ਗ਼ਜ਼ਲ ‘ਮਤਲਬ ਖ਼ਾਤਰ’

ਦਿਲ ਦਾ ਖ਼ੂਨ ਵਹਾਉਣ ਨੂੰ ਕਿਸ ਦਾ ਜੀਅ ਕਰਦਾ ।
ਪਾਗਲ ਜਿਹਾ ਕਹਾਉਣ ਨੂੰ ਕਿਸ ਦਾ ਜੀਅ ਕਰਦਾ ।
ਉਲਫ਼ਤ ਖ਼ਾਤਰ ਪੱਟ ਚੀਰਿਆ ਮਹੀਵਾਲ ਨੇ,
ਆਪਣਾ ਤਨ ਪੜਾਉਣ ਨੂੰ ਕਿਸ ਦਾ ਜੀਅ ਕਰਦਾ ।
ਲਵਾਉਣੀ ਪੈਂਦੀ ਏ ਇਹ ਇੱਕ ਮਲ੍ਹਮ ਜਿਹੀ,
ਨਹੀਂ ਤਾਂ ਜ਼ਖ਼ਮ ਦਖਾਉਣ ਨੂੰ ਕਿਸ ਦਾ ਜੀਅ ਕਰਦਾ।
ਇੱਜ਼ਤ, ਦਾਜ, ਮਾੜੀ ਨੀਤੋਂ ਡਰਦ ੇ ਨੇ ਲੋਕੀਂ ,
ਕਤਲ ਕੁੱਖ ਕਰਾਉਣ ਨੂੰ ਕਿਸ ਦਾ ਜੀਅ ਕਰਦਾ ।
ਮਤਲਬ ਖ਼ਾਤਰ ਤੈਨੂੰ ਕੋਈ ਮਿਲਣ ਆਏ,
ਐਵੇਂ ਸਮਾਂ ਗਵਾਉਣ ਨੂੰ ਕਿਸ ਦਾ ਜੀਅ ਕਰਦਾ ।
ਇਹ ਮਿਟੇ ਹੋਏ ਲੇਖਾਂ ਦਾ ਹੀ ਮੈਂ ਅੱਖਰ ਹਾਂ ,
ਲੇਖ ਸੜੇ ਅਖਵਾਉਣ ਨੂੰ ਕਿਸ ਦਾ ਜੀਅ ਕਰਦਾ ।
ਜੇ ਕੋਟ ’ਚ ਕੇਸ ਲੜੇ ਬਿਨ ਬਾਲੋ ਮਿਲ ਜਾਂਦੀ,
ਮਾਹੀ ਟੱਪੇ ਗਾਉਣ ਨੂੰ ਕਿਸ ਦਾ ਜੀਅ ਕਰਦਾ ।
ਕਤਲ ਹੋਈਆਂ ਖ਼ਾਹਸ਼ਾਂ ਦੀ ਲਾਸ਼ ਹੈ ‘ਲਾਡੀ’,
ਆਪਾ ਕਤਲ ਕਰਾਉਣ ਨੂੰ ਕਿਸ ਦਾ ਜੀਅ ਕਰਦਾ ।

 


——————0———————
ਲਾਡੀ ਸੁਖਜਿੰਦਰ  ਕੌਰ ਭੁੱਲਰ, 

ਫੋਨ ਨੰ:-9781191910

Comments

comments

Share This Post

RedditYahooBloggerMyspace