ਨੰਬਰਾਂ ਨਾਲ ਪਰਖਣ ਵਾਲਾ ਵਿਦਿਅਕ ਢਾਂਚਾ ਬਦਲਣ ਦੀ ਲੋੜ

ਇਕਵਾਕ ਸਿੰਘ ਪੱਟੀ
ਸਕੂਲਾਂ ਵਿਚ ਪੜ੍ਹਦੇ ਬੱਚਿਆਂ ਵੱਲੋਂ ਸਿਰਫ ਫੇਲ੍ਹ ਹੋ ਜਾਣ ਜਾਂ ਘੱਟ ਨੰਬਰ ਆਉਣ ਕਰਕੇ ਆਪਣੀ ਜ਼ਿੰਦਗੀ ਨੂੰ ਆਪਣੇ ਹੱਥੀਂ ਖਤਮ ਕਰਨ ਦਾ ਫੈਸਲਾ ਕਰ ਲੈਣਾ ਸਾਨੂੰ ਸੋਚਣ ਲਈ ਮਜਬੂਰ ਕਰ ਰਿਹਾ ਹੈ ਕਿ ਅਸੀਂ ਸਿੱਖਿਆ ਪ੍ਰਣਾਲੀ ਦੀ ਮੁੜ ਘੋਖ ਕਰੀਏ ਕਿਉਂਕਿ ਸਿਖਿਆ ਦਾ ਮੰਤਵ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਸਵਾਲ ਪੈਦਾ ਹੋ ਰਿਹਾ ਹੈ ਕਿ ਕਿਤੇ ਅਸੀਂ ਵਿਦਿਆਰਥੀਆਂ ਨੂੰ ਅੰਕਾਂ ਦੀ ਦੌੜ ਵਿਚ ਪਾ ਕੇ ਸਿਰਫ ਮਸ਼ੀਨਾਂ ਹੀ ਤਾਂ ਨਹੀਂ ਬਣਾਈ ਜਾ ਰਹੇ? ਸਕੂਲੀ ਵਿੱਦਿਆ ਸਰਕਾਰੀ ਹੈ ਜਾਂ ਪ੍ਰਾਈਵੇਟ, ਇਸ ਵਿੱਚ ਖਾਮੀਆਂ ਉਭਰ ਕੇ ਸਾਹਮਣੇ ਆ ਰਹੀਆਂ ਹਨ। ਬੱਚਿਆਂ ਦੀਆਂ ਛੋਟੀਆਂ ਅੱਖਾਂ ਉਪਰ ਵੱਡੀਆਂ ਅਤੇ ਵੱਡੇ ਨੰਬਰ ਦੀਆਂ ਐਨਕਾਂ, ਵੱਡੇ ਅਤੇ ਭਾਰੀ ਬਸਤੇ, ਮੋਟੀਆਂ ਕਿਤਾਬਾਂ ਦੇ ਬਰੀਕ ਅੱਖਰ, ਅੰਕਾਂ ਦੀ ਦੌੜ, ਹਫਤਾਵਾਰੀ/ਮਹੀਨਾਵਾਰੀ/ਤ੍ਰੈ-ਮਾਸਿਕ ਅਤੇ ਛਿਮਾਹੀ ਇਮਤਿਹਾਨ, ਦੂਜੇ ਤੀਜੇ ਦਿਨ ਕਿਸੇ ਨਾ ਕਿਸੇ ਵਿਸ਼ੇ ਦਾ ਟੈਸਟ, ਗ਼ੈਰਜ਼ਰੂਰੀ ਪ੍ਰਾਜੈਕਟ ਵਰਕ, ਜਮਾਤ ਵਿੱਚ ਗਰੁੱਪ ਬਹਿਸ ਅਤੇ ਵਿਅਕਤੀਗਤ ਐਕਟੀਵਿਟੀ ਦੇ ਨਾਂ ’ਤੇ ਦਿਮਾਗੀ ਬੋਝ, ਵੱਧ ਅੰਕਾਂ ਦੇ ਲਾਲਚ ਵਿੱਚ ਪੜ੍ਹਾਈ ਤੋਂ ਬਾਹਰ ਜਾ ਕੇ ਹੋਰ ਵਿਸ਼ਿਆਂ ਨੂੰ ਪੜਨ੍ਹਾ ਜਾਂ ਪ੍ਰੈਕਟੀਕਲੀ ਸਿੱਖਣਾ ਤਾਂ ਕਿ ਸਕੂਲ ਦਾ ਨਾਂ ਉੱਚਾ ਹੋ ਸਕੇ, ਇਹ ਵਿਚਾਰਨ ਦੀ ਲੋੜ ਮਹਿਸੂਸ ਕਰਾਉਂਦੇ ਹਨ ਕਿ ਮੌਜੂਦਾ ਸਿਖਿਆ ਪ੍ਰਣਾਲੀ ਨਵੀਂ ਪੀੜ੍ਹੀ ਨੂੰ ਸਹੀ ਦਿਸ਼ਾ ਵੱਲ ਨਹੀਂ ਲਿਜਾ ਰਹੀ।
ਸਿਲੇਬਸ ਨੂੰ ਸਕੂਲ ਵਿੱਚ ਤਿਆਰ ਕਰਵਾਉਣ ਦੀ ਬਜਾਇ ਕਾਪੀਆਂ ’ਤੇ ਨੋਟ ਲਿਖ ਦਿੱਤਾ ਜਾਂਦਾ ਹੈ ਕਿ ਵਿਸ਼ੇ ਬਾਰੇ ਜਾਣਕਾਰੀ ਇੰਟਰਨੈੱਟ ਤੋਂ ਲੱਭ ਕੇ ਲਿਆਉ। ਹਰੇਕ ਬੱਚੇ ਦੇ ਘਰ ਵਿੱਚ ਕੰਪਿਊਟਰ/ਪ੍ਰਿੰਟਰ ਨਹੀਂ ਅਤੇ ਨਾ ਹੀ ਇੰਟਰਨੈੱਟ ਬਾਰੇ ਬਹੁਤਿਆਂ ਮਾਪਿਆਂ ਨੂੰ ਬਹੁਤੀ ਜਾਣਕਾਰੀ ਹੈ। ਸਕੂਲੋਂ ਆਏ ਬੱਚੇ ਨੂੰ ਮਾਪੇ ਚਾਰ ਵਜੇ ਤੋਂ ਪਹਿਲਾਂ ਟਿਊਸ਼ਨ ਲਈ ਛੱਡ ਆਉਂਦੇ ਅਤੇ ਫਿਰ ਛੇ ਵਜੇ ਤੋਂ ਬਾਅਦ ਬਜ਼ਾਰ ਵਿੱਚ ਇੰਟਰਨੈੱਟ ਕੈਫੇ ਜਾਂ ਦੁਕਾਨਾਂ ’ਤੇ ਧੱਕੇ ਖਾਂਦੇ ਹਨ ਤਾਂ ਕਿ ਸਬੰਧਿਤ ਪ੍ਰਾਜੈਕਟ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਸਕੇ। ਫਿਰ ਦੁਕਾਨਾਂ ਵਾਲਿਆਂ ਕੋਲੋਂ ਇੰਟੇਰਨੈੱਟ (ਗੂਗਲ ਤੋਂ ਚੋਰੀ ਜਾਂ ਨਕਲ ਰਾਹੀਂ) ਪ੍ਰਾਜੈਕਟ ਤਿਆਰ ਕਰਕੇ ਰੈਡੀਮੇਡ ਪ੍ਰਾਜੈਕਟ ਉੱਤੇ ਜਮਾਤ, ਵਿਦਿਆਰਥੀ ਦਾ ਨਾਂ, ਰੋਲ ਨੰਬਰ ਬਦਲ ਕੇ ਮਾਤਾ ਪਿਤਾ ਨੂੰ ਦੇ ਦਿੱਤਾ ਜਾਂਦਾ ਹੈ, ਜਿਸ ਦੇ ਆਧਾਰ ’ਤੇ ਅੱਠ ਤੋਂ ਦਸ ਅੰਕ ਅਗਲੇ ਦਿਨ ਅਧਿਆਪਕ ਵੱਲੋਂ ਵਿਦਿਆਰਥੀ ਦੇ ਖਾਤੇ ਵਿੱਚ ਜਮ੍ਹਾਂ ਕਰ ਦਿੱਤੇ ਜਾਂਦੇ ਹਨ। ਵਿਦਿਆਰਥੀਆਂ ਵੱਲੋਂ ਹਜ਼ਾਰਾਂ ਰੁਪਏ ਲਾ ਕੇ ਬਣਾਏ ਗਏ ਇਹ ਪ੍ਰਾਜੈਕਟ ਦੋ ਚਾਰ ਦਿਨ ਪ੍ਰਿੰਸੀਪਲ ਦੇ ਕਮਰੇ, ਸਟਾਫ ਰੂਮ ਦੇ ਕਮਰੇ ਜਾਂ ਕਲਾਸ ਦਾ ਵੱਧ ਤੋਂ ਵੱਧ ਦਸ ਦਿਨ ਤੱਕ ਸ਼ਿੰਗਾਰ ਬਣਨ ਤੋਂ ਬਾਦ ਰੱਦੀ ਵਿੱਚ ਜਾਂ ਅੱਗ ਦੇ ਹਵਾਲੇ ਕਰ ਦਿੱਤੇ ਜਾਂਦੇ ਹਨ ਕਿਉਂਕਿ ਕਿਸੇ ਹੋਰ ਵਿਦਿਆਰਥੀ ਵੱਲੋਂ ਲਿਆਂਦਾ/ ਬਣਾਇਆ ਗਿਆ ਨਵਾਂ ਪ੍ਰਾਜੈਕਟ ਪੁਰਾਣੇ ਪ੍ਰਾਜੈਕਟ ਜਾਂ ਮਾਡਲ ਦੀ ਥਾਂ ਲੈ ਲੈਂਦਾ ਹੈ। ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਇੱਕ ਸਾਲ ਵਿੱਚ ਸਕੂਲਾਂ ਵੱਲੋਂ ਇੱਕ ਬੱਚੇ ਕੋਲੋਂ ਪ੍ਰਾਜੈਕਟ ਵਰਕ ਦੇ ਨਾਂ ’ਤੇ ਜੋ ਖ਼ਰਚ ਕਰਵਾ ਦਿੱਤਾ ਜਾਂਦਾ ਹੈ, ਉਸ ਖ਼ਰਚ ਦੀ ਰਕਮ ਨਾਲ ਦੋ ਵਿਦਿਆਰਥੀ ਵਧੀਆ ਪੜ੍ਹਾਈ ਕਰ ਸਕਦੇ ਹਨ।
ਇਸ ਸਾਰੇ ਕਾਸੇ ਵਿੱਚੋਂ ਵਿਦਿਆਰਥੀ ਨੇ ਕੀ ਸਿੱਖਿਆ ਹੈ? ਸਿਰਫ ਇੰਨਾ ਕੁ ਕਿ ਬਾਜ਼ਾਰੋਂ ਪੈਸੇ ਦੇ ਕੇ ਰੈਡੀਮੇਡ ਪ੍ਰਾਜੈਕਟ ਲਿਆਉਣ ਨਾਲ ਅੰਕ ਪ੍ਰਾਪਤ ਹੋ ਜਾਂਦੇ ਹਨ, ਪੱਲੇ ਕੁੱਝ ਨਹੀਂ ਪੈਂਦਾ। ਪੱਲੇ ਸਿਰਫ ਅੰਕ ਪੈਂਦੇ ਹਨ ਤੇ ਇਹੀ ਅੰਕ ਫਾਈਨਲ ਇਮਤਿਹਾਨਾਂ ਵਿੱਚ ਬਹੁਤਾ ਕੰਮ ਨਹੀਂ ਕਰ ਪਾਉਂਦੇ ਕਿਉਂਕਿ ਇਹ ਸਕੂਲ ਪੱਧਰ ਤੱਕ ਹੀ ਰਹਿ ਜਾਂਦੇ ਹਨ। ਬੱਚਿਆਂ ਵਿੱਚ ਸਾਡਾ ਵਿੱਦਿਅਕ ਢਾਂਚਾ ਜ਼ਿੰਦਗੀ ਪ੍ਰਤੀ ਹਾਂ-ਪੱਖੀ ਰਵੱਈਆਂ ਭਰਨ ਵਿੱਚ ਕਾਮਯਾਬ ਹੀ ਨਹੀਂ ਹੋ ਰਿਹਾ। ਇਸ ਦੇ ਉਲਟ ਅੰਕਾਂ ਦੀ ਦੌੜ ਵਿੱਚ ਵਿਦਿਆਰਥੀਆਂ ਉਪਰ ਦਬਾਅ ਐਨਾ ਜ਼ਿਆਦਾ ਵਧਾ ਦਿੱਤਾ ਗਿਆ ਹੈ ਕਿ ਨਤੀਜਾ ਆਸ ਅਨੁਸਾਰ ਨਾ ਆਉਣ ਕਾਰਨ ਉਨ੍ਹਾਂ ਅੰਦਰ ਨਿਰਾਸ਼ਤਾ ਭਰ ਦਿੰਦਾ ਹੈ। ਅਜਿਹੀ ਵਿਦਿਅਕ ਪ੍ਰਣਾਲੀ ਤੁਰਤ ਤਬਦੀਲੀਆਂ ਦੀ ਮੰਗ ਕਰਦੀ ਹੈ। ਬਹੁਤ ਨਿਰਾਸ਼ ਬੱਚੇ ਆਤਮਹੱਤਿਆ ਵਰਗਾ ਕਦਮ ਚੁੱਕਣ ਲੱਗੇ ਇੱਕ ਪਲ ਵੀ ਆਪਣੇ ਜਾਂ ਮਾਪਿਆਂ ਦੇ ਦੁੱਖ ਬਾਰੇ ਨਹੀਂ ਸੋਚਦੇ।
ਕਿਸੇ ਕੰਧ ’ਤੇ ਚੜ੍ਹ ਰਹੀ ਛੋਟੀ ਜਿਹੀ ਕੀੜੀ ਨੂੰ ਫੂਕ ਮਾਰ ਕੇ ਦੇਖੋ, ਉਹ ਵੀ ਆਪਣੇ ਆਪ ਨੂੰ ਬਚਾਉਣ ਦਾ ਜਤਨ ਕਰਦੀ ਨਜ਼ਰ ਆਵੇਗੀ। ਜਾਨਵਰ ਸੜਕ ਪਾਰ ਕਰਨ ਲੱਗੇ ਜੇਕਰ ਕੋਈ ਤੇਜ਼ ਵਾਹਨ ਆ ਜਾਵੇ ਤਾਂ ਇੱਕਦਮ ਆਪਣੀ ਜਾਨ ਬਚਾਉਣ ਲਈ ਪਿੱਛੇ ਹੱਟ ਜਾਂਦੇ ਹਨ। ਅਸੀਂ ਤਾਂ ਇਨਸਾਨ ਹਾਂ, ਫਿਰ ਕਿਉਂ ਨਿੱਕੀਆਂ ਸਮੱਸਿਆਵਾਂ ਅੱਗੇ ਵੀ ਹਾਰ ਜਾਂਦੇ ਹਾਂ। ਆਉ ਜ਼ਿੰਦਗੀ ਨੂੰ ਜੀਵੀਏ, ਕੋਈ ਸਮੱਸਿਆ ਐਸੀ ਨਹੀਂ ਜਿਸ ਦਾ ਹੱਲ ਨਾ ਹੋਵੇ। ਜ਼ਿੰਦਗੀ ਜ਼ਿੰਦਾਦਿਲੀ ਦਾ ਨਾਂ ਹੈ। ਸਕੂਲਾਂ ਵਿੱਚ ਵਿਦਿਆਰਥੀਆਂ ਲਈ ਖੁਸ਼ਗਵਾਰ ਮਾਹੌਲ ਸਿਰਜਣਾ ਜਿਥੇ ਸਮੇਂ ਦੀ ਮੰਗ ਹੈ, ਉੱਥੇ ਪੜ੍ਹਾਈ ਤੋਂ ਇਲਾਵਾ ਹੋਰ ਬੋਝ ਘੱਟ ਹੋਣੇ ਚਾਹੀਦੇ ਹਨ। ਪੜ੍ਹਾਈ ਵਿਚ ਅੰਕਾਂ ਦੀ ਨਹੀਂ, ਗੁਣਵੱਤਾ ਨੂੰ ਪਹਿਲ ਮਿਲਣੀ ਚਾਹੀਦੀ ਹੈ। ਦੁੱਖ ਹੁੰਦਾ ਹੈ ਕਿ 65 ਪ੍ਰਤੀਸ਼ਤ ਨੰਬਰ ਲੈਣ ਵਾਲੀ ਇਕ ਬੱਚੀ ਨੇ ਇਸ ਕਰਕੇ ਜ਼ਹਿਰ ਨਿਗਲ ਲਿਆ ਕਿ ਉਸਦੇ ਨੰਬਰ ਉਸਦੀ ਆਸ ਤੋਂ ਘੱਟ ਸਨ। ਵਿਦਿਆਰਥੀਆਂ ਨੂੰ ਅੰਕਾਂ ਦੀ ਦੌੜ ਵਿਚੋਂ ਕੱਢ ਕੇ ਗੁਣਵਤਾ ਤੇ ਜ਼ਿੰਦਾਦਿਲੀ ਦੀ ਦੌੜ ਵਿੱਚ ਸ਼ਾਮਲ ਕਰਨਾ ਪਵੇਗਾ। ਇਹ ਬੜੀ ਕੌੜੀ ਸੱਚਾਈ ਹੈ ਕਿ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੇ ਆਪਣੇ ਅਧਿਆਪਕਾਂ ਨੂੰ ਸਕੂਲਾਂ ਦਾ ਨਾਂ ਚਮਕਾਉਣ ਲਈ ਬੱਚਿਆਂ ਦੇ ਵੱਧ ਅੰਕ ਲਿਆਉਣ ਦੀ ਦੋੜ ਵਿਚ ਪਾ ਰੱਖਿਆ ਹੈ ਅਤੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਸਰਕਾਰ ਦੀਆਂ ਹੋਰ ਡਿਊਟੀਆਂ ਕਰਨ ਤੋਂ ਵਿਹਲ ਨਹੀਂ ਮਿਲ ਰਹੀ। ਅਜਿਹੀ ਵਿਦਿਅਕ ਪ੍ਰਣਾਲੀ ਨਵੀਂ ਪੀੜ੍ਹੀ ਦਾ ਭਵਿੱਖ ਸੰਵਾਰਨ, ਉਸ ਨੂੰ ਜ਼ਿੰਦਗੀ ਦੀਆਂ ਚੁਣੌਤੀਆਂ ਦੇ ਹਾਣ ਦੇ ਸਮਰੱਥ ਨਹੀਂ ਹੈ। ਆਉ, ਇਸ ਉਪਰ ਫਿਰ ਵਿਚਾਰ ਕਰੀਏ।

Comments

comments

Share This Post

RedditYahooBloggerMyspace