ਲੇਖਣ ਕਲਾ ਦੇ ਹੁਨਰ ਨਾਲ ਲਿਖੋ ਸੁਨਹਿਰੇ ਭਵਿੱਖ ਦੀ ਇਬਾਰਤ

 ਮਨਿੰਦਰ ਕੌਰ

‘ਲਿਖਣਾ’ ਇੱਕ ਕਲਾ ਹੈ, ਜਿਸ ਨਾਲ ਕਮਾਈ ਦੇ ਬੇਸ਼ੁਮਾਰ ਮੌਕੇ ਜੁੜੇ ਹੋਏ ਹਨ। ਜੇ ਤੁਹਾਡੇ ਕੋਲ ਪ੍ਰਭਾਵਸ਼ਾਲੀ ਅਤੇ ਰਚਨਾਤਮਕ ਲੇਖਣ ਕਲਾ ਹੈ ਤਾਂ ਸਮਝੋ ਤੁਹਾਡੇ ਲਈ ਅੱਗੇ ਵੱਧਣ ਦੇ ਭਰਪੂਰ ਮੌਕੇ ਹਨ।  ਕਈ ਲੋਕ ਅਖ਼ਬਾਰਾਂ ਤੇ ਮੈਗਜ਼ੀਨਾਂ ਆਦਿ ਲਈ ਲਿਖਦੇ ਹਨ, ਜਿਨ੍ਹਾਂ ਨਾਲ ਉਹ ਗਿਆਨ ਦੂਜਿਆਂ ਤੱਕ ਵੰਡਦੇ ਹਨ। ਕਈ ਲੋਕ ਲਿਖਣ ਦੀ ਕਲਾ ਰਾਹੀਂ ਕਰੀਅਰ ਬਣਾ ਲੈਂਦੇ ਹਨ। ‘‘ਯੇ ਆਰਾਮ ਕਾ ਮਾਮਲਾ ਹੈ’’, ‘‘ਇਸ ਸੀਮਿੰਟ ਮੇਂ ਜਾਨ ਹੈ’’ ਸਣੇ ਕਿੰਨੇ ਹੀ ਇਸ਼ਤਿਹਾਰਾਂ ਦੀ ਟੈਗ ਲਾਈਨ ਸਾਡੀ ਜ਼ੁਬਾਨ ’ਤੇ ਚੜ੍ਹੀ ਹੁੰਦੀ ਹੈ। ਇਹ ਕਲਮ ਦਾ ਕ੍ਰਿਸ਼ਮਾ ਹੈ, ਜਿਸ ਨੂੰ ਅੰਜਾਮ ਦਿੰਦੇ ਹਨ ਕੰਟੈਂਟ-ਰਾਈਟਰ। ਇਸ ਤੋਂ ਇਲਾਵਾ ਸਿਆਸੀ ਪਾਰਟੀਆਂ ਜਾਂ ਹੋਰ ਸੰਸਥਾਵਾਂ ਆਪਣੇ ਪ੍ਰਚਾਰ ਲਈ ਸਲੋਗਨ ਤਿਆਰ ਕਰਵਾਉਂਦੀਆਂ ਹਨ, ਜਿਸ ਬਦਲੇ ਪੈਸੇ ਦਿੱਤੇ ਜਾਂਦੇ ਹਨ।

ਲੇਖਣ ਕਲਾ ਕਈ ਰੂਪਾਂ ਵਿੱਚ ਅਨੇਕ ਖੇਤਰਾਂ ਵਿੱਚ ਕੰਮ ਆਉਂਦੀ ਹੈ-ਜਿਵੇਂ ਟੈਕਨੀਕਲ ਰਾਈਟਿੰਗ, ਬਾਇਓਡਾਟਾ ਰਾਈਟਿੰਗ, ਸਾਇੰਸ ਰਾਈਟਿੰਗ, ਹੋਸਟ ਰਾਈਟਰ, ਵੈੱਬ-ਕੰਟੈਂਟ ਰਾਈਟਿੰਗ ਤੇ ਕਾਰਪੋਰੇਟ ਰਾਈਟਿੰਗ ਆਦਿ। ਪ੍ਰਹਿਲਾਦ ਕੱਕੜ ਸਣੇ ਕਈਆਂ ਨੇ ਆਪਣੀ ਪਛਾਣ ‘ਸਕ੍ਰਿਪਟ ਰਾਈਟਿੰਗ’ ਦੇ ਦਮ ’ਤੇ ਬਣਾਈ ਹੈ। ‘ਮਨ ਮੇਂ ਵਿਸ਼ਵਾਸ ਹੈ’  ਨਾਂਅ ਦੇ ਟੀਵੀ ਸੀਰੀਅਲ ਦਾ  ਸਕ੍ਰਿਪਟ ਰਾਈਟਰ ਕਲਿਆਣ ਆਰ. ਗਿਰੀ ਹੈ, ਜਿਸ ਨੇ ਮਹਿਜ਼ 6 ਸਾਲਾਂ ਵਿੱਚ ਸ਼ਾਨਦਾਰ ਸਫ਼ਲਤਾ ਹਾਸਲ ਕੀਤੀ ਹੈ। ਪਹਿਲਾਂ ਪਹਿਲ ਘਰਦਿਆਂ ਅਤੇ ਦੋਸਤਾਂ ਨੇ ਇਸ ਕੰਮ ਦੀ ਆਲੋਚਨਾ ਕੀਤੀ, ਪਰ ਵਿਰੋਧ ਦੇ ਬਾਵਜੂਦ ਉਸ ਨੇ ‘ਸਕ੍ਰਿਪਟ ਰਾਈਟਿੰਗ’  ਕੋਰਸ ਕਰਨ ਦੀ ਜ਼ਿਦ ਫੜ ਲਈ ਤੇ ਗ੍ਰੈਜੂਏਸ਼ਨ ਵਿੱਚੇ  ਹੀ ਛੱਡ ਕੇ ‘ਸਕ੍ਰਿਪਟ ਰਾਈਟਿੰਗ’ ਵਿੱਚ ਇੱਕ ਮਹੀਨੇ ਦਾ ਕੋਰਸ ਕਰਨ ਦਿੱਲੀ ਚਲਾ ਗਿਆ ਤੇ ਫਿਰ ਮੁੰਬਈ ਆ ਵਸਿਆ।

* ਯੋਗਤਾ ਅਤੇ ਕੋਰਸ: ‘ਰਾਈਟਿੰਗ’ ਕਰੀਅਰ ਲਈ ਵੱਖ ਵੱਖ ਸੰਸਥਾਵਾਂ ਬਾਰ੍ਹਵੀਂ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਵੱਖ ਵੱਖ ਤਰ੍ਹਾਂ ਦੇ ਕੋਰਸ ਕਰਵਾ ਰਹੀਆਂ ਹਨ। ਪੁਣੇ ਸਥਿਤ ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ (ਐਫਟੀਆਈਆਈ) ਵਿੱਚ ਸਕ੍ਰਿਪਟ ਰਾਈਟਿੰਗ ਤਹਿਤ ਦੋ ਕੋਰਸ ਹਨ। ਤਿੰਨ ਸਾਲਾ ਪੋਸਟ ਗ੍ਰੈਜੂਏਟ ਡਿਪਲੋਮਾ ਇਨ ਡਾਇਰੈਕਸ਼ਨ ਐਂਡ ਸਕਰੀਨਪਲੇਅ ਰਾਈਟਿੰਗ  ਅਤੇ ਇਕ ਸਾਲਾ ਪੀਜੀ ਡਿਪਲੋਮਾ ਇਨ ਫੀਚਰ ਫਿਲਮ ਸਕਰੀਨਪਲੇਅ ਰਾਈਟਿੰਗ। ਇਨ੍ਹਾਂ ਕੋਰਸਾਂ ਦੀ ਯੋਗਤਾ ਗ੍ਰੈਜੂਏਸ਼ਨ ਹੈ। ਕਈ ਸੰਸਥਾਵਾਂ ਵਿੱਚ ਜਨ ਸੰਚਾਰ ਕੋਰਸ ਤਹਿਤ ਕਾਪੀ ਰਾਈਟਿੰਗ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਇਨ੍ਹਾਂ ਕੋਰਸਾਂ ਲਈ ਘੱਟੋ-ਘੱਟ ਯੋਗਤਾ ਬਾਰ੍ਹਵੀਂ ਹੈ। ਕੁਝ ਸੰਸਥਾਵਾਂ ਕਾਪੀ ਰਾਈਟਿੰਗ ਆਦਿ ਬਾਰੇ ਆਨਲਾਈਨ ਕੋਰਸ ਵੀ ਕਰਵਾਉਂਦੀਆਂ ਹਨ।

* ਵਿਸ਼ੇਸ਼ਤਾਵਾਂ: ਲਿਖਣ ਦੇ ਨਾਲ ਨਾਲ ਭਾਸ਼ਾ ’ਤੇ ਚੰਗੀ ਪਕੜ ਹੋਣੀ ਚਾਹੀਦੀ ਹੈ। ਅੱਜ ਦੇ ਸਮੇਂ ਵਿੱਚ ਲੇਖਕ ਦਾ ਕੰਪਿਊਟਰ ਅਤੇ ਇੰਟਰਨੈੱਟ ਫਰੈਂਡਲੀ ਹੋਣਾ ਵੀ ਜ਼ਰੂਰੀ ਹੈ। ਭਾਸ਼ਾ ਸ਼ੈਲੀ ਸਰਲ ਅਤੇ ਸ਼ਬਦਕੋਸ਼ ਵਿਸ਼ਾਲ ਹੋਣਾ ਚਾਹੀਦਾ ਹੈ। ਜਿਹੜੇ ਵਿਸ਼ੇ ਬਾਰੇ ਲਿਖਣਾ ਹੋਵੇ, ਉਸ ਦੀ ਵਿਸਥਾਰਤ ਜਾਣਕਾਰੀ ਹੋਣੀ ਜ਼ਰੂਰੀ ਹੈ।

* ਕਿਵੇਂ ਨਿਖਾਰੀਏ ਆਪਣਾ ਹੁਨਰ: ਲਿਖਣ ਲਈ ਰਚਨਾਤਮਕਤਾ ਦਾ ਹੋਣਾ ਲਾਜ਼ਮੀ ਹੈ, ਪਰ ਇਹ ਗੁਣ ਸਿਰਫ਼ ਕੋਰਸਾਂ ਨਾਲ ਵਿਕਸਿਤ ਨਹੀਂ ਹੁੰਦਾ। ਕੋਰਸਾਂ ਵਿੱਚ ਤਾਂ ਸਿਰਫ਼ ਲਿਖਣ ਬਾਰੇ ਤਕਨੀਕੀ ਗੱਲਾਂ  ਜਾਂ ਲਿਖਣ ਦਾ ਤੌਰ-ਤਰੀਕਾ ਹੀ ਦੱਸਿਆ ਜਾਂਦਾ ਹੈ। ਇਹ ਕੰਮ ਬਗ਼ੈਰ ਜਨੂੰਨ ਨਹੀਂ ਹੁੰਦਾ। ਲਿਖਣ ਦਾ ਹੁਨਰ ਤਰਾਸ਼ਣ ਲਈ ਕਿਤਾਬਾਂ ਪੜ੍ਹਨ ਦੀ ਆਦਤ ਪਾਉਣੀ ਜ਼ਰੂਰੀ ਹੈ ਤਾਂ ਜੋ ਗਿਆਨ ਦਾ ਦਾਇਰ ਵਿਸ਼ਾਲ ਹੋ ਜਾਵੇ ਤੇ ਆਪਣੇ ਆਪ ਨੂੰ ਅਪਡੇਟ ਵੀ ਰੱਖਿਆ ਜਾ ਸਕੇ। ਇਸ ਖੇਤਰ ਵਿੱਚ ਸੰਘਰਸ਼ ਤਾਂ ਬਹੁਤ ਹੈ, ਪਰ ਮਿਹਨਤ ਰੰਗ ਜ਼ਰੂਰ ਲਿਆਉਂਦੀ ਹੈ। ਟੀਵੀ ਅਤੇ ਫਿਲਮ ਸਕ੍ਰਿਪਟ ਰਾਈਟਿੰਗ ਇੰਨੀ ਆਸਾਨ ਨਹੀਂ ਹੈ। ਜੇ ਹੁਨਰ ਤੇ ਜਨੂੰਨ ਹੋਵੇਗਾ, ਤਾਂ  ਹੀ ਅੱਗੇ ਵਧਿਆ ਜਾ ਸਕੇਗਾ। ਇਸ ਖੇਤਰ ਵਿੱਚ ਕਦਮ ਰੱਖਣ ਤੋਂ ਪਹਿਲਾਂ ‘ਸਕ੍ਰਿਪਟ ਰਾਈਟਿੰਗ’ ਦਾ ਕੋਰਸ ਕਰਨ ਤੋਂ ਇਲਾਵਾ ਟੀਵੀ ਸੀਰੀਅਲ ਜਾਂ ਫਿਲਮਾਂ ਨੂੰ ਗਹੁ ਨਾਲ ਦੇਖੋ ਤੇ ਉੱਘੇ ਲੇਖਕਾਂ ਦੀਆਂ ਰਚਨਾਵਾਂ ਵੱਧ ਤੋਂ ਵੱਧ ਪੜ੍ਹੋ। ਅੱਜ-ਕੱਲ੍ਹ ਤਾਂ ਕਈ ਲੇਖਕਾਂ ਦੀ ਸਕ੍ਰਿਪਟ ਇੰਟਰਨੈੱਟ ’ਤੇ ਉਪਲੱਬਧ ਹੈ।  ਜੇ ਮੌਕਾ ਮਿਲੇ ਤਾਂ ਟੀਵੀ ਰਾਈਟਰਜ਼ ਦੇ ਨਾਲ ਸਹਾਇਕ ਵਜੋਂ ਕੰਮ ਕਰ ਕੇ ਵੀ ਬਹੁਤ ਕੁਝ ਸਿੱਖਿਆ ਜਾ ਸਕਦਾ ਹੈ।

* ਕਰੀਅਰ ਸੰਭਾਵਨਾਵਾਂ: ਰਿਐਲਿਟੀ ਜਾਂ ਹੋਰ ਟੀਵੀ ਸ਼ੋਅਜ਼, ਟੀਵੀ ਸੀਰੀਅਲ ਜਾਂ ਫਿਲਮਾਂ ਵਿੱਚ ਸਕ੍ਰਿਪਟ ਰਾਈਟਰਜ਼ ਦੀ ਲੋੜ ਹੁੰਦੀ ਹੈ। ਇਸ ਤੋਂ ਇਲਾਵਾ ਯੂ-ਟਿਊਬ ਚੈਨਲ ਰਾਈਟਿੰਗ, ਮੈਗਜ਼ੀਨ ਕੰਟੈਂਟ ਰਾਈਟਿੰਗ, ਵੈੱਬ ਸੀਰੀਜ਼ ਰਾਈਟਿੰਗ, ਆਨਲਾਈਨ ਰਾਈਟਿੰਗ ਜਾਂ ਬਲਾਗ-ਰਾਈਟਿੰਗ ਆਦਿ ਵੀ ਕਰੀਅਰ ਦੀਆਂ ਸੰਭਾਵਨਾਵਾਂ ਭਰਪੂਰ ਹਨ। ਲੇਖਕਾਂ ਦੀ ਸਭ ਤੋਂ ਵੱਧ ਲੋੜ ਵਿਗਿਆਪਨ/ ਇਸ਼ਤਿਹਾਰ ਕੰਪਨੀਆਂ ਨੂੰ ਹੈ, ਜਿੱਥੇ ਰਚਨਾਤਮਕ ਅਤੇ ਨਿਵੇਕਲੀ ਸੋਚ ਵਾਲੇ ਲੇਖਕਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ।

ਭਾਸ਼ਾ ’ਤੇ ਮਜ਼ਬੂਤ ਪਕੜ ਵਾਲੇ ਲੇਖਕਾਂ ਦੀ ਜ਼ਰੂਰਤ ਉਥੇ ਪੈਂਦੀ ਹੈ, ਜਿੱਥੇ ਇੰਟਰਨੈੱਟ ਦੀ ਹਰ ਵੈੱਬਸਾਈਟ ਨੂੰ ਰੋਜ਼ਾਨਾ ਅਪਡੇਟ ਕਰਨ ਦੀ ਲੋੜ ਰਹਿੰਦੀ ਹੈ। ਇਸ ਲਈ ਪਹਿਲਾਂ ਕਿਸੇ ਰਾਈਟਿੰਗ ਜਾਂ ਪਬਲਿਸ਼ਿੰਗ ਵੈੱਬਸਾਈਟ ’ਤੇ ਰਜਿਸਟਰੇਸ਼ਨ ਕਰਵਾਉਣ ਦੀ ਲੋੜ ਹੁੰਦੀ ਹੈ। ਕੁਝ ਕੰਪਨੀਆਂ ਪਹਿਲਾਂ ਰਾਈਟਿੰਗ ਦੇ ਸੈਂਪਲ ਮੰਗਦੀਆਂ ਹਨ ਤੇ ਫਿਰ ਕੰਮ ’ਤੇ ਰੱਖਦੀਆਂ ਹਨ। ਪੇਡ ਰਾਈਟਿੰਗ ਵਿੱਚ ਮਿਹਨਤਾਨਾ, ਲੇਖਨ ਦੀ ਗੁਣਵੱਤਾ ’ਤੇ ਨਿਰਭਰ ਕਰਦਾ ਹੈ। ਜੇਕਰ ਇੰਟਰਨੈੱਟ ’ਤੇ ਲੇਖ ਪ੍ਰਕਾਸ਼ਿਤ ਹੋਣ ਮਗਰੋਂ ਦੇਖਣ ਵਾਲਿਆਂ ਦੀ ਗਿਣਤੀ ਵਧ ਜਾਂਦੀ ਹੈ ਤਾਂ ਮਿਹਨਤਾਨਾ ਵੀ ਵੱਧ ਮਿਲੇਗਾ। ਇਨ੍ਹਾਂ ਵੈੱਬਸਾਈਟਾਂ ਵਿੱਚ fiverr.com,  elance.com, freelancer.com ਆਦਿ ਹਨ, ਜਿਨ੍ਹਾਂ ਸਹਾਰੇ  ਆਨਲਾਈਨ ਕੰਮ ਕਰ ਕੇ ਕਮਾਈ ਕੀਤੀ ਜਾ ਸਕਦੀ ਹੈ। ਕਈ ਆਨਲਾਈਨ ਕੰਪਨੀਆਂ ਪੈਸੇ ਲੈ ਕੇ ਫਾਰਮ ਭਰਨ ਲਈ ਦਬਾਅ ਬਣਾਉਂਦੀਆਂ ਹਨ। ਅਜਿਹੀਆਂ ਆਨਲਾਈਨ ਸਾਈਟਾਂ ਤੋਂ ਪਾਸੇ ਹੀ ਰਹਿਣਾ ਚਾਹੀਦਾ ਹੈ।

* ਆਮਦਨ: ਲਿਖਣ ਦੀ ਕਲਾ ਹੋਵੇ ਤਾਂ ਇਸ ਖੇਤਰ ਵਿੱਚ ਕਮਾਈ ਦੀ ਕੋਈ ਸੀਮਾ ਨਹੀਂ ਹੈ। ਇਹ ਸਿਰਫ਼ ਤੇ ਸਿਰਫ਼ ਤੁਹਾਡੇ ਹੁਨਰ ’ਤੇ ਨਿਰਭਰ ਕਰਦਾ ਹੈ। ਇੱਕ ਕੰਟੈਂਟ ਰਾਈਟਰ 10 ਤੋਂ 30 ਰੁਪਏ ਪ੍ਰਤੀ ਸ਼ਬਦ ਤੱਕ ਕਮਾ ਸਕਦਾ ਹੈ। ਤੁਸੀਂ ਸ਼ੁਰੂਆਤ ਵਿੱਚ ਟੀਵੀ ਸੀਰੀਅਲ ਆਦਿ ਵਿੱਚ ਸਹਾਇਕ ਵਜੋਂ 50 ਤੋਂ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਵੀ ਕਮਾ ਸਕਦੇ ਹੋ।

* ਪ੍ਰਮੁੱਖ ਸੰਸਥਾਵਾਂ
*   ਬ੍ਰਿਟਿਸ਼ ਕਾਉਂਸਲ  www.britishcouncil.in
*    ਭਾਰਤੀ ਜਨ ਸੰਚਾਰ ਸੰਸਥਾ  www.iimc.nic.in
*   ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ, ਦਿੱਲੀ  www.ignou.ac.in
*   ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ, ਪੁਣੇ  www.ftiindia.com
*    ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ, ਨਵੀਂ ਦਿੱਲੀ  www.iimc.nic.in

Comments

comments

Share This Post

RedditYahooBloggerMyspace