ਸਮੈੱਸਟਰ ਪ੍ਰਣਾਲੀ – ਸਹੀ ਜਾਂ ਬੋਝ ?

ਪ੍ਰੋ. (ਡਾ਼) ਆਰ.ਕੇ.ਉੱਪਲ

ਭਾਰਤ ਦੀਆਂ 400 ਯੂਨੀਵਰਸਿਟੀਆਂ ਅਤੇ ਇਨ੍ਹਾਂ ਅਧੀਨ ਆਉਂਦੇ ਕਾਲਜਾਂ ਵਿੱਚ 2015-16 ਦੇ ਸੈਸ਼ਨ ਤੋਂ ਗ੍ਰੇਡਿੰਗ ਪ੍ਰਣਾਲੀ ਅਤੇ ਸਮੈਸਟਰ ਪ੍ਰਣਾਲੀ ਲਾਗੂ ਹੈ। ਸਮੈਸਟਰ ਪ੍ਰਣਾਲੀ ਵਿੱਚ  ਅਕਾਦਮਿਕ ਸਾਲ ਨੂੰ ਦੋ ਬਰਾਬਰ ਭਾਗਾਂ ਵਿੱਚ ਵੰਡ ਕੇ ਸਿੱਖਿਆ ਨੂੰ ਵਧੇਰੇ ਅਸਰਦਾਇਕ ਬਣਾਕੇ ਉੱਚ ਸਿੱਖਿਆ ਦਾ ਪ੍ਰਸਾਰ ਕੀਤਾ ਜਾਂਦਾ ਹੈ। ਭਾਰਤ ਵਿੱਚ ਸਮੈਸਟਰ ਪ੍ਰਣਾਲੀ ਨੂੰ ਸਿੱਖਿਆ ਵਿੱਚ ਇਕ ਵੱਡੇ ਸੁਧਾਰ ਵਜੋਂ ਦੇਖਿਆ ਜਾ ਰਿਹਾ ਹੈ। ਬਹੁਗਿਣਤੀ ਵਿਦਿਆਰਥੀ ਵੀ ਇਸ ਤੋਂ ਸੰਤੁਸ਼ਟ ਹਨ ਫਿਰ ਵੀ ਕਾਫੀ ਕਾਲਜ ਤੇ ਯੂਨੀਵਰਸਿਟੀ ਅਧਿਆਪਕਾਂ, ਪ੍ਰਿੰਸੀਪਲਾਂ ਅਤੇ ਉਪ ਕੁਲਪਤੀਆਂ ਵਿਚ ਇਸ ਪ੍ਰਣਾਲੀ ਉਪਰ ਸੰਤੁਸ਼ਟੀ ਜ਼ਾਹਿਰ ਨਹੀਂ ਕੀਤੀ ਜਾ ਰਹੀ। ਉਹ ਇਸ ਵਿਚ ਕਈ ਖਾਮੀਆਂ ਕੱਢ ਰਹੇ ਹਨ।

ਸਿੱਖਿਆ ਪ੍ਰਣਾਲੀ ਭਾਵੇਂ ਸਾਲਾਨਾ ਹੋਵੇ ਜਾਂ ਸਮੈਸਟਰ, ਇਸ ਦਾ ਬਹੁਤਾ ਪ੍ਰਭਾਵ ਵਿਦਿਆਰਥੀ ਵਰਗ ਉਪਰ ਹੀ ਪੈਂਦਾ ਹੈ। ਯੂਜੀਸੀ. ਦੁਆਰਾ ਕੀਤੇ ਗਏ ਇਕ ਸਰਵੇ ਅਨੁਸਾਰ ਕਾਲਜਾਂ ਵਿੱਚ ਤੀਹ ਫੀਸਦੀ ਸਟਾਫ ਯੋਗਤਾ ਪੂਰੀ ਨਹੀਂ ਕਰਦਾ। ਅਜਿਹੇ ਹਾਲਤ ਵਿੱਚ ਸਮੈਸਟਰ ਪ੍ਰਣਾਲੀ ਲਾਹੇਵੰਦ ਸਾਬਿਤ ਨਹੀਂ ਹੋ ਸਕਦੀ।

ਸਮੈਸਟਰ ਪ੍ਰਣਾਲੀ ਅਮਰੀਕਾ ਜਾਂ ਪੱਛਮੀ ਦੇਸ਼ਾਂ ਵਿਚ ਬਹੁਤ ਅਸਰਦਾਇਕ ਤਰੀਕੇ ਨਾਲ ਕੰਮ ਕਰ ਰਹੀ ਹੈ। ਭਾਰਤ ਨੇ ਵੀ ਇਸ ਪ੍ਰਣਾਲੀ ਨੂੰ ਅਮਰੀਕਾ ਤੋਂ ਨਕਲ ਕੀਤਾ ਹੈ। ਸਾਡੇ ਦੇਸ਼ ਵਿੱਚ ਅਜਿਹੀ ਪ੍ਰਣਾਲੀ ਕਿੱਥੋਂ ਤੱਕ ਸਫ਼ਲ ਹੋ ਰਹੀ ਹੈੈ, ਵਿਦਿਆਰਥੀ ਵਰਗ ਕੀ ਮਹਿਸੂਸ ਕਰਦਾ ਹੈ, ਅਧਿਆਪਕ ਕੀ ਮਹਿਸੂਸ ਕਰਦੇ ਹਨ, ਨੂੰ ਜਾਣਨਾ ਬਹੁਤ ਜ਼ਰੂਰੀ ਹੈ।
ਫਰਵਰੀ 2017 ਨੂੰ ਪੰਜਾਬ ਦੇ ਕਾਲਜਾਂ ਵਿੱਚ ਪੜ੍ਹਦੇ 500 ਵਿਦਿਆਰਥੀਆਂ ਦਾ ਇੱਕ ਅਹਿਮ ਸਰਵੇ ਕੀਤਾ ਗਿਆ। ਇਸ ਅਨੁਸਾਰ 74 ਫ਼ੀਸਦੀ ਵਿਦਿਆਰਥੀ ਸਮੈਸਟਰ ਪ੍ਰਣਾਲੀ ਦੇ ਹੱਕ ਵਿੱਚ ਹਨ ਜਦ ਕਿ 20 ਫ਼ੀਸਦੀ ਸਾਲਾਨਾ ਪ੍ਰੀਖਿਆ ਪ੍ਰਣਾਲੀ ਚਾਹੁੰਦੇ ਸਨ। ਛੇ ਫ਼ੀਸਦੀ ਵਿਦਿਆਰਥੀ ਦੋਵਾਂ ਸਿੱਖਿਆ ਪ੍ਰਣਾਲੀਆਂ ਦੇ ਹੱਕ ਵਿੱਚ ਸਨ। ਇਸ ਤੋਂ ਸਾਫ਼ ਪਤਾ ਚੱਲਦਾ ਹੈ ਕਿ ਸਮੈਸਟਰ ਪ੍ਰਣਾਲੀ ਵਿਦਿਆਰਥੀਆਂ ਦੀ ਪਹਿਲੀ ਪਸੰਦ ਹੀ ਹੈ। 84 ਫ਼ੀਸਦੀ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਸਮੈਸਟਰ ਪ੍ਰਣਾਲੀ ਵਿੱਚ ਉਹ ਚੰਗੇ  ਨੰਬਰ ਲੈ ਸਕਦੇ ਹਨ ਜਦ ਕਿ 16  ਫ਼ੀਸਦੀ ਵਿਦਿਆਰਥੀਆਂ ਨੇ ਚੰਗੇ ਨੰਬਰਾਂ ਲਈ ਸਾਲਾਨਾ ਪ੍ਰੀਖਿਆਂ ਨੂੰ ਹੀ ਤਰਜੀਹ ਦਿੱਤੀ।

ਨੌਕਰੀ ਲੈਣ ਵਿੱਚ ਕਿਹੜੀ ਸਿੱਖਿਆ ਪ੍ਰਣਾਲੀ ਜ਼ਿਆਦਾ ਲਾਭਦਾਇਕ ਹੈ, ਪੁੱਛੇ ਜਾਣ ’ਤੇ 50 ਫ਼ੀਸਦੀ ਵਿਦਿਆਰਥੀਆਂ ਨੇ ਸਮੈਸਟਰ ਪ੍ਰਣਾਲੀ ਨੂੰ ਜ਼ਿਆਦਾ ਸਹੀ ਕਰਾਰ ਦਿੰਦਿਆਂ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਪੜ੍ਹਿਆ ਤਾਜ਼ਾ ਰਹਿੰਦਾ ਹੈ। 26 ਫ਼ੀਸਦੀ ਵਿਦਿਆਰਥੀ ਸਾਲਾਨਾ ਪ੍ਰੀਖਿਆ ਪ੍ਰਣਾਲੀ ਨੂੰ ਲਾਭਦਾਇਕ ਮੰਨਦੇ ਸਨ ਜਦਕਿ 24 ਫ਼ੀਸਦੀ ਦੋਵਾਂ ਵਿਦਿਅਕ ਪ੍ਰਣਾਲੀਆਂ ਦੇ ਹੱਕ ਵਿਚ ਸਨ। 70 ਫ਼ੀਸਦੀ

ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਮੈਸਟਰ ਪ੍ਰਣਾਲੀ ਨਾਲ ਵਿਸ਼ੇ ਨੂੰ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿਉਂਕਿ ਸਿਲੇਬਸ ਵੰਡਿਆ ਹੁੰਦਾ ਹੈ। 16 ਫ਼ੀਸਦੀ ਸਾਲਾਨਾ ਪ੍ਰੀਖਿਆ ਨੂੰ ਲਾਭਦਾਇਕ ਮੰਨਦੇ ਹਨ। ਪਰ 14 ਫ਼ੀਸਦੀ ਦੋਵਾਂ ਪ੍ਰਣਾਲੀਆਂ ਦੇ ਹੱਕ ਵਿੱਚ ਹਨ। 80 ਫ਼ੀਸਦੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਸਮੈਸਟਰ ਸਿਸਟਮ ਸਾਰਾ ਸਾਲ ਹੀ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਅਕਾਦਮਿਕ ਕਿਰਿਆਵਾਂ ਵਿੱਚ ਮਸ਼ਰੂਫ ਰੱਖਦਾ ਹੈ। ਵੀਹ ਫ਼ੀਸਦੀ ਨੇ ਇਸ ਦੇ ਉਲਟ ਸਾਲਾਨਾ ਪ੍ਰੀਖਿਆ ਪ੍ਰਣਾਲੀ ਨੂੰ ਹੀ ਤਰਜੀਹ ਦਿੱਤੀ ਹੈ। ਨਵੀਆਂ ਤਕਨੀਕਾਂ ਨਾਲ ਪੜ੍ਹਾਉਣ ਲਈ 90 ਫ਼ੀਸਦੀ ਵਿਦਿਆਰਥੀ ਸਮੈਸਟਰ ਪ੍ਰਣਾਲੀ ਦੇ ਹੱਕ ਵਿੱਚ ਸਨ। ਸਿਰਫ਼ ਅੱਠ ਫ਼ੀਸਦੀ ਵਿਦਿਆਰਥੀ ਹੀ ਅਜਿਹੀਆਂ ਤਕਨੀਕਾਂ ਲਈ ਸਾਲਾਨਾ ਪ੍ਰੀਖਿਆ ਪ੍ਰਣਾਲੀ ਨੂੰ ਅਹਿਮ ਮੰਨਦੇ ਹਨ। ਸਾਲਾਨਾ ਪ੍ਰਣਾਲੀ ਵਿੱਚ ਸਾਲ ਦੇ ਅਖ਼ੀਰ ਵਿੱਚ ਇਮਿਤਹਾਨ ਹੁੰਦੇ ਹਨ ਜਿਸ ਕਰਕੇ ਸਾਰਾ ਸਾਲ ਹੀ ਬੋਝ ਰਹਿੰਦਾ ਹੈ। ਇਸ ਲਈ 56 ਫ਼ੀਸਦੀ ਸਮੈਸਟਰ ਸਿਸਟਮ ਦੇ ਹੱਕ ਵਿੱਚ ਸਨ ਜਦਕਿ 16 ਫ਼ੀਸਦੀ ਸਾਲਾਨਾ ਪ੍ਰੀਖਿਆ ਅਤੇ 28 ਫ਼ੀਸਦੀ ਦੋਵਾਂ ਤਰ੍ਹਾਂ ਦੀਆਂ ਪ੍ਰਣਾਲੀਆਂ ਦੇ ਹੱਕ ਵਿੱਚ ਸਨ। ਦਰਅਸਲ ਸਮੈਸਟਰ ਸਿਸਟਮ ਨਾਲ ਵਿਦਿਆਰਥੀਆਂ ’ਤੇ ਸਿਲੇਬਸ ਦਾ ਬੋਝ ਘੱਟਦਾ ਜਾਂਦਾ ਹੈ। ਯੂਜੀਸੀ ਦੇ ਇਸ ਸਰਵੇ ਤੋਂ ਇਹ ਨਤੀਜਾ ਨਿਕਲਦਾ ਹੈ ਕਿ ਸਮੈਸਟਰ ਪ੍ਰਣਾਲੀ ਵਿਦਿਆਰਥੀਆਂ ਲਈ ਲਾਹੇਵੰਦ ਹੈ ਜਿਸ ਕਾਰਨ ਵਿਦਿਆਰਥੀਆਂ ਨੂੰ ਸਾਰਾ ਹੀ ਸਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ ਅਤੇ ਉਨ੍ਹਾਂ ਉਪਰ ਬੋਝ ਵੀ ਨਹੀਂ ਪੈਂਦਾ। ਇਹੀ ਕਾਰਨ ਹੈ ਕਿ ਇਸ ਦੀ ਵਰਤੋਂ ਵਿਕਸਿਤ ਦੇਸ਼ਾਂ ਵਿੱਚ ਕਾਫ਼ੀ ਦੇਰ ਤੋਂ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਅਧਿਆਪਕ, ਪ੍ਰਿੰਸੀਪਲ ਅਤੇ ਯੂਨੀਵਰਸਿਟੀਆਂ ਇਸ ਸਮੈਸਟਰ ਪ੍ਰਣਾਲੀ ਨੂੰ ਬੋਝ ਮੰਨਣ ਲੱਗ ਪਈਆਂ ਹਨ। ਕਿਉਂਕਿ ਬਹੁਤਾ ਸਮਾਂ ਇਮਿਤਹਾਨਾਂ ਵਿੱਚ ਅਤੇ ਪੇਪਰਾਂ ਨੂੰ ਚੈੱਕ ਕਰਨ ਵਿੱਚ ਹੀ ਨਿਕਲ ਜਾਂਦਾ ਹੈ ਜਿਸ ਕਰਕੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਸਮਾਂ ਘੱਟ ਮਿਲਦਾ ਹੈ। ਵਿਦਿਆਰਥੀਆਂ ਦਾ ਗਿਆਨ ਅਧੂਰਾ ਰਹਿ ਜਾਂਦਾ ਹੈ। ਅਧਿਆਪਕ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਕਰਕੇ ਹੀ ਬਹੁਤੀ ਵਾਰੀ ਪੇਪਰ ਚੈੱਕ ਕਰਦੇ ਹਨ। ਕਾਹਲੀ ਵਿੱਚ ਮੁਲੰਕਣ ਵੀ ਸਹੀ ਨਹੀਂ ਹੁੰਦਾ ਜਿਸ ਦਾ ਨੁਕਸਾਨ ਹੁਸ਼ਿਆਰ ਅਤੇ ਮਿਹਨਤੀ ਵਿਦਿਆਰਥੀਆਂ ਨੂੰ ਜ਼ਿਆਦਾ ਹੁੰਦਾ ਹੈ। ਵਿਦਿਆਰਥੀਆਂ ਨੂੰ ਤਿਆਰੀ ਕਰਨ ਦਾ ਸਮਾਂ ਬਹੁਤ ਘੱਟ ਮਿਲਦਾ ਹੈ। ਯੂਨੀਵਰਸਿਟੀਆਂ ਦਾ ਕੰਮ ਪਹਿਲਾਂ ਨਾਲੋਂ ਕਈ ਗੁਣਾਂ ਵੱਧ ਗਿਆ ਹੈ। ਸਮੇਂ ਸਿਰ ਨਤੀਜੇ ਕੱਢਣਾ ਉਨ੍ਹਾਂ ਲਈ ਬਹੁਤ ਮੁਸ਼ਕਲ ਹੁੰਦਾ ਜਾ ਰਿਹਾ ਹੈ। ਜਿਹੜੇ ਵਿਦਿਆਰਥੀ ਐਸ.ਸੀ. ਜਾਂ ਐਸ.ਟੀ ਆਦਿ ਰਿਜ਼ਰਵ ਕੈਟਾਗਰੀ ਵਿੱਚ ਆਉਂਦੇ ਹਨ, ਉਨ੍ਹਾਂ ਲਈ ਸਪੈਸ਼ਲ ਕਲਾਸਾਂ ਹੀ ਨਹੀ ਲੱਗਦੀਆਂ। ਬਹੁਤੇ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਸਭਿਆਚਾਰਕ ਗਤੀਵਿਧੀਆਂ ਵਿੱਚ ਭਾਗ ਲੈਣਾਂ ਬੰਦ ਕਰ ਦਿੱਤਾ ਹੈ।

ਕੁਝ ਵਾਈਸ ਚਾਂਸਲਰ ਹੁਣ ਫਿਰ ਸਮੈਸਟਰ ਸਿਸਟਮ ਨੂੰ ਬੰਦ ਕਰਕੇ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਕਰਨ ਦੀ ਗੱਲ ਕਰਨ ਲੱਗੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਵੇਂ ਵਿਕਸਿਤ ਦੇਸ਼ਾਂ ਵਿੱਚ ਸਮੈਸਟਰ ਪ੍ਰਣਾਲੀ ਸਾਰਥਿਕ ਸਾਬਤ ਹੋ ਰਹੀ ਹੈ ਪਰ ਭਾਰਤ ਵਿੱਚ ਇਸ ਦੇ ਬਹੁਤੇ ਚੰਗੇ ਨਤੀਜੇ ਸਾਹਮਣੇ ਨਹੀਂ ਆ ਰਹੇ।

Comments

comments

Share This Post

RedditYahooBloggerMyspace