ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਸਿੱਖ

ਕੌਮ ਦੀ ਮੌਜੂਦਾ ਦੁਰਦਸ਼ਾ ਦੇ ਅਸਲ ਜ਼ਿੰਮੇਵਾਰ ਤਾਂ ਅਸੀਂ ਖ਼ੁਦ ਹਾਂ

12088459_1176057922409881_4755603110697372023_n

ਸਤਨਾਮ ਸਿੰਘ ਚਾਹਲ

-ਸਤਨਾਮ ਸਿੰਘ ਚਾਹਲ              (408-221-5732)

ਪੰਜਾਬ ਅੰਦਰ ਵਾਪਰ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਪੂਰੀ ਸਿੱਖ ਕੌਮ ਦੇ ਦਿਲ ਦੁਖੀ ਕੀਤੇ ਹਨ।ਦੁਨੀਆਂ ਦੇ ਕੋਨੇ ਕੋਨੇ ਵਿਚ ਬੈਠਾ ਹਰ ਇਕ ਗੁਰੂਨਾਨਕ ਨਾਮ ਲੇਵਾ ਸਿਖ ਇਹਨਾਂ ਘਟਨਾਵਾਂ ਕਾਰਣ ਮਾਨਸਿਕ ਪੀੜਾ ਦਾ ਦਰਦ ਤੇ ਸੰਤਾਪ ਭੋਗਦਾ ਹੋਇਆ ਪੰਜਾਬ ਦੇ ਵੱਖ ਵੱਖ ਹਿਸਿਆਂ ਤੋਂ ਆ ਰਹੀਆਂ ਖਬਰਾਂ ਨੂੰ ਟਿਕਟਿਕੀ ਲਗਾ ਕੇ ਵੇਖ ਰਿਹਾ ਹੈ।ਪੰਜਾਬ ਅੰਦਰ ਸਰਕਾਰ ਦੀ ਇਸ ਮਾਮਲੇ ਵਿੱਚ ਨਾਕਾਰਾਤਮਕ ਕਾਰਗੁਜ਼ਾਰੀ ਕਾਰਨ ਸਿੱਖਾਂ ਨੂੰ ਸੜਕਾਂ ‘ਤੇ ਆਉਣਾ ਪਿਆ। ਦੋ ਸਿੱਖਾਂ ਨੂੰ ਸ਼ਹਾਦਤਾਂ ਵੀ ਦੇਣੀਆਂ ਪਈਆਂ। ਮਾਮਲਾ ਅਜੇ ਵੀ ਪੂਰੀ ਤਰ੍ਹਾਂ ਠੰਡਾ ਨਹੀਂ ਪਿਆ।ਘਟਨਾਵਾਂ ਅਜੇ ਵੀ ਵਾਪਰ ਰਹੀਆਂ ਹਨ। ਪੰਥਕ ਜਥੇਬੰਦੀਆਂ ਵੱਲੋਂ ਬਰਗਾੜੀ ਦੇ ਸ਼ਹੀਦੀ ਸਮਾਗਮ ’ਤੇ ਸਰਕਾਰ ਨੂੰ 15 ਦਿਨਾਂ ਦਾ ਸਮਾਂ ਦਿੱਤਾ ਹੈ ਕਿ ਬੇਅਦਬੀ ਦੇ ਮਾਮਲੇ ਵਿੱਚ ਨਜਾਇਜ਼ ਤੌਰ ‘ਤੇ ਫਸਾਏ ਪੰਜਗਰਾਈਆਂ ਦੇ ਦੋਵੇਂ ਭਰਾ ਰਿਹਾਅ ਕੀਤੇ ਜਾਣ, ਬੇਅਦਬੀ ਦੇ ਅਸਲ ਦੋਸ਼ੀ ਅਤੇ ਬਹਿਣੀਵਾਲ ਗੋਲੀਕਾਂਡ ਵਿੱਚ ਦੋ ਸਿੱਖਾਂ ਨੂੰ ਮਾਰਨ ਵਾਲੇ ਪੁਲਿਸ ਅਧਿਕਾਰੀ ਗ੍ਰਿਫ਼ਤਾਰ ਕੀਤੇ ਜਾਣ।

ਬੇਅਦਬੀ ਦੀਆਂ ਇਹ ਘਟਨਾਵਾਂ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ। ਸਾਲ 2002 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਆਉਣ ਪਿੱਛੋਂ ਵੀ ਅਜਿਹੀਆਂ ਘਟਨਾਵਾਂ ਇੱਕਾ-ਦੁੱਕਾ ਥਾਵਾਂ ‘ਤੇ ਵਾਪਰੀਆਂ ਸਨ ਪਰ ਇਨ੍ਹਾਂ ਘਟਨਾਵਾਂ ‘ਤੇ ਤੁਰੰਤ ਕਾਬੂ ਪਾ ਲਿਆ ਗਿਆ ਸੀ। ਪਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ 2007 ਤੋਂ ਜਦੋਂ ਤੋਂ ਅਕਾਲੀ ਸਰਕਾਰ ਚੱਲੀ ਆ ਰਹੀ ਹੈ ਤੇ ਇਹ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਆਮ ਹੀ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਖ਼ਬਰਾਂ ਆਉਂਦੀਆਂ ਰਹਿੰਦੀਆਂ ਹਨ ਤੇ ਬਹੁਤੇ ਮਾਮਲਿਆਂ ਵਿੱਚ ਬੀੜਾਂ ਜਲਣ ਦੀ ਘਟਨਾਵਾਂ ਨੂੰ ਬਿਜਲੀ ਦੇ ਸ਼ਾਟ-ਸਰਕਟ ਕਾਰਨ ਵਾਪਰੀ ਘਟਨਾ ਕਹਿ ਕੇ ਮਿੱਟੀ ਪਾ ਦਿੱਤੀ ਜਾਂਦੀ ਹੈ। ਤਾਜ਼ਾ ਮਾਮਲਾ ਭਖਣਾ ਹੀ ਸੀ। ਬੀੜ ਚੋਰੀ ਕਰਨ ਤੇ ਫਿਰ ਵੰਗਾਰ ਪਾ ਕੇ ਇਸਦੀ ਬੇਅਦਬੀ ਕਰਨ ਦੀ ਘਟਨਾ ਵਰਤਾ ਕੇ ਪੂਰੀ ਕੌਮ ਨੂੰ ਚੈਲਿੰਜ਼ ਜੋ ਕੀਤਾ ਗਿਆ ਸੀ ਜਿਸ ਉਪਰ ਬਲਦੀ ‘ਤੇ ਤੇਲ, ਪੁਲਿਸ ਵੱਲੋਂ ਸ਼ਾਂਤਮਈ ਸਿੱਖਾਂ ‘ਤੇ ਗੋਲੀਆਂ ਚਲਾਉਣ ਦੀ ਘਟਨਾ ਤੋਂ ਪਿਆ ਹੈ। ਸਿੱਖਾਂ ਦੇ ਮਾਮਲੇ ਵਿੱਚ ਅਕਾਲੀ ਸਰਕਾਰ ਤੇ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਭਾਵੇਂ ਕਿ ਹਮੇਸ਼ਾ ਹੀ ਗੋਲੀਆਂ ਚਲਾਉਣ ਵਾਲੀ ਹੀ ਹੁੰਦੀ ਹੈ ਪਰ ਇਸ ਵਾਰ ਸਿੱਖਾਂ ਦੇ ਸਬਰ ਦਾ ਉਹ ਬੰਨ੍ਹ ਟੁੱਟਿਆ ਜਿਸ ਵਿੱਚ ਅਕਾਲੀ ਸਰਕਾਰ ਇੱਕ ਵਾਰ ਤਾਂ ਰੁੜ੍ਹਦੀ ਨਜ਼ਰ ਆਈ। ਸਰਕਾਰ ਦੀ ਉਹ ਉਮੀਦ ਇਸ ਵਾਰ ਗ਼ਲਤ ਸਿੱਧ ਹੋਈ ਕਿ ਇੱਕ ਦੋ ਸਿੱਖਾਂ ਦੇ ਮਾਰੇ ਜਾਣ ਤੋਂ ਪਿੱਛੋਂ ਉਹ ਧਰਨੇ ਛੱਡ ਕੇ ਹਲਕੇ ਜਿਹੇ ਵਿਰੋਧ ਤੋਂ ਬਾਅਦ ਘਰਾਂ ਵਿੱਚ ਬਹਿ ਜਾਣਗੇ। ਸਮਾਂ ਬਹੁਤ ਅੱਗੇ ਲੰਘ ਗਿਆ ਹੈ ਤੇ ਸਰਕਾਰ ਅਜੇ ਵੀ 2012 ਦੇ ਮਾਪਦੰਡ ਅਪਣਾ ਕੇ ਨਤੀਜੇ ਕੱਢ ਰਹੀ ਸੀ ਜੋ ਬੁਰੀ ਤਰ੍ਹਾਂ ਗ਼ਲਤ ਸਾਬਤ ਹੋਏ।

ਬੇਅਦਬੀ ਤਾਂ ਸੁੱਤੇ ਸਿੱਧ ਪਹਿਲਾਂ ਹੀ ਬਹੁਤ ਹੋ ਰਹੀ ਹੈ

ਗੁਰੂ ਗ੍ਰੰਥ ਸਾਹਿਬ ਜੀ ਦੀ ਸੁਚੇਤ ਜਾਂ ਭੌਤਿਕ ਰੂਪ ਵਿੱਚ ਕੀਤੀ ਗਈ ਬੇਅਦਬੀ ਤਾਂ ਸਭ ਨੂੰ ਨਜ਼ਰ ਆ ਗਈ ਜਿਸਨੂੰ ਕੌਮ ਬਰਦਾਸ਼ਤ ਨਾ ਕਰ ਸਕੀ। ਬਰਦਾਸ਼ਤ ਕਰਨਯੋਗ ਹੈ ਵੀ ਨਹੀਂ ਸੀ। ਪਰ ਸਾਡੇ ਸਾਹਮਣੇ ਹੀ ਕਈ ਦਹਾਕਿਆਂ ਤੋਂ ਗੁਰਬਾਣੀ ਦੀ, ਸ਼ਬਦ ਗੁਰੁ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਿਰੰਤਰ ਹੁੰਦੀ ਆ ਰਹੀ ਹੈ। ਉਸ ਪਾਸੇ ਕਿਸੇ ਦਾ ਧਿਆਨ ਨਹੀਂ ਜਾ ਰਿਹਾ। ਜਦੋਂ ਇਸੇ ਵੇਗ ਵਿੱਚ ਉਸ ਪਾਸੇ ਕੌਮ ਦਾ ਧਿਆਨ ਚਲਾ ਗਿਆ ਤਾਂ ਕੌਮ ਦੇ ਸਾਰੇ ਮਸਲੇ ਹੱਲ ਹੋ ਜਾਣਗੇ। ਦੁਨੀਆਂ ਦੀ ਕੋਈ ਤਾਕਤ ਕੌਮ ਨੂੰ ਦਬਾ ਨਹੀਂ ਸਕੇਗੀ ਤੇ ਕੌਮ ਇੱਕ ਨਵੇਂ ਤੇ ਅਸਲੀ ਰੂਪ ਵਿੱਚ ਦੁਨੀਆ ਸਾਹਮਣੇ ਇੱਕ ਮਾਰਗ ਦਰਸ਼ਕ ਦੇ ਰੂਪ ਵਿੱਚ ਪੇਸ਼ ਹੋ ਜਾਏਗੀ ਪਰ ਲੋੜ ਗੁਰਬਾਣੀ ਦੀ ਹੋ ਰਹੀ ਇਸ ਨਿਰੰਤਰ ਬੇਅਦਬੀ ਵੱਲ ਧਿਆਨ ਦੇਣ ਦੀ ਹੈ ਜੋ ਸੁੱਤੇ ਸਿੱਧ ਅਸੀਂ ਆਪ ਹੀ ਕਰ ਰਹੇ ਹਾਂ।
ਗੁਰੂ ਗੰ੍ਰਥ ਸਾਹਿਬ ਕਿਉਂਕਿ ਉਸ ਸਾਰੀ ਸਿੱਖਿਆ ਦਾ ਸੰਗ੍ਰਹਿ ਹੈ ਜੋ ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਦਿਤੀ ਸੀ। ਇਹ ਸਾਡੀ ਜੀਵਨ ਜਾਂਚ ਦਾ ਸੋਮਾ ਹੈ, ਜੀਵਨ ਜਾਂਚ ਜੋ ਸਾਡੀ ਕੌਮ ਦੀ ਹੋਣੀ ਚਾਹੀਦੀ ਹੈ ਪਰ ਅਸਲੀਅਤ ਵਿੱਚ ਅਸੀਂ ਉਸ ਜੀਵਨ ਜਾਂਚ ਤੋਂ ਕੋਹਾਂ ਦੂਰ ਹਾਂ। ਗੁਰੂ ਸਾਹਿਬਾਨ ਦੀ ਸਿੱਖਿਆ ਹੋਣ ਕਾਰਨ ਸਾਡਾ ਇਸ ਅੱਗੇ ਸਿਰ ਜ਼ਰੂਰ ਝੁਕਦਾ ਹੈ। ਅਸੀਂ ਇਸ ਨੂੰ ਮੱਥੇ ਟੇਕਦੇ ਹਾਂ ਪਰ ਇਸ ਤੋਂ ਅੱਗੇ ਨਹੀਂ ਵਧ ਸਕਦੇ। ਗੁਰਬਾਣੀ ਦੀ ਰਚਨਾ ਸਿਰਫ਼ ਮੱਥੇ ਟੇਕਣ ਲਈ ਨਹੀਂ ਸੀ ਹੋਈ ਸਗੋਂ ਇਸ ਨੂੰ ਪੜ੍ਹਨ, ਸਮਝਣ ਤੇ ਇਸ ਫ਼ਿਲਾਸਫ਼ੀ, ਜੀਵਨ-ਜਾਚ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਲਈ ਹੋਈ ਸੀ। ਇਹ ਗੱਲਾਂ ਮੱਥਾ ਟੇਕਣ ਤੋਂ ਵੀ ਪਹਿਲਾਂ ਦੀਆਂ ਹਨ।ਮੱਥਾ ਟੇਕਣ ਦਾ ਮਤਲਬ ਹੀ ਇਹੀ ਹੈ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਨੂੰ ਮੰਨਦੇ ਹਾਂ ਪਰ ਮੰਨਣਾ ਕੀ ਹੈ? ਸਾਨੂੰ ਤਾਂ ਪਤਾ ਵੀ ਨਹੀਂ ਕਿ ਇਸ ਵਿੱਚ ਲਿਖਿਆ ਕੀ ਹੋਇਆ ਹੈ! ਕੀ ਇਹ ਬੇਅਦਬੀ ਨਹੀਂ। ਗੁਰੂ ਸਾਹਿਬਾਨ ਵੱਲੋਂ ਬਖ਼ਸ਼ੀ ਇਸ ਅਨਮੋਲ ਦਾਤ ਨੂੰ ਪੜ੍ਹਨ, ਸਮਝਣ ਤੋਂ ਮੂੰਹ ਮੋੜ ਕੇ ਕੀ ਅਸੀਂ ਗੁਰੂ ਦੇ ਹੁਕਮ ਦਾ ਨਿਰਾਦਰ ਨਹੀਂ ਕਰ ਰਹੇ। ਗੁਰਬਾਣੀ ਦੀ ਬੇਕਦਰੀ ਨਹੀਂ ਕਰ ਰਹੇ?

ਹਰ ਪਿੰਡ,ਗਲੀ ਤੇ ਮੁਹੱਲੇ ਵਿੱਚ ਕਈ ਕਈ ਗੁਰਦੁਆਰੇ ਹਨ। ਸਵੇਰ ਸ਼ਾਮ ਪਾਠੀ/ਗ੍ਰੰਥੀ ਪਾਠ ਕਰਦੇ ਹਨ। ਲਾਊਡ ਸਪੀਕਰਾਂ ਤੋਂ ਉੱਚੀ ਆਵਾਜ਼ ਵਿੱਚ ਉਨ੍ਹਾਂ ਵੱਲੋਂ ਕੀਤਾ ਜਾਂਦਾ ਪਾਠ ਸਾਡੇ ਕੰਨਾ ਵਿੱਚ ਤਾਂ ਪੈਂਦਾ ਰਹਿੰਦਾ ਹੈ ਪਰ ਉਸਦੀ ਸਮਝ ਸਾਨੂੰ ਨਹੀਂ ਆਉਂਦੀ। ਸਮਝ ਕੀ ਆਵੇ? ਇਹ ਸਮਝ ਤਾਂ ਗੁਰੂ ਘਰਾਂ ਦੇ ਗ੍ਰੰਥੀਆਂ/ਪਾਠੀਆਂ ਨੂੰ ਵੀ ਨਹੀਂ ਹੈ। ਗੁਰਦੁਆਰਾ ਕਮੇਟੀਆਂ ਤੇ ਪ੍ਰਧਾਨਾ ਨੂੰ ਵੀ ਨਹੀਂ ਹੈ। ਥਾਂ-ਥਾਂ ਡੇਰੇ ਖੋਲ੍ਹ ਕੇ ਬੈਠੇ ਅਖੌਤੀ ਸੰਤ ਬਾਬਿਆਂ ਨੂੰ ਵੀ ਨਹੀਂ ਹੈ। ਕੀ ਗੁਰਬਾਣੀ ਦੀ ਰਚਨਾ ਪਾਠ ਕਰਨ ਲਈ ਹੀ ਹੋਈ ਸੀ? ਜਾਂ ਇਸ ਨੂੰ ਪੜ੍ਹ ਸਮਝ ਕੇ ਆਪਣੀ ਜ਼ਿੰਦਗੀ ‘ਚ ਲਾਗੂ ਕਰਨ ਲਈ ਹੋਈ ਸੀ। ਕੀ ਬਿਨਾਂ ਸੋਚੇ ਸਮਝੇ ਪਾਠ ਕਰਕੇ ਰਸਮ ਪੂਰਤੀ ਕਰੀ ਜਾਣੀ ਕੀ ਗੁਰਬਾਣੀ ਦੀ ਬੇਕਦਰੀ ਨਹੀਂ। ਪੰਜਾਬ ਦੇ 12 ਹਜ਼ਾਰ ਤੋਂ ਵੱਧ ਪਿੰਡਾਂ ਵਿੱਚੋਂ ਕੇਵਲ ਉਂਗਲਾਂ ‘ਤੇ ਗਿਣੇ ਜਾਣ ਵਾਲੇ ਪਿੰਡ ਹੀ ਹੋਣਗੇ ਜਿਨ੍ਹਾਂ ਵਿੱਚ ਗੁਰਬਾਣੀ ਦੀ ਵਿਆਖਿਆ ਵੀ ਹੁੰਦੀ ਹੈ। ਬਾਕੀ ਤਾਂ ਤੋਤਾ ਰਟਨ ਹੀ ਹੋ ਰਿਹਾ ਹੈ।

ਇਸੇ ਤਰ੍ਹਾਂ ਆਪ ਗੁਰਬਾਣੀ ਨਾ ਪੜ੍ਹ ਕੇ ਗ੍ਰੰਥੀਆਂ ਨੂੰ ਪੈਸੇ ਦੇ ਕੇ ਪਾਠ ਕਰਵਾਉਣੇ ਕਰਮਕਾਂਡ ਹੈ ਜੋ ਕਿ ਲੱਗਭੱਗ ਹਰ ਸਿੱਖ ਪਰਿਵਾਰ ਵਿੱਚ ਹੋ ਰਿਹਾ ਹੈ। ਗੁਰਬਾਣੀ ਦੀ ਇਸ ਤਰ੍ਹਾਂ ਮੰਤਰਾਂ ਦੇ ਰੂਪ ਵਿੱਚ ਹੋ ਰਹੀ ਵਰਤੋਂ ਵੀ ਗੁਰਬਾਣੀ ਦੀ ਬੇਅਦਬੀ ਹੀ ਹੈ।ਪਾਠੀ ਪਾਠ ਕਰਦੇ ਰਹਿੰਦੇ ਨੇ। ਪਰਿਵਾਰ ਆਪਣੇ ਕੰਮਾਂ-ਕਾਰਾਂ ਵਿੱਚ ਮਸਤ ਰਹਿੰਦਾ ਹੈ। ਕਿਸੇ ਕੋਲ ਗੁਰਬਾਣੀ ਸੁਣਨ ਦੀ ਵੀ ਵਿਹਲ ਨਹੀਂ ਹੁੰਦੀ। ਜੇ ਸੁਣਦੇ ਵੀ ਹਾਂ ਤਾਂ ਉਸਦੀ ਸਮਝ ਨਹੀਂ ਲਗਦੀ। ਇਸ ਨਾਲ ਉਹ ਪੁਜਾਰੀਵਾਦ ਵੀ ਵਧ ਫ਼ੁਲ ਰਿਹਾ ਹੈ ਜਿਸਨੂੰ ਗੁਰਬਾਣੀ ਵਿੱਚ ਸਿਰੇ ਤੋਂ ਨਾਕਾਰਿਆ ਗਿਆ ਹੈ। ਹਰ ਸਿੱਖ ਨੂੰ ਗੁਰੂ ਸਾਹਿਬਾਨ ਦਾ ਆਪ ਗੁਰਬਾਣੀ ਦਾ ਅਧਿਐਨ ਕਰਨ ਦਾ ਹੁਕਮ ਹੈ। ਪਰ ਅਸੀਂ ਅਨਮਤੀ ਗ੍ਰੰਥਾਂ ਵਾਂਗ ਗੁਰਬਾਣੀ ਦੇ ਪਾਠ ਕਰਕੇ ਇਸਦੀ ਬੇਅਦਬੀ ਕਰਦੇ ਹਾਂ।

ਗੁਰਦੁਆਰਿਆਂ ਵਿੱਚ ਪ੍ਰਧਾਨਗੀਆਂ ਤੇ ਚੌਧਰਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਲੜਾਈ ਝਗੜੇ ਤੇ ਗਾਲੀ ਗਲੋਚ ਦੀਆਂ ਘਟਨਾਵਾਂ ਨਾਲ ਸਾਡੇ ਪ੍ਰਬੰਧਕ ਆਪ ਗੁਰਬਾਣੀ ਦੀ ਬੇਅਦਬੀ ਕਰਦੇ ਹਨ। ਇਹ ਲੜਾਈਆਂ ਕਈ ਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕੀਤੀਆਂ ਜਾਂਦੀਆਂ ਹਨ। ਇੱਕ ਦੂਜੇ ਦੀਆਂ ਦਾੜ੍ਹੀਆਂ ਪੁੱਟੀਆਂ ਜਾਂਦੀਆਂ ਹਨ ਤੇ ਗੰਦੀਆਂ ਗਾਲਾਂ ਕੱਢੀਆਂ ਜਾਂਦੀਆਂ ਹਨ। ਇੱਕ ਦੂਜੇ ਦੀਆਂ ਪੱਗਾਂ ਵੀ ਉਤਾਰ ਦਿੱਤੀਆਂ ਜਾਂਦੀਆਂ ਹਨ। ਵਿਦੇਸ਼ਾਂ ਵਿੱਚ ਤਾਂ ਅਜਿਹੇ ਲੜਾਈ ਝਗੜਿਆਂ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਜੁੱਤੀਆਂ ਸਮੇਤ ਗੁਰੂ ਘਰਾਂ ਵਿੱਚ ਦਾਖ਼ਲ ਹੋਣਾ ਪੈਂਦਾ ਹੈ। ਅਜੇ ਕੱਲ ਦੀ ਗਲ ਹੈ ਕਿ ਯੂਬਾ ਸਿਟੀ ਦੇ ਇਕ ਗੁਰੂਦੁਆਰਾ ਸਾਹਿਬ ਵਿਚ ਕਿਸੇ ਝਗੜੇ ਵਿਚ ਦਖਲ ਦੇਣ ਲਈ ਪੁਲੀਸ ਨੰਗੇ ਸਿਰ ਤੇ ਵਰਦੀ ਸਮੇਤ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੇ ਆਸ ਪਾਸ ਘੁੰਮ ਰਹੀ ਸੀ ਤੇ ਸਿਖ ਸੰਗਤਾਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਇਸ ਹੋ ਰਹੇ ਨਿਰਾਦਰ ਨੂੰ ਚੁਪਚਾਪ ਬਰਦਾਸ਼ਤ ਕਰਦੀਆਂ ਹੋਈਆਂ ਦੀਵਾਨ ਹਾਲ ਨੂੰ ਮੱਛੀ ਮੰਡੀ ਵਾਲਾ ਨਜਾਰਾ ਬਣਾ ਰਹੀਆਂ ਸਨ।ਇਹ ਸਾਰੀਆਂ ਵੀਡੀਉ ਵੇਖਣ ਤੋਂ ਇਸ ਤਰਾਂ ਲਗਦਾ ਸੀ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਨਿਰਾਦਰੀ ਤਾਂ ਸਭ ਨੂੰ ਪਰਵਾਨ ਹੈ ਪਰ ਆਪਣੀ ਹਊਮੈ ਤੇ ਹੰਕਾਰ ਛਡਣ ਲਈ ਕੋਈ ਤਿਆਰ ਨਹੀਂ ਸੀ ।ਇਸ ਵਰਤਾਰੇ ਵਿਚ ਕਸੂਰ ਭਾਵੇਂ ਕਿਸੇ ਦਾ ਵੀ ਹੋਵੇ ਪਰ ਇਕ ਗਲ ਜਰੂਰ ਹੈ ਕਿ ਅਸੀਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਬੇਅਦਬੀ ਲਈ ਬਰਾਬਰ ਦੇ ਭਾਈਵਾਲ ਹਾਂ।ਇਥੇ ਤਾਂ ਕੋਈ ਪੰਜਾਬ ਸਰਕਾਰ ਦਾ ਪਰਬੰਧ ਨਹੀਂ ਹੈ ਜਿਸ ਨੂੰ ਅਸੀਂ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਇਸ ਬੇਅਦਬੀ ਲਈ ਜੁੰਮੇਵਾਰ ਠਹਿਰਾ ਸਕੀਏ। ਅਜਿਹੀਆਂ ਘਟਨਾਵਾਂ ਕੋਈ ਇਕ ਦਿਨ ਦੀਆਂ ਨਹੀਂ ਹਨ ।ਦੁਨੀਆਂ ਦੇ ਕਿਸੇ ਨਾ ਕਿਸੇ ਕੋਨੇ ਵਿਚੋਂ ਅਜਿਹੀਆਂ ਘਟਨਾਂਵਾਂ ਹਰ ਰੋਜ ਸੁਣਨ ਨੂੰ ਮਿਲ ਜਾਂਦੀਆਂ ਹਨ।ਸਾਡੇ ਪਾਠਕਾਂ ਨੂੰ ਯਾਦ ਹੋਵੇਗਾ ਕਿ ਪਿਛਲੇ ਸਮੇਂ ਦੌਰਾਨ ਆਸਟਰੇਲੀਆ ਦੇ ਕਿਸੇ ਇਕ ਗੁਰੂਦੁਆਰੇ ਵਿਚ ਹੋ ਰਹੇ ਝਗੜੇ ਨੂੰ ਰੋਕਣ ਲਈ ਜਦ ਪੁਲੀਸ ਜੁਤੀਆਂ ਸਮੇਤ ਦੀਵਾਨ ਹਾਲ ਅੰਦਰ ਦਾਖਲ ਹੋਈ ਤਾਂ ਕਿਸੇ ਸਿਖ ਨੇ ਭਾਵੁਕ ਹੋ ਕੇ ਪੁਲੀਸ ਅਧਿਕਾਰੀ ਨੂੰ ਕਿਹਾ ਸੀ ਕਿ ਤੁਸੀਂ ਜੁਤੀਆਂ ਸਮੇਤ ਅੰਦਰ ਦਾਖਲ ਹੋ ਕੇ ਮੇਰੇ ਗੁਰੁ ਦਾ ਨਿਰਾਦਰ ਕਰ ਰਹੇ ਹੋ ਤਾਂ ਉਸਨੇ ਜਵਾਬ ਦਿਤਾ ਸੀ ਕਿ ਉਹ ਤਾਂ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾ ਰਿਹਾ ਹੈ ਲੇਕਿਨ ਜੇਕਰ ਸਿਖ ਆਪਣੀ ਡਿਊਟੀ ਇਮਾਨਦਾਰੀ ਨਾਲ ਨਿਭਾਉਣ ਤਾਂ ਪੁਲੀਸ ਨੂੰ ਗੁਰੁ ਸਾਹਿਬ ਦੇ ਅੰਦਰ ਦਾਖਲ ਹੋਣ ਦਾ ਮੌਕਾ ਹੀ ਨਾ ਮਿਲੇ।ਪਰ ਕੌਣ ਸਮਝਾਵੇ ਚੌਧਰ ਦੇ ਭੁਖੇ ਲੋਕਾਂ ਨੂੰ ਜਿਹੜੇ ਕਿਸੇ ਵੀ ਵਕਤ ਕੌਮ ਨੂੰ ਬਲੀ ਦਾ ਬਕਰਾ ਬਣਾਉਣ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ।ਵਿਦੇਸ਼ਾਂ ਵਿੱਚ ਇੱਕ ਦੂਜੇ ਦੀਆਂ ਦਸਤਾਰਾਂ ਪੈਰਾਂ ਵਿੱਚ ਰੋਲਦੇ ਪ੍ਰਬੰਧਕ ਵਿਦੇਸ਼ਾਂ ਵਿੱਚ ਦਸਤਾਰ ਦੇ ਮਾਣ ਲਈ ਲੜੇ ਜਾ ਰਹੇ ਕੇਸਾਂ ਨੂੰ ਕਮਜ਼ੋਰ ਕਰਦੇ ਹਨ।
ਸਾਡੇ ਗੁਰਧਾਮਾਂ ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੇ ਗੁਰਧਾਮਾਂ ਵਿੱਚ ਵੀ ਉਹ ਸਾਰੇ ਕਰਮਕਾਂਡ ਹੁੰਦੇ ਹਨ ਜਿਨ੍ਹਾਂ ਤੋਂ ਗੁਰਬਾਣੀ ਸਾਨੂੰ ਰੋਕਦੀ ਹੈ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਤਿਲਕ ਲਗਾਏ ਜਾਂਦੇ ਹਨ ਜੋ ਬਰਦਾਸ਼ਤ ਦੀ ਹੱਦ ਤੋਂ ਵੀ ਬਾਹਰ ਹੈ ਅਤੇ ਅਜਿਹੀਆਂ ਕਰਤੂਤਾਂ ਕਰਨ ਵਾਲੇ ਵੀ ਤਾਂ ਕੌਮ ਨੂੰ ਵੰਗਾਰਾਂ ਪਾਉਂਦੇ ਹਨ। ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਵਿੱਚ ਪਾ ਕੇ ਇਸ਼ਨਾਨ ਕਰਵਾਉਣ ਦੇ ਢੌਂਗ ਰਚਣ ਵਾਲੇ ਵੀ ਆਪਣੇ-ਆਪ ਨੂੰ ਸਿੱਖ ਹੀ ਅਖਵਾਉਂਦੇ ਹਨ।ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਧਾਮਾਂ ਵਿੱਚ ਵੀ ਸਰੋਵਰਾਂ ’ਚ ਇਸ਼ਨਾਨ ਕਰਨ ਦੇ ਲਿਖੇ ਗਏ ਫ਼ਾਇਦੇ ਸਿੱਖ ਕੌਮ ਦਾ ਮੂੰਹ ਚਿੜਾ ਰਹੇ ਹੁੰਦੇ ਹਨ। ਇਹ ਸਭ ਉਨ੍ਹਾਂ ਥਾਵਾਂ ‘ਤੇ ਹੀ ਤਾਂ ਹੋ ਰਿਹਾ ਹੈ ਜਿੱਥੇ ਇਨ੍ਹਾਂ ਗੱਲਾਂ ਨੂੰ ਨਕਾਰਨ ਵਾਲੀ ਗੁਰਬਾਣੀ ਦਾ ਪ੍ਰਕਾਸ਼ ਹੋਇਆ ਹੁੰਦਾ ਹੈ। ਵਿਸ਼ੇਸ਼ ਪ੍ਰਕਾਰ ਨਾਲ ਪਾਠ ਕਰਕੇ ਜਾਂ ਗਿਣਤੀ ਦੇ ਇਸ਼ਨਾਨ ਤੇ ਪਾਠ ਕਰਕੇ ਜਨਮ-ਮਰਨ ਕੱਟਣ ਦੇ ਦਾਅਵੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚਲੇ ਗੁਰਧਾਮਾਂ ਦੇ ਬੋਰਡਾਂ ’ਤੇ ਲਿਖੇ ਮਿਲਦੇ ਹਨ। ਗੁਰੂਆਂ ਦੇ ਵਿਆਹ ਪੁਰਬ ਮਨਾਉਂਦੇ ਹਾਂ। ਨਗਰ ਕੀਰਤਨ ਬਰਾਤਾਂ ਵਾਂਗ ਕੱਢੇ ਜਾਣ ਲੱਗੇ ਹਨ। ਗੁਰੁ ਗ੍ਰੰਥ ਸਾਹਿਬ ਜੀ ਦੀ ਪਾਲਕੀ ਅੱਗੇ ਭੰਗੜੇ ਪਾਏ ਜਾਂਦੇ ਹਨ। ਕਈ ਪਿੰਡਾਂ ਵਿੱਚੋਂ ਰਿਪੋਰਟਾਂ ਮਿਲਦੀਆਂ ਹਨ ਕਿ ਵਿਆਹ ਪੁਰਬ ਵਾਲੇ ਦਿਨ ਗੁਰਦੁਅਰੇ ਦੀ ਚਾਰ ਦੀਵਾਰੀ ਤੋਂ ਬਾਹਰ ਸ਼ਰਾਬ ਵੀ ਵਰਤਾਈ ਜਾਂਦੀ ਹੈ। ਇਹ ਕੀ ਹੈ? ਕੀ ਇਨ੍ਹਾਂ ਮਾਮਲਿਆਂ ਵਿੱਚ ਕੁਝ ਕਹਿਣ ਸੁਣਨ ਨੂੰ ਬਾਕੀ ਰਹਿ ਜਾਂਦਾ ਹੈ? ਅੱਜ ਤੱਕ ਕਿਸੇ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਘੇਰ ਕੇ ਇਨ੍ਹਾਂ ਸਬੰਧੀ ਸਪਸ਼ਟੀਕਰਨ ਨਹੀਂ ਮੰਗਿਆ ਤੇ ਨਾ ਹੀ ਅਕਾਲ ਤਖ਼ਤ ਦੇ ਜਥੇਦਾਰਾਂ ਨੇ ਹੀ ਕਦੇ ਪ੍ਰਧਾਨ ਨੂੰ ਇਸ ਬਾਰੇ ਪੁੱਛਿਆ ਹੈ! ਉਹ ਪੁੱਛਣਗੇ ਵੀ ਕਿਵੇਂ ਕਿਉਂਕਿ ਉਹ ਤਾਂ ਆਪ ਉਨ੍ਹਾਂ ਡੇਰਿਆਂ ਵਿੱਚ ਹੀ ਪੜ੍ਹੇ ਹੋਏ ਹਨ ਜਿਨ੍ਹਾਂ ਨੇ ਗੁਰੂ ਗੰ੍ਰਥ ਸਾਹਿਬ ਦੀ ਵਿਚਾਰਧਾਰਾ ਨੂੰ ਖ਼ਤਮ ਕਰਨ ਦੀ ਸਹੁੰ ਖਾਧੀ ਹੋਈ ਹੈ। ਸਾਡੇ ਤਖ਼ਤਾਂ ਤੇ ਵੀ ਤਾਂ ਗੁਰਬਾਣੀ ਦਾ ਅਦਬ ਕਾਇਮ ਨਹੀਂ। ਕੀ ਗਿਣਤੀ ਦੇ ਕੁੱਝ ਸਿੰਘ ਜਾਂ ਜਥੇਦਾਰ ਆਪਣੇ ਤੌਰ ਤੇ ਸਮੁੱਚੀ ਕੌਮ ‘ਤੇ ਆਪਣਾ ਫ਼ੈਸਲਾ ਥੋਪ ਸਕਦੇ ਹਨ? ਇਤਿਹਾਸ ਵਿੱਚ ਤਾਂ ਗੁਰਬਾਣੀ ਦੀ ਰੌਸ਼ਨੀ ਵਿੱਚ ਸਰਬੱਤ ਖ਼ਾਲਸੇ ਵੱਲੋਂ ਲਏ ਗਏ ਫ਼ੈਸਲੇ ਨੂੰ ਹੀ ਜਥੇਦਾਰ ਪੜ੍ਹ ਕੇ ਸੁਣਾਉਂਦੇ ਰਹੇ ਹਨ। ਸਿੱਖੋ ਜੇ ਸਿੱਖੀ ਬਚਾਉਣੀ ਹੈ ਤਾਂ ਗੁਰੁ ਗ੍ਰੰਥ ਸਾਹਿਬ ਦੀ ਸਿੱਖਿਆ ਮੁਤਾਬਕ ਕੌਮਆਪਣੇ ਫ਼ੈਸਲੇ ਆਪ ਲੈਣੇ ਸ਼ੁਰੂ ਕਰੇ।

ਪਿੱਛੇ ਜਿਹੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਵੱਲੋਂ ਗੁਰੂ ਘਰ ਦੀ ਸਰਾਂ ਵਿੱਚ ਇੱਕ ਔਰਤ ਨਾਲ ਮੂੰਹ ਕਾਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਤੇ ਉਸ ਸਮੇਂ ਦੇ ਜਥੇਦਾਰ ਦਾ ਇਸ ਘਟਨਾ ਬਾਰੇ ਬੜਾ ਹੀ ਸ਼ਰਮਨਾਕ ਜਵਾਬ ਸੀ ਕਿ, “ ਉਹ ਤਾਂ ਜੀ ਤੀਵੀਂ ਹੀ ਇਹੋ ਜਿਹੀ ਸੀ।” ਉਸ ਜਥੇਦਾਰ ਨੂੰ ਮੁੜ ਕੇ ਕਿਸੇ ਨੇ ਸਵਾਲ ਨਹੀਂ ਕੀਤਾ ਕੀ ਪੇਸ਼ੇਵਰ ਤੀਵੀਆਂ ਨੂੰ ਸ਼੍ਰੋਮਣੀ ਕਮੇਟੀ ਨੇ ਗੁਰੁ ਘਰਾਂ ਦੀਆਂ ਸਰਾਵਾਂ ਵਿਚ ਧੰਦੇ ਕਰਨ ਲਈ ਕਮਰੇ ਵੀ ਦੇਣੇ ਸ਼ੁਰੂ ਕਰ ਦਿੱਤੇ ਹਨ?ਜੇ ਉਹ ਇਸ ਤਰ੍ਹਾਂ ਦੀ ਸੀ ਤਾਂ ਕਮੇਟੀ ਮੁਲਾਜ਼ਮਾਂ ਨੂੰ ਕਿਵੇਂ ਕਲੀਨ ਚਿੱਟ ਦੇ ਦਿੱਤੀ ਗਈ।ਕੀ ਇਹ ਗੁਰੁ ਦਾ ਹੁਕਮ ਹੈ? ਇਸ ਮਾਮਲੇ ਅਤੇ ਇਸ ਬਾਰੇ ਜਥੇਦਾਰ ਦੇ ਜਵਾਬ ਦੇ ਮਾਮਲੇ ਨੂੰ ਜਿੰਨਾ ਚਾਹੇ ਵਧਾਇਆ ਜਾ ਸਕਦਾ ਸੀ।ਇਹ ਗੁਰੁ ਘਰ ਦੀ, ਗੁਰੁ ਘਰ ਦੇ ਆਪਣੇ ਪ੍ਰਬੰਧਕਾਂ ਵੱਲੋਂ ਘੋਰ ਨਿਰਾਦਰੀ ਦਾ ਮਾਮਲਾ ਹੈ।

ਪੰਜਾਬ ਦੀ ਧਰਤੀ ’ਤੇ ਫ਼ੈਲਾਏ ਜਾ ਰਹੇ ਨਸ਼ੇ, ਭਰੂਣ ਹੱਤਿਆ, ਵਿਆਹਾਂ ਵਿੱਚ ਦਾਜ਼ ਦੇਣੇ ਤੇ ਲੈਣੇ ਇਹ ਸਭ ਗੁਰਬਾਣੀ ਦੀ ਬੇਅਦਬੀ ਹੈ ਕਿਉਂਕਿ ਗੁਰਬਾਣੀ ਇਨ੍ਹਾਂ ਗੱਲਾਂ ਤੋਂ ਰੋਕਦੀ ਹੈ ਤੇ ਅਸੀਂ ਗੁਰਬਾਣੀ ਤੋਂ ਮੁੱਖ ਮੋੜ ਕੇ ਇਸ ਸਭ ਕੁੱਝ ਕਰਦੇ ਹਾਂ। ਭ੍ਰਿਸ਼ਟਾਚਾਰ ਵਿੱਚ ਪੰਜਾਬ ਪਹਿਲੇ ਨੰਬਰ ’ਤੇ ਪਹੁੰਚਾ ਦਿੱਤਾ ਗਿਆ ਹੈ ਜੋ ਕਿ ਗੁਰਬਾਣੀ ਤੇ ਇਸ ਨੂੰ ਸਹੀ ਅਰਥਾਂ ਵਿੱਚ ਮੰਨਣ ਵਾਲਿਆਂ ਦਾ ਮੂੰਹ ਚਿੜਾ ਰਿਹਾ ਹੈ। ਵੋਟਾਂ ਵਿੱਚ ਅਸੀਂ ਆਪਣੇ ਨਿੱਜੀ ਲਾਲਚਾਂ ਲਈ ਮੁੜ ਉਨ੍ਹਾਂ ਮਾੜੇ ਲੋਕਾਂ ਨੂੰ ਵੋਟ ਦੇ ਦਿੰਦੇ ਹਾਂ ਜਿਨ੍ਹਾਂ ਨੂੰ ਜਨਤਕ ਜੀਵਨ ਵਿੱਚ ਅਸੀਂ ਨਿੰਦਦੇ ਰਹਿੰਦੇ ਹਾਂ ਉਸ ਸਮੇਂ ਵੀ ਤਾਂ ਗੁਰਬਾਣੀ ਦੀਆਂ ਇਹ ਲਾਈਨਾਂ “ਗਲੀ ਅਸੀਂ ਚੰਗੀਆ ਆਚਾਰੀ ਬੁਰੀਆ” ਹੂ-ਬ-ਹੂ ਢੁਕਦੀਆਂ ਹਨ। ਮਾੜੇ ਲੋਕਾਂ ਨੂੰ ਤਾਂ ਸਿਸਟਮ ਤੇ ਕਾਬਜ਼ ਕਰਕੇ ਅਸੀਂ ਗੁਰਬਾਣੀ ਦੀ ਘੋਰ ਉਲੰਘਣਾ ਕਰਦੇ ਹਾਂ।ਕਿਉਂਕਿ ਮਾੜੇ ਹਾਕਮ ਹੀ ਸਮਾਜ ਵਿੱਚ ਫੈਲੀਆਂ ਬੁਰਾਈਆਂ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੁੰਦੇ ਹਨ। ਇਨ੍ਹਾਂ ਦੇ ਕਾਰਜਕਾਲ ਵਿੱਚ ਹੀ ਪੁਜਾਰੀ ਜਮਾਤ ਤੇ ਵੱਢੀ ਲੈ ਕੇ ਦੂਜਿਆਂ ਦੇ ਹੱਕ ਖੋਹੰਦੀ ਹੈ ਤੇ ਅਦਾਲਤਾਂ ਆਜ਼ਾਦ ਨਹੀਂ ਰਹਿੰਦੀਆਂ। ਲਾਚਾਰ ਮਨੁੱਖਤਾ ਇਨ੍ਹਾਂ ਲੋਕਾਂ ਦੀ ਚੱਕੀ ਵਿੱਚ ਪਿਸ ਜਾਂਦੀ ਹੈ। ਸਭ ਤੋਂ ਦੁੱਖ ਦੀ ਗੱਲ ਤਾਂ ਇਹ ਹੈ ਕਿ ਅਸੀਂ ਆਪਣੀਆਂ ਨਿੱਜੀ ਗਰਜਾਂ ਲਈ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਵੀ, ਆਪਣੇ ਫਰਜ਼ ਤੋਂ ਮੂੰਹ ਮੋੜ ਕੇ, ਮਾੜੇ ਲੋਕ ਚੁਣ ਲੈਂਦੇ ਹਾਂ। ਇਨ੍ਹਾਂ ਮਾੜੇ ਪ੍ਰਬੰਧਕਾਂ ਕਾਰਨ ਹੀ ਗੁਰਧਾਮਾਂ ਅਤੇ ਸਿੱਖ ਪੰਥ ਦੇ ਹਾਲਾਤ ਅੱਜ ਵਾਲੇ ਹਾਲਾਤਾਂ ਵਿੱਚ ਪਹੁੰਚੇ ਹਨ। ਇਨ੍ਹਾਂ ਹਾਲਾਤਾਂ ਲਈ ਅਸੀਂ ਆਪੇ ਚੁਣੇ ਸ਼੍ਰੋਮਣੀ ਕਮੇਟੀ ਮੈਂਬਰਾਂ ਦਾ ਘੇਰ-ਘੇਰ ਕੇ ਕੁਟਾਪਾ ਚਾੜ੍ਹ ਰਹੇ ਹਾਂ ਕੀ ਉਨ੍ਹਾਂ ਨੂੰ ਵੋਟ ਪਾਉਣ ਸਮੇਂ ਸਾਨੂੰ ਉਨ੍ਹਾਂ ਲੋਕਾਂ ਦਾ ਕਿਰਦਾਰ ਨਹੀਂ ਸੀ ਪਤਾ ਕਿ ਅਸੀਂ ਕਿਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਆਪਣੇ ਗੁਰੂ ਘਰ ਸੌਂਪ ਰਹੇ ਹਾਂ? ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਦੋ ਸਿੰਘਾਂ ਦੀਆਂ ਸ਼ਹੀਦੀਆਂ ਤੇ ਗੁਰਧਾਮਾਂ ਦੀ ਸਿਆਸਤ ਲਈ ਹੋ ਰਹੀ ਵਰਤੋਂ ਦੇ ਸਭ ਤੋਂ ਪਹਿਲੇ ਜ਼ਿੰਮੇਵਾਰ ਤਾਂ ਅਸੀਂ ਖ਼ੁਦ ਹਾਂ। ਪਹਿਲਾਂ ਤਾਂ ਸਾਨੂੰ ਆਪਣਾ ਕਿਰਦਾਰ ਬਦਲਣਾ ਪਵੇਗਾ। ਵੋਟ ਪਰਚੀ ਦੀ ਸਹੀ ਵਰਤੋਂ ਕਰ ਲਿਆ ਕਰੀਏ ਤਾਂ ਫਿਰ ਸਾਨੂੰ ਸੜਕਾਂ ‘ਤੇ ਭਾਰਤੀ ਪੁਲਿਸ ਦੀਆਂ ਗੋਲੀਆਂ ਦਾ ਸ਼ਿਕਾਰ ਨਾ ਹੋਣਾ ਪਵੇ ਤੇ ਨਾ ਹੀ ਸਾਡੇ ਨੌਜਵਾਨਾਂ ਨੂੰ ਸ਼ਹਾਦਤਾਂ ਦੇਣੀਆਂ ਪੈਣ। ਆਪਣਾ-ਆਪਾ ਖੋਲ੍ਹ ਕੇ ਦੇਖੋ ਖ਼ਾਲਸਾ ਜੀ! ਕੌਮ ਦੀ ਮੌਜੂਦਾ ਦੁਰਦਸ਼ਾ ਦੇ ਅਸਲੀ ਜ਼ਿੰਮੇਵਾਰ ਅਸੀਂ ਖ਼ੁਦ ਹਾਂ। ਆਪਣੇ-ਆਪ ਨੂੰ ਬਦਲੋ।

Comments

comments

Share This Post

RedditYahooBloggerMyspace