ਜਥੇਦਾਰ ਟੌਹੜਾ ਦੇ ਪਰਿਵਾਰ ਦੀ ‘ਸਰਦਾਰੀ’ ਖੁੱਸੀ

11706cd-_CHandumajra_and_Khatra_550_x_410ਚੰਡੀਗੜ੍ਹ, 17 ਜੂਨ :ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ (ਦਿਹਾਤੀ) ਵਿਧਾਨ ਸਭਾ ਹਲਕਾ ਦਾ ਇੰਚਾਰਜ ਸਤਬੀਰ ਸਿੰਘ ਖਟੜਾ ਨੂੰ ਲਾਉਣ ਨਾਲ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪਰਿਵਾਰ ਨੂੰ ਪਾਰਟੀ ’ਚ ‘ਨੁੱਕਰੇ’ ਲਾਉਣ ਦੇ ਸੰਕੇਤ ਦੇ ਦਿੱਤੇ ਗਏ ਹਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਦੋ ਨੌਜਵਾਨ ਅਕਾਲੀ ਆਗੂਆਂ ਨੂੰ ਹਲਕਾ ਇੰਚਾਰਜ ਵਜੋਂ ਨਿਯੁਕਤ ਕੀਤਾ ਗਿਆ ਹੈ। ਦੂਜੇ ਨੌਜਵਾਨ ਆਗੂ ਹਰਿੰਦਰਪਾਲ ਸਿੰਘ ਚੰਦੂਮਾਜਰਾ ਹਨ, ਜਿਨ੍ਹਾਂ ਨੂੰ ਪਟਿਆਲਾ ਜ਼ਿਲ੍ਹੇ ਦੇ ਸਨੌਰ ਹਲਕੇ ਦਾ ਇੰਚਾਰਜ ਲਾਇਆ ਗਿਆ ਹੈ। ਹਰਿੰਦਰ ਪਾਲ ਸਿੰਘ ਚੰਦੂਮਾਜਰਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਪੁੱਤਰ ਹਨ।
ਸਾਲ 2012 ਦੀਆਂ ਆਮ ਚੋਣਾਂ ਵੇਲੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਟਿਆਲਾ (ਦਿਹਾਤੀ) ਵਿਧਾਨ ਸਭਾ ਹਲਕੇ ਤੋਂ ਜਥੇਦਾਰ ਟੌਹੜਾ ਦੀ ਪੁੱਤਰੀ ਕੁਲਦੀਪ ਕੌਰ ਨੂੰ ਉਮੀਦਵਾਰ ਬਣਾਇਆ ਗਿਆ ਸੀ। ਰੌਚਕ ਤੱਥ ਇਹ ਹੈ ਕਿ ਉਨ੍ਹਾਂ ਚੋਣਾਂ ਦੌਰਾਨ ਸਤਬੀਰ ਸਿੰਘ ਖਟੜਾ ਨੇ ਪਟਿਆਲਾ (ਦਿਹਾਤੀ) ਵਿਧਾਨ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ। ਸਿਆਸੀ ਹਲਕਿਆਂ ਵਿੱਚ ਇਹ ਚਰਚਾ ਚਲਦੀ ਰਹੀ ਹੈ ਕਿ ਸ੍ਰੀ ਖਟੜਾ ਨੂੰ ਵੱਡੀ ਸਿਆਸੀ ਹਸਤੀ ਦਾ ਅਸ਼ੀਰਵਾਦ ਹਾਸਲ ਸੀ ਤੇ ਇਸ ਚੋਣ ਵਿੱਚ ਜਥੇਦਾਰ ਟੌਹੜਾ ਦੀ ਪੁੱਤਰੀ ਹਾਰ ਗਈ ਸੀ। ਸਨੌਰ ਵਿਧਾਨ ਸਭਾ ਹਲਕੇ ਤੋਂ ਚੰਦੂਮਾਜਰਾ ਦੇ ਪੁੱਤਰ ਨੂੰ ਹਲਕਾ ਇੰਚਾਰਜ ਲਾਉਣ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਤੇਜਿੰਦਰਪਾਲ ਸਿੰਘ ਸੰਧੂ ਨੂੰ ਆਗਾਮੀ ਵਿਧਾਨ ਸਭਾ ਚੋਣਾਂ ਵੇਲੇ ਟਿਕਟ ਦਿੱਤੇ ਜਾਣ ਦੀ ਉਮੀਦ ਨਹੀਂ ਹੈ। ਪਾਰਟੀ ਵੱਲੋਂ ਪਟਿਆਲਾ ਦਿਹਾਤੀ ਹਲਕੇ ਸਬੰਧੀ ਲਏ ਫ਼ੈਸਲੇ ਤੋਂ ਬਾਅਦ ਦੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਟੌਹੜਾ ਗਰੁੱਪ ਦਾ ਇੱਕ ਤਰ੍ਹਾਂ ਨਾਲ ‘ਭੋਗ’ ਹੀ ਪਾ ਦਿੱਤਾ ਗਿਆ ਹੈ। ਸਾਲ 2012 ਦੀਆਂ ਚੋਣਾਂ ਦੌਰਾਨ ਜਥੇਦਾਰ ਟੌਹੜਾ ਦੇ ਜਵਾਈ ਦੀ ਟਿਕਟ ਕੱਟ ਕੇ ਪੁੱਤਰੀ ਨੂੰ ਦਿੱਤੀ ਗਈ ਸੀ ਤੇ ਇਸ ਵਾਰੀ ਪੁੱਤਰੀ ਨੂੰ ਵੀ ਟਿਕਟ ਦਿੱਤੇ ਜਾਣ ਦੇ ਆਸਾਰ ਨਹੀਂ ਹਨ। ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਮਹੇਸ਼ਇੰਦਰ ਸਿੰਘ ਗਰੇਵਾਲ ਜੋ ਕਿ ਕਿਸੇ ਸਮੇਂ ਜਥੇਦਾਰ ਟੌਹੜਾ ਦੇ ਕਰੀਬੀ ਰਹੇ ਹਨ, ਨੇ ਬਾਦਲਾਂ ਨਾਲ ਨੇੜਤਾ ਵਧਾ ਲਈ ਹੈ। ਜਥੇਦਾਰ ਸੁਖਦੇਵ ਸਿੰਘ ਭੌਰ ਸਮੇਤ ਹੋਰ ਕਈ ਆਗੂ ਪਾਰਟੀ ਵਿੱਚ ਮਨਫ਼ੀ ਕਰ ਦਿੱਤੇ ਗਏ ਹਨ। ਸਤਬੀਰ ਸਿੰਘ ਖੱਟੜਾ ਦੇ ਪਿਤਾ ਰਣਬੀਰ ਸਿੰਘ ਖੱਟੜਾ ਇਸ ਸਮੇਂ ਫਿਰੋਜ਼ਪੁਰ ਰੇਂਜ ਦੇ ਡੀਆਈਜੀ ਵਜੋਂ ਸੇਵਾਵਾਂ ਨਿਭਾਅ ਰਹੇ ਹਨ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਰੀਬੀ ਮੰਨੇ ਜਾਂਦੇ ਹਨ। ਮਹੱਤਵਪੂਰਨ ਤੱਥ ਇਹ ਵੀ ਹੈ ਕਿ ਖਟੜਾ ਪਰਿਵਾਰ ਪਰਲ ਗਰੁੱਪ ਦੇ ਮਾਲਕ ਨਿਰਮਲ ਸਿੰਘ ਭੰਗੂ ਦਾ ਰਿਸ਼ਤੇਦਾਰ ਪਰਿਵਾਰ ਵੀ ਹੈ ਤੇ ਸ੍ਰੀ ਭੰਗੂ ਇਸ ਵੇਲੇ ਸੀਬੀਆਈ ਦੀ ਹਿਰਾਸਤ ਵਿੱਚ ਹਨ।

Comments

comments

Share This Post

RedditYahooBloggerMyspace