ਪਿੰਕੀ ਅਤੇ ਡੀਸੀ ਵੱਲੋਂ ਪਾਰਕ ਦੀ ਜਗ੍ਹਾ ਦਾ ਨਿਰੀਖਣ

ਫਿਰੋਜ਼ਪੁਰ : (ਕੁਲਜੀਤ ਸਿੰਘ )-ਫ਼ਿਰੋਜ਼ਪੁਰ ਸ਼ਹਿਰ ਅੰਦਰ ਆਧੁਨਿਕ ਪਾਰਕ ਅਤੇ ਜਰਮਨ ਤਕਨੀਕ ਦੇ ਜਿੰਮ ਦੇ ਨਿਰਮਾਣ ਲਈ ਅੱਜ ਵਿਧਾਇਕ ਸ੍ਰ.ਪਰਮਿੰਦਰ ਸਿੰਘ ਪਿੰਕੀ ਅਤੇ ਡਿਪਟੀ ਕਮਿਸ਼ਨਰ ਸ੍ਰੀ.ਰਾਮਵੀਰ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਨਗਰ ਕੌਂਸਲ ਫ਼ਿਰੋਜ਼ਪੁਰ ਸ਼ਹਿਰ ਅਧੀਨ ਆਉਂਦੇ ਇਲਾਕੇ ਪੁਰਾਣੇ ਟੀ.ਵੀ. ਹਸਪਤਾਲ ਦੇ ਪਿਛਲੇ ਪਾਸੇ ਜਗ੍ਹਾ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਸ੍ਰ.ਹਰਜੀਤ ਸਿੰਘ ਸੰਧੂ ਐਸ.ਡੀ.ਐਮ ਫ਼ਿਰੋਜ਼ਪੁਰ ਵੀ ਹਾਜ਼ਰ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਸ੍ਰ.ਪਰਮਿੰਦਰ ਸਿੰਘ ਪਿੰਕੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਸ ਪਾਰਕ ਨੂੰ ਹਰੀ ਝੰਡੀ ਦੇਣ ਅਤੇ ਸਾਰੀਆਂ ਕਾਰਵਾਈਆਂ ਪੂਰੀ ਕਰਨ ਲਈ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਇਹ ਪਾਰਕ ਅਮਰੂਤ ਸਕੀਮ ਤਹਿਤ ਕਰੀਬ ਅੱਠ ਏਕੜ ਸਰਕਾਰੀ ਥਾਂ ਤੇ ਬਣੇਗਾ ਅਤੇ ਇਸ ਤੇ ਤਕਰੀਬਨ 1 ਕਰੋੜ ਰੁਪਏ ਤੋ ਵਧੇਰੇ ਰਾਸ਼ੀ ਖ਼ਰਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਰਾਣੇ ਟੀ.ਵੀ. ਹਸਪਤਾਲ ਦੇ ਪਿਛਲੇ ਪਾਸੇ ਸਰਕਾਰ ਦੀ 15 ਏਕੜ ਜ਼ਮੀਨ ਤੇ ਭੌਂ ਮਾਫ਼ੀਆਂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਕਬਜ਼ੇ ਕੀਤੇ ਗਏ ਹਨ, ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਰੀਬ 8 ਏਕੜ ਜਗ੍ਹਾ ਵਿੱਚ ਬਹੁਤ ਹੀ ਸੁੰਦਰ ਪਾਰਕ ਲੋਕਾਂ ਦੇ ਸੈਰ ਕਰਨ ਲਈ ਵਧੀਆ ਰਸਤੇ, ਫੁੱਲਦਾਰ ਅਤੇ ਫਲਦਾਰ ਬੂਟੇ, ਫੁਹਾਰੇ ਆਦਿ ਤੋਂ ਇਲਾਵਾ ਔਰਤਾਂ ਅਤੇ ਮਰਦਾਂ ਲਈ ਵੱਖ-ਵੱਖ ਜਰਮਨ ਤਕਨੀਕ ਦੇ ਜਿੰਮ ਸਥਾਪਿਤ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਅਧੂਰੇ ਪਏ ਵਿਕਾਸ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਸਰਕਾਰ ਤੋ ਫੰਡਜ਼ ਰਿਲੀਜ਼ ਕਰਵਾਏ ਜਾਣਗੇ। ਵਿਧਾਇਕ ਪਿੰਕੀ ਨੇ ਕਿਹਾ ਕਿ ਸਰਹੱਦੀ ਇਲਾਕੇ ਵਿਚ ਲੰਬੇ ਸਮੇਂ ਤੋ ਆ ਰਹੀ ਪਾਣੀ ਦੀ ਸਮੱਸਿਆ ਨੂੰ ਜਲਦੀ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਗੰਦੇ ਪਾਣੀ ਦੀ ਨਿਕਾਸੀ ਅਤੇ ਪੀਣ ਵਾਲੇ ਸਾਫ਼ ਪਾਣੀ ਦੀ ਸਮੱਸਿਆ ਨੂੰ ਅਗਲੇ ਸਾਲ ਵਿਚ ਪੂਰਾ ਕੀਤਾ ਜਾਵੇਗਾ। ਜਿਸ ਨਾਲ ਸਰਹੱਦੀ ਇਲਾਕੇ ਵਿਚ ਪਾਣੀ ਨਾਲ ਫੈਲਣ ਵਾਲੀਆਂ ਬਿਮਾਰੀਆਂ ਨੂੰ ਰੋਕਿਆ ਜਾਵੇਗਾ। ਉਨ੍ਹਾਂ ਹਾਕੀ ਸਟੇਡੀਅਮ ਬਾਰੇ ਦੱਸਿਆ ਕਿ ਇਹ ਸਟੇਡੀਅਮ ਪਿਛਲੀ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਸੀ ਜਿਸ ਵਿਚ ਕਾਫ਼ੀ ਘੋਟਾਲਾ ਦੀ ਸ਼ੰਕਾ ਹੈ ਜਿਸ ਦੀ ਜਾਂਚ ਚੱਲ ਰਹੀ ਹੈ ਅਤੇ ਰਿਪੋਰਟ ਆਉਣ ਤੇ ਹੀ ਇਸ ਦਾ ਨਿਰਮਾਣ ਫਿਰ ਸ਼ੁਰੂ ਕਰਵਾਇਆਂ ਜਾਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋ ਇੱਕ ਮਨੋਰਥ ਹਲਕੇ ਦਾ ਵਿਕਾਸ ਕਰਨਾ ਅਤੇ ਇੱਥੋਂ ਦੇ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ, ਬੁਨਿਆਦੀ ਸਹੂਲਤਾਂ ਦੇਣ ਦੇ ਨਾਲ ਨਾਲ ਉਨ੍ਹਾਂ ਦੀ ਸਿਹਤ ਲਈ ਸ਼ੁੱਧ ਵਾਤਾਵਰਨ ਵੀ ਮੁਹੱਈਆ ਕਰਵਾਉਣਾ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ. ਰਾਮਵੀਰ ਆਈ.ਏ.ਐਸ. ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਰਕਾਰੀ ਥਾਂ ਤੇ ਪਾਰਕ ਬਣਾਉਣ ਲਈ ਯੋਜਨਾ ਸਥਾਨਕ ਸਰਕਾਰਾਂ ਵਿਭਾਗ ਪੰਜਾਬ ਨੂੰ ਭੇਜੀ ਗਈ ਹੈ ਜਿਸ ਵੱਲੋਂ ਜਲਦੀ ਮਨਜ਼ੂਰੀ ਮਿਲਣ ਤੋਂ ਬਾਅਦ ਪਾਰਕ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਕਾਰਜ ਸਾਧਕ ਅਫ਼ਸਰ ਸ੍ਰ.ਪਰਮਿੰਦਰ ਸਿੰਘ , ਸ੍ਰੀ.ਹਰਜਿੰਦਰ ਸਿੰਘ ਬਿੱਟੂ ਸਾਂਘਾ, ਐਡਵੋਕੇਟ .ਗੁਲਸ਼ਨ ਮੌਗਾ, ਸ੍ਰੀ.ਰਿੰਕੂ ਗਰੋਵਰ, ਸ੍ਰੀ.ਬਲਵੀਰ ਬਾਠ, ਸ੍ਰ.ਦਲਜੀਤ ਦੁਲੱਚੀ ਕੇ, ਸ੍ਰੀ.ਰਿਸ਼ੀ ਸ਼ਰਮਾ, ਸ੍ਰ.ਅਸ਼ੋਕ ਗੁਪਤਾ, ਬੋਹੜ ਸਿੰਘ, ਕਸ਼ਮੀਰ ਸਿੰਘ , ਬਾਬਾ ਵਿਜੈ, ਮੋਨੂੰ ਹਾਂਡਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਅਤੇ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ।

Comments

comments

Share This Post

RedditYahooBloggerMyspace