ਖਾਹ ਲਈ ਨਾਗਾਂ ਨੇ
ਖਾਹ ਲਈ ਨਾਗਾਂ ਨੇ
ਰੁੱਖਾਂ ਦੇ ਪੱਤਿਆਂ ਝੜੀ ਰੁੱਤ ਹੈ
ਕੇਹੀ ਦੁੱਖਾਂ ਭਰੀ ਚੜ੍ਹੀ ਰੁੱਤ ਹੈ
ਤੂਤ ਦੀਆਂ ਛਟੀਆਂ ਨੰਗੀਆਂ ਹੋ ਗਈਆਂ
ਅੱਜ ਭਰ- ਜਵਾਨ ਕਣਕਾਂ ਵੀ ਰੋ ਪਈਆਂ
ਲੰਬੜ ਪਿੰਡ ਦਾ ਨਸ਼ੇ ਦੀ ਖਾਂਦਾ ਪੁੜੀ ਜੋ
ਘਾਹ ਖੋਤਦੀ ਸੀਰਨ ਤੇ ਜਵਾਨ ਕੁੜੀ ਜੋ
ਤੂੜੀ ਦੇ ਕੁੱਪਾਂ ਉਲ੍ਹੇ ਸੂਰਜ ਨੂੰ ਗ੍ਰਹਿਣ ਲੱਗ ਗਿਆ
ਗਰਜਾਂ ਮਾਰੀ ਮਾਂ ਦੇ ਮੂੰਹ ਨੂੰ ਜਿੰਦਰਾ ਵੱਜ ਗਿਆ
ਦੋ ਵਾਰੀਂ ਲੰਘੇ ਦਿਨ ਪੂਰੇ ਅਠਾਈ ਅਠਾਈ
ਫਿਰ ਕਦੇ ਨਾ ਉਹ ਕੁੜੀ ਘਾਹ ਖੋਤਣ ਆਈ
ਸ਼ਰੀਕ ਲੀਹ ਕੁੱਟਦੇ ਰਹੇ ਉਹ ਦਮੂੰਹਾ ਲੜਾ ਬੈਠੀ
ਤੀਆਂ ਦੀ ਬੱਲੋ ਤੋਂ ਪਹਿਲਾਂ ਪੀਂਘ ਕਿੱਕਰੋਂ ਲਾਹ ਬੈਠੀ
ਔਰਤ ਦੇ ਪੇਟੋਂ ਜੰਮਕੇ ਔਰਤ ਨਾਲ ਇੰਝ ਕਿਉਂ ਕਰਦੇ
ਫੁੱਲ ਮਿੱਧਣ ਵਾਲੇ ਇਹ ਰਾਖ਼ਸ ਗੁੰਡੇ ਕਿਉਂ ਨੀ੍ਹਂ ਮਰਦੇ
ਕਈਆਂ ਦਿਲਾਂਂ ‘ਚ ਸੂਲ਼ਾਂ, ਪੈਰੀ ਖੁੱਭਦੇ ਕਰਚੇ
ਨਾ ਟੀ ਵੀ ‘ਤੇ ਖਬਰਾਂ, ਨਾ ਅਖਬਾਰੀਂ ਹੁੰਦੇ ਚਰਚੇ…
– ਗੁਰਮੇਲ ਬੀਰੋਕੇ