ਵਾਲਮੀਕਿ ਭਾਈਚਾਰੇ ਦੇ ਦੋ ਧੜਿਆਂ ਵਿਚਾਲੇ ਲੜਾਈ

ਮੁਕੇਰੀਆਂ : ਸ਼ਹਿਰ ਦੇ ਵਾਲਮੀਕਿ ਭਾਈਚਾਰੇ ਦੇ ਦੋ ਧੜਿਆਂ ਵਿਚਾਲੇ ਬਾਜ਼ਾਰ ’ਚ ਹੋਈ ਲੜਾਈ ਦੌਰਾਨ ਕਰੀਬ 7 ਜਣੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਲੜਾਈ ਦਾ ਕਾਰਨ ਬੀਤੇ ਦਿਨ ਵਾਲਮੀਕਿ ਸਭਾ ਦੀ ਨਵੀਂ ਦੋ ਵੱਖ ਵੱਖ ਕਮੇਟੀਆਂ ਦੀ ਹੋਈ ਚੋਣ ਮੰਨਿਆ ਜਾ ਰਿਹਾ ਹੈ। ਸਿਵਲ ਹਸਪਤਾਲ ’ਚ ਜੇਰੇ ਇਲਾਜ ਲਕਸ਼ਮਣ ਦਾਸ ਤੇ ਉਸ ਦੇ ਸਾਥੀਆਂ ਲਲਿਤ ਗਿੱਲ ਤੇ ਵਿਸ਼ਾਲ ਹੰਸ ਨੇ ਦੱਸਿਆ ਕਿ ਬੀਤੇ ਦਿਨ ਵਾਲਮੀਕਿ ਭਾਈਚਾਰੇ ਦੀ ਨਵੀਂ ਚੁਣੀ ਕਮੇਟੀ ਵਿੱਚ ਸਰਬਸੰਮਤੀ ਨਾਲ ਅਸ਼ਵਨੀ ਭੱਟੀ ਨੂੰ ਪ੍ਰਧਾਨ ਚੁਣਿਆ ਗਿਆ ਸੀ ਅਤੇ ਬਾਕੀ ਅਹੁਦੇਦਾਰ ਚੁਣਨ ਦੇ ਅਧਿਕਾਰ ਅਸ਼ਵਨੀ ਭੱਟੀ ਨੂੰ ਦਿੱਤੇ ਗਏ ਸਨ। ਇਸ ਚੋਣ ਤੋਂ ਵਾਰਡ ਦਾ ਕੌਂਸਲਰ ਅਨੂਪ ਭੱਟੀ ਤੇ ਕੁਝ ਹੋਰ ਪੁਰਾਣੇ ਆਗੂ ਖ਼ਫਾ ਸਨ। ਅੱਜ ਜਦੋਂ ਕਮੇਟੀ ਦੇ ਨਵੇਂ ਚੁਣੇ ਪ੍ਰਧਾਨ ਅਸ਼ਵਨੀ ਭੱਟੀ ਤੇ ਹੋਰ ਆਗੂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕੱਢੇ ਜਾ ਰਹੇ ਨਗਰ ਕੀਰਤਨ ਦੇ ਸਵਾਗਤ ਲਈ ਬਜ਼ਾਰ ’ਚ ਖੜ੍ਹੇ ਸਨ ਤਾਂ ਅਚਾਨਕ ਅਨੂਪ ਭੱਟੀ, ਗੌਰਵ ਕੋਟੀਆ, ਅੱਪੂ ਭੱਟੀ ਤੇ ਗੁਲਸ਼ਨ ਭੱਟੀ ਸਮੇਤ ਕਰੀਬ 15-20 ਬੰਦਿਆਂ ਨੇ ਉਨ੍ਹਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਅਸ਼ਵਨੀ ਭੱਟੀ ਦੀ ਦੁਕਾਨ ’ਚ ਵੜ ਕੇ ਭੰਨਤੋੜ ਵੀ ਕੀਤੀ।

ਇਸ ਹਮਲੇ ਵਿੱਚ ਵਾਲਮੀਕਿ ਸਭਾ ਦੇ ਨਵੇਂ ਚੁਣੇ ਪ੍ਰਧਾਨ ਅਸ਼ਵਨੀ ਭੱਟੀ, ਲਕਸ਼ਮਣ ਦਾਸ, ਪਰਮਿੰਦਰ ਸਿੰਘ ਗਿੱਲ ਤੇ ਇਸ਼ਾਂਤ ਹੰਸ ਜ਼ਖਮੀ ਹੋਏ ਹਨ। ਉਨ੍ਹਾਂ ਦੋਸ਼ ਲਗਾਇਆ ਕਿ ਹਮਲਾਵਰਾਂ ਨੂੰ ਕੌਂਸਲਰ ਅਨੂਪ ਭੱਟੀ ਦੀ ਸ਼ਹਿ ਹੈ ਅਤੇ ਉਹ ਨਵੀਂ ਚੁਣੀ ਕਮੇਟੀ ਦੇ ਆਗੂਆਂ ਨੂੰ ਡਰਾਉਣਾ ਚਾਹੁੰਦਾ ਹੈ। ਉੱਧਰ ਕੌਂਸਲਰ ਅਨੂਪ ਭੱਟੀ ਨੇ ਕਿਹਾ ਕਿ ਉਸ ਨੂੰ ਸਿਆਸੀ ਰੰਜਿਸ਼ ਤਹਿਤ ਘਸੀਟਿਆ ਜਾ ਰਿਹਾ ਹੈ ਅਤੇ ਇਹ ਲੜਾਈ ਗੁਲਸ਼ਨ ਭੱਟੀ ਜੋ ਕਿ ਵਾਲਮੀਕਿ ਸਭਾ ਦਾ ਸਕੱਤਰ ਹੈ, ਨਾਲ ਨਵੀਂ ਚੁਣੀ ਕਮੇਟੀ ਵਲੋਂ ਕੀਤੀ ਜਾ ਰਹੀ ਕੁਲੈਕਸ਼ਨ ਨੂੰ ਲੈ ਕੇ ਹੋਈ ਹੈ। ਉਨ੍ਹਾਂ ਦੀ ਕਮੇਟੀ ਨੂੰ ਸਭਾ ਦੇ ਪੁਰਾਣੇ ਪ੍ਰਧਾਨ ਕੇਸਰ ਕਡਿਆਰਾ ਨੇ ਬਕਾਇਦਾ ਚਾਰਜ ਦਿੱਤਾ ਹੈ ਅਤੇ ਸਭਾ ਦੇ ਸਾਰੇ ਦਸਤਾਵੇਜ਼ ਤੇ ਕਿਰਾਏਨਾਮੇ ਉਨ੍ਹਾਂ ਕੋਲ ਮੌਜੂਦ ਹਨ। ਵਾਲਮੀਕਿ ਸਭਾ ਦੀ ਨਵੀਂ ਚੁਣੀ ਕਮੇਟੀ ਦੇ ਸਕੱਤਰ ਗੁਲਸ਼ਨ ਭੱਟੀ ਵੱਲੋਂ ਆਪਣੀ 11 ਮੈਂਬਰੀ ਕਮੇਟੀ ਨਾਲ ਸਭਾ ਦੀਆਂ ਕਿਰਾਏ ’ਤੇ ਦਿੱਤੀਆਂ ਕਰੀਬ 25-30 ਦੁਕਾਨਾਂ ਦੀ ਕਿਰਾਇਆ ਵਸੂਲੀ ਕੀਤੀ ਜਾ ਰਹੀ ਸੀ ਜਿਸ ’ਤੇ ਉਨ੍ਹਾਂ ਨੇ ਹਮਲਾ ਕਰਕੇ ਉਨ੍ਹਾਂ ਦੇ 3 ਸਾਥੀਆਂ, ਗੁਲਸ਼ਨ ਭੱਟੀ, ਅਨਿਲ ਭੱਟੀ ਤੇ ਕਰਨ ਨੂੰ ਜ਼ਖਮੀ ਕਰ ਦਿੱਤਾ ਹੈ।

ਜਾਂਚ ਉਪਰੰਤ ਕੀਤੀ ਜਾਵੇਗੀ ਕਾਰਵਾਈ: ਐਸਐਚਓ
ਐਸਐਚਓ ਕਰਨੈਲ ਸਿੰਘ ਨੇ ਕਿਹਾ ਕਿ ਦੋਵੇਂ ਧਿਰਾਂ ਦੇ ਜ਼ਖ਼ਮੀ ਹਸਪਤਾਲ ਦਾਖਲ ਹਨ ਅਤੇ ਬਿਆਨ ਦਰਜ ਕਰਨ ਉਪਰੰਤ ਜਾਂਚ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਕੇਸ ਦੇ ਜਾਂਚ ਅਧਿਕਾਰੀ ਏਐਸਆਈ ਸਰਬਜੀਤ ਸਿੰਘ ਨੇ ਕਿਹਾ ਕਿ ਝਗੜੇ ਵਾਲੇ ਸਥਾਨ ਨੇੜਲੀਆਂ ਦੁਕਾਨਾਂ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਅਤੇ ਜਾਂਚ ਉਪਰੰਤ ਬਣਦੀ ਕਾਰਵਾਈ ਕੀਤੀ ਜਾਵੇਗੀ।

Comments

comments

Share This Post

RedditYahooBloggerMyspace