70 ਸਾਲਾਂ ਦੇ ਸਿਖ ਸੰਘਰਸ਼ ਦਾ ਨਤੀਜਾ ਕੀ ਨਿਕਲਿਆ?

ਸਤਨਾਮ ਸਿੰਘ ਚਾਹਲ

ਸਤਨਾਮ ਸਿੰਘ ਚਾਹਲ 408-221-5732

ਲਗਦਾ ਹੈ ਕਿ ਸੰਘਰਸ਼ ਅਤੇ ਸਿੱਖ ਕੌਮ ਦੋਵੇਂ ਇੱਕ ਦੂਜੇ ਨਾਲ ਧੁਰ ਤੋਂ ਹੀ ਜੁੜੇ ਹੋਏ ਹਨ। ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਸਿੱਖ ਰਾਜ ਸਥਾਪਤ ਕਰਨ, ਮਹਾਰਾਜਾ ਰਣਜੀਤ ਸਿੰਘ ਵੱਲੋਂ ਸਥਾਪਤ ਖ਼ਾਲਸਾ ਰਾਜ ਤੱਕ ਅਤੇ ਇਨ੍ਹਾਂ ਦੋਵਾਂ ਰਾਜਾਂ ਦੇ ਖ਼ਾਤਮੇ ਮਗਰੋਂ ਮੁੜ ਤੋਂ ਕੌਮ ਦੀ ਚੜ੍ਹਦੀਕਲਾ ਸਥਾਪਤ ਕਰਨ, ਕੌਮ ਦੇ ਹੱਥ ਰਾਜਸੀ ਤਾਕਤ ਲਿਆਉਣ ਲਈ ਸਿੱਖ ਕੌਮ ਨੂੰ ਲਹੂ ਪੀੜਵੇਂ ਸੰਘਰਸ਼ ਵਿੱਚੋਂ ਲੰਘਣਾ ਪਿਆ ਹੈ। ਪਹਿਲਾਂ ਸਿੱਖਾਂ ਨੇ ਇਸ ਖਿੱਤੇ ਨੂੰ ਮੁਗਲਾਂ ਤੋਂ ਆਜ਼ਾਦ ਕਰਵਾਇਆ ਤੇ 19ਵੀਂ ਸਦੀ ਦੇ ਦੌਰ ਵਿੱਚ ਬ੍ਰਿਟਿਸ਼ ਹਕੂਮਤ ਵਿਰੁੱਧ ਸੰਘਰਸ਼ ਲੜਣਾ ਪਿਆ। ਇਸ ਖਿੱਤੇ (ਉਸ ਸਮੇਂ ਭਾਰਤ ਨਾਂ ਦਾ ਕੋਈ ਦੇਸ਼ ਮੌਜ਼ੂਦ ਨਹੀਂ ਸੀ) ਦੀ ਆਜ਼ਾਦੀ ਲਈ ਲੰਮਾ ਸਮਾਂ ਸੰਘਰਸ਼ ਚੱਲਿਆ। 19ਵੀਂ ਸਦੀ ਦੇ ਪਹਿਲੇ ਅੱਧ ਤੱਕ ਤਾਂ ਇਹ ਜੰਗ ਸਿੱਖਾਂ ਨੂੰ ਇਕੱਲਿਆਂ ਹੀ ਲੜਣੀ ਪਈ ਕਿਉਂਕਿ ਇਸ ਸਮੇਂ ਤੱਕ ਸਮੁੱਚਾ ਭਾਰਤ ਅੰਗਰੇਜ਼ਾਂ ਦਾ ਸਾਥ ਦੇ ਰਿਹਾ ਸੀ। 1850ਵਿਆਂ ਤੋਂ ਬਾਅਦ ਕੁੱਝ ਧਾਰਮਿਕ ਤੇ ਨਿੱਜੀ ਕਾਰਨਾਂ ਕਰਕੇ ਭਾਰਤ ਦੇ ਕੁੱਝ ਹਿੱਸਿਆਂ ਵਿੱਚੋਂ ਅੰਗਰੇਜ਼ ਹਕੂਮਤ ਵਿਰੁੱਧ ਵਿਦਰੋਹ ਤਾਂ ਉੱਠਿਆ ਪਰ ਉਹ ਆਟੇ ਵਿੱਚ ਲੂਣ ਬਰਾਬਰ ਸੀ। ਇਹ ਵਿਰੋਧ ਅੰਗਰੇਜ਼ਾਂ ਪ੍ਰਤੀ ਜ਼ਰੂਰ ਸੀ ਪਰ ਉਦੇਸ਼ ਇਸ ਖਿੱਤੇ ਦੀ ਆਜ਼ਾਦੀ ਦਾ ਨਹੀਂ ਸਗੋਂ ਰਾਜੇ-ਰਾਜਵਾੜਿਆਂ ਦੇ ਆਪਣੇ ਧਾਰਮਿਕ ਜਾਂ ਨਿੱਜੀ ਹਿੱਤਾਂ ਦੀ ਪੂਰਤੀ ਕਰਨਾ ਸੀ। ਇਸ ਤਰ੍ਹਾਂ ਇਸ ਕਥਨ ਵਿੱਚ ਕੋਈ ਦੋ ਰਾਵ੍ਹਾਂ ਨਹੀਂ ਹਨ ਕਿ ਸਿੱਖਾਂ ਨੂੰ ਇਸ ਖਿੱਤੇ ਦੀ ਆਜ਼ਾਦੀ ਲਈ ਜ਼ਿਆਦਾ ਕਰਕੇ ਇਕੱਲੇ ਤੌਰ ‘ਤੇ ਹੀ ਸੰਘਰਸ਼ ਕਰਨਾ ਪਿਆ। ਅਨੇਕਾਂ ਸਿੱਖਾਂ ਨੂੰ ਜੇਲ੍ਹਾਂ ਦੀਆਂ ਸਜ਼ਾਵਾਂ ਹੋਈਆ। ਬਹੁਤ ਸਾਰੇ ਕਾਲੇ ਪਾਣੀ ਭੇਜ ਦਿੱਤੇ ਗਏ। ਕਿੰਨੇ ਹੀ ਫਾਸ਼ੀਆਂ ’ਤੇ ਚਾੜ੍ਹੇ ਗਏ ਜਿਨ੍ਹਾਂ ਦਾ ਅਜ ਦੇਸ਼ ਦੀ ਆਜ਼ਾਦੀ ਦੇ ਇਤਿਹਾਸ ਵਿੱਚ ਜ਼ਿਕਰ ਕਰਨਾ ਵੀ ‘ਪਾਪ’ ਸਮਝਿਆ ਜਾਂਦਾ ਹੈ। ਅੰਤ ਇਸ ਸੰਘਰਸ਼ ਦਾ ਨਤੀਜਾ ਕੀ ਨਿਕਲਿਆ? ਅੰਗਰੇਜ਼ ਹਕੂਮਤ ਤੋਂ ਆਜ਼ਾਦੀ ਲੈਣ ਲਈ 100 ਸਾਲ ਚੱਲੇ ਇਸ ਸੰਘਰਸ਼ ਵਿੱਚੋਂ ਸਿੱਖਾਂ ਨੇ ਪ੍ਰਾਪਤ ਕੀ ਕੀਤਾ? ਇਸਦਾ ਨਤੀਜਾ ਸਾਡੇ ਸਾਹਮਣੇ ਹੈ। ਜਿਹੜੇ ਲੋਕ (ਸਿੱਖ) ਆਜ਼ਾਦੀ ਲਈ ਸੰਘਰਸ਼ ਕਰ ਰਹੇ ਸਨ ਉਨ੍ਹਾਂ ਦੀ ਧਰਤੀ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਗਿਆ! ਇਹ ਅੰਗਰੇਜ਼ ਹਕੂਮਤ ਵੱਲੋਂ ਆਪਣੇ ਵਿਰੋਧ ਲਈ ਸਿੱਖਾਂ ਨੂੰ ਦਿੱਤੀ ਗਈ ਇੱਕ ਸਜ਼ਾ ਹੀ ਮੰਨੀ ਜਾਂਦੀ ਹੈ। ਗੈਰ ਸਿੱਖਾਂ ਨੂੰ ਘਰ ਬੈਠਿਆਂ ਹੀ ਆਜ਼ਾਦੀ ਮਿਲ ਗਈ। ਆਪਣਾ ਦੇਸ਼ ਮਿਲ ਗਿਆ। ਆਪਣੀ ਸਰਕਾਰ ਆਪਣਾ ਸੰਵਿਧਾਨ ਪਰ ਜਿਹੜੇ ਇੱਕ ਸਦੀ ਤੋਂ ਇਸ ਆਜ਼ਾਦੀ ਲਈ ਆਪਣਾ ਖ਼ੂਨ ਵਹਾ ਰਹੇ ਸਨ ਉਨ੍ਹਾਂ ਦੀ ਧਰਤੀ ਅੱਧ ਵਿਚਕਾਰੋਂ ਪਾੜ ਦਿੱਤੀ ਗਈ। ਇਸ ਦੌਰਾਨ ਚੱਲੇ ਫ਼ਿਰਕੂ ਦੰਗਿਆਂ ਵਿੱਚ ਅਣਗਿਣਤ ਸਿੱਖ ਤੇ ਮੁਸਲਮਾਨ ਮਾਰੇ ਗਏ। ਕੁੜੀਆਂ/ਬੀਬੀਆਂ ਉਧਾਲ ਲਈਆਂ ਗਈਆਂ ਜੋ ਮੁੜ ਕੇ ਕਦੇ ਨਾ ਲੱਭੀਆਂ। ਕਿੰਨੀਆਂ ਹੀ ਔਰਤਾਂ ਬਲਾਤਕਾਰਾਂ ਪਿੱਛੋਂ ਮਾਰ ਦਿੱਤੀਆਂ ਗਈਆਂ। ਚੱਕਲਿਆਂ ਤੇ ਵੇਚ ਦਿੱਤੀਆਂ ਗਈਆਂ। ਕਿੰਨੇ ਹੀ ਬੱਚੇ ਯਤੀਮ ਹੋ ਗਏ। ਪਰਿਵਾਰ ਤੇ ਕਾਰੋਬਾਰ ਤਬਾਹ ਹੋ ਗਏ।

ਕੌਮ ਦੇ ਆਗੂਆਂ ਨੇ ਆਪਣੀ ‘ਕਿਸਮਤ’ ਭਾਰਤ ਨਾਲ ਜੋੜਣ ਦਾ ਫ਼ੈਸਲਾ ਕੀਤਾ। ਅਖੌਤੀ ਆਜ਼ਾਦੀ ਮਿਲਦਿਆਂ ਹੀ ਭਾਰਤੀ ਹਾਕਮਾਂ ਨੇ ਸਾਰੇ ਵਾਅਦੇ ਭੁਲਾ ਕੇ ਸਿੱਖ ਕੌਮ ਨੂੰ ਜ਼ਰਾਇਮ ਪੇਸ਼ਾ ਕੌਮ ਘੋਸ਼ਿਤ ਕਰ ਦਿੱਤਾ। ਇਹ ਉਹੀ ਭਾਰਤੀ ਹਾਕਮ ਸਨ ਜਿਹੜੇ ਸਿੱਖਾਂ ਵੱਲੋਂ ਲੜੀ ਜਾ ਰਹੀ ਆਜ਼ਾਦੀ ਦੀ ਲੜਾਈ ਦੀ ਅੱਗੇ ਹੋ ਕੇ ਸ਼ਲਾਘਾ ਅਤੇ ਵੱਡੇ ਵੱਡੇ ਵਾਅਦੇ ਕਰਦੇ ਸਨ। ਕੁੱਝ ਕੁ ਉਦਾਹਰਨਾਂ ਪੇਸ਼ ਹਨ :
ਇੱਕ ਮਤਾ ਸੰਨ 1928 ਵਿਚ ਕਾਂਗਰਸ ਦੇ ਲਾਹੌਰ ਵਿਖੇ ਹੋਏ ਸਮਾਗਮ ਵਿਚ ਵੀ ਪਾਸ ਕੀਤਾ ਗਿਆ ਸੀ, ਜੋ ਇਸ ਪ੍ਰਕਾਰ ਹੈ-

‘‘ਕਾਂਗਰਸ ਪਾਰਟੀ ਸਿੱਖ ਕੌਮ ਨੂੰ ਪੱਕਾ ਭਰੋਸਾ ਦਿਵਾਉਂਦੀ ਹੈ ਕਿ ਆਜ਼ਾਦ ਭਾਰਤ ਦਾ ਕੋਈ ਵੀ ਸੰਵਿਧਾਨ ਐਸਾ ਨਹੀਂ ਬਣਾਇਆ ਜਾਵੇਗਾ ਜੋ ਸਿਖਾਂ ਨੂੰ ਪ੍ਰਵਾਨ ਨਹੀਂ ਹੋਵੇਗਾ।’’

ਸੰਨ 1947 ਤੋਂ ਪਹਿਲਾਂ ਗੁਰਦੁਆਰਾ ਸੀਸ ਗੰਜ ਦਿੱਲੀ ਵਿਚ ਇੱਕ ਦੀਵਾਨ ਸਜਿਆ ਜਿਸ ਵਿਚ ਸ੍ਰੀ ਮੋਹਨ ਦਾਸ ਕਰਮ ਚੰਦ ਗਾਂਧੀ ਵੀ ਮੌਜੂਦ ਸੀ। ਉਸ ਦੀਵਾਨ ਵਿਚ ਜਦ ਇੱਕ ਸਿੰਘ, ਸ: ਮਧੂਸੂਦਨ ਸਿੰਘ ਨੇ ਕਾਂਗਰਸ ਵੱਲੋਂ ਸਿੱਖ ਕੌਮ ਨੂੰ ਦਿੱਤੇ ਜਾ ਰਹੇ ਭਰੋਸਿਆਂ ਬਾਰੇ ਆਪਣਾ ਤੌਖਲਾ ਪ੍ਰਗਟ ਕੀਤਾ ਤਾਂ ਉਸ ਸਮੇਂ ਗਾਂਧੀ ਜੀ ਨੇ ਸਿੱਖ ਕੌਮ ਦੇ ਅਜਿਹੇ ਸ਼ੰਕਿਆਂ ਨੂੰ ਸ਼ਾਂਤ ਕਰਨ ਹਿੱਤ ਸਿੱਖ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਸੀ-

‘‘ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਵਚਨਾਂ ਅਤੇ ਕਾਂਗਰਸ ਵੱਲੋਂ ਪਾਸ ਕੀਤੇ ਗਏ ਮਤਿਆਂ ’ਤੇ ਯਕੀਨ ਰੱਖੋ। ਤੁਹਾਡੀ ਸਮੁੱਚੀ ਕੌਮ ਨੂੰ ਧੋਖਾ ਦੇਣਾ ਤਾਂ ਇੱਕ ਪਾਸੇ ਰਿਹਾ ਅਸੀਂ ਕਿਸੇ ਇੱਕ ਵਿਅਕਤੀ ਨਾਲ ਵੀ ਐਸਾ ਨਹੀਂ ਕਰ ਸਕਦੇ, ਜਦ ਕਦੀ ਕਾਂਗਰਸ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੀ ਬਰਬਾਦੀ ਨੂੰ ਆਪ ਸੱਦਾ ਦੇਵੇਗੀ। ਮੈਂ ਪ੍ਰਮਾਤਮਾ ਨੂੰ ਹਾਜ਼ਰ-ਨਾਜ਼ਰ ਜਾਣ ਕੇ ਕਹਿੰਦਾ ਹਾਂ ਕਿ ਜੋ ਜੋ ਵਾਇਦੇ ਮੇਰੇ ਵੱਲੋਂ ਅਤੇ ਕਾਂਗਰਸ ਵੱਲੋਂ ਤੁਹਾਡੀ ਕੌਮ ਨਾਲ ਕੀਤੇ ਗਏ ਹਨ, ਉਨ੍ਹਾਂ ਨੂੰ ਅਸੀਂ ਹਰ ਕੀਮਤ ’ਤੇ ਨਿਭਾਵਾਂਗੇ। ਇਸ ਦੇ ਇਲਾਵਾ ਸਿੱਖ ਇੱਕ ਬਹਾਦਰ ਕੌਮ ਹੈ ਅਤੇ ਉਹ ਆਪਣੇ ਹੱਕਾਂ ਦੀ ਰਾਖੀ ਉਨ੍ਹਾਂ ਹਥਿਆਰਾਂ ਨਾਲ ਕਰਨਾ ਜਾਣਦੀ ਹੈ, ਜੋ ਉਸ ਦੀ ਰਹਿਤ ਮਰਯਾਦਾ ਦਾ ਹਿੱਸਾ ਹਨ।’’

ਇਸੇ ਹੀ ਪ੍ਰਸੰਗ ਵਿਚ ਜੁਲਾਈ 1946 ਵਿਚ ਕਲਕੱਤੇ ਵਿਖੇ ਹੋਈ ਆਲ ਇੰਡੀਆ ਕਾਂਗਰਸ ਕਮੇਟੀ ਦੀ ਮੀਟਿੰਗ ਦੇ ਮੌਕੇ ’ਤੇ ਇੱਕ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਪੰਡਿਤ ਨਹਿਰੂ ਨੇ ਵੀ ਕਿਹਾ ਸੀ :
‘‘ਪੰਜਾਬ ਦੀ ਬਹਾਦਰ ਸਿੱਖ ਕੌਮ ਵਿਸ਼ੇਸ਼ ਮਹਾਨਤਾ ਦੀ ਧਾਰਨੀ ਹੈ। ਮੇਰੇ ਵਿਚਾਰ ਵਿਚ ਸਾਨੂੰ ਕਿਸੇ ਨੂੰ ਵੀ ਇਸ ਸਬੰਧ ਵਿਚ ਕੋਈ ਆਪੱਤੀ ਨਹੀਂ ਹੋਣੀ ਚਾਹੀਦੀ ਕਿ ਉੱਤਰ ਪੱਛਮ ਭਾਰਤ ਵਿਚ ਇੱਕ ਅਜਿਹਾ ਇਲਾਕਾ ਅਤੇ ਇੰਤਜ਼ਾਮ ਸਿੱਖ ਕੌਮ ਲਈ ਰਾਖਵਾਂ ਰੱਖਿਆ ਜਾਵੇ ਜਿਸ ਦੁਆਰਾ ਇਹ ਵੀ ਆਜ਼ਾਦੀ ਦਾ ਅਨੰਦ ਮਾਣ ਸਕੇ।’’ ਦਿਵਾਉਣਾ ਵੀ ਉਚਿੱਤ ਹੀ ਹੋਵੇਗਾ। ਜੋ ਇਸ ਨੇ ਆਪਣੀ 5 ਜਨਵਰੀ 1947 ਦੀ ਮੀਟਿੰਗ ਵਿਚ ਪਾਸ ਕੀਤਾ ਸੀ-

‘‘ਬਰਤਾਨਵੀ ਕਾਬੀਨਾ ਦੀ 16 ਮਈ 1946 ਦੀ ਸਕੀਮ ਅਤੇ ਵਿਸ਼ੇਸ਼ ਕਰਕੇ ਇਸ ਦੇ ਜੋ ਅਰਥ ਬ੍ਰਿਟਿਸ਼ ਸਰਕਾਰ ਆਪਣੇ 16 ਦਸੰਬਰ 1946 ਦੇ ਬਿਆਨ ਵਿਚ ਕੱਢੇ ਹਨ ਉਨ੍ਹਾਂ ਦੁਆਰਾ ਆਸਾਮ ਉੱਤਰ-ਪੱਛਮੀ ਸੀਮਾ ਪ੍ਰਾਂਤ, ਅਤੇ ਪੰਜਾਬ ਦੀ ਸਿੱਖ ਕੌਮ ਨੂੰ ਜਿਨ੍ਹਾਂ ਵੀ ਕਠਨਾਈਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਆਲ ਇੰਡੀਆ ਕਾਂਗਰਸ ਕਮੇਟੀ ਉਸ ਨੂੰ ਚੰਗੀ ਤਰ੍ਹਾਂ ਜਾਣਦੀ ਹੋਈ, ਇਸ ਸਕੀਮ ਦਾ ਕਦਾਚਿਤ ਸਮਰਥਨ ਨਹੀਂ ਕਰ ਸਕਦੀ, ਕਿਉਂਕਿ ਉਹ ਕਿਸੇ ਵੀ ਫ਼ੈਸਲੇ ਨੂੰ ਠੋਸਣ ਦੇ ਵਿਰੁੱਧ ਹੈ। ਪੰਜਾਬ ਵਿਚ ਸਿੱਖ ਕੌਮ ਦੇ ਅਧਿਕਾਰਾਂ ਨੂੰ ਤਾਂ ਕਦੇ ਵੀ ਅੱਖੋਂ ਓਹਲੇ ਕੀਤਾ ਨਹੀਂ ਜਾ ਸਕਦਾ।’’

bdlਅੰਗਰੇਜ਼ਾਂ ਦੀ ਗ਼ੁਲਾਮੀ ਲੱਥਣ ਮਗਰੋਂ ਵੀ ਸੰਘਰਸ਼ ਨੇ ਸਿੱਖਾਂ ਦਾ ਪਿੱਛਾ ਨਹੀਂ ਛੱਡਿਆ। ਸਿੱਖਾਂ ਗਲ ਹੁਣ ਇੱਕ ਨਵੀਂ ਗ਼ੁਲਾਮੀ ਪੈ ਗਈ ਜਿੱਥੇ ਸਿੱਖਾਂ ਨੂੰ ਆਪਣੇ ਸੰਵਿਧਾਨਕ ਹੱਕ ਲੈਣ ਲਈ ਵੀ ਲੰਮੇ ਸੰਘਰਸ਼ ਵਿੱਚੋਂ ਲੰਘਣਾ ਪਿਆ ਜਿਨ੍ਹਾਂ ਵਿੱਚੋਂ ਬਹੁਤੇ ਮਾਮਲੇ ਅੱਜ ਵੀ ਲਟਕੇ ਹੋਏ ਹਨ। ਆਜ਼ਾਦੀ ਪਿੱਛੋਂ ਭਾਰਤ ਵਿੱਚ ਭਾਸ਼ਾ ਦੇ ਆਧਾਰ ‘ਤੇ ਰਾਜਾਂ ਦਾ ਗਠਨ ਕੀਤਾ ਗਿਆ ਪਰ ਪੰਜਾਬ ਦਾ ਪੁਨਰਗਠਨ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਹਾਲਾਂਕਿ ਸਿੱਖਾਂ ਨੂੰ ਵੱਖਰਾ ਖ਼ਿੱਤਾ ਦੇਣ ਦੇ ਵਾਅਦੇ ਲਿਖਤੀ ਰੂਪ ‘ਚ ਕੀਤੇ ਗਏ ਸਨ। ਪੰਜਾਬੀ ਸੂਬੇ ਦੀ ਮੰਗ ਕਾਰਨ ਸਿੱਖਾਂ ਨੂੰ ਦੇਸ਼ ਭਰ ਵਿੱਚ ਨਿਸ਼ਾਨਾਂ ਬਣਾਇਆ ਗਿਆ। ਗੁਰਦੁਆਰਿਆਂ ਤੇ ਮੂਲਵਾਦੀਆਂ ਨੇ ਹਮਲੇ ਕੀਤੇ। ਸਿੱਖਾਂ ਦੀਆਂ ਸ਼ਹੀਦੀਆਂ ਹੋਈਆਂ। 10-10 ਸਾਲ ਦੇ ਬੱਚੇ ਵੀ ਭਾਰਤੀ ਪੁਲਿਸ ਨੇ ਸ਼ਹੀਦ ਕਰ ਦਿੱਤੇ। ਅੰਤ ਭਾਰੀ ਕੁਰਬਾਨੀਆਂ ਪਿੱਛੋਂ ਪੰਜਾਬੀ ਸੂਬੇ ਦਾ ਗਠਨ ਕਰ ਦਿੱਤਾ ਗਿਆ। ਇਸ ਵਿੱਚੋਂ ਹਰਿਆਣਾ ਨਾਂ ਦੀ ਹਿੰਦੀ ਸਟੇਟ ਵੱਖਰੀ ਕੱਢ ਦਿੱਤੀ ਗਈ। ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਵੀ ਇਸ ਸਟੇਟ ਵਿੱਚ ਸ਼ਾਮਲ ਕਰ ਦਿੱਤੇ ਗਏ। ਸਿੱਖ ਕਿਸਾਨਾਂ ਦੇ ਪਿੰਡ ਉਜਾੜ ਕੇ ਸਥਾਪਤ ਕੀਤਾ ਚੰਡੀਗੜ੍ਹ ਸ਼ਹਿਰ ਪੰਜਾਬ ਤੋਂ ਖੋਹ ਲਿਆ ਗਿਆ। ਪਾਣੀਆਂ ਸਬੰਧੀ ਕੌਮਾਂਤਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਪੰਜਾਬ ਦਾ ਪਾਣੀ ਵੱਡੀ ਮਾਤਰਾ ਵਿੱਚ ਹਰਿਆਣਾ ਨੂੰ ਦੇ ਦਿੱਤਾ ਗਿਆ। ਜੋ ਅੱਜ ਵੀ ਜਾਰੀ ਹੈ। ਵੱਡੀ ਮਾਤਰਾ ਵਿੱਚ ਪੰਜਾਬ ਦਾ ਪਾਣੀ ਰਾਜਸਥਾਨ ਨੂੰ ਲੁਟਾਇਆ ਜਾ ਰਿਹਾ ਹੈ। ਪਾਣੀਆਂ, ਚੰਡੀਗੜ੍ਹ ਤੇ ਪੰਜਾਬੀ ਬੋਲਦੇ ਇਲਾਕਿਆਂ ਲਈ ਸਿੱਖਾਂ ਨੇ ਮੁੜ ਕੁਰਬਾਨੀਆਂ ਦਿੱਤੀਆਂ। ਪਰ ਅੱਜ ਵੀ ਇਹ ਮਾਮਲੇ ਲਟਕੇ ਹੋਏ ਹਨ। ਇਸ ਦੌਰ ਦੀ ਇੱਕੋ-ਇੱਕ ਪ੍ਰਾਪਤੀ ਇਹ ਰਹੀ ਹੈ ਕਿ ਹਰਿਆਣਾ ਨੂੰ ਪੰਜਾਬ ਦਾ ਹੋਰ ਪਾਣੀ ਲੁਟਾਉਣ ਲਈ ਸ਼ੁਰੂ ਕੀਤੀ ਜਾਣ ਵਾਲੀ ਸਤਲੁਜ-ਯਮਨਾ ਲਿੰਕ ਨਹਿਰ ਦਾ ਕੰਮ ਸਿੱਖਾਂ ਦੇ ਕਰੜੇ ਵਿਰੋਧ ਕਾਰਨ ਅੱਧ ਵਿਚਕਾਰ ਹੀ ਬੰਦ ਹੋ ਗਿਆ ਜੋ ਅਜੇ ਵੀ ਬੰਦ ਪਿਆ ਹੈ। ਇਨ੍ਹਾਂ ਮਾਮਲਿਆਂ ‘ਤੇ ਸਿੱਖ ਕੌਮ ਨੇ ਤਾਂ ਅੱਗੇ ਹੋ ਕੇ ਆਪਣਾ ਖ਼ੂਨ ਤੱਕ ਵਹਾ ਦਿੱਤਾ ਪਰ ਸਾਡੇ ਲੀਡਰਾਂ ਨੇ ਹਮੇਸ਼ਾਂ ਇਹਨਾਂ ਮਸਲਿਆਂ ਤੇ ਆਪਣੀਆਂ ਰੋਟੀਆਂ ਹੀ ਸੇਕੀਆਂ। ਅੱਜ ਵੀ ਚੋਣਾਂ ਦੇ ਨੇੜੇ ਜਾ ਕੇ ਉਹ ਚੰਡੀਗੜ੍ਹ ਤੇ ਪਾਣੀਆਂ ਦੀ ਗੱਲ ਕਰ ਲੈਂਦੇ ਹਨ ਪਰ ਅਮਲੀ ਤੋਰ ‘ਤੇ ਉਨ੍ਹਾਂ ਨਾ ਕੁੱਝ ਕੀਤਾ ਹੈ ਤੇ ਨਾ ਕਰਨਗੇ ਕਿਉਂਕਿ ਉਨ੍ਹਾਂ ਨੇ ਆਪਣੇ ਕਾਰੋਬਾਰ ਹਰਿਆਣਾ ਵਿੱਚ ਸਥਾਪਿਤ ਕਰ ਲਏ ਹਨ ਤੇ ਉਸ ਸਟੇਟ ਨਾਲ ਵੀ ਇਨ੍ਹਾਂ ਆਗੂਆਂ ਦੇ ਹਿੱਤ ਜੁੜੇ ਹੋਏ ਹਨ। ਸਥਿਤੀ ਦਾ ਸਿਤਮ ਇਹ ਹੈ ਕਿ ਪੰਜਾਬ ਦੇ ਲੋਕਾਂ ਨੇ ਉਕਤ ਸਭ ਕੁੱਝ ਦੇ ਨਾਲ ਨਾਲ ਪੰਜਾਬ ਦੀ ਜਵਾਨੀ ਵੀ ਤੇ ਇੱਥੋਂ ਤੱਕ ਕੇ ਪੰਜਾਬ ਦੇ ਆਗੂ ਵੀ ਗਵਾ ਲਏ ਹਨ। ਅੱਜ ਉਹ ਸਿਰਫ਼ ਦਿਖਾਵੇ ਵਜੋਂ ਹੀ ਪੰਜਾਬ ਦੇ ਆਗੂ ਹਨ ਪਰ ਉਨ੍ਹਾਂ ਦੀ ਕਾਰਗੁਜ਼ਾਰੀ ਤਾਂ ਕੇਂਦਰ ਤੇ ਦੂਜੀਆਂ ਸਟੇਟਾਂ ਦੇ ਹੀ ਹਿੱਤ ਪੂਰਦੀ ਹੈ।

ਪੰਥ ਦੋਖੀਆਂ ਵਿਰੁੱਧ ਸੰਘਰਸ਼ ਤਾਂ ਗੁਰੂ ਨਾਨਕ ਸਾਹਿਬ ਦੇ ਸਮੇਂ ਹੀ ਆਰੰਭ ਹੋ ਗਿਆ ਸੀ। 17ਵੀਂ ਸਦੀ ਤੋਂ ਇਹ ਸੰਘਰਸ਼ ਆਪਣੇ ਸਿਖਰ ‘ਤੇ ਪਹੁੰਚ ਗਿਆ। 1947 ਵਿੱਚ ਇਸ ਖਿੱਤੇ ਦੀ ਵਾਗਡੋਰ ਸਿੱਧੇ ਤੌਰ ‘ਤੇ ਉਨ੍ਹਾਂ ਸ਼ਕਤੀਆਂ ਦੇ ਹੱਥਾਂ ਵਿੱਚ ਆ ਗਈ ਜਿਹੜੀਆਂ ਮੁਗਲਾਂ ਤੋਂ ਸਿੱਖ ਕੌਮ ‘ਤੇ ਅੱਤਿਆਚਾਰ ਕਰਵਾਉਂਦੀਆਂ ਰਹੀਆਂ ਸਨ ਪਰ ਹੁਣ ਉਹ ਖ਼ੁਦ ਸਿੱਖ ਕੌਮ ਦਾ ਘਾਣ ਕਰਨ ਦੇ ਸਮਰਥ ਹੋ ਗਈਆਂ। ਆਰੀਆ ਸਮਾਜੀ, ਨਿਰੰਕਾਰੀਆਂ ਵੱਲੋਂ ਕੌਮ ਨੂੰ ਸਿੱਧੀਆਂ ਵੰਗਾਰਾਂ ਮਿਲਣ ਲੱਗੀਆਂ 1978 ਵਿੱਚ ਨਿਰੰਕਾਰੀਆਂ ਨੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ।ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਆਪ ਨਿਰੰਕਾਰੀ ਮੁਖੀ ਨੂੰ ਬਚਾ ਕੇ ਦਿੱਲੀ ਪਹੁੰਚਾਇਆ। ਸਿੱਖਾਂ ਦੇ ਕਿਸੇ ਕਾਤਲ ਨੂੰ ਸਰਕਾਰ ਨੇ ਝਰੀਟ ਤੱਕ ਨਹੀਂ ਆਉਣ ਦਿੱਤੀ।

ਯੁੱਧ ਮੋਰਚੇ ਵਿੱਚੋਂ ਵੀ ਕੌਮ ਦੀ ਬਰਬਾਦੀ ਬਿਨਾਂ ਕੁੱਝ ਨਾ ਨਿਕਲਿਆ

lkh1978 ਦੇ ਇਸ ਸਾਕੇ ਪਿੱਛੋਂ ਸਿੱਖ ਕੌਮ ਉੱਪਰ ਕੇਂਦਰ ਦੀ ਹਿੰਦੂ ਮੂਲਵਾਦੀ ਸਰਕਾਰ ਤੇ ਪੰਜਾਬ ਦੇ ਹਾਕਮਾਂ ਨੇ ਜ਼ੁਲਮ ਦੀ ਤਲਵਾਰ ਹੋਰ ਤਿੱਖੀ ਕਰ ਦਿੱਤੀ। 1947 ਤੋਂ ਲੈ ਕੇ 1983 ਤੱਕ ਸੈਂਕੜੇ ਸਿੱਖਾਂ ਭਾਰਤ ਸਰਕਾਰ ਅਤੇ ਹਿੰਦੂ ਮੂਲਵਾਦੀਆਂ ਵੱਲੋਂ ਕਤਲ ਕਰ ਦਿੱਤੇ ਗਏ ਪਰ ਢਿਲਵਾਂ ਵਿੱਚ ਇੱਕ ਫ਼ਿਰਕੇ ਦੇ 6 ਬੰਦੇ ਮਾਰੇ ਜਾਣ ਪਿੱਛੋਂ ਹੀ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰ ਦਿੱਤਾ ਗਿਆ ਭਾਵੇਂ ਕਿ ਢਿਲਵਾਂ ਦੀ ਘਟਨਾ ਵੀ ਭਾਰਤੀ ਖ਼ੁਫ਼ੀਆ ਏਜੰਸੀਆਂ ਦਾ ਕਾਰਾ ਸਮਝੀ ਜਾਂਦੀ ਸੀ। ਇਨ੍ਹਾਂ ਜ਼ੁਲਮਾਂ ਵਿਰੁੱਧ ਸਿੱਖ ਖਾੜਕੂਆਂ ਨੇ ਵੀ ਕੁੱਝ ਐਕਸ਼ਨ ਕੀਤੇ ਸਿੱਖਾਂ ਦੇ ਕੁੱਝ ਕਾਤਲਾਂ ਨੂੰ ਮੌਤ ਦੇ ਘਾਟ ਵੀ ਉਤਾਰ ਦਿੱਤਾ ਗਿਆ। ਇਸੇ ਦੌਰਾਨ ਅਕਾਲੀ ਦਲ ਦਾ ਧਰਮ ਯੁੱਧ ਮੋਰਚਾ ਵੀ ਚੱਲਿਆ ਲੱਖਾਂ ਦੀ ਗਿਣਤੀ ‘ਚ ਸਿੱਖਾਂ ਨੇ ਪੰਜਾਬ ਦੀਆਂ ਮੰਗਾਂ ਨੂੰ ਲੈ ਕੇ ਇਸ ਮੋਰਚੇ ‘ਚ ਹਿੱਸਾ ਲਿਆ ਤੇ ਗ੍ਰਿਫ਼ਤਾਰੀਆਂ ਦਿੱਤੀਆਂ। ਇਸ ਤੋਂ ਪਹਿਲਾਂ ਇੰਦਰਾ ਗਾਂਧੀ ਵੱਲੋਂ ਲਗਾਈ ਗਈ ਐਮਰਜੈਂਸੀ ਵਿਰੁੱਧ ਵੀ ਅਕਾਲੀਆਂ ਨੇ ਕੌਮ ਨੂੰ ਸੰਘਰਸ਼ ਦੇ ਨਾਂ ਹੇਠ ਝੋਕ ਕੇ ਰੱਖਿਆ। ਧਰਮ ਯੁੱਧ ਮੋਰਚੇ ਦੀਆਂ ਜਾਇਜ਼ ਤੇ ਸੰਵਿਧਾਨਕ ਮੰਗਾਂ ਨੂੰ ਸਰਕਾਰ ਨੇ ਅੱਤਵਾਦ ਦੀ ਰੰਗਤ ਦਿੱਤੀ ਤੇ ਪੰਜਾਬ ਵਿੱਚ ਸਿੱਖਾਂ ‘ਤੇ ਹੋ ਰਹੇ ਜ਼ੁਲਮਾਂ ਨੂੰ ਵੀ ਅੱਤਵਾਦ ਦਾ ਨਾਂ ਦੇ ਕੇ ਸਿੱਖ ਕੌਮ ਵਿਰੁੱਧ ਮਾਹੌਲ ਬਣਾਇਆ ਗਿਆ ਤੇ ਦਰਬਾਰ ਸਾਹਿਬ ਤੇ ਫ਼ੌਜੀ ਹਮਲਾ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਮਲੀਆਮੇਟ ਕਰ ਦਿੱਤਾ ਗਿਆ। ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਮਨਾਉਣ ਆਈਆਂ ਹਜ਼ਾਰਾਂ ਸੰਗਤਾਂ ਨੂੰ ਕਤਲ ਕਰ ਦਿੱਤਾ ਗਿਆ। ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਛੋਟੇ-ਛੋਟੇ ਬੱਚਿਆਂ ਨੂੰ ਵੀ ਭਾਰਤੀ ਫ਼ੌਜ ਨੇ ਤਸ਼ੱਦਦ ਕਰਕੇ ਤੇ ਭੁੱਖੇ ਪਿਆਸੇ ਰੱਖ ਕੇ ਸ਼ਹੀਦ ਕੀਤਾ। ਫਿਰ ਇੰਦਰਾ ਗਾਂਧੀ ਦੇ ਕਤਲ ਪਿੱਛੋਂ ਭਾਰਤ ਭਰ ‘ਚ ਸਰਕਾਰੀ ਪੱਧਰ ‘ਤੇ ਸਿੱਖ ਕੌਮ ਦਾ ਕਤਲੇਆਮ ਕੀਤਾ ਗਿਆ ਜਿਸਦੇ ਦੋਸ਼ੀ ਅੱਜ ਵੀ ਭਾਰਤੀ ਨਿਜ਼ਾਮ ਦਾ ਨਿੱਘ ਮਾਣ ਰਹੇ ਹਨ।

ਇਸਦੇ ਨਾਲ ਹੀ ਅੱਤਵਾਦ ਵਿਰੁੱਧ ਲੜਾਈ ਦੇ ਨਾਂ ਹੇਠ 1 ਲੱਖ ਦੇ ਲਗਭਗ ਸਿੱਖ ਨੌਜਵਾਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਖ਼ਤਮ ਕਰ ਦਿੱਤਾ ਗਿਆ। ਉਨ੍ਹਾਂ ਦੀਆਂ ਜੁਆਨੀਆਂ ਜੇਲ੍ਹਾਂ ਵਿੱਚ ਰੋਲ ਦਿੱਤੀਆਂ ਗਈਆਂ। ਬਹੁਤ ਸਾਰੇ ਅੱਜ ਬੁਢਾਪੇ ਦੀ ਹਾਲਤ ਵਿੱਚ ਵੀ ਜੇਲ੍ਹਾਂ ਵਿੱਚ ਬੰਦ ਹਨ। ਸਿੱਖ ਬੱਚੀਆਂ ਨਾਲ ਥਾਣਿਆਂ ਵਿੱਚ ਬਲਾਤਕਾਰ ਹੋਏ। ਉਨ੍ਹਾਂ ਨੂੰ ਵੀ ਝੂਠੇ ਮੁਕਾਬਲਿਆਂ ‘ਚ ਮਾਰਿਆ ਗਿਆ।ਪੁਲਿਸ ਨੇ ਸਿੱਖਾਂ ਦੇ ਵਸਦੇ ਰਸਦੇ ਪਰਿਵਾਰ ਉਜਾੜ ਦਿੱਤੇ। ਬੱਚਿਆਂ ਦੇ ਭਵਿੱਖ ਖ਼ਤਮ ਕਰ ਦਿੱਤੇ। ਅਕਾਲੀ ਦਲ ਬਾਦਲ ਨੇ ਇਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਸਜ਼ਾਵਾਂ ਦੇਣ ਦਾ ਵਾਅਦਾ ਕੀਤਾ ਪਰ ਸਰਕਾਰ ‘ਚ ਆਉਂਦਿਆਂ ਹੀ ਇਨ੍ਹਾਂ ਲੋਕਾਂ ਨੂੰ ਤਰੱਕੀਆਂ ਦੇ ਇਨਾਮ ਦਿੱਤੇ। ਗੈਰ ਸਰਕਾਰੀ ਸੰਗਠਨਾਂ ਦੀਆਂ ਜਾਂਚਾਂ ਬਾਦਲ ਸਰਕਾਰ ਨੇ ਠੱਪ ਕਰਵਾ ਦਿੱਤੀਆਂ। 1995 ਵਿੱਚ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਨਾਲ ਝੂਠੇ ਪੁਲਿਸ ਮੁਕਾਬਲੇ ਤਾਂ ਬੰਦ ਹੋ ਗਏ ਪਰ ਹੁਣ ਸਿੱਖ ਨਸਲਕੁਸ਼ੀ ਲਈ ਨਸ਼ਿਆਂ ਦਾ ਰਾਹ ਖੋਲ੍ਹ ਦਿੱਤਾ ਗਿਆ। ਇੱਕ ਰਿਪੋਰਟ ਮੁਤਾਬਕ ਖ਼ੁਫ਼ੀਆ ਏਜੰਸੀਆਂ ਤੇ ਪੰਜਾਬ ਦੇ ਆਗੂ ਮਿਲ ਕੇ ਨਸ਼ਿਆਂ ਦੀ ਸਮੁੱਚੀ ਖੇਡ ਚਲਾ ਰਹੇ ਹਨ। ਪੰਜਾਬ ਦੇ 70 ਫ਼ੀਸਦੀ ਤੋਂ ਵੱਧ ਨੌਜਵਾਨ ਮਾਰੂ ਨਸ਼ਿਆਂ ‘ਚ ਫਸ ਚੁੱਕੇ ਹਨ ਜਿਨ੍ਹਾਂ ਦੇ ਸਰੀਰਾਂ ਅਤੇ ਮਾਨਸਿਕ ਅਵਸਥਾ ਦੇ ਮੁੜ ਸਥਾਪਤ ਹੋਣ ਦੀਆਂ ਉਮੀਦਾਂ ਬਹੁਤ ਘੱਟ ਹਨ।

ਹਾਲ ਇਹ ਹੈ ਕਿ ਆਪਣੇ ਕਾਤਲਾਂ ਨੂੰ ਸਜ਼ਾਵਾਂ ਦੇਣ ਦੀ ਮੰਗ ਨੂੰ ਵੀ ਦੇਸ਼ ਦਾ ਰਾਸ਼ਟਰਵਾਦੀ ਮੀਡੀਆ ਧਾਰਮਿਕ ਕੱਟੜਤਾ ਨਾਲ ਜੋੜ ਕੇ ਵਿਖਾ ਰਿਹਾ ਹੈ। ਕਹਿਣ ਨੂੰ ਅਸੀਂ ਆਪਣੇ ਪੰਜਾਬੀ ਸੂਬੇ ‘ਚ ਰਹਿ ਰਹੇ ਹਾਂ ਪਰ ਸਾਡੀ ਆਪਣੀ ਧਰਤੀ ‘ਤੇ ਸਾਡੇ ਬੱਚਿਆਂ ਨੂੰ ਆਪਣੀ ਮਾਂ-ਬੋਲੀ ਬੋਲਣ ‘ਤੇ ਸਜ਼ਾਵਾਂ ਮਿਲਦੀਆਂ ਹਨ ਤੇ ਜ਼ੁਰਮਾਨੇ ਭਰਨੇ ਪੈਂਦੇ ਹਨ। ਜਿਹੜਾ ਪੰਜਾਬੀ ਸੂਬਾ ਸਥਾਪਤ ਕਰਨ ਲਈ 10 ਸਾਲ ਦੇ ਬੱਚਿਆਂ ਨੂੰ ਵੀ ਸ਼ਹਾਦਤਾਂ ਦੇਣੀਆਂ ਪਈਆਂ ਉਸੇ ਪੰਜਾਬੀ ਸੂਬੇ ਦੇ ਅਧਿਆਪਕ ਬੱਚਿਆਂ ਦੀਆਂ ਡਾਇਰੀਆਂ ‘ਤੇ ਮਾਪਿਆਂ ਨੂੰ ਸੁਨੇਹੇ ਲਿਖ ਕੇ ਭੇਜਦੇ ਹਨ ਕਿ, “ਕ੍ਰਿਪਿਆ ਘਰ ਮੇਂ ਬੱਚੋਂ ਸੇ ਹਿੰਦੀ ਮੇਂ ਹੀ ਬਾਤ ਕੀ ਜਾਏ।” ਇਹ ਆਪਣੀ ਹੀ ਧਰਤੀ ਤੇ ਹੋ ਰਹੀ ਜ਼ਲਾਲਤ ਤੇ ਗ਼ੁਲਾਮੀ ਦਾ ਇੱਕ ਨਮੂਨਾ ਹੈ

ਉੱਪਰ ਅਸੀਂ ਜ਼ਿਕਰ ਕਰ ਹੀ ਆਏ ਹਾਂ ਕਿ ਪੰਜਾਬ ਦੇ ਆਗੂ ਕੇਂਦਰੀ ਏਜੰਸੀਆਂ ਨਾਲ ਮਿਲ ਕੇ ਪੰਜਾਬ ਤੇ ਪੰਥ ਨੂੰ ਤਬਾਹ ਕਰਨ ਲੱਗੇ ਹੋਏ ਹਨ। ਇਸ ਲਈ ਇਨ੍ਹਾਂ ਲੋਕਾਂ ਤੋਂ ਕੋਈ ਭਲੀ ਉਮੀਦ ਕੀਤੀ ਹੀ ਨਹੀਂ ਜਾ ਸਕਦੀ। ਕੀ ਇਨ੍ਹਾਂ ਨੂੰ ਨਹੀਂ ਪਤਾ ਕਿ ਇਨ੍ਹਾਂ ਦਾ ਗੱਠਜੋੜ ਉਸ ਪਾਰਟੀ ਨਾਲ ਹੈ ਜਿਸਨੇ ਪੈਰ-ਪੈਰ ‘ਤੇ ਪੰਥ ਤੇ ਪੰਜਾਬ ਦਾ ਵਿਰੋਧ ਕੀਤਾ ਹੈ। ਜਿਹੜੀ ਪੰਜਾਬ ਦੀਆਂ ਮੰਗਾਂ ਨੂੰ ਹਮੇਸ਼ਾ ਸਿਰੇ ਤੋਂ ਨਾਕਾਰਦੀ ਆ ਰਹੀ ਹੈ। ਅਕਾਲੀਆਂ ਦਾ ਇਸ ਪਾਰਟੀ ਨਾਲ ਗੱਠਜੋੜ ਸਿਰਫ਼ ਨਿੱਜੀ ਹਿੱਤਾਂ ਤੱਕ ਸੀਮਤ ਹੈ। ਵਰਨਾ ਦੁਨੀਆ ਦੀ ਕਿਹੜੀ ਅਜਿਹੀ ਸਿਆਸੀ ਪਾਰਟੀ ਹੈ ਜਿਹੜੀ ਆਪਣੇ ਲੋਕਾਂ ਦੇ ਹਿੱਤਾਂ ਨੂੰ ਛਿੱਕੇ ਟੰਗ ਕੇ ਦੂਜੀ ਪਾਰਟੀ ਨੂੰ ਬਿਨਾਂ ਸ਼ਰਤ ਹਿਮਾਇਤ ਦੇਣ ਦੇ ਦਾਅਵੇ ਕਰਦੀ ਹੋਵੇ? ਜੇ ਕੋਈ ਅਜਿਹਾ ਕਰਦੀ ਹੈ ਤਾਂ ਨਿਰਸੰਦੇਹ ਉਹ ਆਪਣੀ ਕੌਮ ਨੂੰ ਧੋਖਾ ਦੇ ਰਹੀ ਹੋਵੇਗੀ ਤੇ ਆਪਣੀ ਕੌਮ ਦੀ ਪਿੱਠ ‘ਚ ਵਾਰ ਕਰ ਰਹੀ ਹੋਵੇਗੀ। ਲੰਮੇ ਸਮੇਂ ਤੋਂ ਸਿਆਸਤ ਵਿੱਚ ਸਰਗਰਮ ਅਕਾਲੀ ਆਗੂ ਸਿਆਸੀ ਸਮਝ ਤੋਂ ਕੋਰੇ ਨਹੀਂ ਹਨ। ਇਹ ਸਭ ਜਾਣਦੇ ਹਨ। ਇਹ ਇੱਕ ਮੰਨੀ ਪ੍ਰਮੰਨੀ ਸਚਾਈ ਹੈ ਤੇ ਇੱਕ ਵਾਰ ਬਸਪਾ ਸੰਸਥਾਪਕ ਕਾਂਸੀ ਰਾਮ ਨੇ ਵੀ ਬਿਆਨ ਕੀਤੀ ਸੀ ਕਿ ਸਿਆਸਤ ਵਿੱਚ ਕਦੇ ਵੀ ਕੋਈ ਸਥਾਈ ਦੁਸ਼ਮਣ ਨਹੀਂ ਹੁੰਦਾ। ਇਸ ਲਈ ਮੈਂ ਹਰ ਉਸ ਪਾਰਟੀ ਨਾਲ ਹੱਥ ਮਿਲਾਵਾਂਗਾ ਜਿਸ ਰਾਹੀਂ ਮੇਰੇ ਲੋਕਾਂ ਦਾ ਭਲਾ ਹੁੰਦਾ ਹੋਵੇ। ਸਿਆਸਤ ਨਾਲ ਜੁੜੀਆਂ ਅਜਿਹੀਆਂ ਗੱਲਾਂ ਅਕਾਲੀ ਵੀ ਜਾਣਦੇ ਹਨ ਪਰ ਉਨ੍ਹਾਂ ਨੂੰ ਆਪਣੇ ਲੋਕਾਂ ਨਾਲ ਨਹੀਂ ਸਗੋਂ ਨਿੱਜ ਨਾਲ ਮਤਲਬ ਹੈ। ਇਸੇ ਕਾਰਨ ਹੈ ਕਿ ਭਾਜਪਾ ਨਾਲ ਅਪਣਾ ਪੱਕਾ ਨਾਤਾ ਜੋੜ ਰੱਖਿਆ ਹੈ ਕਿਉਂਕਿ ਭਾਜਪਾ ਨੇ ਅਕਾਲੀਆਂ ਨੂੰ ਪੰਥ ਤੇ ਪੰਜਾਬ ਦੇ ਹਿੱਤਾਂ ਨੂੰ ਤਿਲਾਂਜਲੀ ਦੇ ਕੇ ਬਾਕੀ ਸਭ ਪਾਸੇ ਤੋਂ ਆਜ਼ਾਦੀ ਦੇ ਰੱਖੀ ਹੈ। 1947 ਤੋਂ ਲੈ ਕੇ ਅੱਜ 2015 ਤੱਕ ਵੀ ਸਿੱਖ ਕੌਮ ਸੰਘਰਸ਼ ਹੀ ਕਰ ਰਹੀ ਹੈ। 69 ਸਾਲਾਂ ਦੇ ਸੰਘਰਸ਼ ਦੇ ਹੁਣ ਤੱਕ ਦਾ ਨਤੀਜਾ ਇਹ ਹੈ ਕਿ ਅੱਜ ਸਾਡੇ ਆਗੂ ਵੀ ਕਹਿਣ ਲੱਗ ਪਏ ਹਨ ਕਿ ਪੰਥ ਤੇ ਪੰਜਾਬ ਦੇ ਹੱਕਾਂ ਦੀ ਗੱਲ ਕੀਤੀ ਤਾਂ ਮਾਹੌਲ ਖ਼ਰਾਬ ਹੋ ਜਾਵੇਗਾ।

Comments

comments

Share This Post

RedditYahooBloggerMyspace