ਜੁੱਤੀ ਕਸੂਰੀ

1964 ਦੇ ਦੌਰ ‘ਚ ਲੋਕਾਂ ਨੂੰ ਪੰਜਾਬੀ ਜੁੱਤੀ ਪਾਉਣ ਦਾ ਬੇਹੱਦ ਸ਼ੌਕ ਸੀ। ਉਸ ਸਮੇਂ ਜ਼ਿਆਦਾਤਰ ਸਾਬਰ ਅਤੇ ਕੁਰਮ ਦੀ ਜੁੱਤੀ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਜੁੱਤੀ ਬੱਕਰੇ ਦੀ ਖੱਲ ਦੀ ਬਣਦੀ, ਜੋ ਕਈ ਸਾਲਾਂ ਤਕ ਹੰਢਦੀ ਸੀ। ਮੌਜੂਦਾ ਦੌਰ ਵਿਚ ਜੁੱਤੀ ਦੀਆਂ ਕਈ ਕਿਸਮਾਂ ਬਜ਼ਾਰ ਵਿਚ ਆ ਗਈਆਂ ਹਨ।

-ਰਾਜਵੰਤ ਤੱਖੀ
ਸਮੇਂ-ਸਮੇਂ ‘ਤੇ ਲੋਕਾਂ ਦੇ ਬਦਲਦੇ ਸ਼ੌਕਾਂ ਨੇ ਕਈ ਪੁਰਾਤਨ ਚੀਜ਼ਾਂ ਨੂੰ ਸਦਾ ਲਈ ਲੋਪ ਕਰ ਦਿੱਤਾ ਤੇ ਕੁਝ ਅਜਿਹੀਆਂ ਚੀਜ਼ਾਂ ਦਾ ਆਵਿਸ਼ਕਾਰ ਵੀ ਕੀਤਾ, ਜਿਸ ਨੂੰ ਕਦੇ ਕਿਸੇ ਸੋਚਿਆ ਤਕ ਵੀ ਨਹੀਂ ਸੀ। ਗੱਲ ਪੰਜਾਬ ਦੀ ਕਰੀਏ ਤਾਂ ਪੰਜਾਬ ਅੰਦਰੋਂ ਵੀ ਸਮੇਂ ਦੀ ਵਗਦੀ ਹਵਾ ਨਾਲ ਕਈ ਅਜਿਹੀਆਂ ਚੀਜ਼ਾਂ ਲੋਪ ਹੋ ਗਈਆਂ ਜਾਂ ਘਟ ਵਰਤੋਂ ‘ਚ ਰਹਿ ਗਈਆਂ ਹਨ, ਜਿਨਾਂ ਦੀ ਕਦੇ ਪੰਜਾਬ ਦੇ ਲੋਕ ਆਪਣੇ ਰੋਜ਼ਾਨਾ ਜੀਵਨ ‘ਚ ਵਰਤੋਂ ਕਰਿਆ ਕਰਦੇ ਸਨ। ਇਨਾਂ ‘ਚੋਂ ਇਕ ਹੈ ਪੰਜਾਬ ਦੀ ‘ਜੁੱਤੀ’, ਜੋ ਮਾਲਵੇ ਦੇ ਨੌਜਵਾਨਾਂ ‘ਤੇ ਮੁਟਿਆਰਾਂ ਲਈ ਅੱਜ ਵੀ, ਹਾਰ-ਸ਼ਿੰਗਾਰ ‘ਚੋਂ ਇਕ ਹੈ। ਇਹ ਪੰਜਾਬੀ ਜੁੱਤੀ ਦੇਸ਼ਾਂ ਵਿਦੇਸਾਂ ਅੰਦਰ ਮਸ਼ਹੂਰ ਹੈ। ਅੱਜ ਵੀ ਜਦੋਂ ਕਿਤੇ ਕੋਈ ਫੈਸ਼ਨ ਸ਼ੋਅ ਹੁੰਦਾ ਤਾਂ ਗੱਭਰੂ ਅਤੇ ਮੁਟਿਆਰਾਂ ਜੁੱਤੀ ਨੂੰ ਹੀ ਪਹਿਲ ਦਿੰਦੇ ਹਨ। ਜੁੱਤੀ ਦੀ ਵਰਤੋਂ ਪੰਜਾਬ ਦੇ ਸਾਧਾਰਨ ਲੋਕਾਂ ਤੋਂ ਲੈ ਕੇ ਦੇਸ਼ਾਂ- ਵਿਦੇਸਾਂ ਵਿਚ ਬੈਠੇ ਲੋਕ ਪਹਿਲ ਦੇ ਅਧਾਰ ‘ਤੇ ਕਰਦੇ ਹਨ। ਵਿਦੇਸ਼ੀ ਲੋਕ ਜਦੋਂ ਵੀ ਭਾਰਤ ਆਉਂਦੇ ਹਨ ਤਾਂ ਪੰਜਾਬ ਦੀ ਜੁੱਤੀ ਖ਼ਰੀਦਣਾ ਨਹੀਂ ਭੁੱਲਦੇ। ਉਂਜ ਤਾਂ ਭਾਵੇਂ ਜੁੱਤੀ ਪੂਰੇ ਪੰਜਾਬ ਅੰਦਰ ਹੀ ਬਣਦੀ ਹੈ ਪਰ ਸ਼੍ਰੀ ਮੁਕਤਸਰ ਸਾਹਿਬ ਦੀ ਜੁੱਤੀ ਲੋਕ ਜ਼ਿਆਦਾ ਚਾਅ ਨਾਲ ਪਾਉਂਦੇ ਹਨ। ਸ਼੍ਰੀ ਮੁਕਤਸਰ ਸਾਹਿਬ ਵਿਖੇ ਜੁੱਤੀਆਂ ਦਾ ਕਾਰੋਬਾਰ ਪੀੜੀ ਦਰ ਪੀੜੀ ਅੱਜ ਦੀ ਸ਼ਾਨੋ ਸ਼ੌਕਤ ਨਾਲ ਬਰਕਰਾਰ ਹੈ। ਸ਼ਹਿਰ ਵਿਚ ਜੁੱਤੀਆਂ ਦੀਆਂ ਕਈ ਮਸ਼ਹੂਰ ਦੁਕਾਨਾਂ ਹਨ। ਜਿਨਾਂ ‘ਤੇ ਅਕਸਰ ਲੋਕਾਂ ਦੀ ਭੀੜ ਵੇਖੀ ਜਾ ਸਕਦਾ ਹੈ, ਜੁੱਤੀਆਂ ਖਰੀਦ ਲਈ। ਪੰਜਾਬੀ ਜੁੱਤੀਆਂ ਬਣਾਉਣ ਵਾਲੇ ਕਾਰੀਗਰ ਜਗਦੇਵ ਸਿੰਘ ਲੱਕੀ ਨੇ ਦੱਸਿਆ ਕਿ ਲੋਕਾਂ ਅੰਦਰ ਅੱਜ ਵੀ ਪੰਜਾਬੀ ਜੁੱਤੀ ਪ੍ਰਤੀ ਕਾਫ਼ੀ ਉਤਸ਼ਾਹ ਹੈ। ਉਨਾਂ ਦੱਸਿਆ ਕਿ ਉਨਾਂ ਦੇ ਦਾਦਾ ਜੰਗੀਰ ਸਿੰਘ ਨੇ ਸੰਨ 1964 ਤੋਂ ਜੁੱਤੀਆਂ ਬਣਾਉਣ ਦਾ ਕਿੱਤਾ ਸ਼ੁਰੂ ਕੀਤਾ, ਜਿਸ ਨੂੰ ਬਾਅਦ ਵਿਚ ਉਨਾਂ ਦੇ ਪਿਤਾ ਗੁਰਜੰਟ ਸਿੰਘ ਅੱਗੇ ਤੋਰਿਆ ਅਤੇ ਅੱਜ ਉਹ ਇਸ ਧੰਦੇ ਨਾਲ ਜੁੜਿਆ ਹੋਇਆਂ ਹੈ। ਲੱਕੀ ਨੇ ਇਹ ਵੀ ਦੱਸਿਆ ਕਿ ਉਸ ਨੇ ਸ਼ੁਰੂ ਤੋਂ ਹੀ ਪਿਤਾ ਪੁਰਖ਼ੀ ਕਿੱਤੇ ਨੂੰ ਅਪਣਾ ਲਿਆ ਸੀ। ਸ਼ਹਿਰ ਅੰਦਰ ਬਣੀ ਉਨਾਂ ਦੀ ਦੁਕਾਨ ਪਿਛਲੇ ਲੰਬੇ ਸਮੇਂ ਤੋਂ ਮਸ਼ਹੂਰ ਹੈ।

ਸਧਾਰਨ ਅਤੇ ਫੈਸ਼ਨੇਬਲ ਜ਼ਿੰਦਗੀ ਵਿਚ ਜੁੱਤੀ ਦੀ ਭੂਮਿਕਾ ਅਹਿਮ ਹੈ। ਵੱਖ-ਵੱਖ ਲੋਕਾਂ ‘ਚ ਵੱਖੋ- ਵੱਖਰੀ ਜੁੱਤੀ ਪਹਿਨਣ ਦਾ ਸ਼ੌਂਕ ਹੈ। ਲੱਕੀ ਨੇ ਦੱਸਿਆ ਕਿ ਆਮ ਤੌਰ ‘ਤੇ ਜੁੱਤੀ ਦੀਆਂ 5 ਕਿਸਮਾਂ ਹੁੰਦੀਆਂ ਹਨ, ਜਿਨਾਂ ‘ਚ ਖੋਸਾ ਜੁੱਤੀ, ਲੱਕ ਮਾਰਵੀਂ, ਦਿੱਲੀ ਫੈਸ਼ਨ, ਇਕ ਪੈਰੀ ਅਤੇ ਗੁਰਗਾਬੀ ਜੁੱਤੀ ਸ਼ਾਮਲ ਹਨ। ਇਨਾਂ ਕਿਸਮਾਂ ‘ਚੋਂ ਨੌਜਵਾਨਾਂ ਤੇ ਮੁਟਿਆਰਾਂ ਦੀ ਜ਼ਿਆਦਾਤਰ ਪਸੰਦ ਖੋਸਾ ਜੁੱਤੀ ਅਤੇ ਲੱਕ ਮਾਰਵੀਂ ਜੁੱਤੀ ਹੈ। ਇਨਾਂ ਜੁੱਤੀਆਂ ਦੀ ਕੀਮਤ 500 ਤੋਂ ਲੈ ਕੇ 800 ਦੇ ਦਰਮਿਆਨ ਹੁੰਦੀ ਹੈ, ਜਦੋਂਕਿ ਕਢਾਈ ਕਰਕੇ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀ ਜੁੱਤੀ 1000 ਕੁ ਰੁਪਏ ਦੇ ਅੰਦਰ- ਅੰਦਰ ਮਿਲ ਜਾਂਦੀ ਹੈ। ਮੁਟਿਆਰਾਂ ‘ਚ ਕਢਾਈ ਤੇ ਘੁੰਗਰੂਆਂ ਵਾਲੀ ਜੁੱਤੀ ਦਾ ਸ਼ੌਂਕ ਜ਼ਿਆਦਾ ਵੇਖਿਆ ਜਾਂਦਾ ਹੈ, ਜਦੋਂਕਿ ਨੌਜਵਾਨ ਕੁੜਤੇ ਚਾਦਰੇ, ਸਿਰਾਂ ‘ਤੇ ਪੱਗ ਤੇ ਪੈਰਾਂ ‘ਚ ਖੋਸੇ ਵਾਲੀ ਜੁੱਤੀ ਨੂੰ ਵਿਸ਼ੇਸ਼ ਤਰਜ਼ੀਹ ਦਿੰਦੇ ਹਨ। ਇਸ ਤੋਂ ਇਲਾਵਾ ਚਾਂਦੀ ਦੀ ਜੁੱਤੀ ਦਾ ਰਿਵਾਜ ਵੀ ਅੱਜ ਕਲ ਕਾਫ਼ੀ ਪ੍ਰਚੱਲਿਤ ਹੋ ਰਿਹਾ ਹੈ। ਚਾਂਦੀ ਦੀ ਪਰਤ ਨਾਲ ਤਿਆਰ ਕੀਤੀ ਜੁੱਤੀ ਖ਼ਾਸ ਕਰ ਸਰਦੇ ਪੁੱਜਦੇ ਘਰਾਂ ਵੱਲੋਂ ਹੀ ਖ਼ਰੀਦੀ ਜਾਂਦੀ ਹੈ, ਜੋ ਲੋਕ ਆਪਣੀਆਂ ਧੀਆਂ ਦੇ ਦਾਜ ਵਰੀ ਲਈ ਖ਼ਰੀਦ ਦੇ ਹਨ। ਇਹ ਜੁੱਤੀ ਵੇਖਣ ‘ਚ ਬੜੀ ਦਿਲ ਖਿੱਚਵੀਂ ਹੁੰਦੀ ਹੈ। ਲੱਕੀ ਨੇ ਦੱਸਿਆ ਕਿ ਚਾਂਦੀ ਦੀ ਜੁੱਤੀ ਕਰੀਬ 8 ਕੁ ਹਜ਼ਾਰ ਦੀ ਬਣਦੀ ਹੈ। ਇਸ ਤੋਂ ਇਲਾਵਾ ਕਸੂਰੀ ਜੁੱਤੀ, ਜੋ ਕਿ ਪਾਕਿਸਤਾਨ ਦੇ ਮਸ਼ਹੂਰ ਸ਼ਹਿਰ ਕਸੂਰ ‘ਚ ਹੋਂਦ ‘ਚ ਆਈ, ਅੱਜ ਵੀ ਪਾਕਿਸਤਾਨ ਦੇ ਨਾਲ-ਨਾਲ ਹੋਰਨਾਂ ਦੇਸ਼ਾਂ ਵਿਚ ਪਹਿਣੀ ਜਾਂਦੀ ਹੈ। ਕਸੂਰੀ ਜੁੱਤੀ ਬੇਹੱਦ ਹਲਕੀ ਹੁੰਦੀ ਹੈ, ਜਿਸ ਨੂੰ ਇਕ ਹੱਥ ਨਾਲ ਮੋੜਿਆ ਜਾ ਸਕਦਾ ਹੈ। ਪਹਿਲਾਂ ਦੇ ਸਮੇਂ ਅੰਦਰ ਕਸੂਰੀ ਜੁੱਤੀ ਹਰ ਮੁਟਿਆਰ ਤੇ ਗੱਭਰੂ ਦੀ ਪਹਿਲੀ ਪਸੰਦ ਹੁੰਦੀ ਸੀ।

ਅਕਸਰ ਇਨਾਂ ਦੁਕਾਨ ‘ਤੇ ਗਾਇਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ। ਲੱਕੀ ਦੇ ਦੱਸਣ ਅਨੁਸਾਰ ਉਨਾਂ ਦੀ ਦੁਕਾਨ ਤੋਂ ਅੱਜ ਤਕ ਲੋਕ ਗਾਇਕ ਹਰਜੀਤ ਹਰਮਨ, ਲਖਵਿੰਦਰ ਵਡਾਲੀ, ਕੁਲਵਿੰਦਰ ਬਿੱਲਾ, ਰਾਜਵੀਰ ਜਵੰਧਾ, ਇੰਦਰਜੀਤ ਨਿੱਕੂ, ਅਦਾਕਾਰ ਗੁੱਗੂ ਗਿੱਲ ਅਤੇ ਗਾਇਕਾ ਸਤਿੰਦਰ ਸੱਤੀ ਵਰਗੀਆਂ ਮਹਾਨ ਹਸਤੀਆਂ ਜੁੱਤੀਆਂ ਦੀ ਖ਼ਰੀਦਦਾਰੀ ਕਰ ਚੁੱਕੀਆਂ ਹਨ। ਉਨਾਂ ਦੱਸਿਆ ਕਿ ਅਕਸਰ ਇਨਾਂ ਵੱਲੋਂ ਜਾਂ ਵਿਦੇਸਾਂ ‘ਚ ਬੈਠੇ ਜੁੱਤੀਆਂ ਦੇ ਸ਼ੌਂਕੀਨਾਂ ਵੱਲੋਂ ਆਰਡਰ ਦੇ ਕੇ ਮੁਕਤਸਰ ਤੋਂ ਸਪੈਸ਼ਲ ਜੁੱਤੀ ਮੰਗਵਾਈ ਜਾਂਦੀ ਹੈ। ਉਸ ਨੇ ਦੱਸਿਆ ਕਿ ਫਿਲਮਾਂ ਜਾਂ ਗੀਤਾਂ ਦੀ ਸ਼ੂਟਿੰਗ ਦੌਰਾਨ ਅਕਸਰ ਇਨਾਂ ਜੁੱਤੀਆਂ ਦੀ ਖ਼ਰੀਦੀ ਕੀਤੀ ਜਾਂਦੀ ਹੈ। ਸਮੇਂ-ਸਮੇਂ ‘ਤੇ ਪੰਜਾਬੀ ਗੀਤਕਾਰਾਂ ਵੱਲੋਂ ਆਪਣੀ ਕਲਮ ਨਾਲ ਪੰਜਾਬੀ ਵਿਰਸੇ ਦੀ ਨਿਸ਼ਾਨੀ ਜੁੱਤੀ ਨੂੰ ਪਰੋਇਆ ਜਾਂਦਾ ਰਿਹਾ ਹੈ। ਬਹੁਤੇ ਪੰਜਾਬੀ ਗੀਤਾਂ ਅੰਦਰ ਪੰਜਾਬ ਦੀ ਝਲਕ ਦੇ ਨਾਲ-ਨਾਲ ਪੰਜਾਬੀ ਸੂਟ ਤੇ ਜੁੱਤੀ ਦਾ ਜ਼ਿਕਰ ਆਮ ਹੀ ਸੁਣਨ ਨੂੰ ਮਿਲਦਾ ਹੈ। ਇਸ ਤੋਂ ਇਲਾਵਾ ਵਿਆਹਾਂ ‘ਚ ਜੁੱਤੀ ਨਾਲ ਸਬੰਧੀ ਬੋਲੀਆਂ ਵੀ ਅਕਸਰ ਗਾਈਆਂ ਜਾਂਦੀਆਂ ਹਨ। ਜਿਵੇਂ : ਜੁੱਤੀ ਕਸੂਰੀ, ਪੈਰੀ ਨਾ ਪੂਰੀ ਹਾਏ ਰੱਬਾ ਵੇ ਸਾਨੂੰ ਤੁਰਣਾ ਪਿਆ ਜਿਨਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ ਓਨੀ ਰਾਹੀਂ ਵੇ ਮੈਨੂੰ ਮੁੜਣਾ ਪਿਆ… ਚੰਨਾ ਦਿਲ ਦੀ ਰੀਝ ਪੁਗਾ ਦੇ ਮੈਂ ਸੋਚਾਂ ਜਾਗਦੀ ਸੁੱਤੀ ਮੈਨੂੰੰ ਲੈ ਦੇ ਸੋਹਣਿਆ ਵੇ ਸੂਫ ਦਾ ਘੱਗਰਾ ਪੰਜਾਬੀ ਜੁੱਤੀ… ਮੁਕਤਸਰ ਦੀ ਇਕ ਦੁਕਾਨ ‘ਤੇ ਕੰਮ ਕਰ ਦੇ ਕਾਰੀਗਰ ਦਾ ਕਹਿਣਾ ਹੈ ਕਿ ਸੰਨ 1964 ਦੇ ਦੌਰ ‘ਚ ਲੋਕਾਂ ਨੂੰ ਪੰਜਾਬੀ ਜੁੱਤੀ ਪਾਉਣ ਦਾ ਬੇਹੱਦ ਸ਼ੌਕ ਸੀ। ਉਸ ਸਮੇਂ ਜ਼ਿਆਦਾਤਰ ਸਾਬਰ ਅਤੇ ਕੁਰਮ ਦੀ ਜੁੱਤੀ ਦੀ ਵਰਤੋਂ ਕੀਤੀ ਜਾਂਦੀ ਸੀ। ਇਹ ਜੁੱਤੀ ਬੱਕਰੇ ਦੀ ਖੱਲ ਦੀ ਬਣਦੀ ਸੀ, ਜੋ ਕਈ ਸਾਲਾਂ ਤਕ ਹੰਢਦੀ, ਜਦੋਂਕਿ ਮੌਜੂਦਾ ਦੌਰ ਵਿਚ ਜੁੱਤੀ ਦੀਆਂ ਕਈ ਕਿਸਮਾਂ ਬਜ਼ਾਰ ਵਿਚ ਆ ਗਈਆਂ ਹਨ। ਉਨਾਂ ਦੱਸਿਆ ਕਿ ਅੱਜ ਦੀਆਂ ਮੁਟਿਆਰਾਂ ਜੁੱਤੀ ਸੂਟ ਦੀ ਮੈਚਿੰਗ ਦੇ ਹਿਸਾਬ ਨਾਲ ਖ਼ਰੀਦ ਦੀਆਂ ਹਨ ਜਦੋਂਕਿ ਗੱਭਰੂ ਕੁੜਤੇ ਪਜ਼ਾਮੇ ਨਾਲ ਜ਼ਿਆਦਾਤਰ ਕਾਲੇ ਰੰਗ ਦੀ ਜੁੱਤੀ ਖ਼ਰੀਦਦੇ ਹਨ। ਅਜੋਕੇ ਸਮੇਂ ‘ਚ ਜਿੱਥੇ ਬਜ਼ਾਰਾਂ ਅੰਦਰ ਸੱਸਤੀਆਂ ਤੇ ਗੱਤਾਨੁਮਾ ਜੁੱਤੀਆਂ ਨੇ ਲੋਕਾਂ ਦੀ ਸੋਚ ਨੂੰ ਜੁੱਤੀ ਤੋਂ ਪਰੇ ਕਰ ਦਿੱਤਾ ਹੈ, ਉੱਥੇ ਹੀ ਇਸ ਕਿੱਤੇ ਨਾਲ ਜੁੜੇ ਕਾਰੀਗਰਾਂ ਦੇ ਰੁਜ਼ਗਾਰ ਨੂੰ ਵੀ ਭਾਰੀ ਸੱਟ ਵੱਜੀ ਹੈ। ਲੋਕਾਂ ਦੇ ਪੈਰਾਂ ਨੂੰ ਢਕਣ ਅਤੇ ਸਜਾਉਣ ਦਾ ਕੰਮ ਕਰਨ ਵਾਲੇ ਕਾਰੀਗਰ ਅੱਜ ਪੱਛਮੀ ਸੱਭਿਅਤਾ ਦੇ ਪ੍ਰਭਾਵ ਕਾਰਨ ਖ਼ੁਦ ਨੰਗੇ ਪੈਰੀ ਹੋਣ ਜਾ ਰਹੇ ਹਨ। ਪੰਜਾਬੀ ਵਿਰਸੇ ਦੀ ਅਨਮੋਲ ਪ੍ਰਤੀਕ ਜੁੱਤੀ ਅੱਜ ਸਾਡੇ ਤੋਂ ਵਿਸਰ ਰਹੀ ਹੈ। ਨੌਜਵਾਨਾਂ ‘ਚ ਅੱਜ ਪੱਛਮੀ ਸੱਭਿਅਤਾ ਦਾ ਬੋਲਬਾਲਾ ਹੋ ਰਿਹਾ ਹੈ। ਦਿਨੋ ਦਿਨ ਲੋਕਾਂ ਦੇ ਰਹਿਣ ਤੇ ਕੰਮਾਂ ‘ਚ ਤਬਦੀਲੀ ਆ ਰਹੇ ਹੈ, ਅਜਿਹੇ ਮਾਹੌਲ ‘ਚ ਸਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਜੁੱਤੀਆਂ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਜਾਣ ਤਾਂ ਜੋ ਜੁੱਤੀ ਦੀ ਹੋਂਦ ਨੂੰ ਅੱਗੇ ਤਕ ਵੀ ਬਰਕਰਾਰ ਰੱਖਿਆ ਜਾ ਸਕੇ। *

 

Comments

comments

Share This Post

RedditYahooBloggerMyspace