ਪਟੇਦਾਰਾਂ ਨੂੰ 36 ਲੱਖ ਦੀ ਸਹਾਇਤਾ

ਪਿਹੋਵਾ/ਚੰਡੀਗੜ੍ਹ, 24 ਅਗਸਤ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹਰਿਆਣਾ ਦੇ ਇਤਿਹਾਸਕ ਕਰਾਹ ਸਾਹਿਬ ਪਿੰਡ ਦੇ ਕੁਪੀਆ ਪਲਾਟਾਂ ਦੇ ਪੱਟੇਦਾਰ ਕਿਸਾਨਾਂ ਦੀ ਬਾਂਹ ਫੜਦਿਆਂ 36 ਲੱਖ ਦੀ ਵਿੱਤੀ ਮਦਦ ਦੇਣ ਅਤੇ ਬੇਰੁਜ਼ਗਾਰ ਕਿਸਾਨਾਂ ਨੂੰ ਨੌਕਰੀਆਂ, ਸਿੱਖਿਆ ਤੇ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ। ਦੋਵਾਂ ਕਮੇਟੀਆਂ ਨੇ ਪੱਟੇਦਾਰ ਕਿਸਾਨਾਂ ਦੇ ਕੇਸਾਂ ਦੀ ਪੈਰਵੀ ਕਰਨ ਦਾ ਭਰੋਸਾ ਦਿੱਤਾ ਹੈ।  ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਤਿੰਨ ਮੈਂਬਰੀ ਵਫਦ ਪ੍ਰਧਾਨ ਮਨਜੀਤ ਸਿੰਘ ਜੀ.ਕੇ.ਦੀ ਅਗਵਾਈ ਹੇਠ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ,ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਸਕੱਤਰ ਰੂਪ ਸਿੰਘ, ਕਮੇਟੀ ਮੈਂਬਰ ਰਾਜਿੰਦਰ ਸਿੰਘ ਮਹਿਤਾ ਅਤੇ ਸ਼੍ਰੋਮਣੀ ਅਕਾਲੀ ਦਲ ਹਰਿਆਣਾ ਦੇ ਆਗੂਆਂ ਦੀ ਅਗਵਾਈ ਹੇਠ ਕਰਾਹ ਸਾਹਿਬ ਦੇ ਕੁਪੀਆ ਪਲਾਟਾਂ ਪਹੁੰਚਿਆ। ਵਫਦ ਨੇ ਪੀੜਤ ਪਰਿਵਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਉਨ੍ਹਾਂ ਨੂੰ ਮਦਦ ਦੇਣ ਦਾ ਭਰੋਸਾ ਦਿੱਤਾ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੇ ਕੁਪੀਆ ਪਲਾਟਾਂ ਅਤੇ ਥੋਹ ਖਰਕਾ ਦੇ 160 ਪੀੜਤ ਪਰਿਵਾਰਾਂ ਨੂੰ 21 ਲੱਖ ਅਤੇ ਦਿੱਲੀ ਕਮੇਟੀ ਨੇ 15 ਲੱਖ ਦੀ ਮਦਦ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਜਲੀ ਦੀ ਸਪਲਾਈ ਲਈ ਪਹਿਲਾਂ ਹੀ ਦੋ ਜਨਰੇਟਰ ਲਗਵਾ ਦਿੱਤੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਘੁਜੀਤ ਸਿੰਘ ਵਿਰਕ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਪੀੜਤ ਪਰਿਵਾਰਾਂ ਨੂੰ ਰਾਸ਼ਨ, ਉਨ੍ਹਾਂ ਦੇ ਬੱਚਿਆਂ ਨੂੰ ਸਿੱਖਿਆ ਦੇਣ ਅਤੇ ਡਾਕਟਰੀ ਸਹਾਇਤਾ ਦੇਣ ਦਾ ਪ੍ਰਬੰਧ ਕਰੇਗੀ। ਉਨ੍ਹਾਂ ਕਿਹਾ ਕਿ  ਮੀਰੀ ਪੀਰੀ ਮੈਡੀਕਲ ਕਾਲਜ ਸ਼ਾਹਬਾਦ ਦੀ ਵੈਨ ਹਰ ਹਫਤੇ ਜਾਂ ਲੋੜ ਪੈਣ ’ਤੇ ਪਿੰਡ ਮੈਡੀਕਲ ਸਹਾਇਤਾ ਲਈ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਨੌਕਰੀਆਂ ਦੇਣ ਲਈ ਅੰਮ੍ਰਿਤਧਾਰੀ ਹੋਣ ਦੀ ਸ਼ਰਤ ਰੱਖੀ ਹੈ।  ਦਿੱਲੀ ਕਮੇਟੀ ਦੇ ਵਫਦ ਵਿਚ  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਮੀਤ ਪ੍ਰਧਾਨ ਧਨਵੰਤ ਸਿੰਘ ਸ਼ਾਮਲ ਸਨ।

Comments

comments

Share This Post

RedditYahooBloggerMyspace