …
ਕੰਨਾ ਚ ਵਜਦੇ ਨੇ
ਫਟੇ ਸਲਾਂਸਰ ਦੇ ਪਟਾਕੇ..
ਪਰ ਖੀਸੇ ਚ ਛਣਕਦੇ ਡਊਏ ਕਹਿੰਦੇ,
ਔਕਾਤ ‘ਚ ਰਹਿ
ਘਰ ਜਾ ਕੇ ਬਾਪੂ ਤੋਂ ਪੁਛਿਆ
ਬਾਪੂ ਆਪਾ ਵੀ ਇਕ
ਪੁਰਾਣਾ ਜਿਹਾ ਸਕੂਟਰ ਲੈ ਲਈਏ ?
ਆਣ ਜਾਣ ਦੀ ਮੋਜ ਹੋ ਜਾਣੀ
ਲੈ ਲੈ ਪੁਤਰ ਲੈ ਲੈ
ਪਰ ਐ ਦਸ
ਵੇਚਣਾ ਕੋਣ ਐ ?
ਮੈਨੂੰ ਕਿ ਮਾ ਨੂੰ…
ਇਹੋ ਸਵਾਲ ਬੇਬੇ ਤੋਂ ਵੀ ਪੁਛਿਆ
ਅਖੇ, ਕੋਠੀ ਦਾਣਾ ਕੋਈ ਨੀ
ਮਾਂ ਪੀਹਣ ਨੂੰ ਗਈ ਐ
ਤੈਨੂੰ ਸ਼ਕੀਨੀ ਨੇ ਚੱਕਿਆ
ਜਮੀਨ ਗਹਿਣੇ ਪਈ ਐ
ਅੰਤ ਅੰਦਰ ਵੜਕੇ ਬਹਿ ਗਿਆ …
ਸੋਚੀਂ ਪੈ ਗਿਆ …
ਇਹੋ ਸਵਾਲ ਬੈਂਕ ਦੀ ਕਾਪੀ ਤੋਂ ਵੀ ਪੁਛਿਆ
ਇਕ ਮਿੱਤਰ ਜਮਾਤੀ ਤੋਂ ਵੀ ਪੁਛਿਆ
ਤਾਏ ਗੁਲਾਬੇ ਤੋਂ ਵੀ ਪੁਛਿਆ
ਗੁਰਦੁਆਰੇ ਦੇ ਬਾਬੇ ਤੋਂ ਵੀ ਪੁਛਿਆ
ਸੰਦੂਕ ਦੇ ਜਿੰਦੇ ਤੋਂ ਵੀ ਪੁਛਿਆ
ਠੇਕੇ ਦੇ ਕਰਿੰਦੇ ਤੋਂ ਵੀ ਪੁਛਿਆ
ਮਨਪਸੰਦ ਕਿਤਾਬਾਂ ਤੋਂ ਵੀ ਪੁਛਿਆ
ਭਾਂਤ ਭਾਂਤ ਦੀਆਂ ਸ਼ਰਾਬਾ ਤੋਂ ਵੀ ਪੁਛਿਆ
ਖੇਤਾਂ ‘ਚ ਖੜੇ
ਪੀਲੇ ਪੀਲੇ ਝੋਨੇ ਤੋਂ ਵੀ ਪੁਛਿਆ
ਆੜਤੀ ਦੇ ਮੁੰਡੇ ਘੋਨੇ ਤੋਂ ਵੀ ਪੁਛਿਆ
ਹੱਥਾਂ ਦੀਆਂ ਲਕੀਰਾ ਤੋਂ ਵੀ ਪੁਛਿਆ
ਗੁਰੂਆਂ ਦੀਆਂ ਤਸਵੀਰਾਂ ਤੋਂ ਵੀ ਪੁਛਿਆ
ਕੋਈ ਜਵਾਬ ਨੀ
ਅੰਤ …
ਇਕ ਸਿਰ ਦਰਦ ਦੀ ਗੋਲੀ ਖਾ ਕੇ ਸੋ ਗਿਆ
ਬਾਹਰੋ ਆਵਾਜ ਆਈ
ਕੁੜੀ ਨੂੰ ਸਕੂਲੋਂ ਲੈ ਆਓ
ਛੁੱਟੀ ਦਾ ਵੇਲਾ ਹੋ ਗਿਆ………
ਅੱਜ ਕੁੜੀ ਨੂੰ ਸਕੂਲੋਂ ਲਿਆਣੋ ਵੀ ਡਰਦਾ ਹਾਂ
ਜਾਂਦਾ ਜਾਂਦਾ
ਤੁਹਾਨੂੰ ..
ਵਿਦਵਾਨਾ,ਬੁੱਧੀਜੀਵੀਆਂ ਨੂੰ ਵੀ
ਇਹੋ ਸਵਾਲ ਕਰਦਾਂ ਹਾਂ
ਕਿ ਇੱਕ ਸਧਾਰਨ ਕਿਸਾਨ ਨੇ
ਸਕੂਟਰ ਕਦੋਂ ਲੈਣਾ ਹੁੰਦੈ………???
….ਬਲਵਿੰਦਰ ਸਿੰਘ ………

Comments

comments

Share This Post

RedditYahooBloggerMyspace