ਮੋਬਾਈਲ ਐਪ ਡਿਜ਼ਾਈਨਿੰਗ ਵਿੱਚ ਰੁਜ਼ਗਾਰ ਦੇ ਮੌਕੇ

ਮਨਿੰਦਰ ਕੌਰ

ਆਨਲਾਈਨ ਸ਼ਾਪਿੰਗ, ਘਰ ਬੈਠੇ ਬੱਸ, ਰੇਲ ਗੱਡੀ ਜਾਂ ਹਵਾਈ ਜਹਾਜ਼ ਵਿੱਚ ਸਫ਼ਰ ਕਰਨ ਲਈ ਟਿਕਟ ਬੁੱਕ ਕਰਾਉਣੀ, ਬਿਜਲੀ ਜਾਂ ਮੋਬਾਈਲ ਬਿੱਲ ਆਨਲਾਈਨ ਭਰਨ ਸਣੇ ਹੋਰ ਕਈ ਸੇਵਾਵਾਂ ਕੁਝ ਖ਼ਾਸ ਐਪਸ ਰਾਹੀਂ ਹੀ ਸੰਭਵ ਹੋ ਸਕੀਆਂ ਹਨ। ਅੱਜ ਮਨੋਰੰਜਨ, ਸ਼ਾਪਿੰਗ, ਗੇਮਿੰਗ, ਸੋਸ਼ਲ ਮੀਡੀਆ, ਟੈਲੀਕੌਮ, ਨਿਊਜ਼ ਸਰਵਿਸ, ਕਾਮਰਸ ਤੇ ਬੈਂਕਿੰਗ ਆਦਿ ਦੇ ਅਨੇਕ ਮੋਬਾਈਲ ਐਪ ਉਪਲੱਬਧ ਹਨ। ਜਿੰਨੀ ਤੇਜ਼ੀ ਨਾਲ ਐਪ ਨਿਰਮਾਣ ਦੀ ਮੰਗ ਵਧ ਰਹੀ ਹੈ, ਉਨੇ ਅਨੁਪਾਤ ਵਿੱਚ ਨਿਪੁੰਨ ਪੇਸ਼ੇਵਰ ਉਪਲੱਬਧ ਨਹੀਂ ਹਨ। ਇਸ ਕਰ ਕੇ ਕੰਪਿਊਟਰ ਸਾਇੰਸ ਅਤੇ ਕੰਪਿਊਟਰ ਐਪਲੀਕੇਸ਼ਨਜ਼ ਵਿੱਚ ਗ੍ਰੈਜੂਏਟ ਵਿਦਿਆਰਥੀਆਂ ਲਈ ਮੋਬਾਈਲ ਐਪ ਡਿਵੈੱਲਪਿੰਗ ਦੇ ਖੇਤਰ ਵਿੱਚ ਰੁਜ਼ਗਾਰ ਦੇ ਨਵੇਂ ਰਾਹ ਖੁੱਲ੍ਹਣ ਦੇ ਆਸਾਰ ਵੱਧ ਹਨ। ਜੇ ਤੁਸੀ ਵੀ ਐਪ ਬਣਾਉਣ ਦੇ ਸ਼ੌਕੀਨ ਹੋ ਤਾਂ ਸ਼ਾਰਟ ਟਰਮ ਕੋਰਸ ਕਰ ਕੇ ਇਸ ਖੇਤਰ ਵਿੱਚ ਕਿਸਮਤ ਅਜਮਾ ਸਕਦੇ ਹੋ।
* ਕੀ ਹੁੰਦਾ ਹੈ ਮੋਬਾਈਲ ਐਪ?
ਮੋਬਾਈਲ ਐਪਲੀਕੇਸ਼ਨ ਜਾਂ ਐਪ ਇੱਕ ਅਜਿਹਾ ਸਾਫਟਵੇਅਰ ਹੁੰਦਾ ਹੈ, ਜੋ ਕੰਪਿਊਟਰ ਅਤੇ ਲੈਪਟਾਪ ਦੀ ਬਜਾਇ ਸਮਾਰਟਫੋਨਜ਼, ਟੈਬਲਾਇਡ ਤੇ ਸਮਾਰਟਵਾਚ ਵਰਗੀ ਛੋਟੀ ਅਤੇ ਵਾਇਰਲੈੱਸ ਡਿਵਾਈਸ ’ਤੇ ਕੰਮ ਕਰਦਾ ਹੈ। ਐਪ ਡਿਵੈਲਪਰਜ਼ ਇਨ੍ਹਾਂ ਐਪਸ ਨੂੰ ਇਸ ਲਿਹਾਜ਼ ਨਾਲ ਡਿਵੈੱਲਪ ਕਰਦੇ ਹਨ ਕਿ ਇਹ ਛੋਟੀ ਸਕਰੀਨ, ਘੱਟ ਮੈਮਰੀ ਤੇ ਘੱਟ ਪ੍ਰੋਸੈਸਿੰਗ ਪਾਵਰ ’ਤੇ ਵੀ ਚਲਾਏ ਜਾ ਸਕਣ।
* ਮੋਬਾਈਲ ਐਪ ਅੰਕੜਿਆਂ ’ਤੇ ਇੱਕ ਨਜ਼ਰ
ਭਾਰਤ ਵਿੱਚ ਇੰਟਰਨੈੱਟ ਵਰਤੋਂਕਾਰਾਂ ਦੀ ਗਿਣਤੀ ਦਿਨੋਂ-ਦਿਨ ਵਧ ਰਹੀ ਹੈ। ਇਨ੍ਹੀਂ ਦਿਨੀਂ ਆਨਲਾਈਨ ਕਾਰੋਬਾਰ ਵੀ ਤੇਜ਼ੀ ਨਾਲ ਵਧ ਰਿਹਾ ਹੈ। ਹਰ ਇੱਕ ਕੰਪਨੀ, ਫਰਮ ਜਾਂ ਸਰਵਿਸ ਸੈਕਟਰ ਨਾਲ ਜੁੜੇ ਉਦਯੋਗਾਂ ਨੂੰ ਆਪਣੇ ਉਤਪਾਦ ਅਤੇ ਸੇਵਾਵਾਂ ਵੇਚਣ ਲਈ ਵੈਬਸਾਈਟਾਂ ਤੋਂ ਇਲਾਵਾ ਮੋਬਾਈਲ ਐਪਸ ਦੀ ਜ਼ਰੂਰਤ ਹੈ। ਇੱਕ ਰਿਪੋਰਟ ਅਨੁਸਾਰ ਅੱਜ 70 ਫ਼ੀਸਦੀ ਇੰਟਰਨੈੱਟ ਵਰਤੋਂਕਾਰ ਮੋਬਾਈਲ ਜ਼ਰੀਏ ਇੰਟਰਨੈੱਟ ਚਲਾਉਂਦੇ ਹਨ। 2016 ਵਿੱਚ 2360 ਲੱਖ ਤੋਂ ਵੱਧ ਲੋਕਾਂ ਨੇ ਮੋਬਾਈਲ ਇੰਟਰਨੈੱਟ ਦੀ ਵਰਤੋਂ ਕੀਤੀ ਅਤੇ 2017 ਦੇ ਅੰਤ ਤੱਕ ਇਹ ਗਿਣਤੀ ਵਧ ਕੇ 3140 ਲੱਖ ਤੱਕ ਪੁੱਜਣ ਦਾ ਅਨੁਮਾਨ ਹੈ। ਖੋਜ ਕੰਪਨੀ ਗਾਰਟਨਰ ਅਨੁਸਾਰ 2017 ਵਿੱਚ 90 ਕਰੋੜ ਤੋਂ ਵੀ ਜ਼ਿਆਦਾ ਵਾਰ ਮੋਬਾਈਲ ਐਪ ਡਾਊਨਲੋਡ ਕੀਤੇ ਗਏ, ਜਿਸ ਨਾਲ 77 ਅਰਬ ਡਾਲਰ ਤੋਂ ਵੱਧ ਦੀ ਆਮਦਨੀ ਹੋਈ ਹੈ, ਜੋ ਸਾਲ 2014 ਵਿੱਚ 35 ਅਰਬ ਡਾਲਰ, 2015 ਵਿੱਚ 45 ਅਰਬ ਡਾਲਰ ਤੇ 2016 ਵਿੱਚ 58 ਅਰਬ ਡਾਲਰ ਸੀ।
* ਹੁਨਰ ਤੇ ਯੋਗਤਾ
ਜ਼ਿਆਦਾਤਰ ਮੋਬਾਈਲ ਫੋਨ ਫਿਲਹਾਲ ਐਂਡਰਾਇਡ, ਵਿੰਡੋ ਤੇ ਆਈਓਐਸ ’ਤੇ ਆਧਾਰਿਤ ਹਨ, ਜਿਨ੍ਹਾਂ ਵਿੱਚ ਜਾਵਾ, ਆਬਜੈਕਟਿਵ ਸੀ, ਸੀ ++ ਤੇ ਸੀ# ਲੈਂਗੂਏਜ ਦੀ ਵਰਤੋਂ ਹੁੰਦੀ ਹੈ। ਜਿਹੜੇ ਵਿਦਿਆਰਥੀ ਕੰਪਿਊਟਰ ਦੀਆਂ ਇਨ੍ਹਾਂ ਭਾਸ਼ਾਵਾਂ ਦੇ ਜਾਣਕਾਰ ਹੋਣ ਦੇ ਨਾਲ ਨਾਲ ਰਚਨਾਤਮਕ ਵੀ ਹੁੰਦੇ ਹਨ, ਉਨ੍ਹਾਂ ਲਈ ਇਸ ਖੇਤਰ ਵਿੱਚ ਕਰੀਅਰ ਬਣਾਉਣਾ ਆਸਾਨ ਹੁੰਦਾ ਹੈ। ਕੰਪਿਊਟਰ ਸਾਇੰਸ ਵਿੱਚ ਬੀ.ਟੈੱਕ./ਬੀ.ਸੀ.ਏ ਵਿਦਿਆਰਥੀਆਂ ਲਈ ਐਪ ਡਿਜ਼ਾਈਨਿੰਗ ਨਾਲ ਜੁੜੇ ਕੁਝ ਸ਼ਾਰਟ ਟਰਮ ਕੋਰਸ ਉਪਲੱਬਧ ਹਨ।
* ਕੋਰਸਾਂ ਦੀ ਰੂਪ ਰੇਖਾ
ਜੇ ਤੁਸੀ ਕੰਪਿਊਟਰ ਸਾਇੰਸ ਵਿੱਚ ਬੀ.ਈ. ਜਾਂ ਬੀ.ਟੈੱਕ. ਕੀਤੀ ਹੈ ਤਾਂ ਕੁਝ ਆਨਲਾਈਨ ਸਿੱਖਿਆ ਸੰਸਥਾਵਾਂ ਤੋਂ ਸਰਟੀਫਿਕੇਟ ਕੋਰਸ ਕੀਤਾ ਜਾਾ ਸਕਦਾ ਹੈ। ਇਸ ਤੋਂ ਇਲਾਵਾ ਐਨ.ਆਈ.ਆਈ.ਟੀ ਜਿਹੀਆਂ ਕੁਝ ਪ੍ਰਾਈਵੇਟ ਸੰਸਥਾਵਾਂ ਵੀ ਹਨ, ਜੋ ਇਸ ਤਰ੍ਹਾਂ ਦੇ ਸਰਟੀਫਿਕੇਟ ਅਤੇ ਡਿਪਲੋਮਾ ਕੋਰਸ ਕਰਵਾਉਂਦੀਆਂ ਹਨ। ਕੁਝ ਸੰਸਥਾਵਾਂ ਵਿੱਚ 12ਵੀਂ (ਸਾਇੰਸ) ਦੇ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਕੋਰਸਾਂ ਵਿੱਚ ਦਾਖ਼ਲਾ ਮਿਲ ਜਾਂਦਾ ਹੈ। ਪਿਛਲੇ ਸਾਲ ਤੋਂ ਆਈ.ਆਈ.ਟੀ ਮਦਰਾਸ ਨੇ ਵੀ ਆਨਲਾਈਨ ਕੋਰਸ ਸ਼ੁਰੂ ਕੀਤਾ ਹੈ। ਆਈ.ਆਈ.ਟੀ.ਐਮ, ਇੰਟ੍ਰੋਡਕਸ਼ਨ ਟੂ ਮਾਡਰਨ ਐਪਲੀਕੇਸ਼ਨ ਡਿਵੈਲਪਮੈਂਟ (ਆਈ.ਐਮ.ਏ.ਡੀ) ਤਹਿਤ ਇਹ ਕੋਰਸ ਚਲਾ ਰਿਹਾ ਹੈ। ਇੱਥੇ ਦਾਖ਼ਲਾ ਲੈਣ ਦੇ ਚਾਹਵਾਨ, ਆਨਲਾਈਨ ਅਪਲਾਈ ਕਰਕੇ ਯੂ-ਟਿਊਬ ਰਾਹੀਂ ਇਹ ਕੋਰਸ ਕਰ ਸਕਦੇ ਹਨ। ਚਾਰ ਹਫ਼ਤਿਆਂ ਦੇ ਇਸ ਕੋਰਸ ਦਾ ਹਰ ਵੀਡੀਓ-ਲੈਕਚਰ 20 ਮਿੰਟਾਂ ਦਾ ਹੁੰਦਾ ਹੈ। ਵਿਦਿਆਰਥੀ ਕਿਸੇ ਵੀ ਸਮੇਂ ਇਹ ਕੋਰਸ ਕਰ ਸਕਦੇ ਹਨ। ਆਈ.ਆਈ.ਟੀ ਮਦਰਾਸ ਇਸ ਦਾ ਈ-ਸਰਟੀਫਿਕੇਟ ਵੀ ਜਾਰੀ ਕਰਦਾ ਹੈ, ਜੋ ਖਾਸ ਪ੍ਰੀਖਿਆ ਪਾਸ ਕਰਨ ਮਗਰੋਂ ਮਿਲਦਾ ਹੈ। ਵਧੇਰੇ ਜਾਣਕਾਰੀ ਲਈ www.imad.tech ਵੈੱਬਸਾਈਟ ’ਤੇ ਲਾਗਆਨ ਕਰੋ।
* ਮੌਕਿਆਂ ਦੀ ਭਰਮਾਰ
ਆਏ ਦਿਨ ਨਵੇਂ ਐਪ ਲਾਂਚ ਹੋ ਰਹੇ ਹਨ, ਇਸ ਦੇ ਮੱਦੇਨਜ਼ਰ ਕੰਪਨੀਆਂ ਤੇਜ਼ੀ ਨਾਲ ਐਪ ਡਿਵੈੱਲਪਰਜ਼ ਨੂੰ ਭਰਤੀ ਕਰ ਰਹੀਆਂ ਹਨ, ਖ਼ਾਸ ਕਰ ਕੇ ਉਨ੍ਹਾਂ ਨੂੰ ਜੋ ਆਪਣੇ ਪੱਧਰ ’ਤੇ ਹੀ ਐਪ ਡਿਵੈੱਲਪ ਕਰਨ ਦੇ ਯੋਗ ਹੋਣ। ਜੇ ਤੁਹਾਡੇ ਕੋਲ ਵੀ ਇਹ ਹੁਨਰ ਹੈ ਤਾਂ ਮੋਬਾਈਲ ਆਪਰੇਟਰ, ਮੋਬਾਈਲ ਐਪਲੀਕੇਸ਼ਨ ਡਿਵੈਲਪਮੈਂਟ ਤੇ ਵੈਲਿਊ ਏਡਿਡ ਸਰਵਿਸ ਦੇਣ ਵਾਲੀਆਂ ਕੰਪਨੀਆਂ ਵਿੱਚ ਸ਼ਾਨਦਾਰ ਪੈਕੇਜ ਮਿਲ ਸਕਦਾ ਹੈ, ਜਿੱਥੇ ਤੁਸੀ ਯੂਆਈ (ਯੂਜ਼ਰ ਇੰਟਰਫੇਸ) ਐਕਸਪਰਟ, ਇੰਜਨੀਅਰ, ਐਂਡ੍ਰਾਇਡ ਐਪ ਡਿਵੈੱਲਪਰ, ਐਪ ਟੈਸਟਰ, ਐਪ ਕੰਸਲਟੈਂਟ ਅਹੁਦਿਆਂ ’ਤੇ ਕੰਮ ਕਰ ਸਕਦੇ ਹੋ। ਸ਼ੁਰੂਆਤ ਵਿੱਚ 30-35 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲ ਜਾਂਦਾ ਹੈ। ਇਸ ਤੋਂ ਇਲਾਵਾ ਫ੍ਰੀਲਾਂਸਰ ਵਜੋਂ ਵੀ ਕੰਮ ਮਿਲ ਜਾਂਦਾ ਹੈ। ਇੱਥੋਂ ਤੱਕ ਕਿ ਤੁਸੀ ਆਪਣੇ ਐਪਸ ਡਿਵੈੱਲਪ ਕਰ ਕੇ ਆਈਫੋਨ ਜਾਂ ਗੂਗਲ ਪਲੇਅ ਸਟੋਰ ’ਤੇ ਵੇਚ ਵੀ ਸਕਦੇ ਹੋ।
* ਆਨਲਾਈਨ ਗੇਮਿੰਗ ਇੰਡਸਟਰੀ ਵਿੱਚ ਮੌਕੇ
ਐਪਸ ਤੋਂ ਇਲਾਵਾ ਭਾਰਤੀ ਗੇਮਿੰਗ ਇੰਡਸਟਰੀ ਵੀ 208.2 ਮਿਲੀਅਨ ਮੋਬਾਈਲ ਗੇਮ ਵਰਤੋਂਕਾਰਾਂ (2016 ਤੱਕ) ਨਾਲ ਬਹੁਤ ਤੇਜ਼ੀ ਨਾਲ ਵਿਕਾਸ ਕਰ ਰਹੀ ਹੈ। ਗੇਮਿੰਗ ਵਿੱਚ ਡਿਪਲੋਮਾ ਤੋਂ ਲੈ ਕੇ ਐਡਵਾਂਸ ਡਿਪਲੋਮਾ ਤੱਕ ਦੇ ਕੋਰਸ ਕਰਵਾਏ ਜਾਂਦੇ ਹਨ, ਜਿਵੇਂ 2ਡੀ/3ਡੀ ਐਨੀਮੇਸ਼ਨ ਐਂਡ ਗੇਮ ਆਰਟ, ਐਡਵਾਂਸਡ ਸਰਟੀਫਿਕੇਟ ਇੰਨ ਕਲਾਸੀਕਲ ਐਨੀਮੇਸ਼ਨ, ਡਿਪਲੋਮਾ ਇੰਨ ਗੇਮ ਡਿਜ਼ਾਈਨ ਆਦਿ। ਕਿਸੇ ਵੀ ਸਟ੍ਰੀਮ ਤੋਂ 12ਵੀਂ ਕਰਕੇ ਵਿਦਿਆਰਥੀ ਇਸ ਖੇਤਰ ਵਿੱਚ ਕਦਮ ਰੱਖ ਸਕਦੇ ਹਨ। ਮਲਟੀਮੀਡੀਆ ਅਤੇ ਐਨੀਮੇਸ਼ਨ ਨਾਲ ਸਬੰਧਤ ਕੋਰਸ ਕਰ ਕੇ ਵੀ ਬਿਹਤਰ ਮੌਕੇ ਹਾਸਲ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਆਈ.ਟੀ. ਅਤੇ ਬੀ.ਟੈੱਕ. (ਕੰਪਿਊਟਰ ਸਾਇੰਸ) ਕਰ ਕੇ ਵੀ ਇਸ ਖੇਤਰ ਵਿੱਚ ਸਪੈਸ਼ਲਾਈਜੇਸ਼ਨ ਹਾਸਲ ਕੀਤੀ ਜਾ ਸਕਦੀ ਹੈ। ਗੇਮਿੰਗ ਬਾਜ਼ਾਰ ਵਿੱਚ ਗੇਮ ਡਿਵੈੱਲਪਰ, ਗੇਮ ਪ੍ਰੋਗਰਾਮਰ, ਗੇਮ ਆਥਰ, ਗੇਮ ਐਨੀਮੇਟਰ, ਗੇਮ ਲਾਈਟਿੰਗ-ਸਾਊਂਡ ਐਕਸਪਰਟ ਆਦਿ ਮਾਹਿਰਾਂ ਦੀ ਜਬਰਦਸਤ ਮੰਗ ਹੈ।
* ਪ੍ਰਮੁੱਖ ਸੰਸਥਾਨ
ਐਪ-ਡਿਵੈੱਲਪਰ ਲਈ
1. ਇੰਡੀਅਨ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ, ਇਲਾਹਾਬਾਦ www.iiita.ac.in
2. ਬਰਲਾ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਸਾਇੰਸ, ਪਿਲਾਨੀ www.bits-pilani.ac.in
3. ਐਂਡਰਾਇਡ ਇੰਸਟੀਚਿਊਟ, ਕੋਲਕਾਤਾ www.androidinstitute.in
ਗੇਮ-ਡਿਵੈੱਲਪਰ ਲਈ
1. ਨੈਸ਼ਨਲ ਇੰਸਟੀਚਿਊਟ ਆਫ ਡਿਜ਼ਾਈਨ, ਅਹਿਮਦਾਬਾਦ www.nid.edu
2. ਟੀ.ਜੀ.ਸੀ. ਐਨੀਮੇਸ਼ਨ ਐਂਡ ਮਲਟੀਮੀਡੀਆ, ਨਵੀਂ ਦਿੱਲੀ www.tgcindia.com
3. ਇੰਟਰਨੈਸ਼ਨਲ ਇੰਸਟੀਚਿਊਟ ਆਫ ਗੇਮਿੰਗ ਐਂਡ ਐਨੀਮੇਸ਼ਨ, ਮੁੰਬਈ www.iiga.in
ਸੰਪਰਕ: maninderkaurcareers@gmail.com

Comments

comments

Share This Post

RedditYahooBloggerMyspace