ਕੋਰਸ ਚੁਣਨ ਦਾ ਪੈਮਾਨਾ ਕੀ ਹੋਵੇ

ਕ੍ਰਿਸ਼ਨ ਗੋਪਾਲ

ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਤੋਂ ਬਾਅਦ ਵੱਖ-ਵੱਖ ਕੋਰਸਾਂ ਵਿੱਚ ਦਾਖ਼ਲੇ ਦਾ ਦੌਰ ਚੱਲ ਰਿਹਾ ਹੈ। ਇਸ ਸਟੇਜ ਨੂੰ ਵਿਦਿਆਰਥੀ ਦੀ ਜ਼ਿੰਦਗੀ ਦਾ ਸਭ ਤੋਂ ਨਿਰਣਾਇਕ ਮੋੜ ਮੰਨਿਆ ਜਾਂਦਾ ਹੈ ਕਿਉਂਕਿ ਇਸ ਸਮੇਂ ਲਏ ਗਏ ਫ਼ੈਸਲੇ ਨੇ ਸਾਰੀ ਜ਼ਿੰਦਗੀ ਨੂੰ ਪ੍ਰਭਾਵਿਤ ਕਰਨਾ ਹੈ। ਯੂਨੀਵਰਸਿਟੀਆਂ ਅਤੇ ਕਾਲਜਾਂ ਦੁਆਰਾ ਪਹਿਲਾਂ ਚੱਲੇ ਆ ਰਹੇ ਕੋਰਸਾਂ ਦੇ ਨਾਲ ਹੀ ਭਾਂਤ-ਭਾਂਤ ਦੇ ਨਵੇਂ ਕੋਰਸ ਕਰਵਾਏ ਜਾਣ ਲੱਗੇ ਹਨ। ਇਸ ਲਈ ਕੋਰਸ ਦੀ ਚੋਣ ਹੋਰ ਵੀ ਗੁੰਝਲਦਾਰ ਬਣ ਗਈ ਹੈ। ਆਪਣੇ ਦੋਸਤਾਂ ਦੀ ਰੀਸੋ-ਰੀਸ ਗ਼ਲਤ ਕੋਰਸਾਂ ਦੀ ਚੋਣ ਦੀ ਪ੍ਰਵਿਰਤੀ ਆਮ ਵੇਖਣ ਨੂੰ ਮਿਲਦੀ ਹੈ। ਜਦੋਂ ਤੱਕ ਵਿਦਿਆਰਥੀ ਨੂੰ ਸਮਝ ਆਉਂਦਾ ਹੈ ਕਿ ਇਹ ਕੋਰਸ ਉਨ੍ਹਾਂ ਲਈ ਢੁਕਵਾਂ ਨਹੀਂ, ਉਦੋਂ ਤੱਕ ਕੋਰਸ ਬਦਲਣ ਲਈ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ। ਜ਼ਿੰਦਗੀ ਦੇ ਇਸ ਅਹਿਮ ਫ਼ੈਸਲੇ ਲਈ ਹੇਠ ਲਿਖੇ ਪਹਿਲੂਆਂ ਨੂੰ ਤਵੱਜੋਂ ਦੇਣ ਦੀ ਜ਼ਰੂਰਤ ਹੈ।

ਕੀ ਕੋਰਸ ਰੁਚੀ ਅਨੁਸਾਰ ਢੁਕਵਾਂ ਹੈ: ਵਿਦਿਆਰਥੀ ਨੂੰ ਸਵੈ-ਪੜਚੋਲ ਦੀ ਲੋੜ ਹੈ ਕਿ ਜਿਹੜੇ ਕੋਰਸ ਵਿੱਚ ਉਹ ਦਾਖ਼ਲਾ ਲੈ ਰਿਹਾ ਹੈ, ਉਸ ਕੋਰਸ ਤੋਂ ਬਾਅਦ ਮਿਲਣ ਵਾਲਾ  ਰੁਜ਼ਗਾਰ ਉਸ ਦੀ ਰੁਚੀ ਅਨੁਸਾਰ ਹੈ। ਜਿਸ ਤਰ੍ਹਾਂ ਦੋ ਵਿਅਕਤੀਆਂ ਦੇ ਅੰਗੂਠੇ ਦੇ ਨਿਸ਼ਾਨ ਆਪਸ ਵਿੱਚ ਨਹੀਂ ਮਿਲਦੇ, ਉਸੇ ਪ੍ਰਕਾਰ ਹਰੇਕ ਵਿਦਿਆਰਥੀ ਵਿਲੱਖਣ ਸੋਚ ਅਤੇ ਰੁਚੀ ਰੱਖਦਾ ਹੈ। ਇਸ ਲਈ ਕੋਰਸ ਦੀ ਚੋਣ ਲਈ ਸਭ ਤੋਂ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ ਦੀ ਲੋੜ ਹੈ। ਰੁਚੀ ਅਨੁਸਰ ਚੁਣਿਆ ਹੋਇਆ ਕੋਰਸ ਹੀ ਤੁਹਾਨੂੰ ਸਫ਼ਲਤਾ ਦੀ ਬੁਲੰਦੀ ’ਤੇ ਪਹੁੰਚਾ ਸਕਦਾ ਹੈ। ਇਸ ਲਈ ਕੋਰਸ ਦੀ ਚੋਣ ਮਾਪਿਆਂ ਦੇ ਦਬਾਅ ਜਾਂ ਦੋਸਤਾਂ ਦੀ ਰੀਸ ਨਾਲ ਨਹੀਂਂ ਸਗੋਂ ਵਿਦਿਆਰਥੀ ਦੀ ਰੁਚੀ ਅਨੁਸਾਰ ਹੋਣੀ ਚਾਹੀਦੀ ਹੈ।

ਕੀ ਵਿਦਿਆਰਥੀ ਸਬੰਧਿਤ ਕੋਰਸ ਕਰਨ ਦੇ ਸਮਰੱਥ ਹੈ: ਕਈ ਵਾਰ ਵਿਦਿਆਰਥੀ ਮਨ ਹੀ ਮਨ ਕਿਸੇ ਖ਼ਾਸ ਖੇਤਰ ਵੱਲ ਅਕਰਸ਼ਿਤ ਹੋ ਜਾਂਦੇ ਹਨ  ਪਰ ਉਸ ਵਿਦਿਆਰਥੀ ਵਿੱਚ ਉਸ ਖੇਤਰ ਵਿੱਚ ਸਫ਼ਲ ਹੋਣ ਦੀ ਲੋੜੀਂਦੀ ਸਮਰੱਥਾ ਤੇ ਯੋਗਤਾ  ਨਹੀਂ ਹੁੰਦੀ। ਪੇਂਡੂ ਖੇਤਰ ਦੇ ਸਰਕਾਰੀ ਸਕੂਲਾਂ ਦੇ ਜ਼ਿਆਦਾਤਰ ਵਿਦਿਆਰਥੀਆਂ ਦਾ ਰੁਝਾਨ ਫ਼ੌਜ ਵਿੱਚ ਭਰਤੀ ਹੋਣ ਦਾ ਹੁੰਦਾ ਹੈ ਪਰ ਉਨ੍ਹਾਂ ਵਿੱਚੋਂ ਕਈ ਵਿਦਿਆਰਥੀਆਂ ਦਾ ਸਰੀਰਕ ਪੱਧਰ ਫ਼ੌਜ ਵਿੱਚ ਭਰਤੀ ਹੋਣ ਦੇ ਯੋਗ ਹੀ ਨਹੀਂ ਹੁੰਦਾ। ਇਸ ਪ੍ਰਕਾਰ ਹਰੇਕ ਖੇਤਰ ਵਿੱਚ ਸਫ਼ਲਤਾ ਲਈ ਕੁੱਝ ਮੁੱਢਲੀਆਂ ਯੋਗਤਾਵਾਂ ਹਨ ਜਿਵੇਂ ਡਾਕਟਰੀ ਲਈ ਸਾਇੰਸ ਤੇ ਅੰਗਰੇਜ਼ੀ ਉੱਤੇ ਚੰਗੀ ਪਕੜ, ਇੰਜਨੀਅਰਿੰਗ ਲਈ ਗਣਿਤ, ਸਾਇੰਸ ਤੇ ਅੰਗਰੇਜ਼ੀ ਵਿਸ਼ੇ ਦੀ ਪਕੜ, ਬੈਕਿੰਗ ਲਈ ਫੁਰਤੀ ਨਾਲ ਹਿਸਾਬ ਕਿਤਾਬ ਕਰਨਾ ਆਦਿ।

ਕੀ ਕੋਰਸ ਅਨੁਸਾਰ ਹਾਲਾਤ ਢੁਕਵੇਂ ਹਨ: ਭਾਵੇਂ ਕਿਸੇ ਖੇਤਰ ਪ੍ਰਤੀ ਵਿਦਿਆਰਥੀ ਦੀ ਰੁਚੀ ਤੇ ਯੋਗਤਾ ਪ੍ਰਬਲ ਹੋਵੇ ਪਰ ਕੋਰਸ ਦੀ ਚੋਣ ਵਿੱਚ ਉਸ ਦੇ ਘਰ ਦੇ ਹਾਲਾਤ ਦਾ ਅਹਿਮ ਰੋਲ ਹੈ। ਪੇਂਡੂ ਖੇਤਰ ਦੀਆਂ ਬਹੁਤ ਸਾਰੀਆਂ ਹੋਣਹਾਰ ਵਿਦਿਆਰਥਣਾਂ ਸਿਰਫ਼ ਇਸ ਕਰਕੇ ਪੜ੍ਹਾਈ ਛੱਡ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਬਾਹਰ ਭੇਜਣ ਲਈ ਤਿਆਰ ਨਹੀਂ ਹੁੰਦੇ। ਪਰਿਵਾਰ ਦੇ ਆਰਥਿਕ ਹਾਲਾਤ ਵੀ ਕੋਰਸ ਦੀ ਫੀਸ ਦੇ ਅਨੁਸਾਰ ਢੁਕਵੇਂ ਹੋਣੇ ਚਾਹੀਦੇ ਹਨ। ਜਿਹੜੇ ਪਰਿਵਾਰ ਜ਼ਿਆਦਾ ਖ਼ਰਚ ਕਰਨ ਜਾਂ ਜ਼ਿਆਦਾ ਸਮਾਂ ਪੜ੍ਹਾਉਣ ਵਿੱਚ ਅਸਮਰੱਥ ਹਨ ਅਜਿਹੇ ਵਿਦਿਆਰਥੀ ਨੂੰ ਘੱਟ ਸਮੇਂ ਅਤੇ ਘੱਟ ਖ਼ਰਚ ਨਾਲ ਹੋਣ ਵਾਲੇ ਸਵੈ-ਰੁਜ਼ਗਾਰ ਆਧਾਰਿਤ ਕਿੱਤਾ ਮੁਖੀ ਕੋਰਸਾਂ ਦੀ ਚੋਣ ਕਰਨੀ ਚਾਹੀਦੀ ਹੈ।

ਕੀ ਕੋਰਸ ਤੋਂ ਬਾਅਦ ਰੁਜ਼ਗਾਰ ਉਪਲਬਧ ਹੈ: ਵਰਤਮਾਨ ਸਮੇਂ ਵਿੱਚ ਦੇਸ਼ ਦਾ ਸਮਾਜਿਕ ਤੇ ਆਰਥਿਕ ਢਾਂਚਾ ਪੂਰੀ ਤਰ੍ਹਾਂ ਬਦਲ ਚੁੱਕਾ ਹੈ। ਜਿੱਥੇ ਪੁਰਾਤਨ ਕਿੱਤਿਆਂ ਵਿੱਚ ਰੁਜ਼ਗਾਰ ਘੱਟ ਹੋਇਆ ਹੈ, ਉੱਥੇ ਨਵੀਂ ਤਕਨੀਕ  ਆਧਾਰਿਤ ਰੁਜ਼ਗਾਰ ਦੇ ਬਹੁਤ ਸਾਰੇ ਨਵੇਂ ਧੰਦੇ ਸ਼ੁਰੂ ਹੋਏ ਹਨ। ਇਸ ਲਈ ਵਿਦਿਆਰਥੀ ਨੂੰ ਇਹ ਯਕੀਨੀ ਬਣਾਉਣ ਦੀ ਲੋੜ ਹੈ ਕਿ ਸਬੰਧਿਤ ਕੋਰਸ ਨਾਲ ਰੁਜ਼ਗਾਰ ਆਸਾਨੀ ਨਾਲ ਉਪਲਬਧ ਹੋ ਸਕੇਗਾ ਜਾਂ ਨਹੀਂ।

Comments

comments

Share This Post

RedditYahooBloggerMyspace