ਉਹ ਸਾਲ ਚੁਰਾਸੀ ਦਾ ਖੂੰਖਾਰ ਨਹੀਂ ਭੁੱਲਾਂਗੇ!

akal_takhat_sahib_1984_painting(ਹਰਜੀਤ ਸਿੰਘ, ਜਲੰਧਰ)
ਭਾਰਤੀ ਫ਼ੌਜ ਦੇ ਜਰਨੈਲਾਂ ਤੇ ਮਾਹਰਾਂ ਦਾ ਅਨੁਮਾਨ ਸੀ ਕਿ ਸੰਤ ਜਰਨੈਲ ਸਿੰਘ ਤੇ ਉਸ ਦੇ ਜੁਝਾਰੂ ਸਮਰਥਕ ਭਾਰਤ ਦੀ ਵੱਡੀ ਫ਼ੌਜੀ ਸ਼ਕਤੀ ਦੇ ਸਾਹਮਣੇ ਜੇਕਰ ਕੁਝ ਪਲਾਂ ਵਿਚ ਨਹੀਂ ਤਾਂ ਕੁਝ ਹੀ ਘੰਟਿਆਂ ਅੰਦਰ ਜ਼ਰੂਰ ਗੋਡੇ ਟੇਕ ਦੇਣਗੇ। ਉਹਨਾਂ ਨੂੰ ਆਪਣੀ ਫ਼ੌਜ ਅਤੇ ਅਸਲੇਖ਼ਾਨੇ ‘ਤੇ ਇਤਨਾ ਮਾਣ ਸੀ ਕਿ ਉਹਨਾਂ ਨੇ ਦਰਬਾਰ ਸਾਹਿਬ ਤੇ 1984 ਵਿਚ ਕੀਤੇ ਜਾਣ ਵਾਲੇ ਹਮਲੇ ਵਿਚ ਆਪਣੇ ਮਾਮੂਲੀ ਨੁਕਸਾਨ ਦੀ ਆਸ ਵੀ ਨਹੀਂ ਕੀਤੀ ਸੀ। 3 ਜੂਨ 1984 ਦੀ ਸ਼ਾਮ ਨੂੰ ਅੰਮ੍ਰਿਤਸਰ ਛਾਉਣੀ ਵਿਖੇ ਉਚੇਚੇ ਤੌਰ ‘ਤੇ ਸਥਾਪਤ ਕੀਤੇ ਗਏ ‘ਕੰਟਰੋਲ ਰੂਮ’ ਅੰਦਰ ਫ਼ੌਜ, ਬੀ.ਐਸ.ਐਫ., ਸੀ.ਆਰ.ਪੀ., ਪੰਜਾਬ ਪੁਲਿਸ ਤੇ ਖੁਫ਼ੀਆ ਏਜੰਸੀਆਂ ਦੇ ਉੱਚ- ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਵਿਚ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਕਬਜ਼ਾ ਕਰਨ ਦੀ ਮੁਹਿੰਮ ਦੀ ਅਗਵਾਈ ਕਰਨ ਵਾਲੇ ਪਤਿਤ ਸਿੱਖ ਕੁਲਦੀਪ ਸਿੰਘ ਬਰਾੜ ਵਲੋਂ ਪ੍ਰਗਟਾਏ ਵਿਚਾਰਾਂ ਤੋਂ ਫ਼ੌਜੀ ਜਰਨੈਲਾਂ ਦੇ ਇਹਨਾਂ ਭਰਮ ਭੁਲੇਖਿਆਂ ਦੀ ਸਹੀ ਤਸਵੀਰ ਉਘੜ ਕੇ ਸਾਹਮਣੇ ਆ ਜਾਂਦੀ ਹੈ। ਜਨਰਲ ਬਰਾੜ ਨੇ ਹਾਜ਼ਰ ਅਧਿਕਾਰੀਆਂ ਨੂੰ ਫ਼ੌਜੀ ਕਾਰਵਾਈ ਦੇ ਉਦੇਸ਼ਾਂ ਤੇ ਇਸ ਦੀ ਮੋਟੀ ਜਿਹੀ ਰੂਪ-ਰੇਖਾ ਤੋਂ ਜਾਣੂ ਕਰਵਾਉਂਦਿਆਂ ਹੋਇਆਂ ਬਹੁਤ ਹੀ ਵਿਸ਼ਵਾਸ ਨਾਲ ਆਪਣਾ ਇਹ ਵਿਸ਼ਵਾਸ ਪ੍ਰਗਟਾਇਆ ਕਿ ”ਸਾਡੀ ਕੋਸ਼ਿਸ਼ ਹੈ ਕਿ ਉਹ (ਸਿੱਖ ਜੁਝਾਰੂ) ਬੱਸ ਦੋ ਘੰਟਿਆਂ ਅੰਦਰ ਹੀ ਗੋਡੇ ਟੇਕ ਦੇਣ।” ਜਨਰਲ ਬਰਾੜ ਨੇ ਆਪਣਾ ਭਾਸ਼ਨ ਮੁਕਾ ਲੈਣ ਤੋਂ ਬਾਅਦ ਮੀਟਿੰਗ ਵਿਚ ਹਾਜ਼ਰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ: ਗੁਰਦੇਵ ਸਿੰਘ ਨੂੰ ਇਹ ਰਸਮੀ ਜਿਹਾ ਸੁਆਲ ਕਰ ਦਿੱਤਾ ਕਿ ਇਸ ਬਾਰੇ ਉਹਨਾਂ ਦੀ ਕੀ ਰਾਇ ਹੈ?
ਸ: ਗੁਰਦੇਵ ਸਿੰਘ, ਜੋ ਸੰਤ ਜਰਨੈਲ ਸਿੰਘ ਦੇ ਸੁਭਾਅ ਤੇ ਸ਼ਖਸੀਅਤ ਦੇ ਚੰਗੇ ਜਾਣੂ ਸਨ, ਨੇ ਹਲੀਮੀ ਭਰੇ ਪਰ ਦ੍ਰਿੜ ਲਹਿਜੇ ਵਿਚ ਉੱਤਰ ਦਿੱਤਾ ਕਿ ਸੰਤ ਭਿੰਡਰਾਂਵਾਲਾ ਕਦੇ ਵੀ ਆਤਮ- ਸਮਰਪਣ ਨਹੀਂ ਕਰੇਗਾ। ਇਹ ਗੱਲ ਸੁਣਦਿਆਂ ਹੀ ਜਨਰਲ ਬਰਾੜ ਨੂੰ ਸੱਤ ਕੱਪੜੇ ਅੱਗ ਲੱਗ ਗਈ। ਉਸ ਨੇ ਸ: ਗੁਰਦੇਵ ਸਿੰਘ ਨੂੰ ਵਿਚੋਂ ਹੀ ਟੋਕ ਕੇ ਚਿੰਘਾੜਨਾ ਸ਼ੁਰੂ ਕਰ ਦਿੱਤਾ ਕਿ ”ਜਦੋਂ ਟੈਂਕ ਗੜਗੜਾਉਂਦੇ ਹਨ, ਜਹਾਜ਼ ਸ਼ੂਕਦੇ ਹਨ ਤੇ ਜ਼ਮੀਨ ਅੱਗ ਛੱਡਣ ਲਗਦੀ ਹੈ ਤਾਂ ਕਹਿੰਦੇ ਕਹਾਉਂਦੇ ਜਰਨੈਲਾਂ ਦੀਆਂ ਵੀ ਪਤਲੂਨਾਂ ਅੰਦਰ ਲੱਤਾਂ ਕੰਬਣ ਲੱਗ ਪੈਂਦੀਆਂ ਹਨ। ਦੇਖ ਲੈਣਾ, ਇਹ ਸ਼ਖ਼ਸ ਵੀ ਸਿਰਫ਼ ਦੋ ਘੰਟਿਆਂ ਅੰਦਰ ਹੀ ਗੋਡਿਆਂ ਪਰਨੇ ਹੋ ਜਾਵੇਗਾ। (Ram Narayan Kumar, The Sikh unrest and the Indian State, Page, 183) ਸੱਚ ਤਾਂ ਇਹ ਹੈ ਕਿ ਜਿਸ ਦ੍ਰਿੜ ਇਰਾਦੇ ਨਾਲ ਸੰਨ 1984 ਵਿਚ ਦਰਬਾਰ ਸਾਹਿਬ ‘ਤੇ ਭਾਰਤੀ ਫ਼ੌਜਾਂ ਵਲੋਂ ਟੈਂਕਾਂ ਤੇ ਤੋਪਾਂ ਨਾਲ ਕੀਤੇ ਹਮਲੇ ਦਾ ਜੁਆਬ ਜੁਝਾਰੂ ਸਿੰਘਾਂ ਨੇ ਦਿੱਤਾ, ਉਸ ਨਾਲ ਸ: ਗੁਰਦੇਵ ਸਿੰਘ ਦੇ ਕਹੇ ਬੋਲ ਸੱਚੇ ਤੇ ਜਨਰਲ ਬਰਾੜ ਦੇ ਹੰਕਾਰ ਨਾਲ ਭਰੇ ਇਰਾਦਿਆਂ ਦਾ ਸੁਪਨਾ ਚਕਨਾਚੂਰ ਹੋ ਗਿਆ।
ਜਨਰਲ ਬਰਾੜ ਤੇ ਉਸ ਦੇ ਫ਼ੌਜੀ ਲਾਣੇ ਨੂੰ ਜੇਕਰ ਕੋਈ ਟਪਲਾ ਲੱਗਿਆ ਤਾਂ ਉਹ ਜੁਝਾਰੂ ਸਿੰਘਾਂ ਦੀ ਗਿਣਤੀ ਬਾਰੇ ਨਹੀਂ ਸਗੋਂ ਉਹਨਾਂ ਦੀ ਆਪਣੇ ਗੁਰੂ ਪ੍ਰਤੀ ਸਮਰਪਿਤ ਸੋਚ ਬਾਰੇ ਲੱਗਿਆ। ਕਿਸੇ ਵੀ ਜੰਗ ਦਾ ਨਿਰਣਾ ਗਿਣਤੀ ਤੇ ਹਥਿਆਰਾਂ ਦੀ ਤਾਕਤ ‘ਤੇ ਨਹੀਂ ਹੁੰਦਾ ਸਗੋਂ ਲੜ ਰਹੀਆਂ ਧਿਰਾਂ ਦੀ ਆਪਣੇ ਮਕਸਦ ਨੂੰ ਕੋਈ ਪ੍ਰਤੀਬੱਧਤਾ ਵੀ ਹੁੰਦੀ ਹੈ ਜਿਹੜੇ ਸੀਸ ਤਲੀ ਤੇ ਧਰ ਕੇ ਲੜਨਾ ਜਾਣਦੇ ਹੋਣ ਉਹ ਫਿਰ ਥੋੜਿਆਂ ਬਹੁਤਿਆਂ ਦੀ ਪਰਵਾਹ ਨਹੀਂ ਕਰਦੇ ਸਗੋਂ ਆਪਣੇ ਗੁਰੂ ‘ਤੇ ਭਰੋਸਾ ਤੇ ਸਿਦਕ ਰੱਖ ਕੇ ਕੇਵਲ ਆਪਣੀ ਜਿੰਦ ਕੁਰਬਾਨ ਕਰਨਾ ਹੀ ਜਾਣਦੇ ਹਨ।

ਜਦੋਂ ਤੋਂ ਹੀ ਸਿੱਖ ਕੌਮ ਹੋਂਦ ਵਿਚ ਆਈ ਹੈ ਉਸ ਸਮੇਂ ਤੋਂ ਹੀ ਇਹ ਜ਼ੁਲਮ ਅਤੇ ਜ਼ਾਲਮ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੀ ਰਹੀ ਹੈ ਤੇ ਇਸ ਜ਼ੁਲਮ ਤੇ ਜ਼ਾਲਮ ਦੇ ਮੂੰਹ ਨੂੰ ਬੰਦ ਕਰਨ ਲਈ ਇਹ ਹਮੇਸ਼ਾ ਹੀ ਸੰਘਰਸ਼ਸ਼ੀਲ ਰਹੀ ਹੈ। ਜੇਕਰ ਸੰਸਾਰ ਦੀਆਂ ਸਾਰੀਆਂ ਕੌਮਾਂ ਦੇ ਇਤਿਹਾਸ ਨੂੰ ਨਿਰਪੱਖ ਹੋ ਕੇ ਘੋਖੀਏ ਤਾਂ ਇਹ ਗੱਲ ਸਹਿਜੇ ਹੀ ਉਜਾਗਰ ਹੋ ਜਾਂਦੀ ਹੈ ਕਿ ਸਿੱਖ ਕੌਮ, ਦੁਨੀਆਂ ਦੀ ਇਕੋ ਇਕ ਅਜਿਹੀ ਕੌਮ ਹੈ, ਜਿਸਦਾ ਸਾਰਾ ਇਤਿਹਾਸ ਹੀ ਸ਼ਹੀਦਾਂ ਦੇ ਖ਼ੂਨ ਨਾਲ ਲਿਖਿਆ ਗਿਆ ਹੈ। ਸੰਨ 1984 ਜੂਨ ਮਹੀਨੇ ਦਾ ਪਹਿਲਾ ਹਫ਼ਤਾ ਵੀ ਕੌਮੀ ਪਰਵਾਨਿਆਂ ਵਲੋਂ ਆਪਣੇ ਸਵੈਮਾਣ ਤੇ ਸਵੈ-ਭਰੋਸੇ ਨੂੰ ਕਾਇਮ ਰੱਖਣ ਲਈ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਹਰਿਮੰਦਰ ਸਾਹਿਬ ਦੇ ਪਵਿੱਤਰ ਅਸਥਾਨ ‘ਤੇ ਡੋਲਿਆ ਖ਼ੂਨ ਅੱਜ ਵੀ ਕੌਮ ਦੇ ਸੁਨਹਿਰੀ ਵਿਰਸੇ ਦੀ ਹਾਮੀ ਭਰਦਾ ਹੈ। ਭਾਰਤੀ ਫ਼ੌਜਾਂ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਉੱਤੇ ਕੀਤੇ ਹਮਲੇ ਦਾ ਆਪਣੀਆਂ ਜਾਨਾਂ ਵਾਰ ਕੇ ਵੀ ਮੂੰਹ ਤੋੜ ਉੱਤਰ ਦੇਣਾ ਇਹ ਸਾਬਤ ਕਰਦਾ ਹੈ ਕਿ ਸਿੱਖ ਆਪਣੇ ਉੱਤੇ ਜ਼ੁਲਮ ਤਾਂ ਸਹਿ ਸਕਦਾ ਹੈ ਪਰ ਆਪਣੇ ਗੁਰੂ ਅਤੇ ਗੁਰ-ਅਸਥਾਨਾਂ ਉਤੇ ਹੋਈ ਵਧੀਕੀ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ।

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਭਾਰਤੀ ਫ਼ੌਜਾਂ ਵਲੋਂ ਕੀਤਾ ਹਮਲਾ ਸਿੱਖ ਇਤਿਹਾਸ ਵਿਚ ਕਦੇ ਵੀ ਨਾ ਭੁੱਲਣ ਵਾਲੀ ਘਟਨਾ ਹੈ। ਇਸ ਨੇ ਨਾ ਕੇਵਲ ਸਾਰੇ ਸਿੱਖ ਜਗਤ ਨੂੰ ਹੀ ਝੰਜੋੜ ਕੇ ਰੱਖ ਦਿੱਤਾ ਸਗੋਂ ਸੰਸਾਰ ਭਰ ਵਿਚ ਬੈਠੇ ਹਰੇਕ ਇਨਸਾਫ਼- ਪ੍ਰਸਤ ਵਿਅਕਤੀ ਦੀ ਆਤਮਾ ਨੂੰ ਵੀ ਟੁੰਬਿਆ। ਜੋ ਜ਼ੁਲਮ ਅਤੇ ਅੱਤਿਆਚਾਰ ਭਾਰਤ-ਸਰਕਾਰ ਦੇ ਆਦੇਸ਼ ‘ਤੇ ਭਾਰਤੀ ਫ਼ੌਜ ਅਤੇ ਨੀਮ ਫ਼ੌਜੀ ਬਲਾਂ ਵਲੋਂ ਢਾਹੇ ਗਏ, ਉਹਨਾਂ ਨੇ ਤਾਂ ਬਾਬਰ ਦੇ ਜਬਰ, ਅਬਦਾਲੀ ਦੇ ਜ਼ੁਲਮਾਂ ਅਤੇ ਬੀ. ਟੀ. ਦੀਆਂ ਡਾਂਗਾਂ ਦੇ ਕਹਿਰ ਨੂੰ ਵੀ ਮਾਤ ਪਾ ਦਿੱਤਾ ਸੀ। 1919 ਵਿਚ ਜਲਿਆਂ ਵਾਲੇ ਬਾਗ਼ ਵਿਚ ਜਨਰਲ ਡਾਇਰ ਵਲੋਂ ਕੇਵਲ 10 ਸੈਕਿੰਡ ਦੀ ਕੀਤੀ ਫਾਇਰਿੰਗ ਨੇ ਤਾਂ ਉਸ ਸਮੇਂ ਵਿਦੇਸ਼ੀ ਅੰਗਰੇਜ਼ੀ ਸਰਕਾਰ ਦੀ ਆਤਮਾ ਨੂੰ ਤਾਂ ਹਿਲਾ ਦਿੱਤਾ ਸੀ ਪਰ ਸ੍ਰੀ ਹਰਿਮੰਦਰ ਸਾਹਿਬ ਉਤੇ ਇਕ ਹਫ਼ਤੇ ਭਰ ਦੀ ਗੋਲਾਬਾਰੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਬੇਹੁਰਮਤੀ ਤੇ ਹਜ਼ਾਰਾਂ ਦੀ ਗਿਣਤੀ ਵਿਚ ਸਿੱਖ, ਬੀਬੀਆਂ ਅਤੇ ਬੱਚਿਆਂ ਦਾ ਡੁਲਿਆ ਖ਼ੂਨ ਦੇਖ ਕੇ ਵੀ ਆਜ਼ਾਦ ਭਾਰਤ ਦੀ ਆਜ਼ਾਦ ਸਰਕਾਰ ਟੱਸ ਤੋਂ ਮੱਸ ਨਾ ਹੋਈ। ਰਾਜੇ ਕਸਾਈ ਦਾ ਰੂਪ ਬਣ ਕੇ ਆਪਣੀਆਂ ਫ਼ੌਜਾਂ ਦੀ ਪਾਪ ਦੀ ਜੰਝ ਚੜਾ ਕੇ ਭੋਲੇ ਭਾਲੇ ਸਿੱਖ ਸ਼ਰਧਾਲੂਆਂ ਦੀ ਰੱਤ ਦਾ ਕੁੰਗੂ ਪਾ ਕੇ ਵੀ ਇਹ ਅੰਨੀ ਬੋਲੀ ਬਹੁਗਿਣਤੀ ਦੀ ਸਰਕਾਰ ਖ਼ੂਨ ਦੇ ਸੋਹਿਲੇ ਹੀ ਗਾਉਂਦੀ ਰਹੀ। 4 ਜੂਨ 1984 ਤੋਂ ਅਰੰਭ ਕੀਤਾ ਸਿੱਖਾਂ ਦਾ ਇਹ ਕਤਲੇਆਮ 6 ਜੂਨ 1984 ਦੁਪਹਿਰ ਤੱਕ ਚਲਦਾ ਰਿਹਾ। 6 ਜੂਨ ਸ਼ਾਮ ਦੇ ਅੱਠ ਵੱਜੇ ਤਾਂ 35-36 ਸਿੱਖ ਨੌਜੁਆਨਾਂ ਨੂੰ ਇਕ ਕਤਾਰ ਵਿਚ ਉੱਪਰ ਨੂੰ ਬਾਹਾਂ ਖੜੀਆਂ ਕਰਾ ਕੇ ਤੋਪ ਦੇ ਗੋਲੇ ਨਾਲ ਉਡਾ ਦਿੱਤਾ ਗਿਆ। 7 ਜੂਨ ਨੂੰ ਸੰਤ ਭਿੰਡਰਾਂਵਾਲਾ, ਭਾਈ ਅਮਰੀਕ ਸਿੰਘ ਤੇ ਜਨਰਲ ਸੁਬੇਗ ਸਿੰਘ ਦੀਆਂ ਲਾਸ਼ਾਂ ਨੂੰ ਪਰਕਰਮਾ ਵਿਚ ਰੱਖ ਕੇ ਪਰਦਰਸ਼ਨੀ ਕੀਤੀ ਜਾਂਦੀ ਰਹੀ। 7 ਜੂਨ 1984 ਨੂੰ ਸਾਰਾ ਕੰਪਲੈਕਸ ਲਾਸ਼ਾਂ ਨਾਲ ਭਰਿਆ ਹੋਇਆ ਸੀ। ਪਰਕਰਮਾ ਵਿਚ ਪੈਰ ਰੱਖਣ ਨੂੰ ਥਾਂ ਨਹੀਂ ਸੀ। ਮਾਰੇ ਗਏ ਮਨੁੱਖਾਂ, ਇਸਤਰੀਆਂ ਤੇ ਬੱਚਿਆਂ ਦਾ ਖ਼ੂਨ ਵਗ-ਵਗ ਕੇ ਸਰੋਵਰ ਵਿਚ ਪੈ ਜਾਣ ਨਾਲ ਸਰੋਵਰ ਦੇ ਜਲ ਦਾ ਰੰਗ ਲਾਲ ਸੂਹਾ ਹੋ ਚੁੱਕਾ ਸੀ। ਕਈ ਲਾਸ਼ਾਂ ਸਰੋਵਰ ਵਿਚ ਤਰ ਰਹੀਆਂ ਸਨ। ਲਾਸ਼ਾਂ ਚੁੱਕਣ ਲਈ ਅੰਮ੍ਰਿਤਸਰ ਦੇ ਮੁਲਾਜ਼ਮ ਤੇ ਗ਼ੈਰ-ਮੁਲਾਜ਼ਮ ਵਿਸ਼ੇਸ਼ ਦਿਹਾੜੀ ਦੇ ਕੇ ਲਗਾਏ ਹੋਏ ਸਨ ਜੋ ਇਹਨਾਂ ਨੂੰ ਟਰੱਕਾਂ ਵਿਚ ਲੱਦ ਕੇ ਬਾਹਰ ਲੈ ਜਾ ਰਹੇ ਸਨ। ਇਸ ਫ਼ੌਜੀ ਹਮਲੇ ਵਿਚ ਮਾਰੀਆਂ ਗਈਆਂ ਹਜ਼ਾਰਾਂ ਸੰਗਤਾਂ ਦੀਆਂ ਲਾਸ਼ਾਂ ਕਈ ਦਿਨ ਦਰਬਾਰ ਸਾਹਿਬ ਦੇ ਅੰਦਰ ਬਾਹਰ ਪਰਕਰਮਾ ਤੇ ਸਰੋਵਰ ਅੰਦਰ ਸੜਦੀਆਂ ਗਲਦੀਆਂ ਰਹੀਆਂ ਅਤੇ ਉਨਾਂ ਦੇ ਵਾਰਸਾਂ ਤੱਕ ਨੂੰ ਉਨਾਂ ਦੀ ਪਛਾਣ ਕਰਨ ਜਾਂ ਚੁੱਕ ਕੇ ਲੈ ਜਾਣ ਦੀ ਆਗਿਆ ਨਾ ਦਿੱਤੀ ਗਈ ਬਲਕਿ ਗੁਪਤ ਢੰਗ ਨਾਲ ਹੀ ਉਹਨਾਂ ਦੇ ਨਾਮ-ਨਿਸ਼ਾਨ ਮਿਟਾ ਦਿੱਤੇ ਗਏ।

ਫ਼ੌਜੀਆਂ ਵਲੋਂ ਕੀਤੇ ਜ਼ੁਲਮਾਂ ਦੀ ਕਹਾਣੀ ਤੇ ਵਧੀਕੀਆਂ ਦੀਆਂ ਕੁਝ ਉਦਾਹਰਣਾਂ ਮੈਂ ਦੇਣੀਆਂ ਜ਼ਰੂਰੀ ਸਮਝਦਾ ਹਾਂ ਜੋ ਵੱਖ-ਵੱਖ ਲੇਖਕਾਂ ਨੇ ਵੱਖ-ਵੱਖ ਪੁਸਤਕਾਂ ਜਾਂ ਰਿਪੋਰਟਾਂ ਰਾਹੀਂ ਦਰਸਾਈਆਂ ਹਨ ਤੇ ਸ: ਅਜਮੇਰ ਸਿੰਘ ਦੀ ਪੁਸਤਕ ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਵਿਚ ਦਰਜ ਹਨ। ਸ: ਗੁਰਮੀਤ ਸਿੰਘ (ਚੀਮਾ) ਸਾਬਕਾ ਪ੍ਰੈਸ ਸਕੱਤਰ, ਸ਼੍ਰੋਮਣੀ ਅਕਾਲੀ ਦਲ, ‘ਸਿੱਖ ਸ਼ਹਾਦਤ’ ਜੂਨ 2000 ਅੰਕ ਦੇ ਪੰਨਾ 17-19 ‘ਤੇ ਲਿਖਦੇ ਹਨ ਕਿ ਕੁਝ ਵੀ ਹੋਵੇ, 6 ਜੂਨ ਦੀ ਦੁਪਹਿਰ ਤੱਕ ਸਿੱਖ ਜੁਝਾਰੂਆਂ ਦੀ ਲੜਾਕੂ ਸ਼ਕਤੀ ਨੂੰ ਪੂਰੀ ਤਰਾਂ ਨਕਾਰਾ ਕਰ ਦੇਣ ਤੋਂ ਬਾਅਦ ਭਾਰਤੀ ਫ਼ੌਜ ਨੇ ਦਰਬਾਰ ਸਾਹਿਬ ਦੇ ਅਹਾਤੇ ਅੰਦਰ ਘਿਰੇ ਨਿਹੱਥੇ ਤੇ ਨਿਰਦੋਸ਼ ਸਿੱਖਾਂ ਉੱਤੇ ਜਿਵੇਂ ਆਪਣਾ ਗੁੱਸਾ ਕੱਢਿਆ, ਉਸ ਨਾਲ ਭਾਰਤ ਦੇ ਹਿੰਦੂ ਹਾਕਮਾਂ ਦੀ ਸਿੱਖ ਦੁਸ਼ਮਣੀ ਤੇ ਭਾਰਤੀ ਰਾਜ ਦੀ ਫਿਰਕੂ-ਫ਼ਾਸ਼ੀ ਖ਼ਸਲਤ ਨੰਗੇ ਰੂਪ ਵਿਚ ਪ੍ਰਗਟ ਹੋ ਗਈ। ਫ਼ੌਜ ਨੇ ਲੜਾਈ ਵਲੋਂ ਵਿਹਲੇ ਹੁੰਦਿਆਂ ਹੀ ਦਰਬਾਰ ਸਾਹਿਬ ਸਮੂਹ ਅੰਦਰ ਇਕ ਵਿਆਪਕ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਗੁਰੂ ਰਾਮਦਾਸ ਸਰਾਂ, ਗੁਰੂ ਨਾਨਕ ਨਿਵਾਸ, ਅਕਾਲ ਰੈਸਟ ਹਾਊਸ, ਤੇਜਾ ਸਿੰਘ ਸਮੁੰਦਰੀ ਹਾਲ, ਪਰਕਰਮਾ ਅੰਦਰਲੀ ਹਰ ਨੁੱਕਰ ਅਤੇ ਅਕਾਲ ਤਖ਼ਤ ਤੇ ਘੰਟਾ ਘਰ ਵਾਲੇ ਪਾਸੇ ਦੇ ਪਰਕਰਮਾ ਉਪਰਲੇ ਸਾਰੇ ਰਿਹਾਇਸ਼ੀ ਮਕਾਨਾਂ ‘ਚੋਂ ਹਰ ਜਿਉਂਦੇ ਜੀਅ ਨੂੰ ਹੱਥ ਖੜੇ ਕਰਵਾ ਕੇ ਬਾਹਰ ਕੱਢ ਲਿਆਂਦਾ ਗਿਆ। ਜਿਸ ਨੂੰ ਜੀਅ ਕੀਤਾ ਗੋਲੀ ਮਾਰ ਦਿੱਤੀ ਗਈ। ਜਿਸ ਦੇ ਜੀਅ ਕੀਤਾ ਸੰਗੀਨ ਖੋਭ ਦਿੱਤੀ ਗਈ। ਨਿਰਦੋਸ਼ ਤੇ ਦੋਸ਼ੀ ਵਿਚ ਕੋਈ ਨਿਖੇੜਾ ਨਹੀਂ ਕੀਤਾ ਗਿਆ। ਨਾ ਕਿਸੇ ਦੀ ਉਮਰ ਦਾ ਲਿਹਾਜ਼ ਕੀਤਾ। ਨਾ ਲਿੰਗ- ਜਾਤ ਦਾ ਹੀ ਕੋਈ ਖ਼ਿਆਲ ਰੱਖਿਆ ਗਿਆ।

ਬੱਚੇ, ਬੁੱਢੇ, ਮਰਦ, ਔਰਤ ਨਾਲ ਇਕ ਵਢਿਓਂ ਇੱਕੋ ਜਿਹਾ ਵਹਿਸ਼ੀ ਸਲੂਕ ਕੀਤਾ ਗਿਆ। ਬਹੁਤਿਆਂ ਨੂੰ ਪੁੱਠੀਆਂ ਮੁਸ਼ਕਾਂ ਦੇ ਕੇ ਘੰਟਿਆਂ ਬੱਧੀ ਭੁੱਖਣਭਾਣੇ ਧੁੱਪੇ ਸੁਕਣੇ ਪਾਈ ਰੱਖਿਆ। ਜਿਸ ਦੇ ਜਦ ਜੀਅ ਕੀਤਾ ਠੁੱਡਾ ਮਾਰ ਦਿੱਤਾ। ਜਦ ਜੀਅ ਕੀਤਾ ਗਾਲ ਕੱਢ ਮਾਰੀ। ਸਿੱਖੀ ਚਿੰਨਾਂ ਦਾ ਨਿਰਾਦਰ ਕਰਨਾ ਹਿੰਦੂ ਫ਼ੌਜੀਆਂ ਦਾ ਆਮ ਸ਼ੁਗਲ ਬਣਿਆ ਹੋਇਆ ਸੀ। ਦਰਬਾਰ ਸਾਹਿਬ ਦੇ ਅਹਾਤੇ ਅੰਦਰ ਜਗਾ-ਜਗਾ ਬੀੜੀਆਂ ਪੀਂਦੇ ਹਿੰਦੂ ਫ਼ੌਜੀ ਆਮ ਦੇਖੇ ਗਏ। ਕਿਸੇ ਨੇ ਰਤਾ ਵੀ ਹੀਲ-ਹੁੱਜਤ ਕੀਤੀ ਤਾਂ ਉਸ ਨੂੰ ਖੜੇ ਪੈਰ ਗੋਲੀ ਮਾਰ ਦਿੱਤੀ ਗਈ। ਕਮਰਿਆਂ ਅੰਦਰ ਅੰਨੇਵਾਹ ਹੱਥ-ਗੋਲੇ ਸੁੱਟ ਕੇ ਨਿਰਦੋਸ਼ ਜੀਆਂ ਦੇ ਚੀਥੜੇ ਉਡਾ ਦਿੱਤੇ ਗਏ। ਅੰਦਰ ਘਿਰੇ ਲੋਕਾਂ ਨੂੰ ਤਿੰਨ ਦਿਨਾਂ ਤੋਂ ਪਾਣੀ ਦੀ ਇਕ ਘੁੱਟ ਵੀ ਨਸੀਬ ਨਹੀਂ ਸੀ ਹੋਈ। ਜੇਕਰ ਪਿਆਸ ਨਾਲ ਤੜਫਦੇ ਕਿਸੇ ਜੀਅ ਨੇ ਫ਼ੌਜੀਆਂ ਨੂੰ ਰੱਬ ਦੇ ਬੰਦੇ ਸਮਝ ਕੇ ਉਨਾਂ ਕੋਲੋਂ ਪਾਣੀ ਦਾ ਘੁੱਟ ਮੰਗਣ ਦੀ ‘ਗੁਸਤਾਖ਼ੀ’ ਕਰ ਲਈ ਤਾਂ ਉਸ ਉੱਤੇ ਅਤਿ ਨਿਰਦਈਪੁਣੇ ਨਾਲ ਫ਼ਿਰਕੂ ਮਿਹਣਿਆਂ ਦੀ ਬੁਛਾੜ ਕੀਤੀ ਗਈ। ਲਾਚਾਰ ਮਾਵਾਂ ਪਿਆਸ ਨਾਲ ਵਿਲਕਦਿਆਂ ਮਾਸੂਮ ਜਿੰਦਾਂ ਦੇ ਸੁੱਕੇ ਖੁਸ਼ਕ ਬੁੱਲਾਂ ਨੂੰ ਲਹੂ-ਲਿਬੜੇ ਚਿੱਕੜ ਦੀਆਂ ਬੂੰਦਾਂ ਛੁਹਾਉਣ ਲਈ ਮਜਬੂਰ ਹੋ ਉਠੀਆਂ। ਗੁਰੂ ਰਾਮਦਾਸ ਸਰਾਂ ਦੇ ਇਕ ਕਮਰੇ (ਹਾਲ ਕਮਰਾ ਨੰ: 5) ਵਿਚ ਤੂੜੇ 35 ਜੀਆਂ ਦੇ, ਜਿਨਾਂ ‘ਚ ਬੱਚੇ ਤੇ ਬਜ਼ੁਰਗ ਵੀ ਸਨ, ਗਰਮੀ ਤੇ ਪਿਆਸ ਨਾਲ ਤੜਫਦਿਆਂ ਪ੍ਰਾਣ ਨਿਕਲ ਗਏ। ਲੱਖ ਹਾਲ ਪਾਹਰਿਆ ਕਰਨ ਦੇ ਬਾਵਜੂਦ ‘ਦੇਸ਼ ਦੇ ਰਾਖਿਆਂ’ ਨੇ ਉਨਾਂ ਉੱਤੇ ਤਰਸ ਨਾ ਕੀਤਾ। ਉਨਾਂ ਦੀਆਂ ਲੱਖਾਂ ਵਿਲਕਣੀਆਂ ਦੇ ਬਾਵਜੂਦ ਕਿਸੇ ਨੇ ਵੀ ਉਨਾਂ ਦਾ ਬਾਹਰੋਂ ਬੰਦ ਕੀਤਾ ਦਰਵਾਜ਼ਾ ਖੋਲਣ ਦੀ ਦਿਆਲਤਾ ਨਾ ਦਿਖਾਈ। ਬਾਅਦ ਵਿਚ, ਬਹੁਤ ਸਾਰੇ ਚਸ਼ਮਦੀਦ ਗਵਾਹਾਂ ਨੇ ਮੌਕੇ ਦੀ ਸਥਿਤੀ ਦਾ ਵਰਨਣ ਕਰਦਿਆਂ ਕੁਝ ਬਹੁਤ ਹੀ ਹੌਲਨਾਕ ਪ੍ਰਸੰਗ ਬਿਆਨ ਕੀਤੇ ਕਿ ਕਿਵੇਂ ਇਕ ਫ਼ੌਜੀ ਜਵਾਨ ਨੇ ਦੁੱਧ ਚੁੰਘਦੇ ਬੱਚੇ ਨੂੰ ਮਾਂ ਦੀ ਬੁੱਕਲ ‘ਚੋਂ ਖੋਹ ਕੇ ਕੰਧ ਨਾਲ ਪਟਕਾ ਕੇ ਮਾਰ ਦਿੱਤਾ। ਇਕ ਹੋਰ ਅੱਖੀਂ ਦੇਖੀ ਹੈਵਾਨੀਅਤ : ”6 ਜੂਨ ਸਵੇਰੇ 6 ਕੁ ਵਜੇ ਦਾ ਵਕਤ ਹੋਵੇਗਾ। ਇਕ 26-27 ਸਾਲ ਦੀ ਔਰਤ ਭਾਰਤੀ ਫ਼ੌਜ ਦੀ ‘ਬਹਾਦਰੀ’ ਦਾ ਸ਼ਿਕਾਰ ਹੋ ਕੇ ਸ਼ਹੀਦ ਹੋ ਚੁੱਕੀ ਸੀ। ਉਸ ਦਾ ਡੇਢ ਕੁ ਸਾਲ ਦਾ ਬੱਚਾ ਅਜੇ ਵੀ ਉਸ ਦੀ ਛਾਤੀ ਉੱਤੇ ਪਿਆ ਸੀ। ਫ਼ੌਜੀ ਲਾਸ਼ਾਂ ਦੇ ਵਿਚੋਂ ਦੀ ਲੰਘਣ ਲਈ ਰਸਤਾ ਬਣਾ ਰਹੇ ਸਨ। ਜਦੋਂ ਇਕ ਫ਼ੌਜੀ ਨੇ ਉਸ ਔਰਤ ਦੀ ਲੱਤ ਫੜ ਕੇ ਘੜੀਸੀ ਤਾਂ ਬੱਚਾ ਇਕ ਪਾਸੇ ਨੂੰ ਲੁੜਕ ਗਿਆ। ਇਕ ਹੋਰ ਫ਼ੌਜੀ ਆਇਆ ਤੇ ਉਸ ਨੇ ਡੇਢ ਸਾਲ ਦੇ ਬੱਚੇ ਨੂੰ ਲੱਤੋਂ ਫੜ ਕੇ ਇਸ ਤਰਾਂ ਲਾਸ਼ਾਂ ਦੇ ਢੇਰ ‘ਤੇ ਸੁੱਟ ਦਿੱਤਾ ਜਿਵੇਂ ਕਿਸੇ ਮਰੇ ਚੂਹੇ ਜਾਂ ਕਤੂਰੇ ਨੂੰ ਸੁੱਟੀਦਾ ਹੈ।”

ਮਨੁੱਖੀ ਹੱਕਾਂ ਦੀ ਰਾਖੀ ਲਈ ਨਿਧੜਕ ਆਵਾਜ਼ ਬੁਲੰਦ ਕਰਨ ਵਾਲੀ ‘ਸਿਟੀਜ਼ਨਜ਼ ਫ਼ਾਰ ਡੈਮੋਕਰੇਸੀ” ਨਾਂ ਦੀ ਇਕ ਲੋਕ-ਹਿਤੂ ਜਥੇਬੰਦੀ ਨੇ ਦਰਬਾਰ ਸਾਹਿਬ ਅੰਦਰ ਫ਼ੌਜ ਦੁਆਰਾ ਢਾਹੇ ਅਣਮਨੁੱਖੀ ਜ਼ੁਲਮਾਂ ਦਾ ਇਕ ਕੱਚਾ ਚਿੱਠਾ ਤਿਆਰ ਕੀਤਾ ਅਤੇ ਇਸ ਨੂੰ ‘ਰਿਪੋਰਟ ਟੂ ਦਾ ਨੇਸ਼ਨ’ ਦੇ ਅਨੁਵਾਦ ਹੇਠ ਛਾਪ ਕੇ ਵੱਡੀ ਪੱਧਰ ‘ਤੇ ਵੰਡਿਆ (ਕੇਂਦਰ ਸਰਕਾਰ ਨੇ ਇਸ ‘ਚਿੱਠੇ’ ਉੱਤੇ ਫ਼ੌਰਨ ਪਾਬੰਦੀ ਲਾ ਦਿੱਤੀ)। ਇਸ ਰਿਪੋਰਟ ਵਿਚ ਪੰਨਾ 67 ‘ਤੇ ਅਕਾਲ ਰੈਸਟ ਹਾਊਸ ਦੇ ਇਕ ਸੇਵਾਦਾਰ (ਪ੍ਰਿਥੀਪਾਲ ਸਿੰਘ) ਨੇ ਇਸ ਜਥੇਬੰਦੀ ਕੋਲ ਆਪਣੀ ਹੱਡਬੀਤੀ ਇੰਜ ਬਿਆਨ ਕੀਤੀ : ”6 ਜੂਨ ਨੂੰ ਸਵੇਰ ਦੇ ਦੋ ਵਜੇ ਫ਼ੌਜ ਵਾਲੇ ਅਕਾਲ ਰੈਸਟ ਹਾਊਸ ਅੰਦਰ ਪਹੁੰਚੇ। ਉਨਾਂ ਮੇਰੇ ਸਾਰੇ ਵਸਤਰ ਪਾੜ ਸੁੱਟੇ। ਮੈਨੂੰ ਅਲਫ਼ ਨੰਗਾ ਕਰ ਦਿੱਤਾ ਗਿਆ। ਮੇਰੀ ਗਾਤਰੇ ਪਾਈ ਕਿਰਪਾਨ ਖੋਹ ਲਈ। ਮੇਰਾ ਸਿਰ ਵਾਲਾ ਪਟਕਾ ਖੋਲ ਕੇ ਮੇਰੇ ਹੱਥ ਪਿੱਛੇ ਕਰਕੇ ਬੰਨ ਦਿੱਤੇ। ਉਨਾਂ ਮੈਨੂੰ ਵਾਲਾਂ ਤੋਂ ਫੜ ਲਿਆ ਅਤੇ ਹੋਰ ਪੰਜ ਜਣਿਆਂ, ਜੋ ਸਾਰੇ ਦੇ ਸਾਰੇ ਯਾਤਰੂ ਸਨ, ਦੇ ਨਾਲ ਸਾਨੂੰ ਪਾਣੀ ਵਾਲੀ ਢੱਠ ਚੁੱਕੀ ਟੈਂਕੀ ਦੇ ਮਲਬੇ ਕੋਲ ਲਿਜਾ ਕੇ ਇਕ ਲਾਈਨ ‘ਚ ਖੜਾ ਕਰ ਦਿੱਤਾ ਗਿਆ।

ਕੋਈ ਘੰਟਾ ਭਰ ਸਾਨੂੰ ਨੰਗ-ਮੁਨੰਗਿਆਂ ਨੂੰ ਉਸੇ ਦਸ਼ਾ ‘ਚ ਖੜੇ ਕਰੀ ਰੱਖਿਆ। ਸਾਨੂੰ ਕਿਹਾ ਗਿਆ ‘ਹਿਲਣਾ ਮੱਤ, ਨਹੀਂ ਤਾਂ ਗੋਲੀ ਮਾਰ ਦਿੱਤੀ ਜਾਵੇਗੀ।’ ਉਹ ਸਾਨੂੰ ਰਾਈਫ਼ਲਾਂ ਦੇ ਬੱਟਾਂ ਨਾਲ ਕੁੱਟਦੇ ਰਹੇ। ਫਿਰ ਇਕ ਮੇਜਰ ਆਇਆ ਤੇ ਉਸ ਨੇ ਫ਼ੌਜੀ ਜਵਾਨ ਨੂੰ ਹੁਕਮ ਦਿੱਤਾ, ‘ਇਨ ਕੋ ਗੋਲੀ ਮਾਰ ਦੋ।’ ਫਿਰ ਉਹ ਸਾਡੇ ਉੱਤੇ ਇਸ ਤਰਾਂ ਚਿਲਾਏ, ‘ਆਪ ਭਿੰਡਰਾਂਵਾਲੇ ਕੇ ਚੇਲੇ ਹੋ ਨਾ? ਖ਼ਾਲਿਸਤਾਨ ਲੇਨਾ ਹੈ?’ ਅਸੀਂ ਛੇ ਜਣੇ ਮੇਜਰ ਦੇ ਸਾਹਮਣੇ ਲਾਈਨ ਵਿਚ ਖੜੇ ਸਾਂ ਜਦ ਇਕ ਪਹਾੜੀ ਜਵਾਨ ਨੇ ਇਕ ਪਾਸਿਉਂ ਗੋਲੀ ਮਾਰਨੀ ਸ਼ੁਰੂ ਕਰ ਦਿੱਤੀ। ਚਾਰ ਜਣਿਆਂ ਨੂੰ ਥਾਏਂ ਢੇਰੀ ਕਰ ਦਿੱਤਾ ਗਿਆ। ਹਰ ਇਕ ਦੇ, ਐਨ ਨੇੜੇ ਤੋਂ, ਤਿੰਨ-ਤਿੰਨ ਗੋਲੀਆਂ ਮਾਰੀਆਂ ਗਈਆਂ। ਮੇਰੀ ਵਾਰੀ ਆਉਣ ਹੀ ਵਾਲੀ ਸੀ ਕਿ ਇਕ ਸਿੱਖ ਅਫਸਰ ਬਹੁੜ ਪਿਆ ਅਤੇ ਉਸ ਨੇ ਆਉਂਦਿਆਂ ਹੀ ਹੁਕਮ ਦਿੱਤਾ ‘ਗੋਲੀ ਮਾਰਨੀ ਬੰਦ ਕਰੋ।’ ਇਸ ਤਰਾਂ ਕਰਕੇ ਮੇਰੀ ਜਾਨ ਬਚ ਗਈ। ਉਨਾਂ ਸਿੱਖ ਅਫ਼ਸਰ ਨੂੰ ਝੂਠ ਹੀ ਕਹਿ ਦਿੱਤਾ ਕਿ ਇਨਾਂ ਕੋਲੋਂ ਅਸਲਾ ਫੜਿਆ ਗਿਆ ਹੈ। ਇਸ ‘ਤੇ ਉਸ ਨੇ ਸਾਨੂੰ ਇਕ ਕਮਰੇ ‘ਚ ਬੰਦ ਕਰਨ ਦਾ ਹੁਕਮ ਦੇ ਦਿੱਤਾ। ਸਾਨੂੰ ਦੋ ਜਣਿਆਂ ਨੂੰ ਗੁਰੂ ਰਾਮਦਾਸ ਸਰਾਂ ਦੇ ਇਕ ਕਮਰੇ ‘ਚ ਡੱਕ ਦਿੱਤਾ ਗਿਆ। ਅਗਲੇ ਦਿਨ ਸਵੇਰੇ 7-8 ਵਜੇ ਜਾ ਕੇ ਕਮਰੇ ਦਾ ਦਰਵਾਜ਼ਾ ਖੁਲਾ। ਅਸੀਂ ਸਾਰਾ ਸਮਾਂ ਤਿਹਾਏ ਮਰਦੇ ਰਹੇ। ਫ਼ਰਸ਼ ਉੱਤੇ ਲਹੂ ਹੀ ਲਹੂ ਸੀ।”

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸ: ਭਾਨ ਸਿੰਘ ਨੇ ਦੱਸਿਆ, ”6 ਜੂਨ ਦੀ ਸਵੇਰ ਨੂੰ ਜਦ ਸੈਂਕੜੇ ਲੋਕ ਮਾਰੇ ਜਾ ਚੁੱਕੇ ਜਾਂ ਜ਼ਖਮੀ ਹੋ ਗਏ ਸਨ ਤਾਂ ਚਾਰੇ ਪਾਸੇ ਜ਼ਖਮੀਆਂ ਦੀਆਂ ਚੀਕਾਂ ਸੁਣਾਈ ਦੇ ਰਹੀਆਂ ਸਨ। ਪਰ ਉਨਾਂ ਦੀ ਮਲਮ ਪੱਟੀ ਕਰਨ ਦਾ ਕੋਈ ਇੰਤਜ਼ਾਮ ਨਹੀਂ ਸੀ। ਕੰਪਲੈਕਸ ਦੇ ਅੰਦਰ ਰੈੱਡ ਕਰਾਸ ਦਾ ਕੋਈ ਵੀ ਬੰਦਾ ਨਹੀਂ ਸੀ। 18 ਤੋਂ 22 ਸਾਲ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਇਸੇ ਤਰਾਂ ਕੁਝ ਔਰਤਾਂ ਨੂੰ ਵੀ। ਇਕ ਔਰਤ ਨੇ ਆਪਣੀ ਗੋਦੀ ‘ਚ ਥੋੜੇ ਕੁ ਮਹੀਨਿਆਂ ਦਾ ਬਾਲ ਚੁੱਕਿਆ ਹੋਇਆ ਸੀ ਤੇ ਉਹ ਸਾਹਮਣੇ ਆਪਣੇ ਮਰੇ ਹੋਏ ਪਤੀ ਵੱਲ ਤੱਕ ਰਹੀ ਸੀ। ਮਾਸੂਮ ਬਾਲ ਵੀ ਫ਼ੌਜ ਦੀ ਗੋਲੀ ਨਾਲ ਮਰ ਚੁੱਕਾ ਹੋਇਆ ਸੀ। ਜਦ ਉਸ ਔਰਤ ਨੇ ਆਪਣੇ ਮੋਏ ਬਾਲ ਨੂੰ ਆਪਣੇ ਪਤੀ ਦੀ ਲਾਸ਼ ਦੇ ਨਾਲ ਲਿਟਾ ਦਿੱਤਾ ਤਾਂ ਇਹ ਦ੍ਰਿਸ਼ ਦੇਖ ਕੇ ਮਨ ਕੁਰਲਾ ਉਠਿਆ। ਬਹੁਤ ਸਾਰੇ ਲੋਕ ਪਾਣੀ ਲਈ ਦੁਹਾਈਆਂ ਦੇ ਰਹੇ ਸਨ ਪਰ ਕਿਸੇ ਨੇ ਉਨਾਂ ਨੂੰ ਪਾਣੀ ਦੀ ਬੂੰਦ ਤੱਕ ਨਾ ਦਿੱਤੀ। ਕੁਝ ਕੁ ਨੂੰ ਨਾਲੀਆਂ ‘ਚੋਂ, ਜਿੱਥੇ ਲਾਸ਼ਾਂ ਹੀ ਲਾਸ਼ਾਂ ਪਈਆਂ ਸਨ, ਚੂਲੀਆਂ ਭਰ ਕੇ ਪਿਆਸ ਬੁਝਾਉਣੀ ਪਈ। ਲਹੂ ਰਲਿਆ ਹੋਣ ਕਰਕੇ ਉਸ ਪਾਣੀ ਦਾ ਰੰਗ ਲਾਲ ਹੋ ਚੁੱਕਾ ਸੀ। ਜ਼ਖਮੀ ਜਿਸ ਢੰਗ ਨਾਲ ਆਪਣੀ ਪਾਣੀ ਦੀ ਪਿਆਸ ਬੁਝਾ ਰਹੇ ਸਨ, ਉਹ ਬੜਾ ਹੀ ਭਿਆਨਕ ਦ੍ਰਿਸ਼ ਸੀ ਜਿਸ ਨੂੰ ਸਹਿਣ ਨਹੀਂ ਸੀ ਕੀਤਾ ਜਾ ਸਕਦਾ। ਫ਼ੌਜ ਦੇ ਲੋਕ ਉੱਥੇ ਹੀ ਘੁੰਮ ਰਹੇ ਸਨ ਪਰ ਉਨਾਂ ਨੂੰ ਜ਼ਖਮੀਆਂ ਨਾਲ ਕੋਈ ਹਮਦਰਦੀ ਨਹੀਂ ਸੀ। ਜੋ ਗ੍ਰਿਫਤਾਰ ਕਰ ਲਏ ਗਏ, ਉਨਾਂ ਨੂੰ ਪਾਣੀ ਜਾਂ ਭੋਜਨ ਜਾਂ ਅਜਿਹਾ ਕੁਝ ਵੀ ਨਹੀਂ ਦਿੱਤਾ ਗਿਆ। ਤੇੜ ਪਏ ਕਛਹਰਿਆਂ ਨੂੰ ਛੱਡ ਕੇ, ਉਨਾਂ ਦੇ ਸਾਰੇ ਵਸਤਰ ਉਤਾਰ ਲਏ ਗਏ ਸਨ। ਉਨਾਂ ਦੀਆਂ ਪੱਗਾਂ, ਕਮੀਜ਼ਾਂ ਵਗੈਰਾ ਦੀਆਂ ਗਠੜੀਆਂ ਬੰਨ ਦਿੱਤੀਆਂ ਗਈਆਂ। ਉਨਾਂ ਨਾਲ ਇਸ ਤਰਾਂ ਵਹਿਸ਼ੀ ਢੰਗ ਨਾਲ ਨਿਪਟਿਆ ਜਾ ਰਿਹਾ ਸੀ ਜਿਵੇਂ ਉਹ ਉਸੇ ਹੀ ਭਾਰਤ ਦੇ ਨਾਗਰਿਕ ਨਾ ਹੋਣ ਜਿਸ ਦੇ ਫ਼ੌਜੀ ਸਨ।”

ਸ: ਗੁਰਮੀਤ ਸਿੰਘ (ਚੀਮਾ) ਸਿੱਖ ਸ਼ਹਾਦਤ ਦ ਅੰਕ ਜੂਨ 2000 ਦੇ ਪੰਨਾ 70-71 ਤੇ ਜ਼ੁਲਮਾਂ ਦੀ ਦਾਸਤਾਨ ਬਿਆਨ ਕਰਦੇ ਹੋਏ ਲਿਖਦੇ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਕ ਕਰਮਚਾਰੀ ਦੀ ਕਾਲਜ ਪੜਦੀ ਬੇਟੀ ਨੇ ਆਪਣੀ ਵਿਥਿਆ ਇਉਂ ਬਿਆਨ ਕੀਤੀ : ”ਅਸੀਂ 27-28 ਲੋਕ ਸਾਂ। ਇਨਾਂ ‘ਚੋਂ ਪੰਜ ਔਰਤਾਂ ਸਨ, ਕੁਝ ਬਜ਼ੁਰਗ ਸਨ ਤੇ ਬਾਕੀ ਨੌਜਵਾਨ ਲੜਕੇ ਸਨ। ਉਨਾਂ ਨੇ ਮਰਦਾਂ ‘ਚੋਂ ਚਾਰ ਮੁੰਡਿਆਂ ਨੂੰ ਅਲੱਗ ਛਾਂਟ ਲਿਆ ਅਤੇ ਉਨਾਂ ਦੀਆਂ ਪੱਗਾਂ ਲਾਹ ਕੇ ਉਨਾਂ ਦੇ ਹੱਥ ਪਿੱਛੇ ਕਰਕੇ ਨੂੜ ਲਏ ਗਏ। ਫਿਰ ਫ਼ੌਜ ਵਾਲਿਆਂ ਨੇ ਉਨਾਂ ਮੁੰਡਿਆਂ ਨੂੰ ਆਪਣੀਆਂ ਬੰਦੂਕਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਉਹ ਉਨਾਂ ਨੂੰ ਕਹਿ ਰਹੇ ਸਨ ‘ਤੁਸੀਂ ਆਤੰਕਵਾਦੀ ਹੋ।’ ਉਹ ਉਦੋਂ ਤੱਕ ਕੁੱਟਦੇ ਮਾਰਦੇ ਰਹੇ ਜਦ ਤੱਕ ਮੁੰਡੇ ਲਹੂ-ਲੁਹਾਣ ਹੋ ਕੇ ਧਰਤੀ ‘ਤੇ ਡਿੱਗ ਨਹੀਂ ਪਏ। ਇਨਾਂ ਮੁੰਡਿਆਂ ਨੂੰ ਮੇਰੀਆਂ ਅੱਖਾਂ ਦੇ ਸਾਹਮਣੇ ਗੋਲੀਆਂ ਮਾਰ ਦਿੱਤੀਆਂ ਗਈਆਂ। ਉਹ ਪੂਰੀ ਤਰਾਂ ਨਿਰਦੋਸ਼ ਨਜ਼ਰ ਆਉਂਦੇ ਸਨ। ਉਨਾਂ ਵਿਚਾਰਿਆਂ ਨੂੰ ਤਾਂ ਇਹ ਪਤਾ ਵੀ ਨਹੀਂ ਹੋਣਾ ਕਿ ਬੰਦੂਕ ਚਲਾਈਦੀ ਕਿਵੇਂ ਹੈ। ਨਾ ਇਹ ਪਤਾ ਹੋਣਾ ਕਿ ‘ਆਤੰਕਵਾਦ’ ਕਿਸ ਬਲਾ ਦਾ ਨਾਂ ਹੈ। ਉਹ 18 ਤੋਂ 20 ਸਾਲ ਦੀ ਉਮਰ ਦੇ ਸਨ। ਮੈਂ ਨਹੀਂ ਜਾਣਦੀ ਉਹ ਕੌਣ ਸਨ। ਹੋਣੀ ਨੇ ਸਾਨੂੰ ਇਕੱਠਿਆਂ ਕਰ ਦਿੱਤਾ ਸੀ। ਮੈਨੂੰ ਜਦ ਵੀ ਉਹ ਝਾਕੀ ਚੇਤੇ ਆਉਂਦੀ ਹੈ ਤਾਂ ਮੇਰਾ ਕਲੇਜਾ ਮੂੰਹ ਨੂੰ ਆ ਜਾਂਦਾ ਹੈ।”

ਅਜਿਹੇ ਸੈਂਕੜੇ ਦਰਦਨਾਕ ਕਿੱਸੇ ਸੁਣਨ ਤੋਂ ਬਾਅਦ ਸਿਟੀਜ਼ਨਜ਼ ਫ਼ਾਰ ਡੈਮੋਕਰੇਸੀ ਨੂੰ ਆਪਣੀ ਰਿਪੋਰਟ ਅੰਦਰ ਇਹ ਖਰਵਾ ਫ਼ਤਵਾ ਦੇਣ ਲਈ ਮਜਬੂਰ ਹੋਣਾ ਪੈ ਗਿਆ ਕਿ ”ਇਹ ਆਜ਼ਾਦ ਹਿੰਦੁਸਤਾਨ ਦਾ ਜਲਿਆਂਵਾਲਾ ਬਾਗ਼ ਸੀ, ਜਿਸ ਨੇ ਮੌਤਾਂ ਦੀ ਗਿਣਤੀ ਤੇ ਮਾਰਨ ਦੇ ਢੰਗ- ਤਰੀਕਿਆਂ ਪੱਖੋਂ ਅੰਗਰੇਜ਼ਾਂ ਵੇਲੇ ਦੇ ਜਲਿਆਂਵਾਲੇ ਬਾਗ਼ ਨੂੰ ਕਿਤੇ ਪਿੱਛੇ ਛੱਡ ਦਿੱਤਾ ਸੀ।” ਮਰਿਆਂ ਹੋਇਆਂ ਦੀ ਸ਼ਨਾਖ਼ਤ ਕਰਨ ਜਾਂ ਉਨਾਂ ਦਾ ਕੋਈ ਰਿਕਾਰਡ ਰੱਖਣ ਦੀ ਉੱਕਾ ਹੀ ਕੋਈ ਲੋੜ ਨਹੀਂ ਸਮਝੀ ਗਈ। ਇਸ ਕਾਰਨ ਅੱਜ ਤੱਕ ਵੀ ਸਰਕਾਰ ਨੇ ਦਰਬਾਰ ਸਾਹਿਬ ਅੰਦਰ ਮਾਰੇ ਗਏ ਲੋਕਾਂ ਦੀ ਕੋਈ ਸੂਚੀ (ਪੂਰੀ ਜਾਂ ਅਧੂਰੀ) ਜਾਰੀ ਨਹੀਂ ਕੀਤੀ। ਕਾਨੂੰਨੀ ਤੇ ਇਨਸਾਨੀ ਫ਼ਰਜ਼ ਦੀ ਅਜਿਹੀ ਅਣਦੇਖੀ ਦੀ, ਅਜੋਕੇ ਜਮਹੂਰੀ ਯੁਗ ਅੰਦਰ ਸ਼ਾਇਦ ਹੀ ਕੋਈ ਹੋਰ ਉਦਾਹਰਣ ਮਿਲਦੀ ਹੋਵੇ। ਲੜਾਈ ਖ਼ਤਮ ਹੋ ਜਾਣ ਦੇ ਦੋ ਦਿਨ ਬਾਅਦ ਤੱਕ ਵੀ ਦਰਬਾਰ ਸਾਹਿਬ ਦੇ ਅਹਾਤੇ ਅੰਦਰ ਲਾਸ਼ਾਂ ਉਸੇ ਤਰਾਂ ਰੁਲਦੀਆਂ ਰਹੀਆਂ। ਕੋਈ ਰੈੱਡ ਕਰਾਸ ਵਾਲਾ ਨਾ ਬਹੁੜਿਆ। ਹਰਮਿੰਦਰ ਕੌਰ ਆਪਣੀ ਪੁਸਤਕ Blue Star over Amritsar ਦੇ ਪੰਨਾ 46 ‘ਤੇ ਲਿਖਦੀ ਹੈ, ”ਨਗਰਪਾਲਿਕਾ ਦੇ ਇਕ ਸਫ਼ਾਈ ਕਰਮਚਾਰੀ ਦੇ ਅੱਖੀਂ ਦੇਖਣ ਮੁਤਾਬਕ ”ਜੂਨ ਮਹੀਨੇ ਦੀ ਲੂਸਵੀਂ ਗਰਮੀ ਅੰਦਰ ਲਾਸ਼ਾਂ ਦੋ ਦਿਨ ਉਵੇਂ ਸੜਦੀਆਂ ਰਹੀਆਂ। ਜਦੋਂ ਅਸੀਂ ਕਿਸੇ ਮ੍ਰਿਤਕ ਸਰੀਰ ਨੂੰ ਲੱਤਾਂ ਜਾਂ ਬਾਹਵਾਂ ਤੋਂ ਫੜ ਕੇ ਚੁੱਕਣ ਦੀ ਕੋਸ਼ਿਸ਼ ਕਰਦੇ ਤਾਂ ਗਲੀ ਹੋਈ ਚਮੜੀ ਦਾ ਰੁੱਗ ਸਾਡੇ ਹੱਥਾਂ ਵਿਚ ਆ ਜਾਂਦਾ। ਅਸੀਂ ਮੁਰਦਿਆਂ ਦੀਆਂ ਪੱਗਾਂ ਤੇ ਚੁੰਨੀਆਂ ਨਾਲ ਉਨਾਂ ਦੀ ਗੱਠੜੀ ਬੰਨ ਲੈਂਦੇ ਤੇ ਸਟਰੇਚਰ ‘ਤੇ ਪਾ ਕੇ ਉਨਾਂ ਨੂੰ ਨੇੜੇ ਖੜੀਆਂ ਕੂੜਾ ਢੋਣ ਵਾਲੀਆਂ ਗੱਡੀਆਂ ‘ਚ ਉਲੱਦ ਦਿੰਦੇ। ਇਨਾਂ ਲਾਸ਼ਾਂ ਨੂੰ ਮੁਲਾਹਜ਼ੇ (ਪੋਸਟ ਮਾਰਟਮ) ਲਈ ਗੁਰੂ ਤੇਗ ਬਹਾਦਰ ਹਸਪਤਾਲ ਪਹੁੰਚਾਇਆ ਜਾਂਦਾ ਅਤੇ ਫਿਰ ਚਾਟੀਵਿੰਡ ਦੇ ਸ਼ਮਸ਼ਾਨਘਾਟ ਵਿਚ ਲਿਜਾ ਕੇ ਢੇਰਾਂ ਦੇ ਰੂਪ ‘ਚ ਦਾਹ ਸੰਸਕਾਰ ਕਰ ਦਿੱਤਾ ਜਾਂਦਾ।” ਇਕ ਹੋਰ ਸਫ਼ਾਈ ਕਰਮਚਾਰੀ ਨੇ ਭਾਰਤੀ ਫ਼ੌਜ ਦੀ ਦਰਿੰਦਗੀ ਤੇ ਕਰੂਰਤਾ ਦਾ ਇਸ ਤਰਾਂ ਨਕਸ਼ਾ ਬੰਨਿਆ : ”ਇਕ ਕਮਰੇ ਦੇ ਵਿਚ ਲਾਸ਼ਾਂ ਦੇ ਉੱਤੇ ਲਾਸ਼ਾਂ ਚੜੀਆਂ ਪਈਆਂ ਸਨ। ਚਾਰੇ ਪਾਸੇ ਗੋਡੇ-ਗੋਡੇ ਲਹੂ ਜੰਮਿਆ ਪਿਆ ਸੀ। ਲਗਦਾ ਇਹ ਸੀ ਕਿ ਉਥੇ ਛੁਪੇ ਕੁਝ ਲੋਕਾਂ ਨੂੰ ਫ਼ੌਜ ਦੇ ਜਵਾਨਾਂ ਨੇ ਦੇਖ ਲਿਆ ਸੀ ਤੇ ਫਿਰ ਉਨਾਂ ਨੂੰ ਖੜੇ ਪੈਰ ਨੇੜਿਓਂ ਗੋਲੀਆਂ ਮਾਰ ਦਿੱਤੀਆਂ ਗਈਆਂ ਸਨ।”
ਇਕ ਬਦੇਸ਼ੀ ਖ਼ਬਰ ਏਜੰਸੀ (ਏ.ਪੀ.) ਦੇ ਪੱਤਰਕਾਰ (ਜੋ ਕਿਸੇ ਤਰਾਂ ਫ਼ੌਜ ਤੋਂ ਬਚ ਛੁਪ ਕੇ ਅੰਮ੍ਰਿਤਸਰ ਪਹੁੰਚਣ ਤੇ ਫ਼ੌਜੀ ਕਾਰਵਾਈ ਨੂੰ ਆਪਣੀਆਂ ਅੱਖਾਂ ਨਾਲ ਦੇਖਣ ‘ਚ ਕਾਮਯਾਬ ਹੋ ਗਿਆ ਸੀ ਅਤੇ ਇਸ ਦੇ ਬਦਲੇ ਵਿਚ ਉਸ ਨੂੰ ਭਾਰਤ ਸਰਕਾਰ ਦੀ ਭਾਰੀ ਕਰੋਪੀ ਦਾ ਸ਼ਿਕਾਰ ਹੋਣਾ ਪਿਆ ਸੀ। ਉਸ ਉੱਤੇ ਸੰਗੀਨ ਮੁਕੱਦਮੇ ਦਾਇਰ ਕਰਕੇ ਉਸ ਨੂੰ ਲੰਮਾ ਚਿਰ ਖੱਜਲਖੁਆ ਰ ਕੀਤਾ ਗਿਆ) ਨੇ ਲਾਸ਼ਾਂ ਦੀ ਨਿਰਾਦਰੀ ਦਾ ਜੋ ਦ੍ਰਿਸ਼ ਦੇਖਿਆ ਉਸ ਨਾਲ ਉਸ ਦਾ ਕਲੇਜਾ ਕੰਬ ਉਠਿਆ : ”ਦਰਬਾਰ ਸਾਹਿਬ ਦੇ ਨਜ਼ਦੀਕ ਹੀ ਮੈਂ ਇਕ ਕੂੜੇ ਵਾਲਾ ਟਰੱਕ ਕੋਈ 50 ਲਾਸ਼ਾਂ ਨਾਲ ਭਰਿਆ ਦੇਖਿਆ ਜੋ ਅਜੇ ਵੀ ਮੈਲੇ ਨਾਲ ਲੱਥ-ਪੱਥ ਹੋਇਆ ਪਿਆ ਸੀ। ਸਲੇਟੀ ਰੰਗ ਦੇ ਉਸ ਟਰੱਕ ਦੇ ਪਿਛਲੇ ਡਾਲੇ ‘ਚੋਂ ਦੋ ਮਰਦਾਨਾ ਲੱਤਾਂ ਬਾਹਰ ਲਮਕ ਰਹੀਆਂ ਸਨ ਅਤੇ ਟਰੱਕ ਦੇ ਖੱਬੇ ਪਾਸੇ ਇਕ ਮੱਥਾ ਤੇ ਸਿਰ ਦੇ ਲੰਮੇ ਵਾਲ ਬਾਹਰ ਲਮਕਦੇ ਦੇਖੇ ਜਾ ਸਕਦੇ ਸਨ। ਜਦੋਂ ਮੈਂ ਝੀਤ ਵਿਚੋਂ ਗੱਡੀ ਦੇ ਅੰਦਰ ਝਾਤੀ ਮਾਰੀ ਤਾਂ ਮੈਨੂੰ ਘੱਟੋ-ਘੱਟ ਇਕ ਬੱਚੇ ਤੇ ਦੋ ਔਰਤਾਂ ਦੀਆਂ ਲਾਸ਼ਾਂ ਨਜ਼ਰ ਆਈਆਂ। ਉਸ ਰਾਤ ਸੌਣਾ ਮੁਹਾਲ ਹੋ ਗਿਆ ਸੀ। ਮੈਂ ਲਾਸ਼ਾਂ ਦੇ ਬਾਰੇ ਹੀ ਸੋਚੀ ਗਿਆ।” (Braham Challancy, An eye witness account, in Abida Samiuddin, The Punjab Crisis-Challenges and Response, P. 182) ਲਾਸ਼ਾਂ ਦੇ ਪੋਸਟ ਮਾਰਟਮ ਵੀ ਕਾਹਦੇ ਹੋਏ। ਜ਼ਿਆਦਾਤਰ ਡਾਕਟਰਾਂ ਨੇ ਬਿਨਾਂ ਲਾਸ਼ਾਂ ਵੱਲ ਦੇਖਿਆਂ ਫ਼ੌਜ ਦੇ ਕਹਿਣ ‘ਤੇ ਕਾਗ਼ਜ਼ਾਂ ਦੇ ਢਿੱਡ ਭਰ ਦਿੱਤੇ। ਪਰ ਕੁਝ ਜਾਗਦੀ ਜ਼ਮੀਰ ਵਾਲੇ ਡਾਕਟਰਾਂ ਕੋਲੋਂ ਇਹ ਅਧਰਮ ਨਾ ਹੋ ਸਕਿਆ। ਉਨਾਂ ਦੀ ਅੰਤਰ-ਆਤਮਾ ਨੇ ਮੁਰਦਿਆਂ ਨਾਲ ਬੇਇਨਸਾਫ਼ੀ ਕਰਨ ਦੇ ਪਾਪ ਵਿਚ ਭਾਗੀਦਾਰ ਬਣਨ ਦੀ ਹਾਮੀ ਨਾ ਭਰੀ। ਇਸ ਕਰਕੇ ਕੁਝ ਮਾਮਲਿਆਂ ‘ਚ ਡਾਕਟਰਾਂ ਨੇ ਕਾਗ਼ਜ਼ਾਂ ਉੱਤੇ ਇਹ ਗੱਲਾਂ ਸੱਚੋ-ਸੱਚ ਬਿਆਨ ਕਰ ਦਿੱਤੀਆਂ ਕਿ ਜਦ ਫਲਾਣੀ ਲਾਸ਼ ਉਨਾਂ ਕੋਲ ਪਹੁੰਚੀ ਤਾਂ ਉਸ ਦੇ ਹੱਥ ਪਿੱਠ ਪਿੱਛੇ ਬੰਨੇ ਹੋਏ ਸਨ। ਪੋਸਟ ਮਾਰਟਮ ਲਈ ਲਿਜਾਣ ਤੋਂ ਪਹਿਲਾਂ ਮੁਰਦਿਆਂ ਦੇ ਨੂੜੇ ਹੋਏ ਹੱਥਾਂ ਨੂੰ ਖੋਲਣ ਦੀ ਫ਼ੌਜ ਨੇ ਕੋਈ ਲੋੜ ਹੀ ਨਹੀਂ ਸੀ ਸਮਝੀ। ਫ਼ਿਰਕੂ ਸੋਚ ਤੇ ਗੁੰਮਰਾਹਕਰੂ ਪ੍ਰਾਪੇਗੰਡੇ ਦੇ ਅਸਰ ਹੇਠ ਉਨਾਂ ਆਪਣੇ ਆਪ ਨੂੰ ‘ਦੇਸ਼ ਦੇ ਰਾਖੇ’ ਤੇ ਸਿੱਖਾਂ ਨੂੰ, ‘ਦੇਸ਼ ਦੇ ਦੁਸ਼ਮਣ’ ਸਮਝ ਕੇ ਲੜਾਈ ਲੜੀ ਸੀ। ਇਸ ਕਰਕੇ ਉਹ ‘ਦੇਸ਼ ਦੇ ਦੁਸ਼ਮਣਾਂ’ ਨਾਲ ਜਿਵੇਂ ਜੀ ਚਾਹੇ ਵਰਤਾਉ ਕਰ ਸਕਦੇ ਸਨ। ਇਸ ਮਾਮਲੇ ‘ਚ ਉਨਾਂ ਨੂੰ ਦੇਸ਼ ਦੇ ਕਿਸੇ ਕਾਨੂੰਨ ਜਾਂ ਵਿਧੀ- ਵਿਧਾਨ ਦੀ ਕੋਈ ਪਰਵਾਹ ਨਹੀਂ ਸੀ। ਕਿਉਂਕਿ ਬਹੁਗਿਣਤੀ ਵਰਗ ਨਾਲ ਸਬੰਧਤ ਫ਼ੌਜੀ ਤਾਂ ਆਪਣੇ ਆਪ ਨੂੰ ‘ਦੇਸ਼ ਦੇ ਰਾਖੇ’ ਹੀ ਨਹੀਂ ‘ਦੇਸ਼ ਦੇ ਮਾਲਕ’ ਵੀ ਸਮਝਦੇ ਸਨ। ਜੇਕਰ ਕੋਈ ਡਾਕਟਰ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਸੱਚ ਬੋਲਣ ਦੀ ਗੁਸਤਾਖੀ ਕਰ ਬੈਠਾ ਤਾਂ ਉਸ ਦਾ ਨਾਉਂ ਵੀ ‘ਦੇਸ਼ ਦੇ ਦੁਸ਼ਮਣਾਂ’ ਦੀ ਸੂਚੀ ‘ਚ ਸ਼ਾਮਲ ਹੋ ਗਿਆ।
ਗੱਲ ਕੀ, ਦਰਬਾਰ ਸਾਹਿਬ ਅੰਮ੍ਰਿਤਸਰ ਅੰਦਰ 4 ਜੂਨ ਤੋਂ 7 ਜੂਨ 1984 ਤੱਕ ਬੀਬੀਆਂ, ਬੱਚਿਆਂ, ਬੁੱਢਿਆਂ ਅਤੇ ਨੌਜੁਆਨ ਯਾਤਰੂਆਂ ਦਾ ਹੋਇਆ ਕਤਲੇਆਮ ਆਪਣੀ ਮਿਸਾਲ ਆਪ ਹੀ ਹੈ। ਕੁੱਲ ਕਿੰਨੀਆਂ ਸ਼ਹਾਦਤਾਂ ਇਥੇ ਹੋਈਆਂ ਇਸ ਦਾ ਪੂਰਾ ਰਿਕਾਰਡ ਅਜੇ ਤੱਕ ਪ੍ਰਾਪਤ ਨਹੀਂ ਹੋ ਸਕਿਆ। ਅਸਲ ਵਿਚ ਇਹ ਕਤਲੇਆਮ ਸਿੱਖਾਂ ਦੇ ਨਿਆਰੇਪਨ ਨੂੰ ਖ਼ਤਮ ਕਰਨ ਲਈ ਕੀਤਾ ਗਿਆ ਸੀ ਕਿਉਂਕਿ ਬਹੁਗਿਣਤੀ ਹਮੇਸ਼ਾ ਹੀ ਘੱਟ ਗਿਣਤੀ ਨੂੰ ਵਧਦਾ-ਫੁਲਦਾ ਨਹੀਂ ਦੇਖ ਸਕਦੀ। ਬਹੁਗਿਣਤੀ ਹਮੇਸ਼ਾ ਹੀ ਤਲਵਾਰ ਜਾਂ ਗੋਲੀ ਦੇ ਜ਼ੋਰ ਨਾਲ ਦੂਸਰਿਆਂ ਦੇ ਜੀਣ ਦਾ ਹੱਕ ਖੋਂਹਦੀ ਰਹੀ ਹੈ। ਸਿੱਖ ਸੁਭਾਅ ਐਸਾ ਹੈ ਕਿ ਜਦੋਂ ਵੀ ਕਿਸੇ ਨੇ ਇਹਨਾਂ ਦੀ ਅਣਖ ਨੂੰ ਵੰਗਾਰਿਆ ਹੈ ਤਾਂ ਸਿੱਖ ਕੌਮ ਨੇ ਇਸਦਾ ਮੂੰਹ ਤੋੜ ਉੱਤਰ ਦਿੱਤਾ ਹੈ। ਇਸ ਬਦਲੇ ਭਾਵੇਂ ਉਸਨੂੰ ਆਪਣਾ ਸਭ ਕੁਝ ਹੀ ਕੁਰਬਾਨ ਕਿਉਂ ਨਾ ਕਰਨਾ ਪਵੇ। ਕਹਿੰਦੇ ਹਨ ਖ਼ੂਨ ਨੂੰ ਵਿਆਜ ਬਹੁਤ ਲੱਗਦਾ ਹੈ। ਸ਼ਹੀਦਾਂ ਦਾ ਡੁਲਿਆ ਖ਼ੂਨ ਅਜਾਈਂ ਨਹੀਂ ਜਾਂਦਾ ਪਰ ਦੁੱਖ ਦੀ ਗੱਲ ਹੈ ਕਿ ਵਰਤਮਾਨ ਸਮੇਂ ਵਿਚ ਸਿੱਖ ਕੌਮ ਦਾ ਨਿਘਾਰ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ। ਸਿੱਖ ਸਿਧਾਂਤ ਤੇ ਸਿੱਖੀ ਕਰਮ ਸਾਡੇ ਅੰਦਰੋਂ ਵਿਸਰ ਚੁੱਕਾ ਹੈ।

ਇਹਨਾਂ ਘੱਲੂਘਾਰਿਆਂ ਤੋਂ ਬਾਅਦ ਸਿੱਖ ਲੀਡਰਸ਼ਿਪ ਨੇ ਕੌਮ ਨੂੰ ਕੋਈ ਸੇਧ ਨਾ ਦਿੱਤੀ ਸਗੋਂ ਆਪਸੀ ਧੜੇਬੰਦੀ ਤੇ ਝੂਠੀ ਰਾਜਨੀਤੀ ਦੀ ਖੇਡ ਰੱਜ ਕੇ ਖੇਡੀ। ਵੋਟਾਂ ਦੀ ਰਾਜਨੀਤੀ ਨੇ ਧਰਮ- ਸਿਧਾਂਤਾਂ ਦਾ ਰੱਜ ਕੇ ਘਾਣ ਕੀਤਾ। ਅਖੌਤੀ ਲੀਡਰਸ਼ਿਪ ਬਿਪਰਵਾਦੀਆਂ ਦਾ ਹੱਥ ਠੋਕਾ ਬਣ ਕੇ ਪੰਥਕ ਸਿਧਾਂਤਾਂ ਦਾ ਘਾਣ ਕਰਕੇ ਪੰਥਕ ਸੰਸਥਾਵਾਂ ਦੀ ਹੋਂਦ ਲਈ ਹੀ ਖ਼ਤਰਾ ਬਣੀ ਬੈਠੀ ਹੈ ਅਤੇ ਸਿੱਖ-ਵਿਰੋਧੀ ਸੋਚ ਨਾਲ ਭਾਈਵਾਲੀ ਪਾ ਕੇ ਆਪਣੇ ਵਿਰੋਧੀਆਂ ਨੂੰ ਸਿੱਖ ਸਮਾਜ ਅੰਦਰ ਘੁਸਪੈਠ ਕਰਾਉਣ ਦਾ ਰਸਤਾ ਸਾਫ਼ ਕਰ ਰਹੀ ਹੈ।

ਇਹ ਲੀਡਰਸ਼ਿਪ ਚਾਹੇ ਧਾਰਮਿਕ ਹੈ ਜਾਂ ਰਾਜਸੀ, ਇਹਨਾਂ ਦੀ ਸੋਚ ਗੁਰੂ ਨਾਲ ਜੁੜਨ ਦੀ ਬਜਾਏ ਮਨਮੁਖਾਂ ਨਾਲ ਜੁੜ ਚੁੱਕੀ ਹੈ। ਇਹਨਾਂ ਦੀ ਪੂਰੀ ਸਿਆਸਤ ਜਾਂ ਧਰਮ, ਬਿਪਰਵਾਦ ਅਤੇ ਜਾਤੀਵਾਦ ਦੇ ਧੁਰੇ ਦੁਆਲੇ ਘੁੰਮਦੀ ਨਜ਼ਰ ਆਉਂਦੀ ਹੈ। ਗੁਰਬਾਣੀ ਵਿਚ ਦੀਆਂ ਅਟੱਲ ਸੱਚਾਈਆਂ, ਇਕ ਅਕਾਲਪੁਰਖ ਦੀ ਅਰਾਧਨਾ, ਸਰਬੱਤ ਦੇ ਭਲੇ, ਸਰਬੱਤ ਦੀ ਆਜ਼ਾਦੀ ਦਾ ਸੰਦੇਸ਼ ਅੱਜ ਇਹਨਾਂ ਰਾਜਸੀ ਅਤੇ ਧਾਰਮਿਕ ਆਗੂਆਂ ਤੋਂ ਦੂਰ ਜਾ ਚੁੱਕਾ ਹੈ। ਪੂਜਾ ਅਕਾਲ ਦੀ, ਪਰਚਾ ਸ਼ਬਦ ਦਾ, ਦੀਦਾਰ ਖ਼ਾਲਸੇ ਦਾ ਸਿਧਾਂਤ ਗੁਰੂ ਸਾਹਿਬਾਨ ਨੇ ਸਾਡੀ ਝੋਲੀ ਵਿਚ ਪਾਇਆ ਸੀ ਪਰ ਆਪਣੇ ਗੁਰੂ ਸਾਹਿਬਾਨ ਅਤੇ ਗੁਰੂ ਪਿਆਰ ਵਿਚ ਰੰਗੇ ਗੁਰਸਿੱਖਾਂ ਨੂੰ ਆਪਣਾ ਮਾਡਲ ਮਿਥਣ ਦੀ ਬਜਾਏ ਅੱਜ ਦੀ ਲੀਡਰਸ਼ਿਪ ਅਨਮਤੀ ਧਾਰਮਿਕ ਪੁਸਤਕਾਂ ਦੇ ਪਾਠ ਰਖਵਾਉਣ, ਯੱਗ ਕਰਵਾਉਣ, ਪੱਥਰ ਦੀਆਂ ਮੂਰਤੀਆਂ ਦੇ ਅੱਗੇ ਨੱਕ ਰਗੜਣ ਅਤੇ ਫਿਰ ਮੰਦਰਾਂ ਵਿਚ ਜਾ ਕੇ ਮਹਾਂਮਾਈ ਦੀਆਂ ਜੋਤਾਂ ਜਗਾਉਣ ਨੂੰ ਹੀ ਸਿੱਖੀ ਸਮਝੀ ਬੈਠੀ ਹੈ। ਗੁਰੂ ਪੰਥ ਅਤੇ ਸਿੱਖ ਸੰਸਥਾਵਾਂ ਜੋ ਧਰਮ ਪ੍ਰਚਾਰ ਵਿਚ ਪੂਰੀ ਤਨਦੇਹੀ ਨਾਲ ਨਿਸ਼ਕਾਮ ਸੇਵਾ ਕਰ ਰਹੀਆਂ ਹਨ, ਨੂੰ ਇਹ ਪੰਥਕ ਕਹਾਉਣ ਵਾਲੇ ਆਗੂ ਜਾਂ ਪਾਰਟੀਆਂ ਟਿੱਚ ਸਮਝਦੀਆਂ ਹਨ। ਅੱਜ ਦੀ ਮੌਜੂਦਾ ਲੀਡਰਸ਼ਿਪ ਅੰਦਰ ਜਾਤੀਵਾਦ ਅਤੇ ਪਦਾਰਥਵਾਦ ਪੂਰੀ ਤਰਾਂ ਘਰ ਕਰ ਚੁੱਕਿਆ ਹੈ। ਇਸ ਵਾਸਤੇ ਗਰੀਬ ਸਿੱਖ ਤੇ ਹੱਥੀਂ ਕਿਰਤ ਕਰਨ ਵਾਲੇ ਨੂੰ ਇਹਨਾਂ ਪਾਰਟੀਆਂ ਵਿਚ ਰਹਿਣਾ ਔਖਾ ਹੋ ਗਿਆ ਹੈ। ਧਰਮ ਨਾਲੋਂ ਅੱਜ ਸਿਆਸਤ ਵੱਡੀ ਹੋ ਗਈ ਹੈ।

ਅਕਾਲੀ ਦਾ ਅਰਥ ਤਾਂ ਹੁੰਦਾ ਹੈ ਜੋ ਸਿੱਖ ਅਕਾਲਪੁਰਖ ਦਾ ਹੋਵੇ ਭਾਵ ਅਕਾਲ ਪੁਰਖ ਨੂੰ ਸਮਰਪਿਤ ਹੋਵੇ। ਜਿਸਦੀ ਜ਼ਿੰਦਗੀ ਵਿਚ ਨਾਮ ਦੀ ਰੰਗਤ ਚੜੀ ਹੋਵੇ, ਜਿਸਨੂੰ ਦੇਖ ਕੇ ਨਿਮਾਣਿਆਂ ਤੇ ਨਿਤਾਣਿਆਂ ਅੰਦਰ ਜੁਰਅਤ ਪੈਦਾ ਹੋਵੇ। ਅਕਾਲੀ ਰਾਜ ਸੱਤਾ ‘ਤੇ ਕਈ ਵਾਰ ਬੈਠੇ। ਹਰ ਸਿੱਖ ਨੂੰ ਆਸ ਸੀ ਕਿ ਬੀਤੇ ਸਮੇਂ ਵਿਚ ਜੋ ਸਿੱਖਾਂ ਨੇ ਸੰਤਾਪ ਹੰਢਾਇਆ ਹੈ ਉਹਨਾਂ ਦੇ ਜ਼ਖਮਾਂ ‘ਤੇ ਮਰਹਮ ਲੱਗੇਗੀ। ਸਿੱਖ ਨੌਜੁਆਨਾਂ ਦੀ ਸਾਰ ਲਈ ਜਾਵੇਗੀ। ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਵਾਲੇ ਝੂਠੇ ਮੁਕਾਬਲੇ ਬਣਾ ਕੇ ਨੌਜੁਆਨਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਟਿਕਾਣੇ ਸਿਰ ਰੱਖਿਆ ਜਾਵੇਗਾ। ਪਰ ਇਹ ਸਭ ਕੁਝ ਸੁਪਨਾ ਹੀ ਬਣ ਗਿਆ।
ਯਾਦ ਰੱਖੋ ਸਿੱਖ ਲੀਡਰੋ, ਹਜ਼ਾਰਾਂ ਬੇਗੁਨਾਹ ਅਤੇ ਮਾਸੂਮਾਂ ਦਾ ਕਤਲੇਆਮ, ਸੈਂਕੜੇ ਸਿੱਖ ਧੀਆਂ ਭੈਣਾਂ ਦੀ ਬੇਇੱਜ਼ਤੀ, ਸ੍ਰੀ ਅਕਾਲ ਤਖ਼ਤ ਤੇ ਸਿੱਖ ਵਿਰਸੇ ਦੀ ਤਬਾਹੀ ਨਾ ਸਹਾਰਦੇ ਹੋਏ ਆਪਣੇ ਗੁਰਧਾਮਾਂ ਦੀ ਆਨ-ਸ਼ਾਨ ਕਾਇਮ ਰੱਖਣ ਲਈ ਸਿੱਖ ਸੂਰਬੀਰਾਂ ਦਾ ਡੁਲਿਆ ਖ਼ੂਨ ਅੱਜ ਤੁਹਾਡੇ ਤੋਂ ਜਵਾਬ ਮੰਗਦਾ ਹੈ ਤੇ ਵੰਗਾਰ ਪਾ ਕੇ ਸੁਨੇਹਾ ਦੇ ਰਿਹਾ ਹੈ ਹੋਸ਼ ਕਰੋ ਲੀਡਰੋ, ਕੌਮ ਦੇ ਜਥੇਦਾਰੋ! ਕਿਉਂ ਅੱਜ ਸ਼ਹੀਦਾਂ ਦੀ ਰੱਤ ਵਿਚ ਨਹਾਉਂਦੇ ਹੋ? ਕਿਉਂ ਅੱਜ ਉਨਾਂ ਤੋਂ ਮੂੰਹ ਮੋੜਦੇ ਹੋ? ਤੁਹਾਡੀ ਜਥੇਦਾਰੀ ਤੇ ਕੁਰਸੀ ਵੀ ਅੱਜ ਉਹਨਾਂ ਸ਼ਹੀਦਾਂ ਦੇ ਖ਼ੂਨ ਵਿਚੋਂ ਹੀ ਤੁਹਾਨੂੰ ਮਿਲੀ ਹੈ। ਛੱਡ ਦਿਉ ਕੁਰਸੀਆਂ ਦੇ ਲਾਲਚ ਨੂੰ। ਯਾਦ ਰੱਖੋ ਜੇ ਅਣਖ ਹੈ ਤਾਂ ਮਾਛੀਵਾੜੇ ਦੇ ਜੰਗਲ ਦੇ ਕੰਡੇ ਵੀ ਮਖ਼ਮਲੀ ਗੱਦਿਆਂ ਨਾਲੋਂ ਸੁਖਦਾਇਕ ਹਨ।

ਸਾਡੀ ਤਾਂ ਕੌਮ ਦੇ ਭਵਿੱਖ ਦੇ ਵਾਰਸਾਂ ਨੂੰ ਪਿਆਰ ਭਰੀ ਬੇਨਤੀ ਹੈ ਕਿ ਉਠੋ! ਕੌਮ ਦੇ ਅਣਖੀਲੇ ਵਾਰਸੋ, ਸੁਣੋ ਸੁਨੇਹਾ ਉਸ ਡੁਲੇ ਹੋਏ ਖ਼ੂਨ ਦਾ। ਜੋ ਬੀਤ ਚੁੱਕਾ ਹੈ ਉਸ ਦਾ ਹਿਰਖ ਨਾ ਕਰੀਏ, ਰਹਿੰਦੇ ਜੀਵਨ ਦਾ ਸਮਾਂ ਅਜਾਈਂ ਨਾ ਗਵਾਈਏ। ਗੁਰੂ ਵਾਲੇ ਬਣ, ਗੁਰੂ ‘ਤੇ ਵਿਸ਼ਵਾਸ ਲਿਆਈਏ। ਆਪਣੀ ਜ਼ਿੰਮੇਵਾਰੀ ਸਮਝੀਏ ਤੇ ਪੰਥਕ ਹਿਤਾਂ ‘ਤੇ ਦ੍ਰਿੜਤਾ ਨਾਲ ਪਹਿਰਾ ਦੇਈਏ। ਜਿੰਨਾ ਚਿਰ ਤੱਕ ਤੁਸੀਂ ਜਾਗ੍ਰਿਤ ਨਹੀਂ ਹੁੰਦੇ, ਕੌਮ ਦੇ ਭਵਿੱਖ ਬਾਰੇ ਨਹੀਂ ਸੋਚਦੇ ਤਾਂ ਫਿਰ ਸਿੱਖ ਕੌਮ ਦੀ ਨਿਆਰੀ ਤੇ ਨਿਰਾਲੀ ਹੋਂਦ ਨੂੰ ਇਸ ਤਰਾਂ ਹੀ ਖੋਰਾ ਲੱਗਦਾ ਰਹੇਗਾ ਜਿਸਦੇ ਜ਼ਿੰਮੇਵਾਰ ਹੋਰ ਕੋਈ ਨਹੀਂ ਕੇਵਲ ਤੇ ਕੇਵਲ ਅਸੀਂ ਖ਼ੁਦ ਹੋਵਾਂਗੇ।
ਜੇਕਰ ਅਸੀਂ ਹੁਣ ਵੀ ਨਾ ਸਮਝੇ ਤਾਂ ਸਾਡੀ ਇੱਜ਼ਤ ਅਤੇ ਪੱਤ ਨੂੰ ਹਰ ਕੋਈ ਲਤਾੜਦਾ ਚਲਾ ਜਾਵੇਗਾ ਤੇ ਅਸੀਂ ਸਮੇਂ ਦੀ ਚਾਲ ਵਿਚ ਆਪਣੀ ਵਿਲੱਖਣ ਹਸਤੀ ਤੋਂ ਵਾਂਝਿਆਂ ਹੋ ਜਾਵਾਂਗੇ। ਸਮੇਂ ਦੀ ਚਾਲ ਨੂੰ ਸੰਭਾਲੀਏ, ਆਪਣੇ ਸੁਨਹਿਰੀ ਵਿਰਸੇ ਦੇ ਚੰਗੇ ਵਾਰਸ ਬਣੀਏ ਜਿਸ ਵਿਰਸੇ ਨੂੰ ਸ਼ਿੰਗਾਰਨ ਲਈ ਕੌਮੀ ਮਰਜੀਵੜਿਆਂ ਨੇ ਆਪਣੇ ਖ਼ੂਨ ਦੀ ਹੋਲੀ ਖੇਡੀ ਸੀ। ਉਹਨਾਂ ਵਲੋਂ ਡੋਲੇ ਖ਼ੂਨ ਨੂੰ ਅਸੀਂ ਜਵਾਬ ਦੇ ਸਕੀਏ ਤੇ ਆਖੀਏ ਅਸੀਂ ਉਹਨਾਂ ਦਿਨਾਂ ਦੀ ਯਾਦ ਕਦੀ ਨਹੀਂ ਭੁੱਲਾਂਗੇ ਜਿਹਨਾਂ ਦਿਨਾਂ ਵਿਚ ਤੁਸੀਂ ਸਾਨੂੰ ਜੀਵਨ ਦੇਣ ਲਈ ਆਪ ਕੁਰਬਾਨ ਹੋ ਗਏ ਸੀ। ਆਓ ਯਾਦ ਕਰੀਏ ਉਹ ਦਿਨ ਤੇ ਜਵਾਬ ਦਈਏ :

ਹਿੰਦੋਸਤਾਨ ਦੀਆਂ ਫ਼ੌਜਾਂ ਦੇ,
ਓਹ ਕਹਿਰ ਨਹੀਂ ਭੁੱਲਾਂਗੇ।
ਦਿਨ ਅਤਿ ਦੇ ਜ਼ੁਲਮਾਂ ਦੇ,
ਕਿਸੇ ਪਹਿਰ ਨਹੀਂ ਭੁੱਲਾਂਗੇ।
ਉਹ ਸਾਲ ਚੌਰਾਸੀ ਦਾ ਖੂੰਖਾਰ ਨਹੀਂ ਭੁੱਲਾਂਗੇ।
ਤੁਹਾਡੇ ਡੋਲੇ ਹੋਏ ਖ਼ੂਨ ਦਾ,
ਅਹਿਸਾਨ ਨਹੀਂ ਭੁੱਲਾਂਗੇ।
ਨਹੀਂ ਭੁੱਲਾਂਗੇ, ਉਹਨਾਂ ਖ਼ੂਨੀ ਰਾਤਾਂ ਨੂੰ।
ਨਹੀਂ ਭੁੱਲਾਂਗੇ, ਤੁਹਾਡੇ ਕੌਮੀ ਜਜ਼ਬਾਤਾਂ ਨੂੰ। ਨਹੀਂ ਭੁੱਲਾਂਗੇ,
ਹਰਿਮੰਦਰ ਤੇ ਲੱਗੀਆਂ ਗੋਲੀਆਂ ਨੂੰ।
ਨਹੀਂ ਭੁੱਲਾਂਗੇ, ਉਹਨਾਂ ਖ਼ੂਨੀ ਹੋਲੀਆਂ ਨੂੰ।
ਅਸੀਂ ਯਾਦ ਤੁਹਾਡੀ ਦੇ ਭਾਂਬੜ ਮਚਾ ਦਿਆਂਗੇ।
ਸਿੱਖੀ ਦੇ ਬਦਲੇ ਅਸੀਂ ਖੋਪਰ ਲੁਹਾ ਦਿਆਂਗੇ।
ਉਹਨਾਂ ਜ਼ਾਲਮ ਸਰਕਾਰਾਂ ਨੂੰ ਸਬਕ ਸਿਖਾ ਦਿਆਂਗੇ।
ਤੁਹਾਡੇ ਡੋਲੇ ਹੋਏ ਖ਼ੂਨ ਦਾ ਬਦਲਾ ਚੁਕਾ ਦਿਆਂਗੇ।

Comments

comments

Share This Post

RedditYahooBloggerMyspace