ਕੈਪਟਨ ਸਰਕਾਰ ਦੇ ਸੌ ਦਿਨਾਂ ਤੋਂ ਪਹਿਲਾਂ ਹੀ ਫ਼ਾਹੇ ਚੜੇ ਕਿਸਾਨ

17 ਦਿਨਾਂ ’ਚ ਮਰੇ 14 ਹੋਰ ਕਿਸਾਨ,  ਕਿਸਾਨ ਜਥੇਬੰਦੀਆਂ ਅਤੇ ਰਾਜਨੀਤਿਕ ਪਾਰਟੀਆਂ ਦੀ ਨਿਗਾਹ ਕੈਪਟਨ ਸਾਹਿਬ ਦੇ ਪਹਿਲੇ ਬੱਜਟ ’ਤੇ

ਬਠਿੰਡਾ  : ਪਿਛਲੇ ਸਾਲ ਮਾੜੀਆਂ ਸਪਰੇਹਾਂ ਕਰਕੇ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਬਰਬਾਦ ਹੋ ਗਈ ਜਿਸ ਕਰਕੇ ਬਾਦਲ ਰਾਜ ਵਿੱਚ ਜਿੱਥੇ 1500 ਦੇ ਕਰੀਬ ਕਿਸਾਨਾਂ ਨੇ ਖੁਦਕੁਸ਼ੀ ਕੀਤੀ ਉਥੇ ਹੀ ਵਿਧਾਨ ਸਭਾ ਚੋਣਾਂ ਮੌਕੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੁਦਕੁਸ਼ੀਆਂ ਦਾ ਰਾਹ ਤਿਆਗਕੇ ਕਾਂਗਰਸ ਦਾ ਸਾਥ ਦੇਣ ਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਬਨਣ ਤੇ ਤੁਰੰਤ ਕਰਜੇ ਮੁਆਫ ਕੀਤੇ ਜਾਣਗੇ, ਉਹ ਵਾਅਦੇ ਤਾਂ ਵਫਾ ਨਹੀਂ ਹੋਏ ਪਰ ਕਿਸਾਨਾਂ ਦਾ ਖੁਦਕੁਸ਼ੀਆਂ ਕਰਨਾ ਲਗਾਤਾਰ ਜਾਰੀ ਰਿਹਾ। ਕੈਪਟਨ ਰਾਜ ਦੇ 60 ਦਿਨਾਂ ਵਿੱਚ ਜਿੱਥੇ 62 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਗਏ ਉਥੇ ਹੀ ਹੁਣ ਪਿਛਲੇ 17 ਦਿਨਾਂ ਵਿੱਚ 14 ਹੋਰ ਕਿਸਾਨ ਜਿੰਦਗੀ ਗਵਾ ਚੁੱਕੇ ਹਨ। ਕੈਪਟਨ ਰਾਜ ਦੇ ਜਿਵੇਂ ਜਿਵੇਂ 100 ਦਿਨ ਪੂਰੇ ਹੋਣ ਲੱਗੇ ਹਨ ਉਸ ਤੋਂ ਪਹਿਲਾਂ ਹੀ 75 ਕਿਸਾਨਾਂ ਦਾ ਖੁਦਕੁਸ਼ੀ ਕਰਨਾ ਇਹ ਸਾਬਤ ਕਰਦਾ ਹੈ ਕਿ ਪੰਜਾਬ ਦੇ ਹਾਲਾਤ ਦਿਨੋਂ ਦਿਨ ਨਾਜ਼ੁਕ ਮੌੜ ਵੱਲ ਵੱਧਦੇ ਜਾ ਰਹੇ ਹਨ। ਪਹਿਰੇਦਾਰ ਵੱਲੋਂ ਕਿਸਾਨਾਂ ਦੀ ਖੁਦਕੁਸ਼ੀਆਂ ਦਾ ਵੇਰਵਾ ਹਮੇਸ਼ਾ ਹੀ ਜਨਤਕ ਕੀਤਾ ਜਾਂਦਾ ਰਿਹਾ ਹੈ।

ਪਿਛਲੇ 17 ਦਿਨਾਂ ਵਿੱਚ 19 ਮਈ ਨੂੰ ਕੁਲਦੀਪ ਸਿੰਘ ਖੋਜਪੁਰ, ਹਰਦੇਵ ਸਿੰਘ ਉਭਾਵਾਲ, ਜਗਜੀਤ ਸਿੰਘ ਪਿੰਡ ਲਹਿਰਾ ਭੱਟੀ, 21 ਮਈ ਹਰਮੀਤ ਸਿੰਘ ਪਥਰਾਲਾ, ਜਸਵਿੰਦਰ ਸਿੰਘ ਗੁੰਮਟੀ ਕਲਾਂ, 22 ਮਈ ਗੁਰਨਾਮ ਸਿੰਘ ਗਿੱਲਕਲਾਂ, 25 ਮਈ ਜਗਸੀਰ ਸਿੰਘ ਚੌਹਾਨਕੇ, ਨਰਿੰਦਰ ਸਿੰਘ ਬਰੂੜ ਗੜੀ, 26 ਮਈ ਦੇ ਕਿਸਾਨ ਹਰਪਾਲ ਸਿੰਘ ਪਿੰਡ ਦਲ ਸਿੰਘ ਵਾਲਾ, 27 ਮਈ ਬੇਅੰਤ ਸਿੰਘ ਮਾਛੀਵਾਲਾ, 30 ਮਈ ਸੁਰਜੀਤ ਸਿੰਘ ਪਿੰਡ ਨਸਰਾਲਾ, 1 ਜੂਨ ਗੁਰਪਾਲ ਸਿੰਘ ਸਤੌਜ, 3 ਜੂਨ ਮਨਜੀਤ ਸਿੰਘ ਧੰਨੋ, ਸਿਕੰਦਰ ਸਿੰਘ ਕੋਠਾ ਗੁਰੂ ਨੇ ਕਰਜੇ ਦੀ ਮਾਰ ਨਾ ਝੱਲਦਿਆਂ ਖੁਦਕੁਸ਼ੀ ਦਾ ਰਾਹ ਅਪਣਾ ਲਿਆ। ਕੈਪਟਨ ਰਾਜ ਦੇ 100 ਦਿਨ ਪੂਰੇ ਹੋ ਚੱਲੇ ਹਨ ਪਰ ਹਾਲੇ ਤੱਕ ਵੀ ਕਿਸਾਨੀ ਕਰਜੇ ਮੁਆਫ ਕਰਨ ਪ੍ਰਤੀ ਸਰਕਾਰ ਦਾ ਕਿਸਾਨਾਂ ਦੇ ਪੱਖ ਵਿੱਚ ਕੋਈ ਮਜਬੂਤ ਫੈਸਲਾ ਸਾਹਮਣੇ ਨਹੀਂ ਆ ਰਿਹਾ? ਜਿਸ ਕਰਕੇ ਪੰਜਾਬ ਦੇ ਕਿਸਾਨਾਂ, ਮਜਦੂਰਾਂ ਤੇ ਖਾਸਕਰ ਕਿਸਾਨ ਜਥੇਬੰਦੀਆਂ ਵਿੱਚ ਰੋਹ ਭਖਦਾ ਹੋਇਆ ਨਜਰ ਆ ਰਿਹਾ ਹੈ। ਪੰਜਾਬ ਦੇ ਕਿਸਾਨਾਂ, ਵਿਰੋਧੀ ਧਿਰ ਰਾਜਨੀਤਿਕ ਪਾਰਟੀਆਂ ਦੀ ਨਿਗਾਹ ਕੈਪਟਨ ਸਰਕਾਰ ਦੇ 15 ਜੂਨ ਨੂੰ ਜਾਰੀ ਹੋਣ ਵਾਲੇ ਪਹਿਲੇ ਬੱਜਟ ਤੇ ਟਿਕੀਆਂ ਹੋਈਆਂ ਹਨ ਕਿ ਕੀ ਕੈਪਟਨ ਸਾਹਿਬ ਇਸ ਬੱਜਟ ਵਿੱਚ ਕਿਸਾਨਾਂ ਦਾ ਕਰਜਾ ਮੁਆਫੀ ਦਾ ਐਲਾਨ ਕਰਨਗੇ?

ਇਸ ਮਾਮਲੇ ਸਬੰਧੀ ਬੀਤੇ ਦਿਨ ਬਠਿੰਡਾ ਦੌਰੇ ਤੇ ਆਏ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਗੋਲ-ਮੋਲ ਜਵਾਬ ਦਿੰਦਿਆਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ਚੋਣਾਂ ਦੇ ਇੱਕ ਇੱਕ ਵਾਅਦੇ ਨੂੰ ਪੂਰਾ ਕੀਤਾ ਜਾਏਗਾ ਅਤੇ ਕਿਸਾਨਾਂ ਦੀ ਕਰਜਮੁਆਫੀ ਦਾ ਐਲਾਨ ਵੀ ਜਲਦੀ ਕੀਤਾ ਜਾਵੇਗਾ, ਪਰ ਉਹਨਾਂ ਕਿਸਾਨਾਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦੇ ਮਾਮਲਾ ਤੇ ਚੁੱਪ ਵੱਟ ਲਈ। ਸ਼ੋ੍ਰਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਕਿਸਾਨ ਖੁਦਕੁਸ਼ੀਆਂ ਦੇ ਮਾਮਲੇ ਤੇ ਗੰਭੀਰ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਕੈਪਟਨ ਸਾਹਿਬ ਨੇ ਕਿਸਾਨ ਖੁਦਕੁਸ਼ੀਆਂ ਦੇ ਮੁੱਦੇ ਤੇ ਵੋਟਾਂ ਲੈਕੇ ਸਰਕਾਰ ਬਣਾਈ ਤੇ ਹੁਣ ਵਾਅਦਿਆਂ ਤੋਂ ਪਾਸਾ ਵੱਟਿਆ ਜਾ ਰਿਹਾ ਹੈ ਪਰ ਕੈਪਟਨ ਸਾਹਿਬ ਨੂੰ ਕੀਤੇ ਹਰ ਵਾਅਦੇ ਯਾਦ ਕਰਵਾਉਣ ਲਈ ਸ਼ੋ੍ਰਮਣੀ ਅਕਾਲੀ ਦਲ ਡੱਟਵੀਂ ਪਹਿਰੇਦਾਰੀ ਕਰਦਾ ਰਹੇਗਾ। ਆਮ ਆਦਮੀ ਪਾਰਟੀ ਦੀ ਵਿਧਾਇਕ ਇਸਤਰੀ ਵਿੰਗ ਦੀ ਪ੍ਰਧਾਨ ਪ੍ਰੋ. ਬਲਜਿੰਦਰ ਕੌਰ ਨੇ ਕਿਹਾ ਕਿ ਇਹ ਮਾਮਲਾ ਆਉਂਦੇ ਵਿਧਾਨ ਸਭਾ ਬੱਜਟ ਵਿੱਚ ਉਠਾਇਆ ਜਾਏਗਾ ਅਤੇ ਸਰਕਾਰ ਤੇ ਕਰਜ ਮੁਆਫੀ ਦਾ ਵਾਅਦਾ ਪੂਰਾ ਕਰਨ ਦਾ ਦਬਾਅ ਪਾਇਆ ਜਾਏਗਾ।

ਅੱਜ ਫਿਰ ਕੀਤੀ ਨੌਜਵਾਨ ਕਿਸਾਨ ਨੇ ਖੁਦਕੁਸ਼ੀ 

ਗੋਨਿਆਣਾ  : ਕਰਜੇ ਦੀ ਮਾਰ ਨਾ ਝੱਲਦੇ ਹੋਏ ਕਿਸਾਨਾਂ ਵੱਲੋਂ ਖੁਦਕੁਸ਼ੀਆਂ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਉਥੇ ਹੀ ਅੱਜ ਫਿਰ ਪਿੰਡ ਖਿਆਲੀਵਾਲਾ ਦੇ ਨੌਜਵਾਨ ਕਿਸਾਨ ਜਗਸੀਰ ਸਿੰਘ ਪੁੱਤਰ ਤਾਰਾ ਸਿੰਘ ਨੇ ਖੁਦਕੁਸ਼ੀ ਕਰ ਲਈ। ਜਗਸੀਰ ਸਿੰਘ ਸ਼ੋ੍ਰਮਣੀ ਅਕਾਲੀ ਦਲ ਦੇ ਯੂਥ ਆਗੂ ਗੁਰਲਾਭ ਸਿੰਘ ਢੇਲਵਾਂ ਦਾ ਨਜਦੀਕੀ ਰਿਸ਼ਤੇਦਾਰ ਹੈ। ਸ.ਢੇਲਵਾਂ ਨੇ ਦੱਸਿਆ ਕਿ ਜਗਸੀਰ ਸਿੰਘ ਦੇ ਸਿਰ 10 ਲੱਖ ਰੁਪਏ ਦੀ ਲਿਮਟ ਦਾ ਆਰਥਿਕ ਬੋਝ ਸੀ ਉਥੇ ਹੀ ਪੰਜ ਲੱਖ ਤੋਂ ਵੱਧ ਆੜਤੀਆਂ ਦਾ ਕਰਜਾ ਸੀ, ਪਰਿਵਾਰ ਦੀ ਰਾਜਸਥਾਨ ਵਿਖੇ ਜਮੀਨ ਵਿਕਣ ਕਰਕੇ ਉਹ ਪਿਛਲੇ ਲੰਬੇ ਸਮੇਂ ਤੋਂ ਮਾਨਸਿਕ ਪਰੇਸ਼ਾਨ ਰਹਿੰਦਾ ਸੀ ਜਿਸ ਕਰਕੇ ਉਸਨੇ ਖੁਦਕੁਸੀ ਕਰ ਲਈ।

ਜਾਣਕਾਰੀ ਅਨੁਸਾਰ ਮਾਨਸਿਕ ਪਰੇਸ਼ਾਨ ਜਗਸੀਰ ਸਿੰਘ ਨੇ ਆਪਣੇ ਖੇਤ ਜਾਕੇ ਜਿੱਥੇ ਜਹਿਰੀਲੀ ਵਸਤੂ ਖਾ ਲਈ ਉਥੇ ਹੀ ਬਿਜਲੀ ਟਰਾਂਸਫਾਰਮ ਨਾਲ ਰੱਸਾ ਪਾਕੇ ਫਾਹਾ ਲੈਕੇ ਖੁਦਕੁਸ਼ੀ ਕਰ ਲਈ ਜਿਸ ਦਾ ਪਤਾ ਪਰਿਵਾਰਕ ਮੈਂਬਰਾਂ ਵੱਲੌਂ ਭਾਲ ਕਰਨ ਤੇ ਲੱਗਾ। ਮਿ੍ਰਤਕ ਕਿਸਾਨ ਆਪਣੇ ਪਿੱਛੇ ਪਤਨੀ ਅਤੇ ਇੱਕ 13 ਸਾਲ ਦਾ ਲੜਕਾ ਛੱਡ ਗਿਆ ਹੈ। ਥਾਣਾਂ ਨੇਹੀਆਂਵਾਲਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਕਿਸਾਨ ਯੂਨੀਅਨ ਉਗਰਾਹਾਂ ਦੇ ਜਿਲਾਂ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਮੰਗ ਕੀਤੀ ਕਿ ਮਿ੍ਰਤਕ ਕਿਸਾਨ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਸਾਰੇ ਕਰਜੇ ਤੇ ਲੀਕ ਮਾਰੀ ਜਾਵੇ।

Comments

comments

Share This Post

RedditYahooBloggerMyspace