ਸ੍ਰੀ ਅਕਾਲ ਤਖਤ ਸਾਹਿਬ ਸਾਹਮਣੇ ਗੁੰਡਾਗਰਦੀ ਦਾ ਤਾਂਡਵ ਨਾਚ

(ਸਤਨਾਮ ਸਿੰਘ ਚਾਹਲ)

ਸਿਖ ਧਰਮ ਦੁਨੀਆਂ ਦਾ ਇਕ ਮਾਰਸ਼ਲ ਧਰਮ ਹੈ ਜਿਹੜਾ ਦੁਨੀਆਂ ਦੇ ਲੋਕਾਂ ਨੂੰ ਸਰਬੱਤ ਦੇ ਭਲੇ ਦਾ ਸੁਨੇਹਾ ਹੀ ਨਹੀਂ ਦਿੰਦਾ ਸਗੋਂ ਵਿਸ਼ਵ ਸ਼ਾਂਤੀ ਤੇ ਮਨੁਖੀ ਬਰਾਬਰੀ ਕਰਨ ਲਈ ਵੀ ਪਰੇਰਦਾ ਹੈ।ਪਿਛਲੇ ਕਈ ਦਹਾਕਿਆਂ ਤੋਂ ਸਿਖ ਵਿਰੋਧੀ ਤਾਕਤਾਂ ਵਲੋਂ ਸਿਖ ਕੌਮ ਨੂੰ ਬਰਬਾਦ ਕਰਨ,ਸਿਖਾਂ ਦਾ ਅਕਸ ਵਿਗਾੜਨ ਤੇ ਸਿਖਾਂ ਦੀ ਚੜਦੀਕਲਾ ਦੇ ਕੰਮਾਂ ਵਿਚ ਰੁਕਾਵਟਾਂ ਖੜੀਆਂ ਕਰਨ ਦੀਆਂ ਖਬਰਾਂ ਪੜਨ ਸੁਣਨ ਨੂੰ ਮਿਲ ਰਹੀਆਂ ਹਨ ।ਜਿਸ ਕਰਕੇ ਸਿਖ ਕੌਮ ਦੇ ਸਰਬਪੱਖੀ ਵਿਕਾਸ ਵਿਚ ਖੜੌਤ ਆਈ ਹੈ।ਪਰ ਜਿਸ ਤਰਾਂ ਸਿਖ ਕੌਮ ਦੀ ਲੀਡਰਸ਼ਿਪ ਵਲੋਂ ਆਪੋ ਵਿਚ ਛਿਤਰੀਂ ਦਾਲ ਵੰਡ ਕੇ ਸਿਖ ਕੌਮ ਦੇ ਅਕਸ ਨੂੰ ਦੁਨੀਆਂ ਭਰ ਵਿਚ ਖਰਾਬ ਕੀਤਾ ਜਾ ਰਿਹਾ ਹੈ ਉਸਨੇ ਸਿਖ ਵਿਰੋਧੀ ਤਾਕਤਾਂ ਦੇ ਸਾਰੇ ਕਾਰਨਾਮਿਆਂ ਨੂੰ ਮਾਤ ਪਾ ਦਿਤੀ ਹੈ।‘ ਸਿਖ ਜਾਣ ਖੂਹ ਖਾਤੇ ਵਿਚ ਬਸ ਆਪਣੀ ਡਫਲੀ ਵਜਣੀ ਚਾਹੀਦੀ ਹੈ ‘ ਦੇ ਮਨੋਰਥ ਨਾਲ ਖੁੰਭਾਂ ਵਾਂਗ ਬਣੀਆਂ ਹੋਈਆਂ ਸਿਖ ਜਥੇਬੰਦੀਆਂ ਆਪੋ ਆਪਣਾ ਰਾਗ ਅਲਾਪ ਰਹੀਆਂ ਹਨ ।ਇਹਨਾਂ ਸੰਸਥਾਵਾਂ ਨੂੰ ਸਿਖਾਂ ਦੀ ਚੜਦੀ ਕਲਾ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ।ਇਹੋ ਹੀ ਕਾਰਣ ਹੈ ਕਿ ਅਜ ਦੁਨੀਆਂ ਭਰ ਵਿਚ ਰਹਿਣ ਵਾਲਾ ਆਮ ਸਿਖ ਅਜਿਹੀਆਂ ਅਖੌਤੀ ਸੰਸਥਾਵਾਂ ਦੇ ਅਜਿਹੇ ਸਿਖ ਵਿਰੋਧੀ ਰਵੱਈਏ ਤੋਂ ਬਹੁਤ ਪੀੜਤ ਹੈ।ਹਾਲ ਹੀ ਵਿਚ ਸ਼੍ਰੀ ਅਕਾਲ ਤੱਖਤ ਸਾਹਿਬ ਤੇ ਕੁਝ ਅਖੋਤੀ ਸਿਖ ਸੰਸਥਾਵਾਂ ਦੇ ਨਾਮਧਰੀਕ ਆਗੂਆਂ ਵਲੋਂ ਕੀਤੇ ਗਏ ਤਾਂਡਵ ਨਾਚ ਨੇ ਇਹਨਾਂ ਸਧਾਰਣ ਸਿਖਾਂ ਦੀ ਇਸ ਪੀੜਾ ਵਿਚ ਹੋਰ ਵਧਾ ਕਰ ਦਿਤਾ ਹੈ।
ਭਾਰਤ ਵੱਲੋਂ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ 40 ਦੇ ਕਰੀਬ ਹੋਰ ਇਤਿਹਾਸਕ ਗੁਰਧਾਮਾਂ ’ਤੇ ਕੀਤੇ ਗਏ ਵਹਿਸ਼ੀ ਹਮਲੇ ਦੀ 30ਵੀਂ ਵਰ੍ਹੇਗੰਢ ਮੌਕੇ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਅਤੇ ਹੋਰ ਪੰਥਕ ਧਿਰਾਂ ਕਹਾਉਣ ਵਾਲੀਆਂ ਸੰਸਥਾਵਾਂ ਦੇ ਆਗੂਆਂ ਨੇ ਤਲਵਾਰਾਂ ਨਾਲ ਹਿੰਸਾ ਦਾ ਦ੍ਰਿਸ਼ ਪੇਸ਼ ਕੀਤਾ ਉਸ ਨਾਲ ਦੇਸ਼ਾਂ-ਵਿਦੇਸ਼ਾਂ ਵਿੱਚ ਸਿੱਖ ਕੌਮ ਨੂੰ ਤਾਂ ਨਮੋਸ਼ੀ ਝੱਲਣੀ ਹੀ ਪਈ ਸਗੋਂ ਇਸ ਘਟਨਾ ਰਾਹੀਂ ਸਬੰਧਤ ਧਿਰਾਂ ਨੇ ਦਰਬਾਰ ਸਾਹਿਬ ਦੇ ਅਕਸ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਹੈ।
ਕਿਸੇ ਵੀ ਧਰਮ ਨਾਲ ਸਬੰਧ ਰੱਖਣ ਵਾਲੇ ਦੁਨੀਆ ਭਰ ਵਿੱਚ ਵਸਦੇ ਲੋਕਾਂ ਦੀ ਦਰਬਾਰ ਸਾਹਿਬ ਪ੍ਰਤੀ ਖਿੱਚ ਕਿਸੇ ਤੋਂ ਛੁਪੀ ਹੋਈ ਨਹੀਂ ਹੈ। ਦੁਨੀਆਂ ਭਰ ਦੇ ਟੂਰਿਜ਼ਮ ਖੇਤਰ ਵਿੱਚ ਦਰਬਾਰ ਸਾਹਿਬ ਦਾ ਨਾਂਅ ਅਹਿਮੀਅਤ ਵਜੋਂ ਲਿਆ ਜਾਂਦਾ ਹੈ। ਦੁਨੀਆ ਦੇ ਕਿਸੇ ਵੀ ਕੋਨੇ ਵਿੱਚੋਂ ਇਸ ਥਾਂ ’ਤੇ ਆਇਆ ਕੋਈ ਵੀ ਵਿਅਕਤੀ ਇਸ ਥਾਂ ਨੂੰ ਸਾਂਤੀ ਤੇ ਰੂਹਾਨੀਅਤ ਦਾ ਮੁਜੱਸਮਾ ਨਜ਼ਰ ਆਉਂਦਾ ਹੈ। ਭਾਸ਼ਾ ਦੇ ਵਖਰੇਵੇਂ ਕਾਰਨ ਉਨ੍ਹਾਂ ਨੂੰ ਭਾਵੇਂ ਗੁਰਬਾਣੀ ਕੀਰਤਨ ਦੀ ਸਮਝ ਨਹੀਂ ਆਉਂਦੀ ਪਰ ਇਹ ਰਸ ਭਿੰਨਾ ਕੀਰਤਨ ਉਨ੍ਹਾਂ ਦੀ ਰੂਹ ਨੂੰ ਅਗੰਮੀ ਸਕੂਨ ਦਿੰਦਾ ਹੈ। ਦਰਬਾਰ ਸਾਹਿਬ ਪ੍ਰਤੀ ਦੁਨੀਆ ਦੇ ਲੋਕਾਂ ਦੀ ਇਹ ਅਲੌਕਿਕ ਖਿੱਚ ਹੀ ਬਹੁਤ ਸਾਰੀਆਂ ਪੰਥ ਵਿਰੋਧੀ ਤਾਕਤਾਂ ਨੂੰ ਸਦਾ ਰੜਕਦੀ ਆਈ ਹੈ ਤੇ ਰੜਕਦੀ ਰਹੇਗੀ। ਇਸ ਥਾਂ ਦੀਆਂ ਨਕਲਾਂ ਬਣਾਉਣ ਪਿੱਛੇ ਵੀ ਉਨ੍ਹਾਂ ਦੀ ਇਹ ਰੜਕਣ ਹੀ ਕੰਮ ਕਰਦੀ ਹੈ ਪਰ ਨਕਲ ਕਦੇ ਅਸਲ ਦਾ ਸਥਾਨ ਪ੍ਰਾਪਤ ਨਹੀਂ ਕਰ ਸਕੀ।
ਜਦੋਂ ਵੀ ਆਰ.ਐਸ.ਐਸ. ਤੇ ਹੋਰ ਧਿਰਾਂ ਦਰਬਾਰ ਸਾਹਿਬ ਦੇ ਸਾਹਮਣੇ ਰੋਸ ਪ੍ਰਦਰਸ਼ਨ ਕਰਦੀਆਂ ਹਨ ਤਾਂ ਸਿੱਖ ਚਿੰਤਕਾਂ ਤੇ ਜਥੇਬੰਦੀਆਂ ਵੱਲੋਂ ਅਕਸਰ ਕਿਹਾ ਜਾਂਦਾ ਹੈ ਕਿ ਦਰਬਾਰ ਸਾਹਿਬ ਸਾਹਮਣੇ ਅਸਾਂਤ ਮਾਹੌਲ ਜਾਣ=ਬੁੱਝ ਕੇ ਬਣਾਇਆ ਜਾਂਦਾ ਹੈ ਤਾਂ ਜੋ ਦੁਨੀਆਂ ਦੇ ਲੋਕਾਂ ਅੰਦਰ ਇਸ ਥਾਂ ’ਤੇ ਆਉਣ ਪ੍ਰਤੀ ਡਰ ਪੈਦਾ ਕੀਤਾ ਜਾ ਸਕੇ। ਸਿੱਖਾਂ ਦਾ ਇਹ ਤਰਕ ਬਿਲਕੁਲ ਸਹੀ ਹੁੰਦਾ ਹੈ। ਪਿਛਲੇ ਸਮੇਂ ਵਿੱਚ ਅੰਨਾ ਹਜ਼ਾਰੇ ਦੇ ਸਮਰਥਕਾਂ ਵਲੋਂ ਦਰਬਾਰ ਸਾਹਿਬ ਦੇ ਸਾਹਮਣੇ ਕਾਲੇ ਝੰਡਿਆ ਨਾਲ ਕੀਤੇ ਗਏ ਵਿਰੋਧ ਦਾ ਵੀ ਪੰਥਕ ਹਲਕਿਆਂ ਵਿੱਚ ਜ਼ੋਰਦਾਰ ਵਿਰੋਧ ਉੱਠਿਆ ਸੀ। ਇਹ ਵਿਰੋਧ ਜ਼ਰੂਰੀ ਵੀ ਸੀ। ਦਰਬਾਰ ਸਾਹਿਬ ਦੇ ਸਾਹਮਣੇ ਕਾਲੇ ਝੰਡਿਆਂ ਨਾਲ ਪ੍ਰਦਰਸ਼ਨ ਕਰਨਾ ਕੌਮ ਦੀ ਅਣਖ ਨੂੰ ਵੰਗਾਰਨ ਵਾਲੀ ਕਾਰਵਾਈ ਹੈ। ਇਹ ਤਾਂ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਕਿ ਸਿੱਖਾਂ ਨੇ ਸਿਰਫ਼ ਵਿਰੋਧ ਨਾਲ ਹੀ ਸਾਰ ਦਿੱਤਾ। ਵਰਨਾ ਇਹ ਕਿਸੇ ਵੀ ਹਾਲਤ ਵਿੱਚ ਮੁਆਫ਼ ਕਰਨ ਵਾਲੀ ਕਾਰਵਾਈ ਨਹੀਂ ਸੀ।
…ਪਰ ਜਦੋਂ ਇਸ ਮਹਾਨ ਸਥਾਨ ਦੀ ਮਾਣ ਮਰਿਯਾਦਾ ਨੂੰ ਕਾਇਮ ਰੱਖਣ ਦਾ ਦਮ ਭਰਨ ਵਾਲੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਅਤੇ ਪੰਥਕ ਹਿਤਾਂ ਲਈ ਜੂਝਣ ਦਾ ਦਾਅਵਾ ਕਰਨ ਵਾਲੀ ਧਿਰ ਹੀ ਇਸ ਥਾਂ ’ਤੇ ਅਸਾਂਤ ਮਾਹੌਲ ਪੈਦਾ ਕਰਨ ਤਾਂ ਫਿਰ ਕੀ ਕਿਹਾ ਜਾਵੇ? ਕੀ ਇਹ ਧਿਰਾਂ ਵੀ ਪੰਥ ਵਿਰੋਧੀਆਂ ਜਾਂ ਖੁਫੀਆ ਏਜੰਸੀਆਂ ਦੇ ਇਸਾਰੇ ’ਤੇ ਅਜਿਹੇ ਕੰਮ ਕਰਦੀਆਂ ਹਨ? ਜਿਸ ਤਰ੍ਹਾਂ ਇਨ੍ਹਾ ਲੋਕਾਂ ਦਾ ਤਾਂਡਵ ਨਾਚ ਦੁਨੀਆਂ ਦੇ ਲੋਕਾਂ ਨੇ ਟੈਲੀਵੀਯਨ ’ਤੇ ਦੇਖਿਆ ਉਸ ਤੋਂ ਸਿੱਖਾਂ ਦੇ ਇੱਕ ਕੌਮ ਹੋਣ ਦਾ ਨਹੀਂ ਸਗੋਂ ਕਬੀਲਿਆਂ ’ਚ ਵੰਡੇ ਹੋਣ ਦਾ ਸੁਨੇਹਾ ਦੁਨੀਆਂ ਭਰ ’ਚ ਜਾਂਦਾ ਹੈ। ਦੁਨੀਆ ਭਰ ਵਿੱਚ ਸਿੱਖ ਕੌਮ ਆਪਣੇ ਮਾਣ ਸਨਮਾਨ ਲਈ ਸੰਘਰਸ਼ ਕਰ ਰਹੀ ਹੈ। ਸਾਡੇ ਬੁਧੀਜੀਵੀ ਸਿਰਤੋੜ ਕੋਸ਼ਿਸ਼ਾਂ ਵਿੱਚ ਲੱਗੇ ਹਨ ਕਿ ਭਾਰਤੀ ਨਿਜ਼ਾਮ ਵੱਲੋਂ ਸਿੱਖਾਂ ਦੇ ਅੱਤਵਾਦੀ ਹੋਣ ਦਾ ਹੁਣ ਤੱਕ ਕੀਤਾ ਗਿਆ ਪ੍ਰਚਾਰ ਝੂਠਾ ਹੈ ਉਲਟਾ ਸਿੱਖਾਂ ਨੂੰ ਹੀ ਦੇਸ਼ ਦੇ ਨਿਜ਼ਾਮ ’ਤੇ ਕਾਬਜ਼ ਫ਼ਿਰਕੂ ਧਿਰਾਂ ਦੇ ਅੱਤਵਾਦ ਦਾ ਸ਼ਿਕਾਰ ਹੋਣਾ ਪਿਆ ਹੈ ਅਤੇ ਅੱਜ ਵੀ ਸਮੁੱਚੀ ਕੌਮ ਵਿਰੁੱਧ ਵਿਤਕਰਿਆਂ ਤੇ ਧੱਕਿਆਂ ਦਾ ਦੌਰ ਖ਼ਤਮ ਨਹੀਂ ਹੋਇਆ ਹੈ। ਪਰ ਅਜਿਹੀਆਂ ਘਟਨਾਵਾਂ ਪੰਥਕ ਬੁਧੀਜੀਵੀਆਂ ਤੇ ਕੌਮਾਂਤਰੀ ਸਿੱਖ ਆਗੂਆਂ ਦੇ ਦਾਅਵਿਆਂ ਤੇ ਦਲੀਲਾਂ ਨੂੰ ਮਿੱਟੀ ਵਿੱਚ ਮਿਲਾ ਦਿੰਦੀਆਂ ਹਨ। ਪਿਛਲੇ ਦਹਾਕਿਆਂ ਵਿੱਚ ਦੁਨੀਆਂ ਬਹੁਤ ਬਦਲ ਚੁੱਕੀ ਹੈ। ਉਹ ਦੌਰ ਦੁਨੀਆ ਨੇ ਇੰਨਾ ਨੇੜਿਓਂ ਨਹੀਂ ਤੱਕਿਆ ਜਿੰਨਾ ਅੱਜ ਅਸੀਂ ਮੀਡੀਏ ਤੇ ਇੰਟਰਨੈਟ ਦੀ ਬਦੌਲਤ ਪੂਰੀ ਦੁਨੀਆਂ ਨੂੰ ਇੰਨਾ ਨੇੜੇ ਤੋਂ ਦੇਖ ਸਕਦੇ ਹਾਂ। ਦੁਨੀਆ ਨੇ ਸਾਡੇ ਬਾਰੇ ਉਹੀ ਰਾਏ ਬਣਾਉਣੀ ਹੈ ਜਿਵੇਂ ਉਹ ਅੱਜ ਸਾਨੂੰ ਦੇਖਦੇ ਹਨ ਜਾਂ ਸਾਡਾ ਜੋ ਪੱਖ ਭਾਰਤੀ ਮੀਡੀਆ ਦੁਨੀਆ ਸਾਹਮਣੇ ਰੱਖ ਰਿਹਾ ਹੈ। ਇਸ ਮੀਡੀਏ ਲਈ ਉਹ ਕੋਈ ਖ਼ਬਰ ਨਹੀਂ ਬਣਦੀ ਜਦੋਂ ਸਾਂਤਮਈ ਬੈਠੇ ਸਿੱਖ ਨੌਜਵਾਨਾਂ ਨੂੰ ਪੁਲਿਸ ਗੋਲੀਆਂ ਨਾਲ ਭੁੰਨ ਦਿੰਦੀ ਹੈ ਪਰ ਜੇ ਕੋਈ ਸਾਂਤਮਈ ਸਿੱਖ ਵੀ ਸਿਰਫ਼ ਆਪਣੀਆਂ ਭਾਵਨਾਵਾਂ ਪ੍ਰਗਟਾਉਣ ਲਈ ਮਿਆਨ ’ਚੋਂ ਤਲਵਾਰ ਕੱਢ ਲਵੇ ਤਾਂ ਉਹ ਬ੍ਰੇਕਿੰਗ ਨਿਊਜ਼ ਬਣ ਜਾਂਦੀ ਹੈ। ਹਾਲਾਂ ਕਿ ਆਰ.ਐਸ.ਐਸ. ਦੇ ਕੈਂਪਾਂ ਵਿੱਚ ਅਗਨੀ ਹਥਿਆਰਾਂ ਦੀ ਦਿੱਤੀ ਜਾਂਦੀ ਸਿਖਲਾਈ ਕਦੇ ਖ਼ਬਰ ਨਹੀਂ ਬਣਦੀ। ਜੇ ਅਸੀਂ ਆਪ ਹੀ ਇਸੇ ਤਰ੍ਹਾਂ ਆਪਣੀ ਖਿੱਲੀ ਉਡਾਉਂਦੇ ਰਹੇ ਤਾਂ ਦੁਨੀਆ ਸਾਹਮਣੇ ਸਾਡੇ ਵੱਲੋਂ ਪੇਸ਼ ਕੀਤੇ ਜਾਂਦੇ ਆਪਣੇ ਅਸਲੀ ਅਕਸ ਦੇ ਕੋਈ ਅਰਥ ਨਹੀਂ ਰਹਿ ਜਾਣਗੇ। ਦੁਨੀਆ ਸਾਨੂੰ ਉਸੇ ਸ਼ੀਸ਼ੇ ਵਿੱਚ ਦੇਖੇਗੀ ਜਿਸ ਵਿੱਚ ਭਾਰਤ ਸਰਕਾਰ ਜਾਂ ਇੱਥੋਂ ਦਾ ਮੀਡੀਆ ਸਾਨੂੰ ਵਿਖਾਉਣਾ ਚਾਹੇਗਾ। ਸਾਡੇ ਤੋਂ ਵੀ ਪਹਿਲਾਂ ਸਾਡੇ ਉੱਚ ਪਾਏ ਦੇ ਧਾਰਮਿਕ ਫਲਸਫੇ ਨੂੰ ਹੀ ਲੋਕ ਸ਼ੱਕ ਦੀ ਨਜ਼ਰ ਨਾਲ ਵੇਖਣਗੇ। ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੂੰ ਅਜਿਹੀਆਂ ਘਟਨਾਵਾਂ ਦਾ ਸਖ਼ਤ ਨੋਟਿਸ ਲੈ ਕੇ ਰੋਸ ਪ੍ਰਗਟ ਕਰਨਾ ਚਾਹੀਦਾ ਹੈ ਤੇ ਜਿੰਮੇਵਾਰ ਧਿਰਾਂ ਨੂੰ ਅੱਗੇ ਤੋਂ ਅਜਿਹੀ ਕੋਈ ਕਾਰਵਾਈ ਨਾ ਕਰਨ ਲਈ ਸਖ਼ਤ ਤਾੜਨਾ ਕਰਨੀ ਚਾਹੀਦੀ ਹੈ। ਤਾਂ ਜੋ ਸਿੱਖ ਕੌਮ ਦੇ ਉਭਰ ਰਹੇ ਅਕਸ ਨੂੰ ਅਤੇ ਕੌਮ ਦੇ ਭਾਰਤ ਤੋਂ ਬਾਹਰ ਚੰਗੇਰੇ ਨਜ਼ਰ ਆਉਂਦੇ ਭਵਿੱਖ ਨੂੰ ਦੁਨੀਆ ਭਰ ’ਚ ਕਿਤੇ ਵੀ ਕੋਈ ਠੇਸ ਨਾ ਪਹੁੰਚ ਸਕੇ।

Comments

comments

Share This Post

RedditYahooBloggerMyspace