ਸਿੱਖਿਆ, ਸਮਾਜ ਅਤੇ ਸੰਜੀਦਗੀ

ਜੀ. ਕੇ. ਸਿੰਘ, ਆਈਏਐਸ

ਪਿਛਲੇ ਡੇਢ ਦਹਾਕੇ ਦੌਰਾਨ ਸਰਵ ਸਿੱਖਿਆ ਅਭਿਆਨ ਅਤੇ ਹੋਰ ਸਕੀਮਾਂ ਅਧੀਨ ਸਕੂਲਾਂ ਵਿੱਚ ਮੁਢਲੀਆਂ ਸਹੂਲਤਾਂ ਪ੍ਰਦਾਨ ਕਰਨ ਦੇ ਬਾਵਜੂਦ ਮਿਆਰੀ ਸਿੱਖਿਆ ਅਜੇ ਵੀ ਕੋਹਾਂ ਦੂਰ ਹੈ। ਇਸੇ ਕਰਕੇ ਬਹੁਤ ਅਰਧ- ਸ਼ਹਿਰੀ ਅਤੇ ਪੇਂਡੂ ਮਾਪਿਆਂ ਵੱਲੋਂ ਹਰ ਵਰ੍ਹੇ ਆਪਣੇ ਬੱਚਿਆਂ ਨੂੰ ਮਹਿੰਗੀਆਂ ਫੀਸਾਂ ਭਰ ਕੇ ਪ੍ਰਾਈਵੇਟ ਸਕੂਲਾਂ ਵਿੱਚ ਦਾਖਲ ਕਰਵਾਇਆ ਜਾਂਦਾ ਹੈ। ਭਾਵੇਂ ਕਿ ਸਿੱਖਿਆ ਦਾ ਮਿਆਰ ਇਨ੍ਹਾਂ ਸੰਸਥਾਵਾਂ ਵਿੱਚ ਵੀ ਸਲਾਹੁਣਯੋਗ ਨਹੀਂ ਹੈ। ਇਨ੍ਹਾਂ ਸੰਸਥਾਵਾਂ ਵਿੱਚ ਘੱਟ ਤਨਖਾਹਾਂ ਅਤੇ ਵੱਧ ਕੰਮ ਦੇ ਮੰਡੀ ਸਭਿਆਚਾਰ ਨੇ ਚੰਗੇ ਅਧਿਆਪਕਾਂ ਨੂੰ ਆਕਰਸ਼ਿਤ ਨਹੀਂ ਕੀਤਾ। ਇਸੇ ਕਰਕੇ ਸ਼ਹਿਰਾਂ ਦੇ ਮੁਕਾਬਲੇ ਦਿਹਾਤ ਵਿੱਚ ਸਕੂਲ ਸਿੱਖਿਆ ਦੀ ਗੁਣਵੱਤਾ ਜ਼ਿਆਦਾ ਪ੍ਰਭਾਵਿਤ ਹੋਈ ਹੈ। ਬਹੁਤੇ ਅਧਿਆਪਕ ਸ਼ਹਿਰਾਂ ਜਾਂ ਆਸ-ਪਾਸ ਦੇ ਸਕੂਲਾਂ ਵਿੱਚ ਆਪਣੀ ਤਾਇਨਾਤੀ ਨੂੰ ਤਰਜੀਹ ਦਿੰਦੇ ਹਨ। ਦੂਰ-ਦਰਾਜ ਦੇ ਸਕੂਲ ਅਧਿਆਪਕਾਂ ਦੀ ਗਿਣਤੀ ਪੱਖੋਂ ਪਛੜ ਜਾਂਦੇ ਹਨ।
ਸ਼ਾਸਨ ਪ੍ਰਬੰਧਕਾਂ ਨੂੰ ਇਹ ਜਾਨਣ ਦੀ ਜ਼ਰੂਰਤ ਹੈ ਕਿ ਸਰਕਾਰ ਦੇ ਬਾਕੀ ਖੇਤਰਾਂ ਨਾਲੋਂ ਪ੍ਰਬੰਧ ਅਤੇ ਉਦੇਸ਼ਾਂ ਵਿੱਚ ਸਿੱਖਿਆ ਬਿਲਕੁਲ ਭਿੰਨ ਹੈ। ਬਾਕੀ ਮਹਿਕਮਿਆਂ ਵਿੱਚ ਕੀਤਾ ਪੂੰਜੀ ਨਿਵੇਸ਼ ਤੁਰੰਤ ਨਜ਼ਰ ਆਵੇਗਾ ਪਰ ਸਿੱਖਿਆ ਅਤੇ ਸਿਹਤ ਦੇ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਨੂੰ ਮਜ਼ਬੂਤ ਕਰਨ ਨਾਲ ਨਤੀਜੇ ਕਈ ਸਾਲਾਂ ਬਾਅਦ ਮਿਲਣਗੇ। ਅਧਿਆਪਕਾਂ ਦੀ ਚੋਣ, ਟੇ੍ਰੇਨਿੰਗ ਅਤੇ ਤਾਇਨਾਤੀ ਸਿੱਖਿਆ ਦੇ ਸੰਭਾਵੀ ਨਤੀਜਿਆਂ ਨੂੰ ਬਹੁਤ ਪ੍ਰਭਾਵਿਤ ਕਰਦੀ ਹੈ। ਸਕੂਲ ਸਿੱਖਿਆ ਵਿੱਚ ਭਰਤੀ ਅਧਿਆਪਕਾਂ ਵਿੱਚੋਂ ਬਹੁਤੇ ਆਪਣੀ ਕਾਰਜਸ਼ੈਲੀ, ਸੁਭਾਅ ਪੱਖੋਂ ਅਧਿਆਪਨ ਕਾਰਜ ਲਈ ਢੁੱਕਵੇਂ ਨਹੀਂ ਮਿਲਣਗੇ। ਬਹੁਤੇ ਅਧਿਆਪਕ ਮਰਜ਼ੀ ਨਾਲ ਅਧਿਆਪਕ ਨਹੀਂ ਬਣੇ ਬਲਕਿ ਕਿਸੇ ਹੋਰ ਖੇਤਰ ਵਿੱਚ ਪ੍ਰਵੇਸ਼ ਨਾ ਕਰ ਸਕਣ ਕਾਰਨ ਉਹ ਮਜਬੂਰਨ ਅਧਿਆਪਕ ਬਣ ਗਏ।

ਘਰਾਂ ਵਿੱਚ ਵੀ ਵਿੱਦਿਆ ਨੂੰ ਪ੍ਰਾਥਮਿਕਤਾ ਨਹੀਂ ਦਿੱਤੀ ਜਾਂਦੀ। ਬੱਚਿਆਂ ਲਈ ਢੁੱਕਵਾਂ ਮਾਹੌਲ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਪ੍ਰਰੇਨਾ ਸਰੋਤਾਂ ਦੀ ਘਾਟ ਮਹਿਸੂਸ ਹੁੰਦੀ ਹੈ। ਸਸਰਕਾਰ ਦੀ ਸਿੱਖਿਆ ਪ੍ਰਦਾਨ ਕਰਨ ਸਬੰਧੀ ਅਹਿਮ ਜ਼ਿੰਮੇਵਾਰੀ ਦੇ ਨਾਲ-ਨਾਲ, ਮਾਪਿਆਂ ਅਤੇ ਕਮਿਊਨਿਟੀ (ਪੰਚਾਇਤ ਅਤੇ ਹੋਰ ਸਮਾਜਿਕ ਸੰਸਥਾਵਾਂ) ਨੂੰ ਵੀ ਜ਼ਿੰਮੇਵਾਰ ਠਹਿਰਾਉਣ ਦੀ ਜ਼ਰੂਰਤ ਹੈ। ਬਹੁਤ ਘੱਟ ਪੰਚਾਇਤਾਂ ਵੱਲੋਂ ਸਕੂਲ ਦੇ ਵਿਕਾਸ ਲਈ ਉਚੇਚ ਕੀਤਾ ਜਾਂਦਾ ਹੈ। ਮਾਪਿਆਂ ਵੱਲੋਂ ਅਧਿਆਪਕਾਂ ਨਾਲ ਮੁਲਾਕਾਤ ਕਦੇ ਹੀ ਕੀਤੀ ਜਾਂਦੀ ਹੈ। ਚਾਹੀਦਾ ਇਹ ਸੀ ਕਿ ਹਰ ਸ਼ਨਿੱਚਰਵਾਰ ਅੱਧੀ ਛੁੱਟੀ ਵੇਲੇ ਚੁਣਵੇਂ ਮਾਪੇ ਅਤੇ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਬਾਅਦ ਦੁਪਹਿਰ ਸਕੂਲ ਸਭਾ ਵਿੱਚ ਸ਼ਾਮਲ ਹੋਣ ਅਤੇ ਚੰਗੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਹੌਸਲਾ ਅਫ਼ਜ਼ਾਈ ਕਰਨ। ਮਾਪਿਆਂ, ਅਧਿਆਪਕਾਂ ਅਤੇ ਪੰਚਾਇਤਾਂ ਦੀਆਂ ਮੀਟਿੰਗਾਂ ਨਾਲ ਸਕੂਲਾਂ ਦੀਆਂ ਛੋਟੀਆਂ ਸਮੱਸਿਆਵਾਂ ਫੌਰੀ ਹੱਲ ਹੋ ਸਕਦੀਆਂ ਹਨ। ਇਸ ਕਿਸਮ ਦੇ ਰੁਝਾਨ ਦੀ ਅਣਹੋਂਦ ਕਾਰਨ ਹੀ ਅਸੀਂ ਸੈਂਕੜੇ ਸਕੂਲਾਂ ਵਿੱਚ ਕੁੜੀਆਂ ਲਈ ਵੱਖਰੇ ਗੁਸਲਖਾਨੇ ਨਹੀਂ ਬਣਾ ਸਕੇ। ਕਿਸੇ ਨੇ ਇਸ ਪਾਸੇ ਗੌਰ ਨਹੀਂ ਕੀਤੀ ਅਤੇ ਨਾ ਹੀ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ  ਸਾਡੀ ਸਿੱਖਿਆ ਪ੍ਰਣਾਲੀ ਨੌਜਵਾਨਾਂ ਨੂੰ ਕੇਵਲ ਆਰਥਿਕ ਵਿਅਕਤੀ ਹੀ ਬਣਾ ਰਹੀ ਹੈ। ਆਧੁਨਿਕ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਸਮੱਸਿਅਵਾਂ ਇਸ ਇਕਪਾਸੜ ਧਾਰਨਾ ਤੋਂ ਪੈਦਾ ਹੋ ਰਹੀਆਂ ਹਨ। ਸਾਨੂੰ ‘ਆਰਥਿਕ ਮਨੁੱਖ’ ਦੀ ਬਜਾਏ ਸੰਪੂਰਨ ਮਨੁੱਖ ਦੀ ਜ਼ਰੂਰਤ ਹੈ ਜਿਹੜਾ ਸਮਾਜ ਨੂੰ ਦਰਪੇਸ਼ ਚੁਣੌਤੀਆਂ ਅਤੇ ਗੰਭੀਰ ਸਮੱਸਿਆਵਾਂ ਨੂੰ ਨਾ ਕੇਵਲ ਸਮਝਦਾ ਹੋਵੇ ਸਗੋਂ ਇਨ੍ਹਾਂ ਦੇ ਇਲਾਜ ਅਤੇ ਸਮਾਧਾਨ ਤੋਂ ਵੀ ਵਾਕਫ ਹੋਵੇ। ਹਾਈ ਸਕੂਲ ਜਾਣ ਵੇਲੇ ਲੜਕੀਆਂ ਦੀ ਡਰਾਪ ਆਊਟ ਦਰ ਕਿਉਂ ਵੱਧ ਹੈ?
ਕਈ ਸਾਲ ਪਹਿਲਾਂ ਸਕੂਲ ਸਿੱਖਿਆ ਵਿਭਾਗ ਦਾ ਡਾਇਰੈਕਟਰ ਜਨਰਲ ਹੁੰਦਿਆਂ ਮੈਂ ਕਈ ਆਦਰਸ਼ ਸਕੂਲਾਂ ਵਿੱਚ ਸੀਨੀਅਰ ਵਿਦਿਆਰਥੀਆਂ ਅਤੇ ਅਧਿਅਪਾਕਾਂ ਦੀਆਂ ਮੀਟਿੰਗਾਂ ਦੌਰਾਨ ਮਾਪਿਆਂ ਨੂੰ ਵੀ ਬੁਲਾਇਆ ਸੀ। ਬਹੁਤ ਸਾਰੇ ਘਰਾਂ ਵਿੱਚ ਸੈਕੰਡਰੀ ਵਿਦਿਆਰਥੀਆਂ ਕੋਲ ਘਰ ਪੜ੍ਹਨ ਲਈ ਮੇਜ਼ ਅਤੇ ਕੁਰਸੀ ਨਹੀਂ ਸੀ। ਇਵੇਂ ਘਰ ਵਿੱਚ ਆਪਣੀਆਂ ਕਿਤਾਬਾਂ ਨੂੰ ਸੰਭਾਲ ਕੇ ਰੱਖਣ ਲਈ ਕੋਈ ਅਲਮਾਰੀ ਜਾਂ ਬੁੱਕ ਸੈਲਫ ਵੀ ਬਹੁਤ ਥੋੜ੍ਹੇ ਬੱਚਿਆਂ ਪਾਸ ਸੀ। ਸਵਾਲ ਪੁੱਛਦਿਆਂ ਬਹੁਤ ਘੱਟ ਬੱਚਿਆਂ ਨੇ ਹਾਂ ’ਚ ਜਵਾਬ ਦਿੱਤਾ ਕਿ ਕੀ ਇਮਤਿਹਾਨਾਂ ਵੇਲੇ ਉਨ੍ਹਾਂ ਦੇ ਮਾਪਿਆਂ-ਰਿਸ਼ਤੇਦਾਰਾਂ ਵੱਲੋਂ ਤੁਹਾਡੇ ਕੀਮਤੀ ਸਮੇਂ ਦਾ ਖਿਆਲ ਰੱਖਿਆ ਜਾਂਦਾ ਹੈ। ਅਖ਼ਬਾਰਾਂ, ਰਸਾਲੇ ਘਰ ਮੰਗਵਾ ਕੇ ਉਚੇਚੇ ਤੌਰ ’ਤੇ ਬੱਚਿਆਂ ਨੂੰ ਦੇਣ ਸਬੰਧੀ ਵੀ ਢਿੱਲਾ ਹੀ ਜਵਾਬ ਮਿਲਿਆ। ਬੱਚਿਆਂ ਦੇ ਜਨਮ ਦਿਨ ਅਤੇ ਹੋਰਨਾਂ ਉਤਸਵਾਂ ’ਤੇ ਚੰਗੀਆਂ ਕਿਤਾਬਾਂ ਤੋਹਫੇ ਵਜੋਂ ਦੇਣ ਦਾ ਤਾਂ ਬਿਲਕੁਲ ਰਿਵਾਜ ਨਹੀਂ ਹੈ। ਜੇਕਰ ਅਸੀਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਪੜ੍ਹਨ ਸਭਿਆਚਾਰ ਪੈਦਾ ਕਰਨ ਵਿੱਚ ਨਵੇਂ ਕਦਮ ਨਹੀਂ ਚੁੱਕਾਂਗੇ ਤਾਂ ਕਿਵੇਂ ਇਮਤਿਹਾਨਾਂ ਵਿੱਚ ਨਤੀਜੇ ਚੰਗੇ ਪ੍ਰਾਪਤ ਹੋਣਗੇ। ਸਾਡੇ ਵਿੱਦਿਅਕ ਅਦਾਰਿਆਂ ਵਿੱਚ ਪੜ੍ਹਾਈ ਰੌਚਿਕ ਬਣਾਉਣ ਦੀ ਥਾਂ ਨਿਰੀ ਕਿਤਾਬੀ ਅਤੇ ਨੀਰਸ ਬਣਾਈ ਜਾਂਦੀ ਹੈ। ਸਕੂਲਾਂ ਦਾ ਚੌਗਿਰਦਾ, ਕਲਾਸ ਰੂਮ, ਪ੍ਰਯੋਗਸ਼ਾਲਾਵਾਂ ਅਤੇ ਖੇਡ ਮੈਦਾਨ ਬੱਚਿਆਂ ਲਈ ਆਕਰਸ਼ਕ ਬਣਾਉਣ ਦੀ ਲੋੜ ਹੈ। ਪੰਜਾਬ ਦੇ ਦਿਹਾਤ ਵਿੱਚ ਲਗਪਗ ਸਾਰੇ ਸਕੂਲ ਪੰਚਾਇਤੀ ਥਾਵਾਂ ਵਿੱਚ ਗੁਰਦੁਆਰੇ ਜਾਂ ਹੋਰ ਧਾਰਮਿਕ ਸਥਾਨਾਂ ਦੇ ਨਾਲ ਜੁੜਵੇਂ ਹੀ ਉਸਾਰੇ ਗਏ ਹਨ ਪਰ ਨੈਤਿਕਤਾ ਅਤੇ ਇਮਾਨਦਾਰੀ ਦੇ ਪਾਠ ਤੋਂ ਵਿਦਿਆਰਥੀ ਵਿਰਵੇ ਹੀ ਰਹਿੰਦੇ ਹਨ। ਜੇਕਰ ਪੜ੍ਹੀ-ਲਿਖੀ ਅਗਲੀ ਪੀੜ੍ਹੀ ਸਮਾਜਿਕ ਰੂਪ ਵਿੱਚ ਬੇਗਾਨਗੀ ਨਾਲ ਗੜੁੱਚ ਹੈ ਤਾਂ ਕਿਹੜੇ ਸਰੋਕਾਰਾਂ ਅਤੇ ਸੰਕਟਾਂ ਦਾ ਹੱਲ ਕੱਢਣਾ ਹੈ?
ਇਕੀਵੀਂ ਸਦੀ ਦੀ ਸਿੱਖਿਆ ਬੱਚਿਆਂ ਨੂੰ ਵਿਸ਼ਵ ਪੱਧਰ ’ਤੇ ਭਾਈਚਾਰਕ ਸਾਂਝ, ਅਮਨ ਸ਼ਾਂਤੀ, ਆਰਥਿਕ ਰੂਪ ਵਿੱਚ ਮੁਕਾਬਲੇ ਵਾਲੀ ਅਤੇ ਸਮਾਜਿਕ ਪੱਧਰ ’ਤੇ ਨੈਤਿਕ ਕਦਰਾਂ-ਕੀਮਤਾਂ ਦੀ ਧਾਰਨੀ ਬਣਾਉਣ ਦੇ ਸਮਰੱਥ ਹੋਣੀ ਚਾਹੀਦੀ ਹੈ। ਇਹ ਸਭ ਕੁਝ ਤਾਂ ਹੀ ਸੰਭਵ ਹੈ ਜੇਕਰ ਸਕੂਲ ਸਾਡੇ ਲਈ ਗਤੀਵਿਧੀਆਂ ਦਾ ਕੇਂਦਰ ਬਣਨ।  ਅਧਿਆਪਕ, ਮਾਪੇ ਅਤੇ ਸਮਾਜ ਯੋਜਨਾਬੱਧ ਢੰਗ ਨਾਲ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਇਕਜੁੱਟ ਹੋ ਕੇ ਹਰ ਸੰਭਵ ਯਤਨ ਕਰਨ। ਜਿੰਨੀ ਦੇਰ ਆਪਣੀ ਅਸਫਲਤਾ ਦੇ ਦੂਸ਼ਣ ਦੂਸਰੇ ਸਿਰੇ ਮੜ੍ਹਾਂਗੇ, ਓਨੀ ਦੇਰ ਸਿੱਖਿਆ ਦੇ ਪਵਿੱਤਰ ਕਾਰਜ ਨੂੰ ਸਹੀ ਦਿਸ਼ਾ ਵੱਲ ਲਿਜਾਣ ਵਿੱਚ ਕਾਮਯਾਬ ਨਹੀਂ ਹੋਵਾਂਗਾ।

Comments

comments

Share This Post

RedditYahooBloggerMyspace