ਨੌਜਵਾਨਾਂ ਵਿੱਚ ਪਰਵਾਸ ਦਾ ਰੁਝਾਨ

ਇਕਬਾਲ ਸੋਮੀਆਂ

ਨੌਜਵਾਨ ਦੇਸ਼ ਦਾ ਸਰਮਾਇਆ ਹੁੰਦੇ ਹਨ ਪਰ ਤ੍ਰਾਸਦੀ ਇਹ ਹੈ ਕਿ ਅਜੋਕੇ ਸਮੇਂ ਵਿੱਚ ਭਾਰਤ ਦੇ ਬਹੁਤੇ ਨੌਜਵਾਨ ਵੱਡੇ ਆਰਥਿਕ, ਸਮਾਜਿਕ ਤੇ ਮਾਨਸਿਕ ਦੁਖਾਂਤ ਦਾ ਸਾਹਮਣਾ ਕਰ ਰਹੇ ਹਨ। ਹਰ ਪੰਜ ਸਾਲ ਬਾਅਦ ਸੱਤਾ ਵਿੱਚ ਆਉਣ ਵਾਲੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ ਜਾਂਦੇ ਹਨ, ਪਰ ਵਾਅਦੇ ਵਫ਼ਾ ਨਹੀਂ ਹੁੰਦੇ। ਜੇ ਸਰਕਾਰ ਵੱਲੋਂ ਰੁਜ਼ਗਾਰ ਦਿੱਤਾ ਵੀ ਜਾਂਦਾ ਹੈ ਤਾਂ ਉਹ ਅਸਥਾਈ ਹੀ ਹੁੰਦਾ ਹੈ। ਭਾਰਤ ਸਰਕਾਰ ਦੇ ਨੌਜਵਾਨਾਂ ਨੂੰ ਸੰਚਾਰ ਸਾਧਨਾਂ ਤੇ ਸਿੱਖਿਆ ਰਾਹੀਂ ਸਹੀ ਦਿਸ਼ਾ ਦੇਣ ਵਿੱਚ ਫਾਡੀ ਰਹਿਣ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਨਾ ਮੁਹੱਈਆ ਕਰਵਾ ਸਕਣ ਕਾਰਨ ਹੀ ਨੌਜਵਾਨ ਵਿਦੇਸ਼ ਵੱਲ ਮੂੰਹ ਕਰ ਰਹੇ ਹਨ।

ਅੰਦਾਜ਼ੇ ਅਨੁਸਾਰ ਭਾਰਤ ਦੇ 90 ਫ਼ੀਸਦੀ ਨੌਜਵਾਨ ਵਿਦੇਸ਼ਾਂ ਵਿੱਚ ਰਹਿਣ ਦੇ ਇੱਛੁਕ ਹਨ। ਹਰ ਸਾਲ ਹਜ਼ਾਰਾਂ ਨੌਜਵਾਨ ਗ਼ੈਰਕਾਨੂੰਨੀ ਤਰੀਕੇ ਨਾਲ ਵਿਦੇਸ਼ ਜਾਂਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਹੇ ਅਨੁਸਾਰ ਹੀ 3 ਕਰੋੜ ਤੋਂ ਵਧੇਰੇ ਭਾਰਤੀ ਵਿਦੇਸ਼ ਵਿੱਚ ਵਸਦੇ ਹਨ। ਇਹ ਤਾਂ ਉਥੇ ਰਜਿਸਟਰਡ ਭਾਰਤੀਆਂ ਦਾ ਅੰਕੜਾ ਹੈ ਪਰ ਅਸਲ ਵਿੱਚ ਕਰੀਬ 50 ਲੱਖ ਭਾਰਤੀ ਅਜਿਹੇ ਹਨ, ਜੋ ਗ਼ੈਰਕਾਨੂੰਨੀ ਤੌਰ ’ਤੇ ਜਾਂ ਆਪਣੀ ਪਛਾਣ ਬਦਲ ਕੇ ਰਹਿ ਰਹੇ ਹਨ। ਕਰੀਬ 60 ਲੱਖ ਪੰਜਾਬੀ ਹੀ ਵਿਦੇਸ਼ਾਂ ਵਿੱਚ ਰਹਿ ਰਹੇ ਹਨ।

ਜਿਹੜੇ ਨੌਜਵਾਨ ਕਾਨੂੰਨੀ ਢੰਗ ਨਾਲ ਵਿਦੇਸ਼ ਜਾਂਦੇ ਹਨ, ਉਨ੍ਹਾਂ ਦੀਆਂ ਸਮੱਸਿਆਵਾਂ ਇੱਕ ਪਾਸੇ ਹਨ, ਪਰ ਜਿਹੜੇ ਗ਼ੈਰਕਾਨੂੰਨੀ ਢੰਗ ਨਾਲ ਬਾਹਰ ਜਾਂਦੇ ਹਨ, ਉਨ੍ਹਾਂ ਨੂੰ ਉਥੋਂ ਦੀਆਂ ਸਰਕਾਰਾਂ ਵੱਲੋਂ ਜੇਲ੍ਹਾਂ ਵਿੱਚ ਡੱਕ ਦਿੱਤਾ ਜਾਂਦਾ ਹੈ ਜਾਂ ਉਹ ਆਪਾ ਬਚਾਉਣ ਲਈ ਭਟਕਦੇ ਰਹਿੰਦੇ ਹਨ। ਇਸ ਵੇਲੇ ਇਕ ਲੱਖ ਪੰਜਾਬੀ ਵੱਖ-ਵੱਖ ਮੁਲਕਾਂ ਦੀਆਂ ਜੇਲ੍ਹਾਂ ਵਿੱਚ ਸਜ਼ਾ ਭੁਗਤ ਰਹੇ ਹਨ। ਕਈ ਵਾਰ ਮੂਲਵਾਦੀ ਸੱਭਿਅਤਾ ਵਾਲੇ ਮੁਲਕਾਂ ਵਿੱਚ ਜਾਣ ਵਾਲੇ ਨੌਜਵਾਨਾਂ ਨੂੰ ਜੇਲ੍ਹ ਤੋਂ ਵੀ ਵੱਡੀਆਂ ਸਜ਼ਾਵਾਂ ਭੁਗਤਣੀਆਂ ਪੈਂਦੀਆਂ ਹਨ ਤੇ ਜਾਨ-ਮਾਲ ਤੋਂ ਵੀ ਹੱਥ ਧੋਣਾ ਪੈਂਦਾ ਹੈ। ਵਿਸ਼ੇਸ਼ ਕਰਕੇ ਅਰਬ ਦੇਸ਼ਾਂ ਵਿੱਚ ਅਜਿਹੀ ਪ੍ਰੇਸ਼ਾਨੀ ਆਉਂਦੀ ਹੈ। ਇਰਾਕ ਦੇ ਸ਼ਹਿਰ ਮੌਸੂਲ ਵਿੱਚ ਉਸਾਰੀ ਸਬੰਧੀ ਇੱਕ ਤੁਰਕੀ ਕੰਪਨੀ ਰਾਹੀਂ ਕੰਮ ਕਰਦੇ 39 ਭਾਰਤੀ ਕਾਮੇ ਕਰੀਬ ਦੋ ਸਾਲਾਂ ਤੋਂ ਲਾਪਤਾ ਹਨ। ਇਸ ਇਲਾਕੇ ਵਿੱਚ ਅਲਕਾਇਦਾ ਦਾ ਵਧੇਰੇ ਪ੍ਰਭਾਵ ਮੰਨਿਆ ਜਾਂਦਾ ਹੈ। ਇਸ ਜਥੇਬੰਦੀ ਦੀ ਅਮਰੀਕੀ ਸੈਨਾ ਨਾਲ ਖਹਿਬਾਜ਼ੀ ਵਿੱਚ ਵੀ ਕਈ ਨੌਜਵਾਨ ਜਾਨਾਂ ਗੁਆ ਬੈਠਦੇ ਹਨ। ਇਸ ਤਰ੍ਹਾਂ ਇਸਲਾਮਿਕ ਸਟੇਟ ਦੇ ਹਾਮੀ ਅਜਿਹੇ ਅਤਿਵਾਦੀ ਗਰੁੱਪ ਵਧੇਰੇ ਤੌਰ ’ਤੇ ਪਰਵਾਸੀਆਂ ਨੂੰ ਬੰਦੀ ਬਣਾ ਕੇ ਸਰਕਾਰਾਂ, ਯੂਐੱਨਓ ਸੈਨਾਵਾਂ ਤੇ ਆਮ ਲੋਕਾਂ ਵਿੱਚ ਦਹਿਸ਼ਤ ਪੈਦਾ ਕਰਨ ਤੇ ਮੰਗਾਂ ਮੰਨਵਾਉਣ ਖ਼ਾਤਰ ਸਖ਼ਤ ਸਜ਼ਾਵਾਂ ਦੇ ਕੇ ਮੌਤ ਦੇ ਘਾਟ ਉਤਾਰ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਕਈ ਵਾਰ ਉਸ ਦੇਸ਼ ਦੀ ਸਰਕਾਰ ਵੀ ਕਿਸੇ ਨਿਯਮ ਦੀ ਉਲੰਘਣਾ ਬਾਬਤ ਸਜ਼ਾ ਦੇ ਕੇ ਪਰਵਾਸੀਆਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੰਦੀ ਹੈ। ਵਿਦੇਸ਼ਾਂ ਵਿੱਚ ਭਾਰਤੀਆਂ ’ਤੇ ਨਸਲੀ ਹਮਲੇ ਵੀ ਵਧ ਰਹੇ ਹਨ। ਇੱਕ ਰਿਪੋਰਟ ਅਨੁਸਾਰ ਪਿਛਲੇ ਤਿੰਨ ਸਾਲਾਂ ਵਿੱਚ 276 ਭਾਰਤੀਆਂ ਉਪਰ ਵਿਦੇਸ਼ਾਂ ਵਿੱਚ ਹਮਲੇ ਹੋਏ ਹਨ, ਜਿਨ੍ਹਾਂ ਵਿੱਚ 57 ਲੋਕ ਮਾਰੇ ਗਏ। ਭਾਰਤ ਸਰਕਾਰ ਨੂੰ ਦੇਸ਼ ਵਿੱਚ ਹੀ ਸਾਜ਼ਗਾਰ ਮਾਹੌਲ ਬਣਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਭਾਰਤ ਵਿੱਚ ਜੇ ਢੁੱਕਵਾਂ ਰੁਜ਼ਗਾਰ ਮਿਲੇ ਤਾਂ ਨੌਜਵਾਨ ਵਿਦੇਸ਼ ਵੱਲ ਨਾ ਭੱਜਣ। ਜਿਹੜੇ ਪਰਿਵਾਰ ਸਰਦੇ-ਪੁੱਜਦੇ ਹੁੰਦੇ ਹਨ, ਉਹ ਆਪਣੇ ਧੀਆਂ-ਪੁੱਤਾਂ ਨੂੰ ਅਮਰੀਕਾ, ਇੰਗਲੈਂਡ, ਕੈਨੇਡਾ, ਆਸਟਰੇਲੀਆ ਵਰਗੇ ਅਮੀਰ ਤੇ ਵਿਕਸਿਤ ਮੁਲਕਾਂ ਵਿੱਚ ਭੇਜਦੇ ਹਨ ਪਰ ਜਿਨ੍ਹਾਂ ਦਾ ਗੁਜ਼ਾਰਾ ਔਖਾ ਹੁੰਦਾ ਹੈ, ਉਨ੍ਹਾਂ ਦੇ ਬੱਚੇ ਵਧੇਰੇ ਅਰਬ ਦੇਸ਼ਾਂ ਵਿੱਚ ਜਾਂਦੇ ਹਨ। ਇਸ ਤਰ੍ਹਾਂ ਸਪੱਸ਼ਟ ਹੈ ਕਿ ਅਰਬ ਦੇਸ਼ਾਂ ਵਿੱਚ ਜਾਣ ਵਾਲੇ ਲੋਕ ਆਮ ਤੌਰ ’ਤੇ ਦਰਮਿਆਨੇ ਜਾਂ ਗ਼ਰੀਬ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦੇਸ਼ਾਂ ਵਿਚਲੀ ਅਰਾਜਕਤਾ ਤੇ ਦਹਿਸ਼ਤੀ ਖ਼ਤਰੇ ਤੋਂ ਜਾਣੂੰ ਹੋਣ ਦੇ ਬਾਵਜੂਦ ਵੀ ਨੌਜਵਾਨ ਉਥੇ ਰੁਜ਼ਗਾਰ ਦੀ ਭਾਲ ਵਿੱਚ ਜਾਂਦੇ ਹਨ ਅਤੇ ਵਧੇਰੇ ਉਸਾਰੀ ਦੇ ਕੰਮ ਤੇ ਡਰਾਈਵਿੰਗ ਕਰਨ ਲੱਗ ਜਾਂਦੇ ਹਨ। ਇਹ ਨੌਜਵਾਨ ਏਜੰਟਾਂ ਵੱਲੋਂ ਵਿਖਾਏ ਜਾਂਦੇ ਸਬਜ਼ਬਾਗ਼ਾਂ ਵਿੱਚ ਫਸ ਜਾਂਦੇ ਹਨ, ਜਦੋਂਕਿ ਅਸਲੀਅਤ ਵਿੱਚ ਉਥੇ ਸਖ਼ਤ ਮਾਹੌਲ ਹੈ ਤੇ ਇਕ ਦਿਹਾੜੀਦਾਰ ਨੂੰ ਲਗਪਗ 500 ਤੋਂ 1000 ਰੁਪਏ ਦਿਹਾੜੀ ਦਿੱਤੀ ਜਾਂਦੀ ਹੈ। ਅਰਬ ਦੇਸ਼ਾਂ ਵਿੱਚ ਵਧੇਰੇ ਗਰਮੀ ਕਾਰਨ ਉਚੀਆਂ ਇਮਾਰਤਾਂ ’ਤੇ ਦਿਹਾੜੀਦਾਰਾਂ ਨੂੰ ਹਫ਼ਤੇ ਦੇ ਸੱਤੇ ਦਿਨ 12-12 ਘੰਟੇ ਮੁਸ਼ੱਕਤ ਕਰਨੀ ਪੈਂਦੀ ਹੈ। ਇਸ ਕਾਰਨ ਬਹੁਤ ਸਾਰੇ ਕਾਮਿਆਂ ਦੀ ਮੌਤ ਵੀ ਹੋ ਜਾਂਦੀ ਹੈ। ਭਾਰਤੀ ਸਫ਼ਾਰਤਖਾਨੇ ਦੀ ਰਿਪੋਰਟ ਅਨੁਸਾਰ 2012 ਵਿੱਚ ਕਤਰ ਵਿੱਚ 237 ਕਾਮਿਆਂ ਤੇ 2013 ਵਿੱਚ 191 ਭਾਰਤੀ ਕਾਮਿਆਂ ਦੀ ਮੌਤ ਗਰਮੀ ਵਿੱਚ ਕੰਮ ਕਰਦਿਆਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਉਸੇ ਸਾਲ ਦੋਹਾ ਵਿੱਚ ਕਰੀਬ 1000 ਕਾਮੇ ਬੇਹੋਸ਼ ਹੋ ਗਏ ਸਨ। ਕਾਮਿਆਂ ਦੇ ਪਾਸਪੋਰਟ ਵੀ ਕੰਪਨੀਆਂ ਪਹਿਲਾਂ ਹੀ ਜ਼ਬਤ ਕਰ ਲੈਂਦੀਆਂ ਹਨ, ਇਸ ਕਾਰਨ ਵਤਨ ਪਰਤਣ ਦਾ ਮੌਕਾ ਵੀ ਨਹੀਂ ਰਹਿੰਦਾ।

ਪਿਛਲੇ ਸਮਿਆਂ ਤੋਂ ਦੇਸੀ-ਵਿਦੇਸ਼ੀ ਏਜੰਟਾਂ ਨੇ ਰਲ-ਮਿਲ ਕੇ ਨੌਜਵਾਨਾਂ ਨੂੰ ਝਾਂਸਾ ਕੇ ਵਿਦੇਸ਼ ਭੇਜਣ ਦਾ ਵੱਡਾ ਕਾਰੋਬਾਰ ਵੱਡੇ ਪੱਧਰ ’ਤੇ ਚਲਾਇਆ ਹੋਇਆ ਹੈ। ਕਈ ਵਾਰ ਅਜਿਹਾ ਵੀ ਵਾਪਰਦਾ ਹੈ ਕਿ ਨੌਜਵਾਨ ਏਜੰਟਾਂ ਦੇ ਧੱਕੇ ਚੜ੍ਹ ਕੇ ਨਿਰਧਾਰਤ ਦੇਸ਼ ਨਹੀਂ ਜਾ ਪਾਉਂਦੇ ਜਾਂ ਉਨ੍ਹਾਂ ਨੂੰ ਕਿਸੇ ਹੋਰ ਦੇਸ਼ ਪਹੁੰਚਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਅਜਿਹੇ ਨੌਜਵਾਨ ਜਦੋਂ ਏਜੰਟਾਂ ਦੀ ਧੱਕੇਸ਼ਾਹੀ ਤੋਂ ਨਾਬਰ ਹੁੰਦੇ ਹਨ ਤਾਂ ਏਜੰਟ ਉਸ ਦੀ ਸੁਣਵਾਈ ਅਦਾਲਤਾਂ ਵਿੱਚ ਵੀ ਨਹੀਂ ਹੋਣ ਦਿੰਦੇ। ਅੱਜ ਤੱਕ ਏਜੰਟਾਂ ਵਿਰੁੱਧ ਜਿੰਨੇ ਵੀ ਕੇਸ ਦਰਜ ਹੋਏ ਹਨ, ਉਨ੍ਹਾਂ ਵਿੱਚੋਂ ਕਿਸੇ ਨੂੰ ਕਰੜੀ ਸਜ਼ਾ ਜਾਂ ਜੇਲ੍ਹ ਨਹੀਂ ਹੋਈ ਹੈ। ਸਬੂਤਾਂ ਦੀ ਘਾਟ ਕਾਰਨ ਏਜੰਟ ਸੌਖ ਨਾਲ ਕੇਸ ਵਿੱਚੋਂ ਬਰੀ ਹੋ ਜਾਂਦੇ ਹਨ। ਬਹੁਤੇ ਪੈਸੇ ਨਾ ਦੇ ਸਕਣ ਵਾਲੇ ਨੌਜਵਾਨਾਂ ਨੂੰ ਕਈ ਏਜੰਟ ਗ਼ੈਰਕਾਨੂੰਨੀ ਤਰੀਕਿਆਂ ਜਿਵੇਂ ਕਿਸ਼ਤੀਆਂ, ਬੇੜਿਆਂ, ਢੋਆ-ਢੁਆਈ ਦੇ ਸਾਮਾਨ ਆਦਿ ਰਾਹੀਂ ਭੇਜਣ ਦਾ ਲਾਲਚ ਦਿੰਦੇ ਹਨ। ਇਸ ਤਰ੍ਹਾਂ ਜਾਂਦਿਆਂ ਕਈ ਵਾਰ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਜਾਂ ਫਿਰ ਏਜੰਟਾਂ ਦੁਆਰਾ ਜਾਣਬੁੱਝ ਕੇ ਕਿਸ਼ਤੀਆਂ ਡੁਬੋਈਆਂ ਜਾਂਦੀਆਂ ਹਨ। ਮਾਲਟਾ ਕਿਸ਼ਤੀ ਕਾਂਡ ਵੀ ਅਜਿਹੀ ਘਟਨਾਵਾਂ ਵਿੱਚੋਂ ਹੈ।

Comments

comments

Share This Post

RedditYahooBloggerMyspace