ਤੁਸੀਂ ਵੀ ਦਵਾਈ ਰਹਿਤ ਜੀਵਨ ਜੀਅ ਸਕਦੇ ਹੋ ਪਰ…ਕਿਵੇਂ?


-ਮਹਿੰਦਰ ਸਿੰਘ ਜੋਸ਼
ਸੰਸਾਰ ਦੇ ਸਭ ਇਲਾਕਿਆਂ ਵਿਚ ਮੁੱਢ ਕਦੀਮ ਤੋਂ ਕਈ ਕਿਸਮਾਂ ਦੇ ਇਲਮ ਜਾਂ ਗਿਆਨ ਪ੍ਰਚਲਿਤ ਰਹੇ ਹਨ ਪਰ ਇਨਾਂ ਸਭ ਇਲਮਾਂ ਵਿਚੋਂ ਧਰਮ ਦਾ ਇਲਮ ਸਾਨੂੰ ਮਨੁੱਖੀ ਜੀਵਨ ਦੇ ਮਨੋਰਥ ਬਾਰੇ, ਪ੍ਰਾਪਤੀ ਦੇ ਢੰਗਾਂ- ਵਸੀਲਿਆਂ ਬਾਰੇ, ਆਕਰਸ਼ਕ ਜੀਵਨ ਢੰਗ ਬਾਰੇ, ਫ਼ਰਜ਼ਾਂ, ਹੱਕਾਂ-ਅਧਿਕਾਰਾਂ ਬਾਰੇ ਆਗਾਹ ਕਰਦਾ ਹੈ। ਇਹ ਇਲਮ ਸਾਨੂੰ ਉੱਚੇ ਇਖ਼ਲਾਕ ਜਾਂ ਸਦਾਚਾਰ ਦੀ ਤਮੀਜ਼ ਸਿਖਾਉਂਦਾ ਹੈ। ਜਦ ਕਿ ਸਿਹਤ ਦੇ ਇਲਮ ਦਾ ਸਬੰਧ ਸਾਡੇ ਸਰੀਰ ਜਾਂ ਜਿਸਮ ਨਾਲ ਹੁੰਦਾ ਹੈ। ਜਿਸ ਮਨੁੱਖ ਦੀ ਸਿਹਤ ਠੀਕ ਨਹੀਂ, ਜਿਸ ਦੇ ਵੱਖ-ਵੱਖ ਅੰਗ ਹਰ ਵੇਲੇ ਜਾਂ ਉੱਪਰੋਂ ਥੱਲੇ ਕਦੀ ਸ਼ੂਗਰ ਨਾਲ, ਕਦੀ ਬਲੱਡ ਪ੍ਰੈਸ਼ਰ ਸਬੰਧੀ ਰੋਗ ਨਾਲ, ਕਦੀ ਪਾਚਨ ਕਿਰਿਆ ਦੀ ਸਿਥਲਤਾ ਨਾਲ ਅਤੇ ਕਦੀ ਸਾਧਾਰਨ ਕਬਜ਼, ਖੱਟੇ ਡਕਾਰਾਂ ਨਾਲ, ਕਦੀ ਨੀਂਦ ਨਾ ਆਉਣ ਨਾਲ ਅਤੇ ਕਦੀ ਹਰ ਵੇਲੇ ਹੱਡ ਪੈਰ ਦੁਖਦੇ ਰਹਿਣ ਨਾਲ ਉਤਪੀੜਤ ਹਨ, ਉਸ ਨੇ ਆਪਣੇ ਪਰਿਵਾਰ ਨੂੰ ਪਾਲ ਸਕਣ ਦਾ ਫ਼ਰਜ਼ ਕੀ ਅਦਾ ਕਰਨਾ ਹੈ ਅਤੇ ਉਸ ਨੇ ਆਪਣੀ, ਆਪਣੇ ਸਮਾਜ ਜਾਂ ਕੌਮ ਦੀ ਕੀ ਸੇਵਾ ਕਰ ਸਕਣੀ ਹੈ?

ਇਸ ਲਿਖਾਰੀ ਨੂੰ ਅਕਾਲ ਪੁਰਖ ਦੀ ਕਿਰਪਾ ਸਦਕਾ ਦਿੱਲੀ ਵਿਚ ਦੱਖਣੀ ਭਾਰਤ ‘ਚੋਂ ਆ ਕੇ ਵਸੇ ਇੱਕ ਪਾਕ-ਦਾਮਨ, ਪੂਰੀ ਤਰਾਂ ਨਿਸ਼ਕਾਮ, ਧਰਮ ਤੇ ਸਰੀਰ ਗਿਆਨ ਦੇ ਬੇਜੋੜ ਵਿਦਵਾਨ ਤੇ ਮਾਹਿਰ ਅਤੇ ਸੇਵਾ ਭਾਵਨਾ ਨਾਲ ਲੋਕਾਂ ਨੂੰ ਕੁਦਰਤੀ ਜੀਵਨ ਢੰਗ ਅਤੇ ਜ਼ਰੂਰੀ ਇਲਾਜਾਂ ਬਾਰੇ ਨਾਯਾਬ ਕਿਸਮ ਦੀ ਜਾਣਕਾਰੀ ਦੇਣ ਵਾਲੇ ਸ੍ਰੀ ਸ਼ੇਸ਼ਾਧਰੀ ਸਵਾਮੀਨਾਥਨ ਜੀ ਦੇ ਸੰਪਰਕ ਵਿਚ ਆਉਣ ਦਾ ਮੌਕਾ ਮਿਲਿਆ। ਉਨਾਂ ਵੱਲੋਂ ਸਿਖਾਈਆਂ ਅਤੇ ਸਮਝਾਈਆਂ ਸਰਲ ਜਿਹੀਆਂ ਗੱਲਾਂ ਨੂੰ ਅਪਣਾਉਣ ਦਾ ਇਹ ਨਤੀਜਾ ਹੋਇਆ ਕਿ ਇਸ ਲਿਖਾਰੀ ਨੇ ਪਿਛਲੇ ਸਾਢੇ 13 ਕੁ ਸਾਲ ਤੋਂ ਕਿਸੇ ਵੀ ਦਵਾਈ ਦਾ ਸੇਵਨ ਨਹੀਂ ਕੀਤਾ। ਇਸ ਤੋਂ ਪਹਿਲਾਂ 3-4 ਹਜ਼ਾਰ ਰੁਪਏ ਮਾਸਿਕ ਦੀਆਂ ਦੇਸੀ ਤੇ ਅੰਗਰੇਜ਼ੀ ਦਵਾਈਆਂ ਵਰਤਣੀਆਂ ਪੈਂਦੀਆਂ ਸਨ। ਦਿੱਲੀ ਦੇ ਇੱਕ ਸਿੰਧੀ ਵੀਰ, ਭਾਈ ਮਨਸੁਖਾਨੀ ਨਾਲ ਮੇਲ ਹੋਣ ‘ਤੇ ਉਸ ਨੇ ਵੀ ਦੱਸਿਆ ਕਿ ਉਹ ਇਸੇ ਕੁਦਰਤੀ ਇਲਾਜ ਪ੍ਰਣਾਲੀ ਅਤੇ ਕੁਦਰਤੀ ਜੀਵਨ ਸ਼ੈਲੀ ਦੀਆਂ ਗੱਲਾਂ ਅਤੇ ਨਿਯਮਾਂ ਨੂੰ ਅਪਣਾਉਣ ਕਾਰਨ ਪਿਛਲੇ 27 ਸਾਲਾਂ ਤੋਂ ਕੇਵਲ ਦਵਾਈਆਂ ਤੋਂ ਹੀ ਪੂਰੀ ਤਰਾਂ ਨਹੀਂ ਬਚਿਆ ਆ ਰਿਹਾ ਬਲਕਿ ਲਗ-ਪਗ ਸਭ ਰੋਗਾਂ ਤੋਂ ਹੀ ਬਚ ਕੇ ਰਹਿ ਸਕਿਆ ਹੈ। ਸ੍ਰੀ ਸਵਾਮੀਨਾਥਨ ਜੀ ਦੀ ਤਾਂ ਗੱਲ ਹੀ ਕੀ ਹੈ? ਉਹ ਪਿਛਲੇ 60 ਸਾਲਾਂ ਤੋਂ ਵੱਧ ਸਮੇਂ ਤੋਂ ਹਰ ਦਵਾਈ ਦਾ ਤਿਆਗ ਹੀ ਨਹੀਂ ਕਰੀ ਬੈਠੇ, 92 ਸਾਲ ਦੇ ਨੇੜੇ-ਤੇੜੇ ਢੁੱਕੇ ਹੋਣ ਦੇ ਬਾਵਜੂਦ ਖ਼ੁਦ ਪੂਰੀ ਤਰਾਂ ਰੋਗ ਰਹਿਤ ਜੀਵਨ ਬਿਤਾਉਣ ਦੇ ਨਾਲ-ਨਾਲ ਲੋਕਾਂ ਨੂੰ ਸਿਹਤ ਸੰਭਾਲ ਦਾ ਗਿਆਨ ਵੀ ਪੂਰੀ ਤਰਾਂ ਨਿਸ਼ਕਾਮ ਹੋ ਕੇ ਵੰਡ ਰਹੇ ਹਨ। ਇਸ ਲੇਖ ਦੇ ਅੰਤ ਵਿਚ ਚੰਗੀ ਸਿਹਤ ਦੇ ਸਬੰਧ ਵਿਚ ਆਪਣੇ ਨਜ਼ਰੀਏ ਵਿਚ ਤਬਦੀਲੀ ਲਿਆਉਣ ਲਈ ਕੁਝ ਦਾਨਾਵਾਂ ਦੇ ਕੌਲ ਹੇਠਾਂ ਦਿੱਤੇ ਜਾ ਰਹੇ ਹਨ।

ਵਿਵੇਕਾ ਨੰਦ ਭਾਰਤ ਦੇ ਪੁਰਾਣੇ ਫ਼ਲਸਫ਼ੇ ਨੂੰ ਨਵੀਨ ਢੰਗ ਨਾਲ ਪੱਛਮ ਦੀ ਦੁਨੀਆ ਸਨਮੁਖ ਰੱਖਣ ਵਾਲੇ ਸਿਰਕੱਢ ਅਧਿਆਤਮਕ ਵਿਅਕਤੀ ਸਨ। ਪਰ ਉਹ ਇਸ ਬਾਰੇ ਸਪੱਸ਼ਟ ਸਨ ਕਿ ਅਧਿਆਤਮਕ ਪ੍ਰਾਪਤੀ ਲਈ ਨਿਰੋਗ ਸਰੀਰ ਤੇ ਚੰਗੀ ਸਿਹਤ ਲਾਜ਼ਮੀ ਤੱਥ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਢੇਰ ਚਿਰ ਪਹਿਲਾਂ ਆਪਣੇ ਸਿੱਕੇ-ਬੰਦ ਤੇ ਅਤੀ ਪਾਏਦਾਰ ਵਿਚਾਰ ਦੇ ਚੁੱਕੀ ਹੈ ਜਿਵੇਂ ਕਿ:-

”ਕਾਮੁ ਕ੍ਰੋਧੁ ਕਾਇਆ ਕਉ ਗਾਲੈ॥”

ਜਦੋਂ ਮਨੁੱਖ ਸਹਿਜ ਤੇ ਸੰਜਮ ਨੂੰ ਤਿਆਗ ਕੇ ਕਾਮ ਕ੍ਰੋਧ ਆਦਿ ਵਿਕਾਰਾਂ ਨੂੰ ਆਪਣੇ ਉੱਤੇ ਹਾਵੀ ਕਰ ਲਵੇ ਤਦ ਸਰੀਰ ਦਾ ਰੋਗ- ਵੰਤ ਹੋਣਾ ਕੁਦਰਤੀ ਬਣ ਜਾਂਦਾ ਹੈ। ਸਤਿਗੁਰਾਂ ਨੇ ਮਨੁੱਖ ਨੂੰ ਜੀਵਨ ਦੇ ਹਰ ਖੇਤਰ ਵਿਚ ਵਿਵੇਕ ਜਾਂ ਅਕਲ ਦੀ ਠੀਕ ਵਰਤੋਂ ਕਰਨ ਦੀ ਸਖ਼ਤ ਹਦਾਇਤ ਕੀਤੀ ਹੈ। ਵਿਵੇਕ ਨੂੰ ਛੱਡ ਕੇ ਬਾਕੀ ਸਭ ਸ਼ੈਤਾਨੀਅਤ ਹੀ ਰਹਿ ਜਾਣੀ ਹੈ ਭਾਵੇਂ ਉਹ ਧਰਮ ਹੋਵੇ, ਭਾਵੇਂ ਦੁਨੀਆਦਾਰੀ ਜਾਂ ਸਿਹਤ ਸਬੰਧੀ ਮਸਲਾ ਹੀ ਸਾਹਮਣੇ ਹੋਵੇ। ਸਤਿਗੁਰੂ ਫ਼ਰਮਾਉਂਦੇ ਹਨ : ”ਅਕਲੀ ਪੜ੍ਰਿ ਕੈ ਬੁਝੀਐ॥” ਬਾਣੀ ਨੇ ਸਾਨੂੰ ਇਹ ਗੱਲ ਵੀ ਸਫ਼ਾਈ ਨਾਲ ਸਮਝਾਈ ਹੈ ਕਿ ਉਹ ਬੰਦਾ ਲੋਭੀ ਅਰ ਰਸਾਂ ਕਸਾਂ ਦਾ ਮਾਰਿਆ ਹੈ ਜੋ ਖਾਣ ਤੇ ਨਾ ਖਾਣ-ਯੋਗ ਪਦਾਰਥਾਂ ਅਤੇ ਉਨਾਂ ਦੀ ਮਿਕਦਾਰ ਦੀ ਤਮੀਜ਼ ਨਹੀਂ ਕਰਦਾ। ਪਿਛਲੀ ਸਦੀ ਦੇ ਆਰੰਭਲੇ ਸਾਲਾਂ ਵਿਚ ਹੋਏ ਕੁਦਰਤੀ ਇਲਾਜਾਂ ਦੇ ਮੰਨੇ-ਪ੍ਰਮੰਨੇ ਮੋਢੀ ਜਾਂ ਜਨਮ ਦਾਤਾ ਕਰ ਕੇ ਜਾਣੇ ਜਾਂਦੇ ਆਚਾਰੀਆ ਲਕਸ਼ਮਣ ਸ਼ਰਮਾ ਨੂੰ ਬਹੁਤ ਲੰਮੀ ਉਮਰ ਤੱਕ ਕਈ ਦਹਾਕਿਆਂ ਦੌਰਾਨ ਕਦੇ ਵੀ ਕਿਸੇ ਨੇ ਬਿਮਾਰੀ ਨਾਲ ਪੀੜਤ ਹੁੰਦੇ ਨਹੀਂ ਸੀ ਦੇਖਿਆ। ਇੱਕ ਹੋਰ ਪ੍ਰਸਿੱਧ ਸਿਹਤਯਾਬੀ ਦੇ ਗਿਆਨ- ਮਾਰਤੰਡ, ਮਾਰਸ਼ਲ ਦੇ ਸਾਦਾ ਜਿਹੇ ਕਥਨ ਬਹੁਤ ਧਿਆਨ ਮੰਗਦੇ ਹਨ ਕਿ ਜੋ ਲੋਕ ਕੁਦਰਤ ਦੀ ਪੁਕਾਰ ਜਾਂ ਮੰਗ ਨੂੰ ਪੂਰਾ ਕਰਨ ਵੱਲ ਧਿਆਨ ਨਹੀਂ ਦਿੰਦੇ ਅਤੇ ਉਸ ਨੂੰ ਅਣਗੌਲਿਆਂ ਕਰ ਦਿੰਦੇ ਹਨ, ਉਨਾਂ ਉੱਤੇ ਸਦਾ ਹੀ ਭਾਂਤ-ਸੁਭਾਂਤੀਆਂ ਬਿਮਾਰੀਆਂ ਦਾ ਗ਼ਲਬਾ ਬਣਿਆ ਰਹਿੰਦਾ ਹੈ। ਸਵਾਮੀ ਰਾਮ ਤੀਰਥ ਜੀ ਕਥਨ ਕਰਦੇ ਹੁੰਦੇ ਸਨ ਕਿ ਤਾਜ਼ਾ ਖੁੱਲੀ ਹਵਾ ਵਿਚ ਲੰਮੇ-ਲੰਮੇ ਸਵਾਸ ਲੈਣ ਤੇ ਛੱਡਣ ਦਾ ਨਿਯਮਿਤ ਅਭਿਆਸ ਕਰਨ ਵਾਲਾ ਅਤੇ ਢੁਕਵੀਂ, ਸਾਫ਼ ਸੁਥਰੀ ਅਤੇ ਕੁਦਰਤ ਵੱਲੋਂ ਪ੍ਰਵਾਨਿਤ ਖ਼ੁਰਾਕ ਖਾਣ ਵਾਲਾ ਬੰਦਾ ਤੇ ਦਵਾਈਆਂ ਦੇ ਇਸਤੇਮਾਲ ਤੋਂ ਬਚਿਆ ਰਹਿਣ ਵਾਲਾ ਬੰਦਾ ਹੀ ਪੂਰੀ ਤਰਾਂ ਸਿਹਤਯਾਬੀ ਦਾ ਅਨੰਦ ਮਾਣ ਸਕਦਾ ਹੈ। ਚੰਗੀ ਸਿਹਤ ਜਾਂ ਤੰਦਰੁਸਤੀ ਦੀ ਕਦਰ- ਕੀਮਤ ਸਮਝਾਉਣ ਲਈ ਉਹ ਕਿਹਾ ਕਰਦੇ ਸਨ ਕਿ ਤੰਦਰੁਸਤੀ ਜਾਂ ਚੰਗੀ ਸਿਹਤ ਦੁਨੀਆਂ ਦੇ ਸਭ ਪਦਾਰਥਾਂ ਨਾਲੋਂ ਬਹੁਤ ਜ਼ਿਆਦਾ ਕੀਮਤੀ ਸ਼ੈਅ ਹੈ ਬਲਕਿ ਤੰਦਰੁਸਤੀ ਦੀ ਕੀਮਤ ਹੋਰ ਸਾਰੇ ਪਦਾਰਥਾਂ ਦੀ ਮਿਲਵੀਂ ਕੀਮਤ ਨਾਲੋਂ ਵੀ ਕਿਤੇ ਜ਼ਿਆਦਾ ਹੈ। ਸਿਹਤਮੰਦ ਭਿਖਾਰੀ ਦੇ ਮੁਕਾਬਲੇ ‘ਤੇ ਲੱਖਾਂ ਕਰੋੜਾਂ ਦੇ ਮਾਲਕ ਬਾਦਸ਼ਾਹ ਨੂੰ ਵੀ ਰੋਗੀ ਹੋਣ ਦੀ ਸੂਰਤ ਵਿਚ ਕਿਸੇ ਤਰਾਂ ਵੀ ਸੁਖੀ ਨਹੀਂ ਸਮਝਿਆ ਜਾ ਸਕਦਾ।

ਸੈਂਡੋ ਨੇ ਚੰਗੀ ਸਿਹਤ ਲਈ ਵਰਜ਼ਿਸ਼ ਜਾਂ ਕਸਰਤ ‘ਤੇ ਜ਼ਿਆਦਾ ਜ਼ੋਰ ਦਿੰਦੇ ਕਿਹਾ ਕਿ ਵਰਜ਼ਿਸ਼ ਤੋਂ ਮਨੁੱਖ ਨੂੰ ਤਿੰਨ ਚੀਜ਼ਾਂ ਪ੍ਰਾਪਤ ਹੁੰਦੀਆਂ ਹਨ; ਤੰਦਰੁਸਤੀ, ਤਾਕਤ ਅਤੇ ਸਰੀਰਕ ਖ਼ੂਬਸੂਰਤੀ।

ਮਿ: ਬੇਕਰ ਦੇ ਵਿਚਾਰ ਅਨੁਸਾਰ ਘੱਟੋ- ਘੱਟ ਅੱਠ ਦਸ ਕਿਲੋਮੀਟਰ ਰੋਜ਼ਾਨਾ ਦੀ ਸੈਰ ਕਰਨ ਜਾਂ ਪੈਦਲ ਚੱਲਣ ਨਾਲ ਜਿਤਨੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ, ਉਤਨਾ ਕਿਸੇ ਵੀ ਦਵਾਈ ਜਾਂ ਪਰਹੇਜ਼ ਨਾਲ ਨਹੀਂ ਹੋ ਸਕਦਾ।

ਪਾਰਕਰ ਨੇ ਸਿਹਤਯਾਬੀ ਲਈ ਸਰੀਰਕ ਮਿਹਨਤ ਅਤੇ ਦਿਮਾਗ਼ੀ ਮਿਹਨਤ ਦੇ ਨਤੀਜਿਆਂ ਦਾ ਖ਼ੁਲਾਸਾ ਕਰਦਿਆਂ ਕਿਹਾ ਹੈ ਕਿ ਪੈਰਾਂ ਅਤੇ ਸਰੀਰ ਨੂੰ ਥਕਾ ਦੇਣ ਬਦਲੇ ਕੁਦਰਤ ਨੇ ਕਿਸੇ ਵਿਅਕਤੀ ਨੂੰ ਕਦੀ ਕੋਈ ਸਜ਼ਾ ਨਹੀਂ ਦਿੱਤੀ ਪਰ ਦਿਮਾਗ਼ ਦੀਆਂ ਮਾਸ- ਪੇਸ਼ੀਆਂ ਅਤੇ ਨਸਾਂ ਨਾੜੀਆਂ ਨੂੰ ਹੱਦੋਂ ਵੱਧ ਥਕਾ ਦੇਣ ਦੀ ਸੂਰਤ ਵਿਚ ਕਿਤਨੇ ਹੀ ਬੰਦਿਆਂ ਨੂੰ ਨਿੱਤ ਹੀ ਸਜ਼ਾ ਭੁਗਤਣੀ ਪੈਂਦੀ ਹੈ।

ਬ੍ਰਿਟੇਨ ਦੇ ਇੱਕ ਪ੍ਰਧਾਨ ਮੰਤਰੀ ਗੋਲਡ ਸਟੋਨ ਜੋ ਬਹੁਤ ਚੰਗੀ ਸਿਹਤ ਦੇ ਮਾਲਕ ਸਨ, ਨੇ ਖ਼ੁਰਾਕ ਦੀ ਇੱਕ-ਇੱਕ ਬੁਰਕੀ ਨੂੰ ਬੱਤੀ- ਬੱਤੀ ਵਾਰ ਚਬਾਉਣ ਪਿੱਛੋਂ ਸੰਘ ਤੋਂ ਹੇਠਾਂ ਉਤਾਰਨ ਅਤੇ ਗਹਿਰੀ ਨੀਂਦ ਦੇ ਦੋ ਗੁਰਾਂ ਨੂੰ ਅਪਣਾਉਣ ਨਾਲ ਹੋਏ ਲਾਭਾਂ ਦਾ ਜ਼ਿਕਰ ਕਰਦਿਆਂ 82 ਸਾਲਾਂ ਦੀ ਉਮਰ ਵਿਚ ਕਿਹਾ ਕਿ ਇਸ ਉਮਰ ਵਿਚ ਵੀ ਉਹ ਬਹੁਤ ਚੰਗੀ ਤਰਾਂ ਘੋੜੇ ਦੀ ਸਵਾਰੀ ਕਰ ਸਕਦੇ ਹਨ, ਜੰਗਲ ਵਿਚ ਰੁੱਖਾਂ ਨੂੰ ਕੱਟ ਕੇ ਲੱਕੜੀਆਂ ਲਿਆ ਸਕਦੇ ਹਨ ਅਤੇ ਬਹੁਤ ਤੇਜ਼ੀ ਨਾਲ ਪੈਦਲ ਚੱਲ ਸਕਦੇ ਹਨ।

ਸ਼ੇਸ਼ਾਦਰੀ ਸਵਾਮੀ ਨਾਥਨ ਅਤੇ ਵਾਲਟਰ, ਚੰਗੀ ਸਿਹਤ ਦੀ ਪ੍ਰਾਪਤੀ ਲਈ ਸਿੱਧੇ ਹੋ ਕੇ ਬੈਠਣ ਜਾਂ ਕਮਰ ਅਤੇ ਗਰਦਨ ਨੂੰ ਸਦਾ ਸਿੱਧਾ ਰੱਖਣ ਦੇ ਪੋਜ਼ ਦਾ ਗੁਣ ਦੱਸਦੇ ਹੋਏ ਕਹਿੰਦੇ ਹਨ ਕਿ ਸਿੱਧਾ ਬੈਠਣ ਅਤੇ ਕਮਰ ਤੇ ਗਰਦਨ ਝੁਕਾਏ ਬਿਨਾਂ ਬੈਠਣ ਦੀ ਪੱਕੀ ਆਦਤ ਪਾਓ ਅਤੇ ਬੇ-ਮਤਲਬ ਹੀ ਬਿਮਾਰੀਆਂ ਜਾਂ ਹੋਰਨਾਂ ਨੂੰ ਦੋਸ਼ ਨਾ ਦਿੰਦੇ ਰਹੋ। ਇਸ ਗੁਰ ਨੂੰ ਜੀਵਨ ਦਾ ਹਿੱਸਾ ਬਣਾ ਲੈਣ ਨਾਲ ਸਦਾ ਅਰੋਗ ਰਹਿ ਸਕਣ ਦਾ ਵੱਡਾ ਖ਼ਜ਼ਾਨਾ ਮਿਲ ਸਕਦਾ ਹੈ।

ਸਮਿਥ ਨੇ ਸਰੀਰਕ ਥਕਾਵਟ ਅਤੇ ਮਾਨਸਿਕ ਥਕਾਵਟ ਦੇ ਨਤੀਜਿਆਂ ਦੀ ਤਸ਼ਰੀਹ ਕਰਦਿਆਂ ਕਿਹਾ ਸੀ ਕਿ ਸਰੀਰਕ ਮਿਹਨਤ ਮਸ਼ੱਕਤ ਕਰ ਕੇ ਥੱਕੇ ਹੋਏ ਵਿਅਕਤੀ ਨੂੰ ਗੂੜੀ ਨੀਂਦਰ ਰੂਪੀ ਦੇਵੀ ਆਪਣੀ ਗੋਦ ਵਿਚ ਸੁਆ ਲੈਣ ਵਿਚ ਖ਼ੁਸ਼ੀ ਮਹਿਸੂਸ ਕਰਦੀ ਹੈ, ਪਰ ਮਾਨਸਿਕ ਥਕਾਵਟ ਨਾਲ ਚਕਨਾਚੂਰ ਹੋਏ ਬੰਦੇ ਨੂੰ ਆਪਣੇ ਨਜ਼ਦੀਕ ਹੀ ਨਹੀਂ ਢੁੱਕਣ ਦਿੰਦੀ।
ਇੱਕ ਨੇਚਰ ਕਿਉਰਿਸਟ ਵਿਦਵਾਨ ਦਾ ਕਥਨ ਹੈ ਕਿ ਜਿਸ ਤਰਾਂ ਤੰਦਰੁਸਤੀ ਉਸ ਮਨੁੱਖ ਨੂੰ ਲੱਭਦੀ ਫਿਰਦੀ ਹੈ ਜੋ ਪੇਟ ਖ਼ਾਲੀ ਹੋ ਜਾਣ ਮਗਰੋਂ ਹੀ ਹੋਰ ਖਾਣਾ ਖਾਣ ਲਈ ਤਿਆਰ ਹੁੰਦਾ ਹੈ, ਇਸੇ ਤਰਾਂ ਬਿਮਾਰੀ ਦੀ ਕਾਲੀ ਦੇਵੀ ਵੀ ਅਜਿਹੇ ਮਨੁੱਖ ਨੂੰ ਆਪ- ਮੁਹਾਰੇ ਲੱਭ ਲੈਂਦੀ ਹੈ ਜੋ ਹੱਦੋਂ ਵੱਧ ਖਾਣ ਦੇ ਆਦੀ ਹੋਣ ਜਾਂ ਬਾਰ-ਬਾਰ ਖਾਂਦੇ ਹੋਣ। ਜੋ ਲੋਕ ਬਿਨਾਂ ਮਤਲਬ ਹਰ ਵੇਲੇ ਖਾਂਦੇ ਹੀ ਰਹਿੰਦੇ ਹਨ, ਭੱਖ-ਅਭੱਖ ਸਭ ਕੁਝ ਖਾਈ ਜਾਂਦੇ ਹਨ ਅਤੇ ਬਿਨਾਂ ਲੋੜ ਦੇ ਖ਼ੁਰਾਕ ਨੂੰ ਸੰਘ ਥੱਲੋਂ ਲਾਹੀ ਜਾਂਦੇ ਹਨ, ਭਾਵੇਂ ਖਾਧੇ ਜਾਣ ਵਾਲੇ ਪਦਾਰਥ ਪੂਰੀ ਤਰਾਂ ਠੀਕ ਤੇ ਸਾਫ਼ ਸੁਥਰੇ ਹੀ ਕਿਉਂ ਨਾ ਹੋਣ, ਉਹ ਕਦੇ ਤੰਦਰੁਸਤ ਨਹੀਂ ਰਹਿੰਦੇ। *

Comments

comments

Share This Post

RedditYahooBloggerMyspace