‘ਸੰਤਿਗਰੀ’ ਦਾ ਕਾਰੋਬਾਰ

ਸਮੁੱਚੇ ਦੇਸ਼ ਵਿੱਚ ‘ਸੰਤਾਂ’ ਦੇ ਚੋਲੇ ਹੇਠ ਸਮਾਜ ਵਿਰੋਧੀ ਅਨਸਰ ਆਪਣੇ ਕਾਰੋਬਾਰ ਚਲਾ ਰਹੇ ਹਨ ਜਿਨ੍ਹਾਂ ਨੂੰ ਸਿਆਸੀ ਪਾਰਟੀਆਂ ਆਪਣੇ ਵੋਟ ਬੈਂਕ ਲਈ ਪਾਲਦੀਆਂ ਅਤੇ ਵਰਤਦੀਆਂ ਹਨ। ਆਸਾਰਾਮ, ਸੌਦਾ ਸਾਧ, ਆਸੂਤੋਸ਼, ਨਿਰਮਲ ਬਾਬਾ ਅਤੇ ਅਨੇਕਾਂ ਹੋਰ ਢੌਂਗੀਆਂ ਨੂੰ ਸਰਕਾਰਾਂ ਅਤੇ ਸਿਆਸੀ ਦਲਾਂ ਦੀ ਖੁੱਲ੍ਹੀ ਹਿਮਾਇਤ ਪ੍ਰਾਪਤ ਹੈ। ਇਹੋ ਕਾਰਨ ਹੈ ਕਿ ਸਮੇਂ-ਸਮੇਂ ਇਨ੍ਹਾਂ ਲੋਕਾਂ ਖਿਲਾਫ ਲਗਦੇ ਦੋਸ਼ਾਂ ਦਾ ਅੰਤ ਬੜਾ ਡਰਾਮਮਈ ਹੁੰਦਾ ਹੈ। ਜਾਂ ਤਾਂ ਦੋਸ਼ ਲਗਾਉਣ ਵਾਲੇ ਹੀ ਦਬਕਾ ਲਏ ਜਾਂਦੇ ਹਨ ਜਾਂ ਫਿਰ ਜਾਂਚ ਕਰਨ ਵਾਲੇ ਹੱਥ ਖੜ੍ਹੇ ਕਰ ਜਾਂਦੇ ਹਨ। ਇਨ੍ਹਾ ਦਿਨਾਂ ਵਿੱਚ ਆਪਣੇ ਆਪ ਨੂੰ ਆਪਣੇ ਚੇਲਿਆਂ ਤੋਂ ਬਾਪੂ ਅਖਵਾਉਣ ਵਾਲਾ ਬਹ-ਚਰਚਿਤ ਡੇਰੇਦਾਰ ਅਸਾਰਾਮ ਮੁੜ ਚਰਚਾ ਵਿੱਚ ਆ ਚੁੱਕਾ ਹੈ। ਕਦੇ ਉਹ ਪੱਤਰਕਾਰਾਂ ਦੀ ਕੁੱਟਮਾਰ ਨਾਲ ਚਰਚਾ ਵਿੱਚ ਰਹਿੰਦਾ ਹੈ ਕਦੇ ਆਪਣੇ ਡੇਰੇ ਵਿੱਚ ਹੁੰਦੀਆਂ ਮਾਸੂਮਾਂ ਦੀਆਂ ਮੌਤਾਂ ਕਾਰਨ ਅਤੇ ਕਦੇ ਆਪਣੇ ਰੰਗੀਨ ਮਿਜ਼ਾਜ਼ ਫਰਜ਼ੰਦ ਦੀ ਕਾਰਗੁਜ਼ਾਰੀ ਉਸਨੂੰ ਸੁਰਖੀਆਂ ਵਿੱਚ ਲਿਆ ਦਿੰਦੀ ਹੈ।
ਇਨ੍ਹਾਂ ਦਿਨ੍ਹਾ ਵਿੱਚ ਉਹ ਆਪਣੇ ਹੀ ਇੱਕ ਸ਼ਰਧਾਲੂ ਦੀ ਬੱਚੀ ਨਾਲ ਬਲਾਤਕਾਰ ਦੇ ਦੋਸ਼ਾਂ ਵਿੱਚ ਘਿਰ ਚੁੱਕਾ ਹੈ। ਪਹਿਲਾਂ ਤਾਂ ‘ਸੰਤ’ ਅਖਵਾਉਂਦੇ ਆਸਾਰਾਮ ਨੇ ਝੂਠ ਬਲਿਆ ਕਿ ਘਟਨਾ ਵਾਲੀ ਰਾਤ ਮੈਂ ਘਟਨਾ ਸਥਾਨ ’ਤੇ ਮੌਜ਼ੂਦ ਹੀ ਨਹੀਂ ਸੀ। ਉਸਨੇ ਇਹ ਵੀ ਕਿਹਾ ਕਿ ਮੈਂ ਤਾਂ ਕਦੇ ਉਸ ਲੜਕੀ ਨੂੰ ਦੇਖਿਆ ਤੱਕ ਨਹੀਂ। ਪਰ ਜਦੋਂ ਸਬੰਧਤ ਫਾਰਮ ਦੇ ਮਾਲਕ ਨੇ ਖੁੱਲ੍ਹੇ ਤੌਰ ’ਤੇ ਇਸ ਗੱਲ ਦਾ ਪ੍ਰਗਟਾਵਾ ਕਰ ਦਿੱਤਾ ਕਿ ਆਸਾਰਾਮ ਉਸ ਰਾਤ ਪੀੜਤ ਲੜਕੀ ਨੂੰ ਇੱਕਲਾ ਕਮਰੇ ’ਚ ਮਿਲਿਆ ਸੀ ਤਾਂ ਆਸਾਰਾਮ ਨੂੰ ਵੀ ਅੱਧਾ ਸੱਚ ਮੰਨਣਾ ਪਿਆ ਕਿ ਮੈਂ ਤਾਂ ਉਸ ਰਾਤ ਉਸ ਲੜਕੀ ਦੇ ‘ਭੂਤ’ ਕੱਢ ਰਿਹਾ ਸੀ। ਇਹ ਇਕ ਭਾਰਤੀ ‘ਸੰਤ’ ਦਾ ਉਹ ਸੱਚ ਹੈ ਜੋ ਆਸਾਰਾਮ ਨੇ ਰੂਪਮਾਨ ਕੀਤਾ ਹੈ।
ਆਸਰਾਮ ਦੀ ਬੁਲਾਰੀ ਆਸਾ ਦੂਬੇ ਵੱਲੋਂ ਆਸਰਾਮ ਦੇ ਬਚਾਅ ਲਈ ਗੁਰੂ ਨਾਨਕ ਨੂੰ ਜਿਸ ਤਰ੍ਹਾਂ ਬਿਨਾਂ ਤੱਥਾਂ ਤੋਂ ਨਿਸ਼ਾਨਾਂ ਬਣਾਇਆ ਗਿਆ ਹੈ ਉਸ ਤੋਂ ਇਨ੍ਹਾਂ ਅਖੌਤੀ ਸੰਤਾਂ ਦੀ ਮਾਨਸਿਕਤਾ ਜਗ ਜ਼ਾਹਰ ਹੁੰਦੀ ਹੈ। ਆਸਾਰਾਮ ਅਤੇ ਹੋਰ ਡੇਰੇਦਾਰ ਧਾਰਮਿਕ ਸਖਸ਼ੀਅਤਾਂ ਨਾਲ ਆਪਣਾ ਮੁਕਾਬਲਾ ਹੀ ਨਹੀਂ ਕਰਦੇ ਸਗੋਂ ਆਪਣੇ ਆਪ ਨੂੰ ਉਨ੍ਹਾਂ ਦੇ ਅਵਤਾਰ ਹੋਣ ਦਾ ਦਾਅਵਾ ਵੀ ਸਮੇਂ ਸਮੇਂ ’ਤੇ ਕਰਦੇ ਰਹਿੰਦੇ ਹਨ। ਸਰਕਾਰਾਂ ਅਤੇ ਸਿਆਸੀ ਪਾਰਟੀਆਂ ਨੇ ਹਰ ਧਰਮ ਵਿੱਚ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ‘ਸੰਤਾਂ’ ਦੇ ਰੂਪ ਵਿੱਚ ਸਥਾਪਿਤ ਕਰ ਦਿੱਤਾ ਹੈ ਅਤੇ ਫਿਰ ਇਨ੍ਹਾਂ ਧਰਮਾਂ ਨੂੰ ਮੰਨਣ ਵਾਲਿਆਂ ਦੀ ਸਿਆਸੀ ਵਰਤੋਂ ਇਨ੍ਹਾਂ ਡੇਰਿਆਂ ਰਾਹੀ ਕੀਤੀ ਜਾਂਦੀ ਹੈ। ਉਹ ਭਾਵੇਂ ਵੋਟ ਦੇ ਰੂਪ ’ਚ ਹੋਵੇ ਜਾਂ ਭੜਕਾਹਟਾਂ ਪੈਦਾ ਕਰਕੇ ਆਪਣੇ ਸਿਆਸੀ ਮਨੋਰਥ ਹੱਲ ਕਰਨ ਲਈ। ਹੁਣ ਆਸਾਰਾਮ ਦੇ ਨਵੇਂ ਮਾਮਲੇ ਦੇ ਸਬੰਧ ’ਚ ਭਾਵੇਂ ਕੋਈ ਵੀ ਪਾਰਟੀ ਖੁੱਲ੍ਹ ਕੇ ਉਸਦੇ ਹੱਕ ਵਿੱਚ ਬੋਲਣ ਲਈ ਤਿਆਰ ਨਹੀਂ। ਭਾਜਪਾ ਆਪਣੇ ਉਮਾ ਭਾਰਤੀ ਤੇ ਹੋਰ ਕੱਟੜਪੰਥੀ ਲੀਡਰਾਂ ਅਤੇ ਅਪਣੀ ਜੋਟੀ ਦੀਆਂ ਭਗਵੀਆਂ ਪਾਰਟੀਆਂ ਨੂੰ ਅੱਗੇ ਕਰਕੇ ਆਸਾਰਾਮ ਦਾ ਬਚਾਅ ਕਰ ਰਹੀ ਹੈ ਉੱਥੇ ਹੀ ਕਾਂਗਰਸ ਵੱਲੋਂ ਵੀ ਪਰਦੇ ਪਿੱਛੇ ਇਸਦਾ ਬਚਾਅ ਕੀਤਾ ਜਾ ਰਿਹਾ ਹੈ।
ਦੇਸ਼ ਦੀ ਜਨਤਾ ਦੀ ਭੁਮਕਾ ਵੀ ਅਜਿਹੇ ਮਾਮਲਿਆਂ ਵਿੱਚ ਚਿੰਤਾਜਨਕ ਹੀ ਰਹੀ ਹੈ। ਲੋਕਾਂ ਦੇ ਰੁੱਖ ਨੂੰ ਮੀਡੀਆ ਪ੍ਰਭਾਵਤ ਕਰਦਾ ਹੈ ਪਰ ਆਸਾਰਾਮ ਦੇ ਮਾਮਲੇ ਵਿੱਚ ਦੇਸ਼ ਦਾ ਜ਼ਿਆਦਤਰ ਮੀਡੀਆ ਅਜੇ ਤੱਕ ਉਸਨੂੰ ‘ਬਾਪੂ’ ਸ਼ਬਦ ਨਾਲ ਸੰਬੋਧਨ ਕਰ ਰਿਹਾ ਹੈ। ਇਹੀ ਕਾਰਨ ਹੈ ਕਿ ਦਿੱਲੀ ਬਲਾਤਕਾਰ ਕਾਂਡ  ਵਾਗੇ ਮਾਮਲਿਆਂ ’ਚ ਜਿੱਥੇ ਲੋਕ ਸੜਕਾਂ ’ਤੇ ਉਤਰ ਆਉਂਦੇ ਹਨ ਤਾਂ ਦੂਜੇ ਪਾਸੇ ਸਾਧਾਂ ਦੇ ਡੇਰਿਆਂ ’ਚ ਭਾਵੇਂ  ਮਾਸੂਮ ਬੱਚਿਆਂ ਦੀ ਲਾਸ਼ਾਂ ਮਿਲ ਜਾਣ ਅਤੇ ਭਾਵੇਂ ਇਨ੍ਹਾਂ ਡੇਰੇਦਾਰਾਂ ਵੱਲੋਂ ਬੱਚੀਆਂ ਨਾਲ ਬਲਾਤਕਾਰ ਕੀਤੇ ਜਾਣ ਤਾਂ ਦੇਸ਼ ਦੀ ਜਨਤਾ ਉਸ ਸਮੇਂ ਚੁੱਪ ਰਹਿੰਦੀ ਹੈ। ਦੇਸ਼ ਵਿੱਚ ਕਿੰਨੇ ਹੀ ਡੇਰੇ ਹਨ ਜਿਨ੍ਹਾਂ ਦੇ ਸੰਚਾਲਕਾਂ ਨੇ ਆਪਣੇ ਚੇਲਿਆਂ ਦੀਆਂ ਜਵਾਨ ਕੁੜੀਆਂ ਜ਼ਬਰਦਸਤੀ ਬੰਧਕ ਬਣਾ ਕੇ ਰੱਖੀਆਂ ਹੋਈਆਂ ਹਨ। ਸੌਦਾ ਸਾਧ ਅਤੇ ਆਸੂਤੋਸ਼ ’ਤੇ ਤਾਂ ਇਹ ਇਲਜ਼ਾਮ ਖੁੱਲ੍ਹ ਕੇ ਲਗਦੇ ਆ ਰਹੇ ਹਨ। ਦੇਸ਼ ਦੀ ਲੋਕਾਈ ਦੀ ਇਸ ਅਜੀਬ ਤੇ ਦੋਹਰੀ ਮਾਨਸਿਕਤਾ ਦਾ ਕਾਰਨ ਹੀ ਇਹ ਹੈ ਕਿ ਇ¤ਥੋਂ  ਦੇ ਲੋਕਾਂ ਦੀ ਅਜੇ ਤੱਕ ਆਪਣੀ ਕੋਈ ਸੋਚ ਵਿਕਸਤ ਨਹੀਂ ਹੋਣ ਦਿੱਤੀ ਗਈ। ਉਨ੍ਹਾਂ ਦੀ ਸੋਚ ਉਹੀ ਰੁੱਖ ਅਖਤਿਆਰ ਕਰਦੀ ਹੈ ਜਿਸ ਤਰ੍ਹਾਂ ਮੀਡੀਆ ਇੰਡਸਟਰੀ ’ਤੇ ਕਾਬਜ਼ ਕਾਰੋਬਾਰੀ ਘਰਾਣੇ ਚਾਹੁੰਦੇ ਹਨ। ਜੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਵਾਲੇ ਡੇਰੇਦਾਰਾਂ ਰਾਜਨੇਤਾਵਾਂ ਵਿਰੁੱਧ ਵੀ ਲੋਕ ਅਜਿਹਾ ਹੀ ਰੁੱਖ ਅਖਤਿਆਰ ਕਰਨ ਤਾਂ ਲੋਕਾਂ ਨਾਲ ਜੁੜੀਆਂ ਅੱਧ ਤੋਂ ਵੱਧ ਸਮੱਸਿਆਂਵਾਂ ਦਾ ਨਿਸਚੇ ਹੀ ਹੱਲ ਹੋ ਜਾਵੇਗਾ।

Comments

comments

Share This Post

RedditYahooBloggerMyspace