ਐਕਚੂਰੀਅਲ ਸਾਇੰਸ: ਸੌ ਫ਼ੀਸਦੀ ਰੁਜ਼ਗਾਰ ਦੀ ਗਾਰੰਟੀ

ਮਨਿੰਦਰ ਕੌਰ

ਜੇ ਤੁਸੀਂ ਐਕਚੂਰੀਅਲ ਸਾਇੰਸ ਬਾਰੇ ਨਹੀਂ ਸੁਣਿਆ ਤਾਂ ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ। ਹੁਣ ਤੱਕ ਬਹੁਤ ਘੱਟ ਲੋਕ ਐਕਚੂਅਰੀਜ਼ ਬਣੇ ਹਨ। ਅੱਜ, ਜੇ ਅਜਿਹੇ ਖੇਤਰ ਦੀ ਗੱਲ ਕੀਤੀ ਜਾਵੇ, ਜਿਸ ਵਿੱਚ ਕਰੀਅਰ ਦੇ ਬੇਤਹਾਸ਼ਾ    ਮੌਕੇ ਹਨ ਤਾਂ ਉਹ ਐਕਚੂਰੀਅਲ ਸਾਇੰਸਜ਼ ਹੈ।

ਅਮਰੀਕਨ ਵਾਲ-ਸਟਰੀਟ ਜਰਨਲ ਵੱਲੋਂ ਐਕਚੂਰੀਅਲ ਸਾਇੰਸਜ਼ 2013 ਦਾ ਸਰਵੋਤਮ ਕਿੱਤਾ ਐਲਾਨਿਆ ਗਿਆ ਸੀ। ਐਕਚੂਰੀਅਲ ਸਾਇੰਸਜ਼ ਵਿਗਿਆਨ ਦਾ ਅਜਿਹਾ ਖੇਤਰ ਹੈ, ਜਿੱਥੇ ਗਣਿਤ ਅਤੇ ਸਟੈਟਿਸਟੀਕਲ ਵਿਧੀਆਂ ਨੂੰ ਬੀਮਾ ਅਤੇ ਵਿੱਤੀ ਉਦਯੋਗਾਂ ਵਿੱਚ ਮੁਲਾਂਕਣ ਆਦਿ ਲਈ ਵਰਤਿਆ ਜਾਂਦਾ ਹੈ। ਭਲਕੇ ਵਾਪਰਨ ਵਾਲੀਆਂ ਅਨਿਸ਼ਚਿਤ ਘਟਨਾਵਾਂ ਦੇ ਵਿੱਤੀ ਪ੍ਰਭਾਵਾਂ ਦੇ ਵਿਸ਼ਲੇਸ਼ਣ ਕਰਨ ਵਿੱਚ ਐਕਚੂਅਰੀਜ਼ ਮਾਹਿਰ ਮੰਨੇ ਜਾਂਦੇ ਹਨ। ਐਕਚੂਅਰੀ ਇਹ ਫ਼ੈਸਲਾ ਲੈਂਦੇ ਹਨ ਕਿ ਇਕ ਪਾਲਿਸੀ ਹੋਲਡਰ ਨੂੰ ਕਿੰਨੀ ਰਕਮ ਪ੍ਰੀਮੀਅਮ (ਬੀਮਾ ਕਿਸ਼ਤ) ਵਜੋਂ ਅਦਾ ਕਰਨੀ ਚਾਹੀਦੀ ਹੈ। ਐਕਚੂਅਰੀਜ਼, ਬੀਮਾ ਅਤੇ ਪੈਨਸ਼ਨ ਯੋਜਨਾਵਾਂ ਡਿਜ਼ਾਈਨ ਕਰਦੇ ਹਨ। ਇਸ ਤੋਂ ਇਲਾਵਾ ਬੀਮੇ ਦੀਆਂ ਕਿਸ਼ਤਾਂ ਦੀ ਦਰ, ਹਰ ਕਿਸਮ ਦੀ ਪਾਲਿਸੀ ਦੀਆਂ ਧਾਰਾਵਾਂ ਤਹਿਤ ਮੌਤ-ਦਰ, ਬਿਮਾਰੀ, ਜ਼ਖ਼ਮ, ਚੋਰੀ, ਅੱਗ ਜਾਂ ਹਾਦਸੇ ਨਾਲ ਹੋਏ ਜਾਇਦਾਦ ਦੇ ਨੁਕਸਾਨ ਜਾਂ ਕੋਈ ਹੋਰ ਦੁਰਘਟਨਾ ਸਬੰਧੀ ਅੰਕੜੇ ਇਕੱਠੇ ਕਰਦੇ ਹਨ। ਇਨ੍ਹਾਂ ਅੰਕੜਿਆਂ ਦੇ ਆਧਾਰ ’ਤੇ ਇਹ ਕੰਪਨੀਆਂ ਤੋਂ ਬੀਮਾ ਕਲੇਮ ਰਕਮ ਦਾ ਵਿਸ਼ਲੇਸ਼ਣ ਕਰਦੇ ਹਨ। ਇਹ ਸੰਸਥਾਵਾਂ ਦੇ ਕਾਰੋਬਾਰ ਨੂੰ ਵਧਣ-ਫੁੱਲਣ ਲਈ ਨਿੱਤ ਨਵੀਆਂ ਤੇ ਆਕਰਸ਼ਿਤ ਨੀਤੀਆਂ ਵੀ ਬਣਾਉਂਦੇ ਹਨ। ਦਰਅਸਲ ਐਕਚੂਅਰੀਜ਼ ਵਿੱਚ ਅੰਕੜਾ ਵਿਗਿਆਨੀਆਂ, ਅਰਥ ਸ਼ਾਸਤਰੀਆਂ ਤੇ ਪੂੰਜੀਪਤੀਆਂ ਵਾਲਾ ਹੁਨਰ ਹੁੰਦਾ ਹੈ। ਇਹ ਕੰਪਨੀਆਂ ਦੇ ਮਿਸ਼ਰਤ ਵਿਆਜ, ਕਾਨੂੰਨ, ਮਾਰਕੀਟਿੰਗ ਤੇ ਮੈਨੇਜਮੈਂਟ ਦੇ ਆਧਾਰ ’ਤੇ ਨਤੀਜਿਆਂ ਦੀ ਭਵਿੱਖਬਾਣੀ ਕਰ ਕੇ ਉਨ੍ਹਾਂ ਦੇ ਵਿੱਤੀ ਘਾਟੇ ਨੂੰ  ਘਟਾਉਂਦੇ ਹਨ। ਐਕਚੂਰੀਅਲ ਕਿੱਤਾ 1848 ਵਿੱਚ ਹੋਂਦ ਵਿੱਚ ਆਇਆ ਸੀ, ਜਦੋਂ ਲੰਡਨ ਵਿੱਚ ‘ਇੰਸਟੀਚਿਊਟ ਆਫ ਐਕਚੂਅਰੀਜ਼’ ਕਾਇਮ ਹੋਇਆ ਸੀ। ਭਾਰਤ ਵਿੱਚ ਇੱਕ ਸੰਸਥਾ ਦਿ ਐਕਚੂਅਰੀਜ਼ ਸੁਸਾਇਟੀ ਆਫ ਇੰਡੀਆ (ਏਐਸਆਈ) 1944 ਵਿੱਚ ਬਣੀ ਤੇ 1989 ਵਿੱਚ ਇਹ ਇੰਟਰਨੈਸ਼ਨਲ ਐਕਚੂਰੀਅਲ ਐਸੋਸੀਏਸ਼ਨ (ਆਈਏਏ) ਦੀ ਮੈਂਬਰ ਵਜੋਂ ਸ਼ਾਮਲ ਹੋਈ। ਇਸ ਸੰਸਥਾ ਦੇ ਫੈਲੋ ਬਣਨ ਲਈ ਵਿਦਿਆਰਥੀਆਂ ਨੂੰ ਪਹਿਲਾਂ ਏਐਸਆਈ ਦਾ ਮੈਂਬਰ ਬਣਨਾ ਪੈਂਦਾ ਹੈ ਤੇ ਫਿਰ ਸਾਰੇ ਵਿਸ਼ਿਆਂ ਦੇ ਪੇਪਰ ਪਾਸ ਕਰਨੇ ਹੁੰਦੇ ਹਨ।

* ਯੋਗਤਾ: ਇਸ ਦਾ ਮਾਧਿਅਮ ਸਿਰਫ਼ ਅੰਗਰੇਜ਼ੀ ਹੈ। ਐਕਚੂਰੀਅਲ ਪੇਪਰ ਦੇਣ ਲਈ ਯੋਗਤਾ ਮਾਪਦੰਡ ਸਵੈਮੁਖੀ ਹਨ। ਬਾਰ੍ਹਵੀਂ ਵਿੱਚੋਂ ਮੈਥ/ਸਟੈਟਿਸਟਿਕਸ ਵਿੱਚੋਂ 85 ਫ਼ੀਸਦੀ ਅੰਕਾਂ ਨਾਲ ਪਾਸ ਵਿਦਿਆਰਥੀ ਜਾਂ ਮੈਥ, ਸਟੈਟਿਸਟਿਕਸ, ਇਕਨਾਮਿਕਸ, ਕੰਪਿਊਟਰ ਸਾਇੰਸ ਤੇ ਫਿਜ਼ਿਕਸ ਵਿਸ਼ਿਆਂ ਵਿੱਚ 55 ਫ਼ੀਸਦੀ ਅੰਕਾਂ ਨਾਲ ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਵਿਦਿਆਰਥੀ ਜਾਂ ਸੀਏ, ਐਮਸੀਏ, ਆਈਸੀਡਬਲਿਊਏ, ਸੀਐਫਏ, ਐਮਬੀਏ (ਫਾਇਨਾਂਸ) ਜਾਂ ਇੰਜਨੀਅਰਿੰਗ ਵਾਲਾ ਵਿਦਿਆਰਥੀ, ਐਕਚੂਰੀਅਲ ਸਾਇੰਸ ਕਰੀਅਰ  ਦੇ ਯੋਗ ਹੈ।

* ਵਿਸ਼ਿਆਂ ਦੀ ਸੂਚੀ: ਐਕਚੂਰੀਅਲ ਸਾਇੰਸ ਤਹਿਤ ਕੁੱਲ 15 ਪੇਪਰ ਪਾਸ ਕਰਨੇ ਹੁੰਦੇ ਹਨ। ਐਕਚੂਰੀਅਲ ਸਾਇੰਸ ਦਾ ਕੋਰਸ 4 ਭਾਗਾਂ ਵਿੱਚ ਹੁੰਦਾ ਹੈ।

1. ਕੋਰ ਟੈਕਨੀਕਲ ਸਟੇਜ
2. ਕੋਰ ਐਪਲੀਕੇਸ਼ਨ ਸਟੇਜ
3. ਸਪੈਸ਼ਲਿਸਟ ਟੈਕਨੀਕਲ ਸਟੇਜ
4. ਸਪੈਸ਼ਲਿਸਟ ਐਪਲੀਕੇਸ਼ਨ ਸਟੇਜ

ਇਸ ਤਹਿਤ ਵਿਸ਼ੇ ਫਾਇਨਾਂਸ਼ੀਅਲ ਮੈਥੇਮੈਟਿਕਸ, ਫਾਇਨਾਂਸ ਐਂਡ ਫਾਇਨਾਂਸ਼ੀਅਲ ਰਿਪੋਰਟਿੰਗ, ਪ੍ਰੌਬੇਬਿਲਿਟੀ ਐਂਡ ਮੈਥੇਮੈਟੀਕਲ ਸਟੈਟਿਸਟਿਕਸ, ਜਨਰਲ ਇੰਸ਼ੋਰੈਂਸ, ਲਾਈਫ ਐਂਡ ਹੈਲਥ ਕੰਸਲਟੈਂਸੀਜ਼, ਸਟੈਟਿਸਟਿਕਲ ਮੈਥਡਜ਼, ਬਿਜ਼ਨੈਸ ਇਕਨਾਮਿਕਸ, ਫਾਇਨਾਂਸ਼ੀਅਲ ਇਕਨਾਮਿਕਸ, ਹੈਲਥ ਐਂਡ ਕੇਅਰ, ਲਾਈਫ ਇੰਸ਼ੋਰੈਂਸ, ਪੈਨਸ਼ਨ ਐਂਡ ਅਦਰ ਐਂਪਲਾਇਜ਼ ਬੈਨੇਫਿਟਸ, ਫਾਇਨਾਂਸ ਐਂਡ ਇਨਵੈਸਟਮੈਂਟ, ਜਨਰਲ ਇੰਸ਼ੋਰੈਂਸ ਐਂਡ ਐਂਟਰਪ੍ਰਾਈਜ਼ ਰਿਸਕ ਮੈਨੇਜਮੈਂਟ ਹਨ। ਇਨ੍ਹਾਂ ਵਿੱਚੋਂ ਕਿਸੇ ਵੀ ਕੋਰਸ ਨੂੰ ਪਾਸ ਕਰਨ ਲਈ ਕੋਈ ਸਮਾਂ ਨਿਰਧਾਰਿਤ ਨਹੀਂ ਹੈ। ਇੱਕ ਕੋਰਸ ਨੂੰ 3-4 ਸਾਲਾਂ ਵਿੱਚ ਵੀ ਪੂਰਾ ਕੀਤਾ ਜਾ ਸਕਦਾ ਹੈ। ਪ੍ਰੀਖਿਆ ਸਾਲ ਵਿੱਚ ਦੋ ਵਾਰ ਕਰਵਾਈ ਜਾਂਦੀ ਹੈ। ਭਾਰਤ ਵਿੱਚ ਇਹ ਪ੍ਰੀਖਿਆ ਮਈ/ਜੂਨ ਅਤੇ ਅਕਤੂਬਰ/ਨਵੰਬਰ ਵਿੱਚ ਕਰਵਾਈ ਜਾਂਦੀ ਹੈ।

* ਸੰਭਾਵਨਾਵਾਂ: ਐਕਚੂਰੀਅਲ ਕੋਰਸ, ਕੌਮਾਂਤਰੀ ਪੱਧਰ ਤੱਕ ਹਨ। ਮੈਥੇਮੈਟੀਕਲ/ਸਟੈਟਿਸਟਿਕਲ ਵਿਧੀਆਂ ’ਤੇ ਚੰਗੀ ਪਕੜ ਬਹੁਤ ਲਾਹੇਵੰਦ ਸਿੱਧ ਹੋ ਸਕਦੀ ਹੈ, ਪਰ ਸਖ਼ਤ ਮਿਹਨਤ ਅਤੇ ਸਮਰਪਿਤ ਭਾਵਨਾ ਸਭ ਤੋਂ ਮਹੱਤਵਪੂਰਨ ਪਹਿਲੂ ਹਨ। ਰਵਾਇਤੀ ਸੋਚ ਅਨੁਸਾਰ ਐਕਚੂਅਰੀਜ਼ ਸਿਰਫ਼ ਜੀਵਨ ਬੀਮਾ ਸੈਕਟਰਾਂ ਵਿੱਚ ਹੀ ਹੁੰਦੇ ਹਨ, ਪਰ ਨਵੀਂ ਅਰਥਵਿਵਸਥਾ ਖੁੱਲ੍ਹਣ ਨਾਲ ਇਨ੍ਹਾਂ ਦੀ ਮੰਗ  ਜਨਰਲ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਰੀਇੰਸ਼ੋਰੈਂਸ ਕੰਪਨੀਜ਼, ਪੈਨਸ਼ਨ ਐਂਡ ਐਂਪਲਾਇਜ਼ ਬੈਨੇਫਿਟਸ, ਇਨਵੈਸਟਮੈਂਟ ਕੰਸਲਟੈਂਸੀਜ਼, ਰਿਸਕ ਮੈਨੇਜਮੈਂਟ, ਬੈਂਕਜ਼, ਸਟਾਕ-ਐਕਸਚੇਂਜ, ਪ੍ਰਾਈਵੇਟ ਤੇ ਸਰਕਾਰੀ ਏਜੰਸੀਆਂ ਵਿੱਚ ਬਹੁਤ ਵਧ ਰਹੀ ਹੈ।

* ਤਨਖ਼ਾਹ: ਸ਼ੁਰੂ ਵਿੱਚ ਐਕਚੂਅਰੀਜ਼ ਦੀ ਤਨਖ਼ਾਹ 3 ਤੋਂ 5 ਲੱਖ ਰੁਪਏ ਸਾਲਾਨਾ ਹੁੰਦੀ ਹੈ। 5-6 ਸਾਲ ਦੇ ਤਜਰਬੇ ਮਗਰੋਂ ਅਤੇ 15 ਪੇਪਰਾਂ ਵਿੱਚੋਂ ਵਾਧੂ ਪੇਪਰ ਪਾਸ ਕਰਨ ਤੋਂ ਬਾਅਦ ਕਮਾਈ 10 ਤੋਂ 15 ਲੱਖ ਰੁਪਏ ਤੱਕ ਸਾਲਾਨਾ ਵਧ ਸਕਦੀ ਹੈ। ਜ਼ਿਆਦਾ ਪੇਪਰ ਪਾਸ ਕਰਨ ਤੋਂ ਭਾਵ ਹੈ-ਵੱਧ ਕਮਾਈ। ਆਈਏਆਈ (ਇੰਸਟੀਚਿਊਟ ਆਫ ਐਕਚੂਅਰੀਜ਼ ਆਫ ਇੰਡੀਆ) ਦੇ ਫੈਲੋਅ ਬਣਨ ਦੇ ਤੁਰੰਤ ਬਾਅਦ ਸਾਲ ਦੀ ਕਮਾਈ 20 ਲੱਖ ਤੋਂ 30 ਲੱਖ ਰੁਪਏ ਤੱਕ ਵੀ ਪਹੁੰਚ ਸਕਦੀ ਹੈ। ਪੰਦਰਾਂ ਤੋਂ ਵੀਹ ਸਾਲਾਂ ਦੇ ਤਜਰਬੇ ਵਾਲਾ ਐਕਚੂਅਰੀਜ਼ ਕਮਾਈ ਵਿੱਚ ਅਸਮਾਨ ਨੂੰ ਛੋਹ ਸਕਦਾ ਹੈ।

* ਲੋੜੀਂਦੀ ਯੋਗਤਾ
(a) ਸਟੈਟਿਸਟਿਕਸ ਅਤੇ ਕਾਮਰਸ ਦਾ ਗਿਆਨ ਡੂੰਗਾਈ ’ਚ ਹੋਵੇ।
(b ਗਣਿਤ ਵਿੱਚ ਪੂਰੀ ਪਕੜ ਹੋਵੇ।
(c ਸਮੱਸਿਆ ਸੁਲਝਾਉਣ ਦੀ ਕਾਬਲੀਅਤ ਹੋਵੇ।
(d) ਵਿਸ਼ਲੇਸ਼ਣ ਕਰਨ ਦੇ ਗੁਣ ਅਤੇ ਸਥਿਤੀ ਨੂੰ ਸਮਝਣ ਦਾ ਬਿਹਤਰ ਗਿਆਨ ਹੋਵੇ।
(e) ਕਾਰੋਬਾਰੀ ਨਜ਼ਰੀਆ ਹੋਵੇ।

* ਪ੍ਰਮੁੱਖ ਸੰਸਥਾਵਾਂ
1. ਬਰਲਾ ਇੰਸਟੀਚਿਊਟ ਆਫ ਮੈਨੇਜਮੈਂਟ ਟੈਕਨਾਲੋਜੀ, ਨਿਊ ਦਿੱਲੀ (www.bimtech.ac.in)
2. ਆਰ.ਐਨ.ਆਈ.ਐਸ. ਕਾਲਜ ਆਫ ਇੰਸ਼ੋਰੈਂਸ, ਨਿਊ ਦਿੱਲੀ (www.rniscollege.com)
3. ਇੰਸ਼ੋਰੈਂਸ ਇੰਸਟੀਚਿਊਟ ਆਫ ਇੰਡੀਆ, ਮੁੰਬਈ (www.insuranceinstituteofindia.com)
4. ਬਿਸ਼ੌਪ ਹੈਬਰ ਕਾਲੇਜ, ਤਿਰੁਚਿਰਾਪੱਲੀ (www.bhc.ac.in)
5. ਸੀ.ਐਮ.ਡੀ.ਸਕੂਲ ਆਫ ਇੰਸ਼ੋਰੈਂਸ ਐਂਡ ਐਕਚੂਰੀਅਲ ਸਾਇੰਸਜ਼, ਉੱਤਰ ਪ੍ਰਦੇਸ਼(www.dget.nic.in)
6. ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ

Comments

comments

Share This Post

RedditYahooBloggerMyspace