ਸਫ਼ਲ ਮਨੁੱਖ ਬਣਨ ਲਈ ਵੱਡੇ ਸੁਪਨੇ ਲੈਣੇ ਜ਼ਰੂਰੀ

12jlpt12(ਡਾ. ਹਰਜਿੰਦਰ ਵਾਲੀਆ)
ਇਕ ਕਾਲਜ ਵਿਚ ਮੇਰਾ ਮੁਕਾਬਲੇ ਦੀਆਂ ਪ੍ਰੀਖਿਆਵਾਂ ਪ੍ਰਤੀ ਜਾਗਰੂਕ ਕਰਨ ਅਤੇ ਪ੍ਰੇਰਨਾ ਦੇਣ ਹਿਤ ਇਕ ਵਿਸ਼ੇਸ਼ ਭਾਸ਼ਣ ਸੀ। ਭਾਸ਼ਣ ਤੋਂ ਬਾਅਦ ਮੇਰੇ ਕੋਲ ਇਕ ਲੜਕੀ ਆਈ ਅਤੇ ਕਹਿਣ ਲੱਗੀ:
‘ਮੈਂ ਤੁਹਾਡੇ ਨਾਲ ਇਕ ਗੱਲ ਕਰਨੀ ਹੈ’
‘ਹਾਂ, ਦੱਸੋ’ ਮੈਂ ਕਿਹਾ।
‘ਮੈਂ ਬਹੁਤ ਮਾਯੂਸ ਹਾਂ। ਮੇਰੇ ਮਾਪਿਆਂ ਦੀ ਆਰਥਿਕ ਹਾਲਤ ਵੀ ਠੀਕ ਠਾਕ ਹੀ ਹੈ। ਸਰਕਾਰੀ ਸਕੂਲ ਵਿਚ ਪੜ੍ਹੀ ਹਾਂ। ਅੰਗਰੇਜ਼ੀ ਵੱਲੋਂ ਵੀ ਕੋਈ ਜ਼ਿਆਦਾ ਠੀਕ ਨਹੀਂ। ਮੈਂ ਵੀ ਕੁਝ ਬਣਨਾ ਲੋਚਦੀ ਹਾਂ, ਪਰ ਮੈਨੂੰ ਨਹੀਂ ਲਗਦਾ ਕਿ ਮੈਂ ਇਸ ਜ਼ਿੰਦਗੀ ਵਿਚ ਕੁਝ ਕਰਨ ਦੇ ਸਮਰੱਥ ਹੋਵਾਂਗੀ। ਕਦੇ-ਕਦੇ ਤਾਂ ਮਰਨ ਨੂੰ ਚਿੱਤ ਕਰਦੈ, ਮੈਂ ਬਹੁਤ ਦੁਖੀ ਹਾਂ।’
ਸੱਚਮੁੱਚ ਹੀ ਉਹ ਕੁੜੀ ਅਹਿਸਾਸ-ਏ-ਕਮਤਰੀ ਦਾ ਸ਼ਿਕਾਰ ਹੋ ਕੇ ਬਹੁਤ ਨਕਾਰਾਤਮਕ ਸੋਚਾਂ ਦੀ ਸ਼ਿਕਾਰ ਹੋ ਚੁੱਕੀ ਸੀ। ਮੈਂ ਉਸ ਨੂੰ ਕਿਹਾ ਕਿ ਜੇ ਬੰਦੇ ਦੀ ਕੁਝ ਕਰਨ ਦੀ ਇੱਛਾ ਹੋਵੇ ਅਤੇ ਦ੍ਰਿੜ੍ਹ ਇਰਾਦਾ ਹੋਵੇ ਤਾਂ ਅਜਿਹੀਆਂ ਕਮੀਆਂ ਉਸ ਦੇ ਸਾਹਮਣੇ ਕਦੇ ਵੀ ਟਿਕ ਨਹੀਂ ਸਕਦੀਆਂ। ਮੈਂ ਉਸ ਨੂੰ ਇਕ ਛੋਟੀ ਕਹਾਣੀ ਸੁਣਾਈ।
”ਇਕ ਵਾਰ ਇਕ ਲੜਕਾ ਗ਼ੁਬਾਰੇ ਵੇਚ ਰਿਹਾ ਸੀ। ਉਸ ਨੇ ਬੱਚਿਆਂ ਦਾ ਧਿਆਨ ਖਿੱਚਣ ਲਈ ਇਕ ਲਾਲ ਗ਼ੁਬਾਰੇ ਵਿਚ ਗੈਸ ਭਰੀ ਅਤੇ ਉਸ ਨੂੰ ਉਡਾ ਦਿੱਤਾ। ਦੇਖਦੇ ਹੀ ਦੇਖਦੇ ਗੁਬਾਰਾ ਅਸਮਾਨ ਨਾਲ ਗੱਲਾਂ ਕਰਨ ਲੱਗਾ। ਉਡ ਰਹੇ ਗ਼ੁਬਾਰੇ ਨੂੰ ਵੇਖ ਕੇ ਇਕ ਬੱਚਾ ਉਸ ਗ਼ੁਬਾਰੇ ਵਾਲੇ ਕੋਲ ਆਇਆ ਅਤੇ ਕਹਿਣ ਲੱਗਾ ਕਿ ਇਸ ਲਾਲ ਗ਼ੁਬਾਰੇ ਵਾਂਗ ਮੇਰਾ ਕਾਲਾ ਗੁਬਾਰਾ ਵੀ ਉਡ ਜਾਵੇਗਾ।
‘ਹਾਂ, ਬੇਟਾ ਤੇਰਾ ਗੁਬਾਰਾ ਵੀ ਉਡੇਗਾ। ਇਹ ਰੰਗ ਨਹੀਂ ਜੋ ਉਚੀਆਂ ਉਡਾਰੀਆਂ ਮਾਰਦਾ ਹੈ ਸਗੋਂ ਗ਼ੁਬਾਰੇ ਵਿਚਲੀ ਗੈਸ ਹੁੰਦੀ ਹੈ, ਜੋ ਇਸ ਨੂੰ ਉਚਾ ਉਡਾਉਂਦੀ ਹੈ। ਇਸ ਤਰ੍ਹਾਂ ਸਫਲਤਾ ਲਈ ਤੁਹਾਡੇ ਅੰਦਰ ਇਕ ਸੁਪਨਾ ਹੋਣਾ ਚਾਹੀਦਾ ਹੈ। ਦ੍ਰਿੜ੍ਹ ਇੱਛਾ ਸ਼ਕਤੀ ਹੋਣੀ ਚਾਹੀਦੀ ਹੈ ਅਤੇ ਮਿਹਨਤ ਕਰਨ ਦਾ ਮਾਦਾ ਹੋਣਾ ਚਾਹੀਦਾ ਹੈ। ਤੁਸੀਂ ਵੀ ਸਫਲ ਹੋ ਸਕਦੇ ਹੋ। ਆਪਣੀ ਮੰਜ਼ਿਲ ਨੂੰ ਪਾ ਸਕਦੇ ਹੋ।” ਮੈਨੂੰ ਖੁਸ਼ੀ ਹੋਈ ਕਿ ਕੁਝ ਦਿਨਾਂ ਬਾਅਦ ਮੈਨੂੰ ਉਸ ਦਾ ਫੋਨ ਆਇਆ ਅਤੇ ਕਹਿਣ ਲੱਗੀ ਕਿ ਹੁਣ ਮੈਂ ਚੜ੍ਹਦੀ ਕਲਾ ਵਿਚ ਹਾਂ ਅਤੇ ਤੁਹਾਡੇ ਦੱਸੇ ਸਫਲਤਾ ਦੇ ਸੂਤਰਾਂ ਮੁਤਾਬਕ ਆਪਣੀ ਮੰਜ਼ਿਲ ਮਿੱਥ ਕੇ ਉਸ ਨੂੰ ਸਰ ਕਰਨ ਦੀ ਕੋਸ਼ਿਸ਼ ਕਰਾਂਗੀ। ਇਹ ਸਫਲਤਾ ਦੇ ਗੁਰ ਹਰ ਸਫਲ ਵਿਅਕਤੀ ਦੇ ਸਫਲਤਾ ਦੇ ਸੂਤਰ ਹਨ।
ਇਸ ਦੁਨੀਆ ਵਿਚ ਹਰ ਵਿਅਕਤੀ ਸਫਲ ਹੋਣਾ ਚਾਹੁੰਦਾ ਹੈ। ਇਹ ਵੱਖਰੀ ਗੱਲ ਹੈ ਕਿ ਸਫਲਤਾ ਦੀ ਪਰਿਭਾਸ਼ਾ ਹਰ ਵਿਅਕਤੀ ਲਈ ਵੱਖਰੀ ਹੋ ਸਕਦੀ ਹੈ। ਕੋਈ ਦੌਲਤ ਚਾਹੁੰਦਾ ਹੈ। ਕੋਈ ਸ਼ੋਹਰਤ ਚਾਹੁੰਦਾ ਹੈ। ਕੋਈ ਪਦਵੀ ਚਾਹੁੰਦਾ ਹੈ। ਕੋਈ ਸੱਤਾ ਅਤੇ ਸ਼ਕਤੀ ਚਾਹੁੰਦਾ ਹੈ। ਜੋ ਵੀ ਕੋਈ ਕੁਝ ਬਣਨਾ ਜਾਂ ਪ੍ਰਾਪਤ ਕਰਨਾ ਚਾਹੁੰਦਾ ਹੈ, ਉਸ ਲਈ ਸਫਲਤਾ ਦਾ ਪਹਿਲਾ ਸੂਤਰ ਹੈ:
ਸੁਪਨਾ, ਮੰਜ਼ਿਲ, ਮੰਤਵ, ਚਾਹਤ, ਮਕਸਦ।
ਸਫਲ ਵਿਅਕਤੀ ਬਣਨ ਲਈ ਜ਼ਰੂਰੀ ਹੈ ਕਿ ਉਹ ਸੁਪਨੇਸਾਜ਼ ਹੋਵੇ। ਵੱਡਾ ਸੁਪਨਾ ਵੇਖਣ ਦੀ ਜਾਚ ਉਸ ਨੂੰ ਆਉਂਦੀ ਹੋਵੇ। ਕੋਈ ਮੰਜ਼ਲ ਮਿਥਣ ਵਿਚ ਮਾਹਿਰ ਹੋਵੇ। ਉਸ ਦੀ ਜ਼ਿੰਦਗੀ ਦਾ ਕੋਈ ਮਕਸਦ ਹੋਵੇ। ਵਧੀਆ ਜ਼ਿੰਦਗੀ ਦੀ ਚਾਹਤ ਹੀ ਵਧੀਆ ਜ਼ਿੰਦਗੀ ਦਿੰਦੀ ਹੈ। ਵਧੀਆ, ਖੂਬਸੂਰਤ, ਆਨੰਦ ਭਰਪੂਰ ਜ਼ਿੰਦਗੀ ਦਾ ਸੁਪਨਾ ਲੈਣਾ ਬਹੁਤ ਜ਼ਰੂਰੀ ਹੈ। ਨੈਪੋਲੀਅਨ ਨੇ ਕਿਹਾ ਸੀ ਕਿ ਸਾਰੀਆਂ ਪ੍ਰਾਪਤੀਆਂ ਅਤੇ ਧਰਤੀ ਦੀਆਂ ਸਾਰੀਆਂ ਅਮੀਰੀਆਂ ਦੀ ਸ਼ੁਰੂਆਤ ਵਿਚਾਰ ਕਰਨ ਤੇ ਸੋਚਣ ਨਾਲ ਹੀ ਹੁੰਦੀ ਹੈ। ਉਚੇ ਸੁਪਨੇ ਦੇਖਣੇ ਹੀ ਤੁਹਾਡੀਆਂ ਸਰਵਉਚ ਪ੍ਰਾਪਤੀਆਂ ਦਾ ਅਕਸ ਹੈ। ਜੇ ਤੁਸੀਂ ਜੀਵਨ ਵਿਚ ਉਚਾਈਆਂ ਨੂੰ ਛੋਹਣਾ ਹੈ ਤਾਂ ਆਪਣੀ ਜ਼ਿੰਦਗੀ ਦਾ ਇਕ ਉਚਾ ਮਕਸਦ ਬਣਾਓ। ਭਾਵੇਂ ਅਸੀਂ ਸਾਰੇ ਇਕੋ ਹੀ ਅਸਮਾਨ ਹੇਠ ਰਹਿੰਦੇ ਹਾਂ ਪਰ ਸਾਡਾ ਸਭ ਦਾ ਅਸਮਾਨ ਇਕੋ ਜਿਹਾ ਨਹੀਂ ਹੈ। ਸਾਨੂੰ ਆਪਣੇ-ਆਪਣੇ ਅਸਮਾਨ ਬਣਾਉਣ ਅਤੇ ਉਸ ਦੀਆਂ ਉਚਾਈਆਂ ਮਿੱਥਣ ਦਾ ਅਧਿਕਾਰ ਕੁਦਰਤ ਨੇ ਦਿੱਤਾ ਹੋਇਆ ਹੈ। ਜੇ ਤੁਸੀਂ ਤੁਰ ਸਕਦੇ ਹੋ ਤਾਂ ਨੱਚ ਵੀ ਸਕਦੇ ਹੋ। ਜੇ ਤੁਸੀਂ ਬੋਲ ਸਕਦੇ ਹੋ ਤਾਂ ਗਾ ਵੀ ਸਕਦੇ ਹੋ।
ਮੈਂ ਬਹੁਤ ਵਾਰ ਆਪਣੇ ਭਾਸ਼ਣਾਂ ਦੌਰਾਨ ਸਰੋਤਿਆਂ ਨੂੰ ਸਵਾਲ ਕਰਦਾ ਹਾਂ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਕਿੱਥੇ ਪਹੁੰਚਣਾ ਹੈ। ਤੁਹਾਨੂੰ ਪਤਾ ਹੈ ਕਿ ਤੁਸੀਂ ਕੀ ਬਣਨਾ ਚਾਹੁੰਦੇ ਹੋ। ਤੁਹਾਡੀ ਮੰਜ਼ਿਲ ਕੀ ਹੈ? ਤੁਹਾਡੀ ਜ਼ਿੰਦਗੀ ਦਾ ਮਕਸਦ ਕੀ ਹੈ। ਤੁਹਾਡੇ ਲਈ ਸਫਲਤਾ ਦੀ ਪਰਿਭਾਸ਼ਾ ਕੀ ਹੈ? ਮੈਨੂੰ ਅਫਸੋਸ ਹੁੰਦਾ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਬੱਚੇ ਸਰੋਤਿਆਂ ਵਿਚੋਂ ਦੋ ਚਾਰ ਹੀ ਹੁੰਦੇ ਹਨ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਕੋਈ ਮਕਸਦ ਮਿਥਿਆ ਹੁੰਦਾ ਹੈ। ਬਹੁਤੀ ਵਾਰ ਤਾਂ ਅਸੀਂ ਸੁੱਕਾ ਖੂਹ ਗੇੜਨ ਦੇ ਚੱਕਰ ਵਿਚ ਹੀ ਰਹਿੰਦੇ ਹਾਂ। ਕਈ ਵਿਦਿਆਰਥੀ ਤਾਂ ਇਹ ਕਹਿੰਦੇ ਹਨ ਕਿ ਉਨ੍ਹਾਂ ਦੇ ਮੰਮੀ ਪਾਪਾ ਨੂੰ ਪਤਾ ਹੈ ਕਿ ਉਨ੍ਹਾਂ ਕੀ ਬਣਨਾ ਹੈ। ਇਸ ਭੁੱਲ ਨੂੰ ਸੁਧਾਰਨਾ ਜ਼ਰੂਰੀ ਹੈ। ਜ਼ਿੰਦਗੀ ਵਿਚ ਆਪਣੇ ਆਪ ਨਾਲ ਗੱਲ ਕਰਨ ਦਾ ਸਮਾਂ ਕੱਢਣਾ ਬਹੁਤ ਜ਼ਰੂਰੀ ਹੁੰਦਾ ਹੈ। ਸਵੈ-ਪੜਚੋਲ ਕਰੋ, ਦਿਲ ਦੀ ਗੱਲ ਸੁਣੋ, ਮੰਜ਼ਿਲ ਮਿੱਥੋ, ਮਕਸਦ ਚੁਣੋ, ਮੰਤਵ ਬਣਾਓ, ਫਿਰ ਦੇਖੋ ਸਫਲਤਾ ਦੇ ਰਾਹ ‘ਤੇ ਚੱਲਣ ਲਈ ਤੁਹਾਡਾ ਮਨ ਖ਼ੁਦ ਹੀ ਕਰੇਗਾ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਸਫਲਤਾ ਅਤੇ ਆਰਾਮ ਕਦੇ ਵੀ ਇਕੱਠੇ ਨਹੀਂ ਸੌਂਦੇ। ਤੁਹਾਡੀ ਮੰਜ਼ਿਲ ਮਿੱਥਣ ਨਾਲ ਹੀ ਤੁਹਾਡੀ ਜ਼ਿੰਦਗੀ ਦੀ ਤੋਰ ਬਦਲ ਜਾਵੇਗੀ। ਤੁਹਾਡੀ ਮੰਜ਼ਿਲ ਕਿਹੜੀ ਹੈ, ਤੁਹਾਡੇ ਨਾਲੋਂ ਵੱਧ ਹੋਰ ਕੌਣ ਜਾਣ ਸਕਦਾ ਹੈ। ਕਿਸੇ ਵੀ ਕੰਮ ਨੂੰ ਭਵਿੱਖ ‘ਤੇ ਨਾ ਛੱਡੋ। ਇਹ ਨਾ ਕਹੋ ਕਿ ਕੱਲ੍ਹ ਕਰਾਂਗੇ। ਕੱਲ੍ਹ ਕਿਸ ਨੇ ਵੇਖਿਆ ਹੈ।
ਮਹਾਂਭਾਰਤ ਦੇ ਸਮੇਂ ਦੀ ਕਥਾ ਹੈ। ਇਕ ਦਿਨ ਗਲ਼ ਵਿਚ ਢੋਲ ਪਾ ਕੇ ਭੀਮ ਨੇ ਨਗਰ ਵਿਚ ਹੋਕਾ ਦੇਣਾ ਸ਼ੁਰੂ ਕਰ ਦਿੱਤਾ। ਨਗਰ ਵਾਸੀਓ, ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਮਹਾਰਾਜ ਯੁਧਿਸ਼ਟਰ ਨੇ ਕਾਲ ਨੂੰ ਜਿੱਤ ਲਿਆ ਹੈ। ਗੁਪਤਚਰਾਂ ਨੇ ਇਹ ਗੱਲ ਯੁਧਿਸ਼ਟਰ ਨੂੰ ਦੱਸੀ। ਮਹਾਰਾਜ ਯੁਧਿਸ਼ਟਰ ਨੇ ਭੀਮ ਨੂੰ ਦਰਬਾਰ ਵਿਚ ਬੁਲਾ ਲਿਆ ਅਤੇ ਪੁੱਛਿਆ ਕਿ ਕੀ ਮਾਜਰਾ ਹੈ। ਕੀ ਤੂੰ ਸ਼ਹਿਰ ਵਿਚ ਘੋਸ਼ਣਾ ਕੀਤੀ ਹੈ ਕਿ ਮੈਂ ਕਾਲ ਨੂੰ ਜਿੱਤ ਲਿਆ ਹੈ।
‘ਹਾਂ ਮਹਾਰਾਜ, ਮੈਂ ਤੁਹਾਡੇ ਕਹਿਣ ‘ਤੇ ਹੀ ਇਹ ਐਲਾਨ ਕੀਤਾ ਹੈ।’ ਭੀਮ ਨੇ ਜਵਾਬ ਦਿੱਤਾ।
‘ਮੈਂ ਕਦੋਂ ਅਜਿਹਾ ਕਿਹਾ ਸੀ’ ਯੁਧਿਸ਼ਟਰ ਨੇ ਪੁੱਛਿਆ।
‘ਰਾਜਨ, ਕੱਲ੍ਹ ਇਕ ਬ੍ਰਾਹਮਣ ਜਦੋਂ ਤੁਹਾਡੇ ਦੁਆਰੇ ਆਇਆ ਤਾਂ ਤੁਸੀਂ ਕਿਹਾ ਕਿ ਅੱਜ ਮੇਰੇ ਕੋਲ ਸਮਾਂ ਨਹੀਂ ਤੂੰ ਕੱਲ੍ਹ ਆਈਂ। ਮਾਫ਼ ਕਰਨਾ, ਰਾਜਨ, ਕਾਲ ਨੂੰ ਵੱਸ ਵਿਚ ਕਰਨ ਵਾਲਾ ਹੀ ਅਜਿਹਾ ਬਚਨ ਦੇ ਸਕਦਾ ਹੈ। ਸੋ ਮੈਂ ਖੁਸ਼ੀ ਵਿਚ ਖੀਵਾ ਹੋ ਕੇ ਇਹ ਐਲਾਨ ਕਰਨ ਲੱਗਾ।’ ਭੀਮ ਨੇ ਜਵਾਬ ਦਿੱਤਾ।
ਯੁਧਿਸ਼ਟਰ ਗੰਭੀਰ ਹੋ ਗਿਆ, ਉਸ ਨੇ ਭੀਮ ਦੇ ਵਿਅੰਗ ਨੂੰ ਸਮਝ ਲਿਆ ਸੀ। ਉਹ ਸਮਝ ਗਿਆ ਸੀ ਕਿ ਅੱਜ ਦਾ ਕੰਮ ਕੱਲ੍ਹ ‘ਤੇ ਟਾਲਣ ਦਾ ਕਿਸੇ ਨੂੰ ਕੋਈ ਹੱਕ ਨਹੀਂ।
ਸੋ, ਮਹਾਂਭਾਰਤ ਸਮੇਂ ਦੀ ਇਸ ਕਥਾ ਤੋਂ ਸਿੱਖਿਆ ਲਵੋ। ਅੱਜ ਹੀ ਆਪਣਾ ਮਕਸਦ ਲੱਭੋ। ਮੰਜ਼ਿਲ ਮਿੱਥੋ, ਮੰਤਵ ਬਣਾਓ। ਇਸ ਪਲ ਨੂੰ ਇਸ ਕੰਮ ਲਈ ਵਰਤੋ।
ਤਮਾਮ ਉਮਰ ਹਮ ਗਲਤੀ ਕਰਤੇ ਰਹੇ
ਧੂਲ ਚਿਹਰੇ ਪਰ ਥੀ ਹਮ ਆਇਨਾ ਸਾਫ ਕਰਤੇ ਰਹੇ।
ਚਿਹਰੇ ਦੀ ਧੂਲ ਨੂੰ ਹਟਾਓ। ਦਿਲ ਦੇ ਆਇਨੇ ਵਿਚ ਉਤਰੋ ਅਤੇ ਕਲਮ ਚੁੱਕੋ ਅਤੇ ਲਿਖੋ ਕਿ ਜ਼ਿੰਦਗੀ ਵਿਚ ਤੁਸੀਂ ਕੀ ਬਣਨਾ ਚਾਹੁੰਦੇ ਹੋ।
ਕੋਈ ਸਿਆਸੀ ਪਾਰਟੀ ਦੇ ਵੱਡੇ ਨੇਤਾ?
ਪ੍ਰਸਿੱਧ ਡਾਕਟਰ ਜਾਂ ਪ੍ਰੋਫੈਸਰ?
ਮਸ਼ਹੂਰ ਇੰਜੀਨੀਅਰ?
ਧਨਾਢ ਵਪਾਰੀ ਅਤੇ ਸਨਅਤਕਾਰ?
ਕਲਾਕਾਰ ਜਾਂ ਗਾਇਕ?
ਸੰਗੀਤਕਾਰ ਜਾਂ ਖਿਡਾਰੀ?
ਭਾਰੀ ਦੌਲਤ ਦੇ ਮਾਲਕ ਜਾਂ ਸ਼ੋਹਰਤ ਦੇ ਮਾਲਕ? ਕੀ ਬਣਨਾ ਹੈ ਤੁਸੀਂ? ਸੋਚੋ, ਕਾਗ਼ਜ਼ ‘ਤੇ ਲਿਖੋ। ਆਪਣੇ ਸੌਣ ਵਾਲੇ ਕਮਰੇ ਵਿਚ ਚਪਕਾ ਦਿਓ ਤਾਂ ਜੋ ਸੌਂਦੇ ਅਤੇ ਜਾਗਦੇ ਤੁਹਾਨੂੰ ਆਪਣੀ ਮੰਜ਼ਿਲ ਦੀ ਯਾਦ ਆਉਂਦੀ ਰਹੇ। ਇਹ ਤੁਹਾਡਾ ਪਹਿਲਾ ਕੰਮ ਹੈ ਅਤੇ ਕੰਮ ਵਿਚ ਕੰਜੂਸੀ ਅਤੇ ਦੇਰੀ ਨਾ ਵਰਤੋ। ਜੋ ਬਣਨਾ ਚਾਹੁੰਦੇ ਹੋ, ਬੱਸ ਲਿਖ ਦੇਵੋ।
ਇਹ ਸੁਪਨਾ ਨਹੀਂ, ਇਹ ਤਾਂ ਬੀਜ ਹੈ ਜੋ ਤੁਸੀਂ ਬੀਜ ਦਿੱਤਾ ਹੈ, ਜਿਸ ਉਪਰ ਤੁਹਾਡੀ ਸਫਲਤਾ ਦੇ ਦਰਖ਼ਤ ਨੇ ਉਗਣਾ ਹੈ। ਇਹ ਸੁਪਨੇ ਨੂੰ ਸਾਕਾਰ ਕਰਨ ਹਿਤ ਜਾਂ ਹਕੀਕਤ ਵਿਚ ਬਦਲਣ ਲਈ ਸਫਲਤਾ ਦਾ ਦੂਜਾ ਕਦਮ ਪੁੱਟੋ। ਇਹ ਕਦਮ ਹੈ ਸਕਾਰਾਤਮਕ ਸੋਚ ਦਾ। ਦ੍ਰਿੜ੍ਹ ਵਿਸ਼ਵਾਸ ਦਾ। ਖ਼ੁਆਬਾਂ ਦੀ ਤਾਬੀਰ ਨੂੰ ਪੂਰਾ ਕਰਨਾ ਤੁਹਾਡੇ ਦ੍ਰਿੜ੍ਹ ਨਿਸ਼ਚੇ ਅਤੇ ਸਕਾਰਾਤਮਕ ਨਜ਼ਰੀਏ ‘ਤੇ ਨਿਰਭਰ ਕਰਦਾ ਹੈ। ‘ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਉਹ ਕਰ ਆਰਾਮ ਨਹੀਂ ਬਹਿੰਦੇ’ ਵਾਲੀ ਸੋਚ ਚਾਹੀਦੀ ਹੈ ਤੁਹਾਡੀ ਸ਼ਖਸੀਅਤ ਵਿਚ। ਨਿਡਰ, ਯਤਨਸ਼ੀਲ, ਨਿਰੰਤਰ ਗਤੀਸ਼ੀਲ ਅਤੇ ਮੱਛੀ ਦੀ ਅੱਖ ਦਾ ਨਿਸ਼ਾਨਾ ਸੇਧ ਕੇ ਤੀਰ ਚਲਾਉਣ ਦਾ ਅਭਿਆਸ ਕਰ ਰਹੇ ਹੱਥ ਕਿਵੇਂ ਅਸਫਲ ਹੋ ਸਕਦੇ ਨੇ ਭਲਾਂ। ਬੱਸ ਸਕਾਰਾਤਮਕ ਸੋਚ ਹੋਣੀ ਚਾਹੀਦੀ ਹੈ। ਇਹ ਨਾ ਭਟਕਣੀ ਚਾਹੀਦੀ ਹੈ, ਨਾ ਅਟਕਣੀ ਚਾਹੀਦੀ ਹੈ, ਨਾ ਰੁਕਣੀ ਚਾਹੀਦੀ ਹੈ, ਇਹ ਤਾਂ ਦਰਿਆਵਾਂ ਵਾਂਗ ਵਗਣੀ ਚਾਹੀਦੀ ਹੈ।

Comments

comments

Share This Post

RedditYahooBloggerMyspace