ਗੁਰਮਤਿ ਅਤੇ ਹੋਰ ਸੰਸਥਾਵਾਂ-ਸੰਪਰਦਾਵਾਂ

sikh child(ਪ੍ਰੋ. ਬਲਵਿੰਦਰ ਸਿੰਘ)

ਦੁਨੀਆਂ ਦਾ ਹਰ ਨੌਕਰ, ਚਾਕਰ, ਵਪਾਰੀ, ਕਾਰਜ ਕਰਤਾ, ਅਫਸਰ ਪਹਿਲਾਂ ਕੰਮ ਕਰਦਾ ਹੈ ਤੇ ਫੇਰ ਉਸ ਨੂੰ ਉਸ ਦੀ ਉਜਰਤ, ਮਜ਼ਦੂਰੀ ਜਾਂ ਮਿਹਨਤਾਨਾ ਮਿਲਦਾ ਹੈ। ਜੇ ਇਸ ਤਰਾਂ ਵੀ ਹੋ ਜਾਵੇ ਤਾਂ ਚੰਗਾ ਹੈ ਪਰ ਹੋ ਕੁਝ ਹੋਰ ਹੀ ਰਿਹਾ ਹੈ। ਨਾਮ ਦੀ ਕਮਾਈ ਦੇ ਸਬੰਧ ਵਿਚ ਤਾਂ ਬਿਲਕੁਲ ਇਸ ਦੇ ਵਿਪਰੀਤ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਭਾਈ ਗੁਰਦਾਸ ਜੀ ਨੇ ਸਪੱਸ਼ਟ ਲਿਖਿਆ ਹੈ :

ਪਹਿਲਾ ਬਾਬੇ ਪਾਯਾ ਬਖਸੁ ਦਰਿ
ਪਿਛੋ ਦੇ ਫਿਰਿ ਘਾਲਿ ਕਮਾਈ।
ਰੇਤੁ ਅੱਕੁ ਆਹਾਰੁ ਕਰਿ
ਰੋੜਾ ਕੀ ਗੁਰ ਕਰੀ ਵਿਛਾਈ।
(ਵਾਰ ੧ : ੨੪)

ਭਾਵ ਇਹ ਹੋਇਆ ਕਿ ਬਖਸ਼ਿਸ਼ ਤੋਂ ਬਿਨਾਂ ਕੁਝ ਨਹੀਂ ਹੋ ਸਕਦਾ। ਗੁਰੂ-ਪਿਤਾ ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਤੋਂ ਬਖਸ਼ਿਸ਼ ਪਾ ਕੇ ਕੜੀ ਘਾਲ ਕਮਾਈ ਕੀਤੀ। ਨਾਮ ਧਨ ਵਿਹਾਜਿਆ, ਨਾਮ ਧਨ ਅਰਜਿਤ ਕੀਤਾ ਤੇ ਫਿਰ ਉਸ ਰਤਨਾਂ ਦੇ ਖਜ਼ਾਨੇ ਨਾਮ-ਰਤਨ ਨੂੰ ਸਾਰੀ ਲੋਕਾਈ ਵਿਚ ਬੁੱਕੀਂ ਵੰਡਿਆ, ਛੱਜੀਂ ਵੰਡਿਆ, ਝੋਲਾਂ ਭਰ-ਭਰ ਵੰਡਿਆ, ਨਾਮ ਅੰਮ੍ਰਿਤ ਨੂੰ ਝੋਲਿ ਝੋਲਿ ਪਿਆਇਆ; ਬਿਨਾਂ ਵਿਤਕਰੇ ਦੇ ਵੰਡਿਆ। ਜਾਤ ਪਾਤ, ਵਰਣ- ਭੇਦ, ਦਿਸ਼ਾ-ਭੇਦ ਤੋਂ ਉੱਪਰ ਹੋ ਕੇ ਖੁਲੇ ਦਿਲ ਨਾਲ ਵੰਡਿਆ। ਨਿਰਭਉ ਤੇ ਨਿਰਵੈਰ ਹੋ ਕੇ ਵੰਡਿਆ। ਗੁਰੂ ਦੇਵ ਨੇ ਆਪਣੇ ਪਵਿੱਤਰ ਹਿਰਦੇ ਵਿਚ ਸੱਚ ਭਰਿਆ ਤੇ ਸੱਚ ਨੂੰ ਢੋਇਆ। ਸੱਚ ਤਾ ਢੋਆ ਨੌ ਖੰਡ ਪ੍ਰਿਥਵੀ ਤੱਕ ਪਹੁੰਚਾਇਆ; ਸ਼ਬਦ ਨਿਸ਼ਾਨ ਵਜਾਇਆ; ਗਗਨ ਦਮਾਮਾ ਗੁੰਜਾਇਆ, ਨਾਮ ਦੀ ਟੇਕ ਰੱਖ ਅਣਭਉ ਦਾ ਨੇਜ਼ਾ ਚਲਾਇਆ। ਦਲ ਭੰਜਨ ਗੁਰੂ ਸੂਰਮੇ ਨੇ ਇੰਜ ਯੁੱਧ ਜਿੱਤਿਆ ਤੇ ਨੌਂ ਖੰਡ ਪ੍ਰਿਥਵੀ ਨੂੰ ਸਰ ਕੀਤਾ। ਗੁਰੂ ਨਾਨਕ ਦੇਵ ਜੀ ਨੇ ਜਪ ਨੂੰ ਵੀ ਨਿਸ਼ਾਨ ਜਾਂ ਧੌਂਸਾ ਆਖਿਆ। ਇਸ ਦਾ ਭਾਵ ਇਹ ਹੈ ਕਿ ਨਾਮ ਜਪਣ ਵਾਲੇ, ਹੁਣ ਕਿਸੇ ਦੀ ਧੌਂਸ ਨਹੀਂ ਸਹਿਣੀ। ਨਿਰਭਉ ਤੇ ਨਿਰਵੈਰ ਹੋ ਕੇ ‘ਸੱਚ’ ਰੂਪੀ ਧਰਮ ਨਾਲ ਆਪਣੇ ਪਵਿੱਤਰ ਸਬੰਧ ਸਥਾਪਤ ਕਰਨੇ ਹਨ :

ਮੰਨੈ ਮਗੁ ਨ ਚਲੈ ਪੰਥੁ॥
ਮੰਨੈ ਧਰਮ ਸੇਤੀ ਸਨਬੰਧੁ॥ (੩)

ਇਸ ਬਿਰਤੀ ਵਾਲਿਆਂ ਦੇ ਮਾਰਗ ਵਿਚ ਕੋਈ ਵੀ ਕਿਸੇ ਪ੍ਰਕਾਰ ਦੀ ਰੋਕ ਨਹੀਂ ਪਾ ਸਕੇਗਾ। ਨਾਮ ਦਾ ਸਨਬੰਧ ਰੱਖਣ ਵਾਲੇ ਇਸ ਸੰਸਾਰ ਵਿਚ ਇੱਜ਼ਤ ਨਾਲ ਰਹਿਣਗੇ ਤੇ ਪੱਤ ਨਾਲ ਪ੍ਰਗਟ ਹੋ ਕੇ ਅਕਾਲ ਪੁਰਖ ਦੇ ਸਨਮੁਖ ਹੋਣਗੇ।
ਜਦੋਂ ਵੀ ਕੋਈ ਬਾਪ ਇਸ ਸੰਸਾਰ ਵਿਚੋਂ ਆਪਣੇ ਸਰੀਰ ਰੂਪੀ ਪੰਜ-ਭੂਤਕ ਚੋਲੇ ਨੂੰ ਤਿਆਗਦਾ ਹੈ ਤਾਂ ਉਹ ਆਪਣੀ ਕਮਾਈ, ਆਪਣੀ ਸਾਰੀ ਜਾਇਦਾਦ-ਬਾਗ, ਮਿਲਖ, ਧਨ ਆਪਣੇ ਪੁੱਤਰਾਂ ਨੂੰ ਸੌਂਪ ਜਾਂਦਾ ਹੈ। ਗੁਰੂ ਨਾਨਕ ਦੀ ਨਿਮਨ ਕੁਲ ਦਾ ਬੇਟਾ ਸੀ-ਭਾਈ ਲਹਿਣਾ। ਆਪ ਖੁਦ, ਅੰਗਦ ਗੁਰੂ। ਗੁਰੂ ਨਾਨਕ ਦੇਵ ਜੀ ਨੇ ਆਪਣੀ ਜੋਤ ਉਨਾਂ ਨੂੰ ਬਖਸ਼ ਕੇ ਆਪਣੇ ਜਿਹਾ ਹੀ ਬਣਾ ਲਿਆ ਤੇ ਜੋ ਵਿਰਾਸਤ ਉਨਾਂ ਨੂੰ ਦਿੱਤੀ ਉਸ ਦੀ ਗਵਾਹੀ ਵੀ ਸਾਡੇ ਪਾਸ ਮੌਜੂਦ ਹੈ।
ਆਪ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਹੁਕਮ ਕੀਤਾ ‘ਪਾਰਬ੍ਰਹਮ ਕਾ ਪੰਥ ਦ੍ਰਿੜ ਕਰਨਾ’। ਇਹ ਨਾਨਕ ਪੰਥ, ਗੁਰੂ ਪੰਥ ਜਾਂ ਖਾਲਸਾ ਪੰਥ, ਪਾਰਬ੍ਰਹਮ ਕਾ ਪੰਥ ਹੈ। ਖਾਲਸਾ; ਅਕਾਲ ਪੁਰਖ ਦੀ ਫੌਜ ਹੈ ਤੇ ਜਿਹੜੀਆਂ ਵੀ ਸੰਪਰਦਾਵਾਂ, ਫਿਰਕੇ ਜਾਂ ਸਮਾਜ ਦੇ ਅੰਗ, ਪਾਰਬ੍ਰਹਮ ਵਾਹਿਗੁਰੂ ਨੂੰ ਮੰਨਦੇ ਹਨ, ਉਨਾਂ ਨੂੰ ਹੁਕਮ ਦਿੱਤਾ ਕਿ ਉਹ ਨਿਆਰੇ-ਨਿਆਰੇ ਪੰਥਾਂ ਨੂੰ ਛੱਡ ਕੇ ਪਾਰਬ੍ਰਹਮ ਨਾਲ ਜੁੜਨ। ਕਿਸ ਹੱਦ ਤੱਕ ਜੋੜਿਆ? ਇਸ ਬਾਰੇ ਕੋਈ ਭੁਲੇਖਾ ਭਰਮ ਨਹੀਂ ਰਹਿਣਾ ਚਾਹੀਦਾ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਹ ਹੁਕਮ ਸਮਝ ਲਈਏ ਕਿ ਕਰਮ-ਕਾਂਡ ਧੂਪ ਦੀ, ਤੀਰਥ ਬਰਤ ਜਾਂ ਹੋਰ- ਹੋਰ ਤਰਾਂ ਦੇ ਖੇਡ-ਤਮਾਸ਼ਿਆਂ ਦੀ ਕੋਈ ਲੋੜ ਨਹੀਂ। ਵਾਹਿਗੁਰੂ ਹੀ ਤੀਰਥ ਹੈ। ਵਾਹਿਗੁਰੂ ਦਾ ਨਾਮ ਹੀ ਕਰਤਾ ਤੇ ਭਰਤਾ ਹੈ। ਵਾਹਿਗੁਰੂ ਦਾ ਨਾਮ ਹੀ ਪ੍ਰਤਿਪਾਲਕ ਹੈ ਤੇ ਉਹੀ ਸੰਘਾਰ ਕਰਦਾ ਹੈ। ਜਿਨਾਂ ਰੱਬ ਦੇ ਪਿਆਰਿਆਂ ਨੇ ਇਹ ਗੱਲ ਸਮਝ ਲਈ ਹੈ ਕਿ ਸਰਬ-ਸ਼ਕਤੀਮਾਨ ਵਾਹਿਗੁਰੂ ਪਾਰਬ੍ਰਹਮ ਸਰਵੋਪਰ ਹੈ ਤੇ ਇਹ ਵੀ ਸੱਚ ਹੈ ਕਿ ਸਭ ਉਸ ਨੂੰ ਹੀ ਧਿਆ ਰਹੇ ਹਨ ਤੇ ਉਸ ਦਾ ਸਿਮਰਨ ਕਰ ਰਹੇ ਹਨ, ਅਜਿਹੇ ਪੁਰਖਾਂ ਨੂੰ ਗੁਰੂ ਨਾਨਕ ਜੀ ਨਮਸਕਾਰ ਕਰਦੇ ਹਨ

ਨਾਨਕੁ ਵੇਚਾਰਾ ਕਿਆ ਕਹੈ॥
ਸਭੁ ਲੋਕੁ ਸਲਾਹੇ ਏਕਸੈ॥
ਸਿਰੁ ਨਾਨਕ ਲੋਕਾ ਪਾਵ ਹੈ॥
ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ॥
(੧੧੬੮)

ਤੇ ਨਾਲ ਹੀ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਵਿਚਾਰਾ ਕਹਿੰਦੇ ਹਨ ਤੇ ਪਵਿੱਤਰ ਵਿਚਾਰ ਦਿੰਦੇ ਹਨ ਕਿ ਤੇਰੀ ਸਾਰੀ ਉਪਾਈ ਸ੍ਰਿਸ਼ਟੀ ਤੇ ਰਚਨਾ ਤੈਨੂੰ ਪਿਆਰ ਰਹੀ ਹੈ। ਮੈਂ ਇਸ ਦਾ ਅੰਤ ਪਾਰਾਵਾਰ ਨਹੀਂ ਲੈ ਸਕਦਾ। ਮੈਂ ਤਾਂ ਕੇਵਲ ਨਿਮਰਤਾ ਨਾਲ ਬੇਨਤੀ ਕਰਦਾ ਹਾਂ ਕਿ ਮੇਰਾ ਸਿਰ ਉਨਾਂ ਦੇ ਪੈਰਾਂ ਉੱਤੇ ਟਿਕ ਜਾਏ, ਜਿਹੜੇ ਤੇਰੇ ਨਾਮ ਵਿਚ ਟਿਕੇ ਹੋਏ ਹਨ। ਇਹੀ ਹੁਕਮ ਹੈ, ਇਹੀ ਧਰਮ ਹੈ ਗੁਰੂ ਨਾਨਕ ਦੇਵ ਜੀ ਦਾ। ਜਿਹੜੇ ਵੀ ਤੇਰਾ ਨਾਮ ਜਪਦੇ ਹਨ, ਨਾਮ ਨੂੰ ਪੂਜਦੇ ਹਨ, ਅਕਾਲ ਪੁਰਖ ਨੂੰ ਸਲਾਹੁੰਦੇ ਹਨ, ਪਾਰਬ੍ਰਹਮ ਨੂੰ ਮੰਨਦੇ ਹਨ, ਉਸ ਦੀ ਸਿਫਤ-ਸਾਲਾਹ ਕਰਦੇ ਹਨ, ਉਹ ਗੁਰੂ ਨਾਨਕ ਦੇ ਹਨ ਤੇ ਗੁਰੂ ਨਾਨਕ ਉਨਾਂ ਦਾ ਹੈ।
ਗੁਰੂ-ਪਾਤਸ਼ਾਹ ਹੁਕਮ ਕਰਦੇ ਹਨ ਕਿ ਮੇਰੇ ਚਿੱਤ ਦੀ ਗੁੱਥੀ ਵਿਚ ਤੇਰਾ ਨਾਮ ਸਮਾਇਆ ਹੋਇਆ ਹੈ ਤੇ ਤੇਰੀ ਪ੍ਰੀਤੀ ਮੇਰੀ ਮਸਤੀ। ਮੈਂ ਸਦਾ ਹੀ ਤੇਰੇ ਦਰ ਤੋਂ ਨਾਮ ਦੀ ਭਿੱਖਿਆ ਦਾ ਮੁਤਲਾਸ਼ੀ ਹਾਂ। ਇਸ ਤੋਂ ਇਲਾਵਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ :

ਕਰ ਕਾਸਾ ਦਰਸਨ ਕੀ ਭੂਖ॥
ਮੈ ਦਰਿ ਮਾਗਉ ਨੀਤਾ ਨੀਤ॥ (੭੨੧)

ਇਸ ਹੁਕਮ ਨੂੰ ਵਿਚਾਰਨ ਤੇ ਸਮਝਣ ਨਾਲ ਇਸ ਗੱਲ ਦਾ ਗਿਆਨ ਹੋ ਜਾਏਗਾ ਕਿ ਕਿਸੇ ਸਿੱਧ, ਜੋਗੀ, ਜੰਗਮ, ਸਰੇਵੜੇ, ਸਾਧੂ ਜਾਂ ਮਨੁੱਖ ਨੇ ਨਾਮ ਨਹੀਂ ਦੇਣਾ। ਨਾਮ ਦਾ ਦਾਤਾ ਅਕਾਲ ਪੁਰਖ ਵਾਹਿਗੁਰੂ ਹੈ ਅਤੇ ਦਾਤਾਰ-ਪਿਤਾ ਗੁਰੂ ਨਾਨਕ ਜੋ ਹਰੀ ਰੂਪ ਹਨ, ਅਕਾਲ ਰੂਪ ਹਨ, ਉਹ ਜੋਤ ਰੂਪ ਉਹ ਆਪ ਹਨ ਪਰ ਨਾਮ ਦੀ ਯਾਚਨਾ ਬੜੀ ਨਿਮਰਤਾ ਨਾਲ ਆਪਣੇ ਹੱਥ ਵਿਚ ਭਿਖਾਰੀਆਂ ਵਾਲਾ ਕਾਸਾ ਫੜ ਕੇ ਅਕਾਲ ਪੁਰਖ ਦੇ ਦਰ ਉੱਤੇ ਅਰਜ਼ੋਈ ਕਰ ਰਹੇ ਹਨ। ਇਹ ਸਭ ਕੁਝ ਹੁੰਦਿਆਂ ਅਤੇ ਲਿਖਤ ਵਿਚ ਸਾਡੇ ਪਾਸ ਮੌਜੂਦ ਹੋਣ ਦੇ ਬਾਵਜੂਦ ਕੋਈ ਇਹ ਠਿਠਾਈ ਕਰ ਸਕਦਾ ਹੈ ਕਿ ਨਾਮ ਕਿਸੇ ਹੱਟੀ, ਡੇਰੇਦਾਰ ਜਾਂ ਦੁਕਾਨਦਾਰ ਪਾਸੋਂ ਮਿਲ ਜਾਏਗਾ। ‘ਸਤਿਗੁਰੂ ਦਾਤਾ ਰਾਮ ਨਾਮ ਕਾ’ ਹੈ।
ਇੱਥੇ ਹੀ ਗੁਰੂ ਨਾਨਕ ਦੇਵ ਜੀ ਦ੍ਰਿੜਾਉਂਦੇ ਹਨ ਕਿ ਜਿਸ ਤਰਾਂ ਬ੍ਰਾਹਮਣ ਦੇ ਅਨੁਸਾਰ ਨੀਚ ਜਾਤ ਕੋਲੋਂ ਦਾਨ ਨਹੀਂ ਲੈਣਾ, ਦਾਨ ਭਿੱਟ ਜਾਏਗਾ, ਪਰ ਜੇ ਉਹ ਨੀਚ ਜਾਤ ਜਜਮਾਨ ਰੇਸ਼ਮ ਤੇ ਘਿਓ ਦਾਨ ਕਰੇ ਤਾਂ ਕੋਈ ਡਰ ਨਹੀਂ। ਕੈਸਾ ਮਜ਼ਾਕ ਹੈ? ਕੈਸੀ ਚਲਾਕੀ ਹੈ? ਗੁਰੂ ਨਾਨਕ ਦੇਵ ਜੀ ਇਸ ਬਾਰੇ ਨਿਤਾਰ ਕੇ ਕਹਿੰਦੇ ਹਨ ਕਿ ਚਲੋ ਪੰਡਤ ਜੀ, ਤੁਹਾਡੀ ਗੱਲ ਮੰਨ ਲੈਂਦੇ ਹਾਂ ਕਿ ਦਾਨ ਵਿਚ ਲਿਆ ਰੇਸ਼ਮ ਤੇ ਘਿਓ ਭਿੱਟਦੇ ਨਹੀਂ, ਪਰ ਇਹ ਗੱਲ ਵੀ ਸਮਝ ਲਓ ਕਿ ਰੱਬ ਦੇ ਮੰਨਣ ਵਾਲਿਆਂ ਦੀ ਜਾਤ ਹੀ ਸਭ ਤੋਂ ਉੱਚੀ ਜਾਤ ਹੈ ਅਤੇ ਜੇ ਉਹ ਵਾਹਿਗੁਰੂ ਦਾ ਨਾਮ ਲੈਂਦੇ ਹਨ ਤਾਂ ਮੈਂ ਉਨਾਂ ਦੇ ਅੱਗੇ ਨਿਉਂ- ਨਿਉਂ ਜਾਂਦਾ ਹਾਂ ਅਤੇ ਮੈਂ ਉਨਾਂ ਪਾਸੋਂ ਨਾਮ ਦੀ ਭਿੱਖਿਆ ਲੈਣ ਲਈ ਤਿਆਰ ਹਾਂ :

ਤੇਰੈ ਨਾਮਿ ਨਿਵੇ ਰਹੇ ਲਿਵ ਲਾਇ॥
ਨਾਨਕ ਤਿਨ ਦਰਿ ਭੀਖਿਆ ਪਾਇ॥
(੭੨੧)

ਬੱਸ ਸਮਝਣ ਵਾਲੀ ਗੱਲ ਇਹ ਹੈ ਕਿ ਉਹ ਨਾਮ ਜਪੱਈਆ, ਵਾਹਿਗੁਰੂ ਨੂੰ ਮੰਨਣ ਵਾਲਾ ਆਪਣੇ ਵਿਹਾਰ ਵਿਚ ਨਾਮ ਨੂੰ ਰੱਖੇ। ਪਰ ਨਾਮ ਦਾ ਵਪਾਰ ਨਾ ਕਰੇ, ਨਾਮ ਨੂੰ ਵੇਚ-ਵੇਚ ਕੇ ਖਾਣਾ ਨਾ ਸ਼ੁਰੂ ਕਰ ਦੇਵੇ।
ਇਸੇ ਗੱਲ ਦੀ ਪ੍ਰੋੜਤਾ ਤੇ ਸਪੱਸ਼ਟਤਾ ਗੁਰੂ ਨਾਨਕ ਦੇਵ ਜੀ ਦੇ ਰਾਮਕਲੀ ਵਾਰ ਵਿਚ ਲਿਖੇ ਪਵਿੱਤਰ ਬਚਨਾਂ ਨਾਲ ਭਲੀ ਪ੍ਰਕਾਰ ਹੋ ਜਾਂਦੀ ਹੈ। ਗੁਰੂ ਪਿਤਾ ਫੁਰਮਾਉਂਦੇ ਹਨ ਕਿ ਹੇ ਗੋਰਖ ਨੂੰ ਮੰਨਣ ਵਾਲੇ ਤੇਰਾ ਗੋਰਖ ਤਾਂ ਸੌਂ ਜਾਂਦਾ ਹੈ। ਉਹ ਅਲੱਖ ਨਿਰੰਜਨ, ਅਲੱਖ ਨਿਰੰਜਨ ਦੀ ਰੱਟ ਲਾਉਂਦਾ ਹੈ ਪਰ ਖੁਦ ਭੇਖਾਂ ਵਿਚ ਗ੍ਰਸਿਆ ਹੋਇਆ ਹੈ। ਮੇਰਾ ਗੋਰਖ ਸਦਾ-ਸਦ ਜਾਗਤ ਹੈ ਕਦੀ ਨਹੀਂ ਸੌਂਦਾ :
ਬਾਬਾ ਗੋਰਖੁ ਜਾਗੈ॥

ਗੋਰਖੁ ਸੋ ਜਿਨਿ ਗੋਇ ਉਠਾਲੀ
ਕਰਤੇ ਬਾਰ ਨ ਲਾਗੈ॥ (੮੭੭)

ਉਹ ਜਾਗਤ ਜੋਤ ਗੋਰਖ ਇਸ ਧਰਤੀ, ਸ੍ਰਿਸ਼ਟੀ ਤੇ ਬ੍ਰਹਿਮੰਡ ਨੂੰ ਸੰਭਾਲ ਰਿਹਾ ਹੈ, ਪਾਲ ਰਿਹਾ ਹੈ ਤੇ ਪ੍ਰਤਿਪਾਲ ਰਿਹਾ ਹੈ। ਜੇ ਕੋਈ ਇਸ ਸਬੰਧ ਵਿਚ ਭੁਲੇਖਾ ਪਾਏ ਤਾਂ ਉਹਦਾ ਮੇਰੇ ਨਾਲ ਕੋਈ ਸੰਬੰਧ ਨਹੀਂ। ਨਿਰਭੈਤਾ ਦੀ ਮੂਰਤ ਗੁਰੂ ਨਾਨਕ ਦੇਵ ਜੀ ਡਟ ਕੇ ਕਹਿੰਦੇ ਹਨ ਕਿ ਮੇਰਾ ਕੋਈ ਫਿਰਕਾ ਨਹੀਂ। ਮੈਂ ਨਾ ਹੀ ਫ਼ਿਰਕੂ ਹਾਂ ਤੇ ਨਾ ਹੀ ਫਿਰਕਾਪ੍ਰਸਤ। ਮੈਂ ਤਾਂ ਕੇਵਲ ਅਕਾਲ ਪੁਰਖ ਨੂੰ ਮੰਨਦਾ ਹਾਂ । ਮੈਂ ਤਾਂ ਉਸ ਇੱਕ ਦਾ ਪੁਜਾਰੀ ਹਾਂ। ਇਸ ਦੁਨੀਆਂ ਵਿਚ ਭੇਖ, ਫਿਰਕੇ, ਸੰਪਰਦਾਵਾਂ ਤੇ ਹੋਰ ਤਰਾਂ-ਤਰਾਂ ਦੇ ਬਹੁਤੇਰੇ ਪੰਥ ਹਨ। ਕਿਤਨੇ ਹੀ ਸਿੱਧ ਸਾਧਨਾਵਾਂ ਕਰ ਰਹੇ ਹਨ, ਬਹੁਤ ਸਾਰੇ ਸਾਧਕ ਹਨ। ਬੇਅੰਤ ਜੋਗੀ ਜੋਗ ਕਮਾ ਰਹੇ ਹਨ। ਕਿਤਨੇ ਹੀ ਜੰਗਮ ਹਨ। ਪੀਰ-ਪੁਰਸ਼ਾਂ ਦਾ ਵੀ ਕੋਈ ਅੰਤ ਨਹੀਂ, ਬਹੁਤ ਹਨ। ਮੇਰਾ ਇਨਾਂ ਨਾਲ ਕੋਈ ਤੁਫਰਕਾ ਨਹੀਂ, ਕੋਈ ਵਿਰੋਧ ਨਹੀਂ, ਮੈਂ ਕੇਵਲ ਇਹ ਚਾਹੁੰਦਾ ਹਾਂ ਕਿ ਮੈਂ ਜਦ ਵੀ ਇਨਾਂ ਨੂੰ ਮਿਲਾਂ ਤਾਂ ਇਨਾਂ ਨਾਲ ਵਾਹਿਗੁਰੂ ਦੀ ਕੀਰਤੀ ਹੀ ਕਰਾਂ ਤੇ ਇਹ ਵੀ ਅੱਗੋਂ ਉਸੇ ਸਰਬ-ਸ਼ਕਤੀਮਾਨ ਖੁਦਾ ਦੀ ਸਿਫਤੋ-ਸਲਾਹ ਹੀ ਕਰਨ :

ਸਿਧ ਸਾਧਿਕ ਅਰੁ ਜੋਗੀ ਜੰਗਮ
ਪੀਰ ਪੁਰਸ ਬਹੁਤੇਰੇ॥
ਜੇ ਤਿਨ ਮਿਲਾ ਤ ਕੀਰਤਿ ਆਖਾ
ਤਾ ਮਨੁ ਸੇਵ ਕਰੇ॥ (੮੭੭)

ਇਨਾਂ ਪਵਿੱਤਰ ਪੁਰਖਾਂ ਨਾਲ ਬਣਿਆ ਹੋਇਆ ਮੇਲ ਵਾਹਿਗੁਰੂ ਨਾਲ ਸੁਮੇਲ ਕਰਾ ਦੇਵੇਗਾ। ਮੇਰਾ ਮਨ ਅਕਾਲ ਪੁਰਖ ਦੀ ਸੇਵਾ ਵਿਚ ਹੀ ਲੱਗ ਜਾਏ ਤੇ ਜੇ ਐਸਾ ਨਹੀਂ ਹੋ ਰਿਹਾ ਤਾਂ ਇਨਾਂ ਨਾਲ ਮੇਰਾ ਕੋਈ ਸੰਬੰਧ ਨਹੀਂ। ਇਹੀ ਹੈ ਗੁਰੂ ਨਾਨਕ ਸਾਹਿਬ ਤੇ ਗੁਰਮਤਿ ਦਾ ਮੂਲ ਵਿਚਾਰ। ਜਿੱਥੋਂ ਇਹ ਵੱਖ-ਵੱਖ ਸੰਪਰਦਾਵਾਂ ਵਾਲੇ ਆਪਣੇ ਢੰਗਾਂ ਤੇ ਢੌਂਗਾਂ ਨਾਲ, ਭਿੰਨ- ਭਿੰਨ ਤਰਾਂ ਦੇ ਖੇਲ-ਤਮਾਸ਼ੇ ਸ਼ੁਰੂ ਕਰ ਦਿੰਦੇ ਹਨ ਅਤੇ ਵਾਹਿਗੁਰੂ ਤੋਂ ਵਿਛੜੀ ਹੋਈ ਰੂਹ ਅਤੇ ਬਿਖੜੇ ਹੋਏ ਮਨ ਨੂੰ ਕੁਰਾਹੇ ਪਾ ਦਿੰਦੇ ਹਨ, ਉਥੋਂ ਮੇਰਾ ਤੇ ਇਨਾਂ ਦਾ ਰਾਹ ਵੱਖ ਹੋ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਬੜੀ ਕਿਰਪਾ ਕਰਕੇ ਯੋਧਿਆਂ ਵਾਲਾ ਬਚਨ ਕੀਤਾ ਹੈ ਤੇ ਮਨੁੱਖਤਾ ਨੂੰ ਇਕ ਅਦੁੱਤੀ ਜੀਵਨ-ਜਾਚ ਬਖਸ਼ੀ ਹੈ ਜੋ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਜੁਗਾਂ-ਜੁਗਾਂ ਦੇ ਬੀਤੇ ਇਤਿਹਾਸ ਵਿਚ ਸ਼ਾਇਦ ਹੀ ਕਿਤੇ ਨਜ਼ਰ ਆਉਂਦੀ ਹੋਵੇ। ਇਸ ਸਿਧਾਂਤ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿਚ ਬੇਅੰਤ ਵਾਰੀ ਆਇਆ ਹੈ :

ਜਾ ਕਉ ਮੁਨਿ ਧਾਨੁ ਧਰੈ ਫਿਰਤ ਸਗਲ ਜੁਗ ਕਬਹੁ ਕ ਕੋਊ ਪਾਵੈ ਆਤਮ ਪ੍ਰਗਾਸ ਕਉ॥ … … … ਸੁ ਤਿਨਿ ਸਤਿਗੁਰਿ ਸੁਖ ਭਾਇ ਕ੍ਰਿਪਾ ਧਾਰੀ ਜੀਅ
ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ॥
(੧੪੦੪)

ਨਾਮ ਦੀ ਵਡਿਆਈ, ਮਹਿਮਾ ਤੇ ਪ੍ਰਾਪਤੀ ਗੁਰੂ-ਘਰ ਨੇ ਬੜੀ ਸਹਿਜ ਤੇ ਸੁਖਾਲੀ ਕਰਕੇ ਮਾਨਵਤਾ ਨੂੰ ਬਖਸ਼ਿਸ਼ ਕੀਤੀ ਹੈ। ਗੁਰੂ ਨਾਨਕ ਦੇਵ ਜੀ ਦਾ ਹੁਕਮ ਹੈ ਕਿ ਆਪਣਾ ਸੰਬੰਧ ਭਗਤਾਂ ਅਤੇ ਵਾਹਿਗੁਰੂ ਨੂੰ ਮੰਨਣ ਵਾਲਿਆਂ ਨਾਲ ਜੋੜਨਾ ਹੈ। ਆਪ ਜੀ ਇਹ ਜੀਵਨ- ਜਾਚ ਦਸਦੇ ਹਨ ਕਿ ਲੂਣ ਪਾਣੀ ਵਿਚ ਖੁਰ ਜਾਂਦਾ ਹੈ। ਖਤਮ ਹੋ ਜਾਂਦਾ ਹੈ ਤੇ ਉਸ ਦਾ ਖੁਰਾ-ਖੋਜ ਨਹੀਂ ਮਿਲਦਾ। ਕਾਗਜ਼ ਵੀ ਪਾਣੀ ਵਿਚ ਗਲ ਜਾਂਦਾ ਹੈ, ਖਤਮ ਹੋ ਜਾਂਦਾ ਹੈ। ਫਿਰ ਇਸ ਨਿੱਤ ਖੁਰ ਰਹੇ, ਖਤਮ ਹੋ ਰਹੇ ਲੂਣ ਰੂਪੀ ਜੀਵਨ ਨੂੰ ਸਫਲ ਕਿਵੇਂ ਬਣਾਇਆ ਜਾਏ? ਕਿ ਅਸੀਂ ਲੂਣ-ਹਰਾਮੀ ਨਾ ਬਣੀਏ। ਐ ਧਨ- ਜੋਬਨ ਦਾ ਹੰਕਾਰ ਕਰਨ ਵਾਲੇ ਮਨੁੱਖ, ਸਾਵਧਾਨ ਹੋ ਜਾ, ਤੇਰੀ ਜ਼ਿੰਦਗੀ ਥੋੜੀ ਦੇਰ ਦੀ ਹੈ। ਤੂੰ ਕੁਫਕੜੇ ਲੱਗਾ ਹੋਇਆ ਹੈਂ। ਕਾਗਜ਼ ਵਾਂਗੂੰ ਗਲ ਜਾਏਂਗਾ। ਐਸੀ ਹਾਲਤ ਵਿਚ ਬਚਿਆ ਕਿਵੇਂ ਜਾਏ ਜਦਕਿ ਮਨੁੱਖ ਨੂੰ ਭਰਮਾਉਣ ਵਾਲੀਆਂ ਸ਼ਕਤੀਆਂ ਆਪੋ- ਆਪਣੀਆਂ ਹੱਟੀਆਂ ਪਾ ਕੇ ਬੈਠੀਆਂ ਹਨ, ਉਹ ਤੇ ਮਨੁੱਖ ਨੂੰ ਭੁਚਲਾ ਕੇ ਤੇ ਵਰਗਲਾ ਕੇ ਲੈ ਜਾਣਗੀਆਂ? ਕੋਈ ਇਹ ਕਹੇਗਾ, ਨਾਮ ਬੜਾ ਔਖਾ ਹੈ, ਆਉ ਮੈਂ ਤੁਹਾਨੂੰ ਸੌਖਾ ਤੇ ਵਧੀਆ ਤਰੀਕਾ ਦੱਸਦਾ ਹਾਂ। ਬੱਸ ਇਹ-ਇਹ ਕਰਮ-ਕਾਂਡ ਕਰੋ, ਥੋੜਾ ਪੈਸਾ ਖਰਚ ਕਰੋ ਤੇ ਅਸੀਂ ਤੁਹਾਨੂੰ ਵਿਧੀ ਦੱਸ ਦਿੰਨੇ ਹਾਂ? ਦੂਜਾ ਆਏਗਾ, ਉਹ ਕਹੇਗਾ ਇਹ ਬੜਾ ਸੌਖਾ ਤਰੀਕਾ ਹੈ। ਤੀਜਾ ਆਏਗਾ, ਉਹ ਕਹੇਗਾ ਇਹ ਬੜਾ ਸੌਖਾ ਤਰੀਕਾ ਹੈ। ਤੁਸੀਂ ਆਰਾਮ ਤੇ ਅੱਯਾਸ਼ੀ ਕਰੋ, ਐਸ਼ ਇਸ਼ਰਤ ਕਰੋ, ਬੱਸ ਮੇਰੀ ਪੂਜਾ ਕਰੋ, ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਭਵਸਾਗਰ ਪਾਰ ਕਰਾ ਦਿਆਂਗਾ। ਬੱਸ ਥੋੜੇ ਜਿਹੇ ਪੈਸੇ ਲੱਗਣਗੇ। ਇਸੇ ਤਰਾਂ ਕੋਈ ਕੁਝ ਕਹੇਗਾ ਤੇ ਕੋਈ ਕੁਝ ਕਹੇਗਾ, ਪਰ ਨਿਰੰਕਾਰੀ ਗੁਰੂ, ਨਿਰੰਕਾਰ ਦੇ ਲੜ ਲਾਉਣ ਵਾਲੇ ਗੁਰੂ ਨਾਨਕ ਦੇਵ ਜੀ ਸਪੱਸ਼ਟ ਰੂਪ ਵਿਚ ਐਲਾਨੀਆਂ ਵਿੱਧ ਦੱਸਦੇ ਹੋਏ ਫੁਰਮਾਉਂਦੇ ਹਨ ਕਿ ਸਨੇਹ ਰੂਪ ਭਗਤਾਂ ਦੀ ਸੰਗਤ ਕੀਤੀ ਜਾਏ ਜਿਸ ਨਾਲ ਹਲਤ ਵੀ ਸੌਖਾ, ਪਲਤ ਵੀ ਸਫ਼ਲ, ‘ਈਹਾਂ ਊਹਾਂ ਸੁਹੇਲਾ’। ਇਸ ਜਗਤ ਵਿਚ ਚਲਾਕੀਆਂ ਮਾਰਨ ਵਾਲੇ ਠੱਗਾਂ ਦਾ ਕੋਈ ਡਰ ਨਹੀਂ ਤੇ ਨਾ ਹੀ ਮਰਣ ਦਾ ਕੋਈ ਭਉ। ਜਮਾਂ ਦੀ ਕੋਈ ਹਿੰਮਤ ਹੀ ਨਹੀਂ ਕਿ ਉਹ ਗੁਰਸਿੱਖ ਦੇ ਨੇੜੇ ਆਉਣ :

ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ
ਕਮਲੁ ਰਹੈ॥
ਐਸੇ ਭਗਤ ਮਿਲਹਿ ਜਨ ਨਾਨਕ
ਤਿਨ ਜਮੁ ਕਿਆ ਕਰੈ॥ (੮੭੭)

ਪਾਣੀ ਲੂਣ ਤੇ ਕਾਗਜ਼ ਨੂੰ ਗਾਲਦਾ ਹੈ, ਪਰ ਇਹ ਵਾਹਿਗੁਰੂ ਦੇ ਸਨੇਹ ਦੀ ਹੋਂਦ ਨਾਲ ਗਲਣ ਤੋਂ ਬਚ ਜਾਂਦੇ ਹਨ। ਜੀਵਨ ਕਮਲ ਰੂਪੀ ਹੋ ਜਾਏਗਾ ਤੇ ਉਹ ਪਾਣੀ ਵਿਚ ਰਹਿ ਕੇ ਵੀ ਨਿਰਲੇਪ ਰਹੇਗਾ। ਇਹ ਹੈ ਜੀਵਨ ਜਾਚ। ਗੁਰੂ ਨਾਨਕ ਦੇਵ ਜੀ ਦੀ ਇਹ ਮੱਤ ਦ੍ਰਿੜ ਰਹੇ, ਫਿਰ ਕੋਈ ਭੁਲੇਖਾ ਜਾਂ ਟੱਪਲਾ ਨਹੀਂ ਰਹੇਗਾ। ਦ੍ਰਿੜਤਾ ਅੰਦਰ ਵਾਸ ਕਰੇਗੀ। ਰੱਬ ਨੂੰ ਮੰਨਣ ਵਾਲੇ ਭਗਤਾਂ ਨਾਲ ਸੰਜੋਗ ਬਣੇਗਾ ਅਤੇ ਜੀਵਨ ਸਫਲ ਹੋਵੇਗਾ।
ਗੁਰਮਤਿ ਦਾ ਇਕ ਸੁੰਦਰ ਆਦੇਸ਼ ਹੈ ਕਿ ਜਿਹੜੇ ਮਨੁੱਖ ਜਾਂ ਫਿਰਕੇ ਆਦਿ, ਨਰਾਇਣ- ਨਿਰੰਕਾਰ ਵਾਹਿਗੁਰੂ ਨੂੰ ਨਹੀਂ ਮੰਨਦੇ, ਉਸ ਦਾ ਭਜਨ ਨਹੀਂ ਕਰਦੇ, ਮੈਂ ਉਨਾਂ ਨੂੰ ਦੇਖਣ ਲਈ ਵੀ ਤਿਆਰ ਨਹੀਂ। ਵਾਹਿਗੁਰੂ ਦੀ ਜ਼ਾਹਿਰਾ ਕਲਾ ਵਰਤ ਰਹੀ ਹੈ। ਕੋਈ ਚਤੁਰ ਤੇ ਚਲਾਕ ਬੰਦਾ ਉਸ ਨੂੰ ਛੁਪਾ ਕੇ ਬੱਸ ਆਪਣੇ-ਆਪ ਦੀ ਹੀ ਨੁਮਾਇਸ਼ ਵਿਚ ਲੱਗਾ ਹੋਇਆ ਹੈ। ਉਹ ਨਰ ਮਾੜੇ, ਭੈੜੇ ਤੇ ਬੁਰਿਆਰ ਹਨ। ਪਾਪੀ ਹਨ। ਕਾਤਿਲ ਤੇ ਹਤਿਆਰੇ ਹਨ। ਹੇ ਹਰਿ ਜੀ! ਕਿਰਪਾ ਕਰਕੇ ਉਨਾਂ ਦੇ ਦਰਸ਼ਨ ਮੈਨੂੰ ਨਾ ਕਰਾਈਂ। ਮੈਂ ਅਜਿਹੇ ਬੁਰਿਆਰ ਨੂੰ ਮਿਲਣ ਲਈ ਵੀ ਤਿਆਰ ਨਹੀਂ :

ਜਿਨਾ ਗੁਰੁ ਗੋਪਿਆ ਆਪਣਾ
ਤੇ ਨਰ ਬੁਰਿਆਰੀ॥
ਹਰਿ ਜੀਉ ਤਿਨ ਕਾ ਦਰਸਨੁ ਨਾ ਕਰਹੁ
ਪਾਪਿਸਟ ਹਤਿਆਰੀ॥ (੬੫੧)

ਇਸ ਵਿਚਾਰ ਦਾ ਬਹੁਤ ਲੰਮੇਰਾ ਵਿਸਥਾਰ ਦਿੱਤਾ ਜਾ ਸਕਦਾ ਹੈ, ਪਰ ਗੁਰਮਤਿ ਦਾ ਤੱਤ ਇੱਕ ਹੈ। ਸਾਰੀ ਸ੍ਰਿਸ਼ਟੀ ਏਕੇ ਤੋਂ ਸ਼ੁਰੂ ਹੁੰਦੀ ਹੈ। ਇਕ ਨੇ ਸਿਰਜੀ ਹੈ।
ਇੱਕ ਨੇ ਪਾਲਣੀ ਹੈ ਤੇ ਉਸੇ ਇੱਕ ਨੇ ਗੋਈ ਹੈ।
ਇਹ ਠੀਕ ਹੈ ਕਿ ਉਸ ਵਾਹਿਗੁਰੂ ਦੇ ਅਨੇਕ ਨਾਮ ਹਨ : ਮੁਰਾਰੀ, ਕ੍ਰਿਸ਼ਨ, ਮਧੁਸੂਦਨ, ਗਿਰਧਾਰੀ, ਰਾਮ, ਖੁਦਾ, ਅਲਾਹ ਤੇ ਹੋਰ ਬਹੁਤ ਨਾਮ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਾਂ ਸ੍ਰੀ ਜਾਪੁ ਸਾਹਿਬ ਵਿਚ ਵਾਹਿਗੁਰੂ ਦੇ ਤਕਰੀਬਨ ਸੱਤ ਸੌ ਪੰਜਾਹ ਤੋਂ ਵੱਧ ਨਾਮ ਲਿਖੇ ਹਨ। ਇਹ ਸਭ ਨਾਮ ਉਸ ਦੇ ਕ੍ਰਿਤਮ ਹਨ। ਨਾਮ ਉਸ ਦਾ ਕੋਈ ਵੀ ਹੋਵੇ ਪਰ ਲੈਣਾ ਤਾਂ ਉਸ ਦਾ ਨਾਮ ਹੈ। ਇਹ ਵੀ ਨਹੀਂ ਭੁੱਲਣਾ ਕਿ, ‘ਨਾਮ ਬਿਨਾ ਮੈ ਅਵਰਿ ਨ ਕੋਇ॥’ ਫਿਰ ਕੋਈ ਸੰਪਰਦਾਇ ਜਾਂ ਫਿਰਕਾ ਇਹ ਭੁਲੇਖਾ ਖਾ ਨਾ ਪਾਏ ਕਿ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰਬਾਣੀ ਜਾਂ ਗੁਰਮਤਿ ਨੇ ਅਕਾਲ ਪੁਰਖ ਤੋਂ ਇਲਾਵਾ ਕਿਸੇ ਹੋਰ ਨੂੰ ਮੰਨਿਆ ਹੈ। ਗੁਰਮਤਿ ਨੇ ਤਾਂ ਕੰਤ ਦਾ ਪਾਸਰਾ ਨਹੀਂ ਛੱਡਿਆ। ਗੁਰਮਤਿ ਦਾ ਸੁਭਾਅ ਹੈ, ”ਦ੍ਰਿੜ ਕਰਿ ਗਹਹੁ ਨਾਮਿ ਹਰਿ ਵਥੁ॥” ਇਸ ਲਈ ਸਾਵਧਾਨ ਰਹਿਣ ਦੀ ਜ਼ਰੂਰਤ ਹੈ ਤਾਂ ਹੀ ਤਾਂ ਗੁਰਸਿੱਖਾਂ ਨੂੰ ਹੁਕਮ ਹੈ, ਹੇ ਮੇਰੇ ਭਾਈ! ਸੰਤ ਮਿੱਤਰ-ਦੋਸਤੋ, ਵਾਹਿਗੁਰੂ ਦੀ ਉਸਤਤ ਵੀ ਸਾਵਧਾਨ ਹੋ ਕੇ ਕਰਿਓ :

ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ॥
ਸਾਵਧਾਨ ਏਕਾਗਰ ਚੀਤ॥ (੨੯੫)

ਇਕ ਗੱਲ ਦਾ ਜ਼ਿਕਰ ਆਮ ਕਰਕੇ ਆਉਂਦਾ ਹੈ ਕਿ ਭਿੰਨ-ਭਿੰਨ ਸੰਪਰਦਾਵਾਂ ਦਾ ਗੁਰਮਤਿ ਨੂੰ ਫੈਲਾਉਣ ਵਿਚ ਬੜਾ ਯੋਗਦਾਨ ਹੈ। ਠੀਕ ਹੈ ਪਰ ਅਸੀਂ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਜਦੋਂ ਵੱਖ-ਵੱਖ ਸੰਪਰਦਾਵਾਂ ਵਾਲੇ, ਅਨਮਤ ਵਾਲੇ, ਗੁਰਮਤਿ ਨੂੰ ਛੱਡ ਮਨਮੱਤ ਚਲਾਉਣਾ ਸ਼ੁਰੂ ਕਰ ਦੇਣ ਤਾਂ ਉਦੋਂ ਉਸ ਭੁਚਲਾਵੇ ਵਿਚ ਨਹੀਂ ਆਉਣਾ ਚਾਹੀਦਾ।
ਬਹੁਤ ਵਾਰੀ ਤਾਂ ਮਨਮੱਤ, ਦੁਰਮੱਤ ਬਣ ਜਾਂਦੀ ਹੈ ਅਤੇ ਉਸ ਉੱਤੇ ਗੁਰਮਤਿ ਦੀ ਚੇਪੀ ਲਾ ਕੇ ਵਪਾਰ ਸ਼ੁਰੂ ਕਰ ਦਿੱਤਾ ਜਾਂਦਾ ਹੈ। ਭੋਲੇ ਪੁਰਖ ਜਾਂ ਆਲਸੀਏ, ਉਂਘਲਾਣੇ ਮਨੁੱਖ ਉਸ ਵਿਚ ਫਸ ਜਾਂਦੇ ਹਨ ਤੇ ਫਿਰ ਉਹੀ ਕਰਮ-ਧਰਮ ਦਾ ਸਿਲਸਿਲਾ ਸ਼ੁਰੂ ਹੋ ਜਾਂਦਾ ਹੈ। ਧਾਗੇ, ਤਵੀਤ, ਸੂਤ, ਜੰਤਰ-ਮੰਤਰ, ਤੰਤ-ਮੰਤ, ਤੜਾਗੀਆਂ, ਮੌਲੀਆਂ ਤੇ ਖਬਰੇ ਕੀ-ਕੀ। ਭੋਲੇ ਲੋਕ ਇਹ ਸਮਝਦੇ ਹਨ ਕਿ ਸਾਡੇ ਤਾਪ ਤੇ ਦੁੱਖ ਅਮਕੇ ਫਿਰਕੇ ਦੇ ਮੁਖੀ ਸੱਜਣ ਦੂਰ ਕਰ ਦੇਣਗੇ। ਕੁਝ ਪੈਸਿਆਂ ਤੇ ਚੜਾਵਿਆਂ ਦੀ ਗੱਲ ਹੈ, ਉਹ ਚੜਾ ਦਿੰਦੇ ਹਾਂ। ਨਾਲੇ ਇਹ ਸਾਨੂੰ ਕਿਸੇ ਗੱਲੋਂ ਰੋਕਦੇ ਵੀ ਤਾਂ ਨਹੀਂ। ਅਸੀਂ ਜੋ ਮਰਜ਼ੀ ਸ਼ੈਤਾਨੀਆਂ, ਨਦਾਨੀਆਂ, ਮਨਮਾਨੀਆਂ ਤੇ ਨਾ-ਫੁਰਮਾਨੀਆਂ ਕਰਦੇ ਫਿਰੀਏ। ਅਸੀਂ ਉਨਾਂ ਨੂੰ ਚੁਕਤੀ ਰਕਮ ਦੇ ਆਏ ਹਾਂ, ਇਨਾਂ ਨੇ ਸਾਡੀ ਮੁਕਤੀ ਕਰਾ ਦੇਣੀ ਹੈ। ਅੰਤ ਹੁੰਦਾ ਕੀ ਹੈ ਕਿ ਮਨੁੱਖ ਦੇ ਨਾਲ-ਨਾਲ ਮਨੁੱਖਤਾ ਦਾ ਵੀ ਅੰਤ ਹੋ ਜਾਂਦਾ ਹੈ। ਇਨਾਂ ਤੋਂ ਗੁਰਸਿੱਖ ਨੇ ਸਾਵਧਾਨ ਰਹਿਣਾ ਹੈ ਅਤੇ ਇਸ ਹੁਕਮ ਦੀ ਭਲੀ ਪ੍ਰਕਾਰ ਪਾਲਣਾ ਕਰਨੀ ਹੈ :

ਭਾਈ ਭਗਤਿ ਭੈ ਚਲਣਾ ਮਸਤ ਅਲਮਸਤ ਸਦਾ ਹੁਸਿਆਰੀ॥
(ਵਾਰ ੧੧ : ੧)

ਇਕ ਗੱਲ ਹੋਰ ਸਾਵਧਾਨੀ ਰੱਖਣ ਦੀ ਲੋੜ ਹੈ ਕਿ ਕੁਝ ਫਿਰਕੇ ਭਾਵ ਸੰਪਰਦਾਵਾਂ ਪੂਰੀ ਤਰਾਂ ਗੁਰਬਾਣੀ ਨੂੰ ਪ੍ਰਚਾਰਨ ਦਾ ਬਹੁਤ ਢੌਂਗ ਕਰਦੇ ਹਨ। ਨਾਮ ਦੀ ਮਹਿਮਾ ਨੂੰ ਵੀ ਮੰਨਦੇ ਹਨ, ਪਰ ਸ਼ਖਸੀ ਪੂਜਾ ਉੱਤੇ ਆ ਕੇ ਅਜਿਹਾ ਭੁਚਲਾਵਾ ਪਾਉਂਦੇ ਹਨ ਕਿ ਅਸਲੀਅਤ ਤੇ ਸੱਚ ਦੀ ਕਮਰ ਟੁੱਟ ਜਾਂਦੀ ਹੈ। ਉਨਾਂ ਦਾ ਤਰੀਕਾ ਇਹ ਹੈ ਕਿ ਉਨਾਂ ਨੇ ਰੂਪ-ਸਰੂਪ, ਬਾਣੀ-ਬਾਣਾ ਅਤੇ ਉਪਰਲਾ ਵਿਖਾਵਾ ਬਿਲਕੁਲ ਗੁਰਸਿੱਖਾਂ ਵਰਗਾ ਰੱਖਿਆ ਹੋਇਆ ਹੈ, ਪਰ ਗੱਲ ਗੁਰਮਤਿ ਦੀ ਨਹੀਂ ਕਰਦੇ। ਗੁਰਮਤਿ ਕਹਿੰਦੀ ਹੈ ਕਿ ਨਾਮ ਦਾ ਦਾਤਾ ਗੁਰੂ ਹੈ। ਗੁਰੂ ਵੀ ਜੇ ਨਾਮ ਦਿੰਦਾ ਹੈ ਤਾਂ ਅਕਾਲ ਪੁਰਖ ਪਾਸੋਂ ਲੈ ਕੇ ਦਿੰਦਾ ਹੈ।
ਸੰਤਾਂ ਨਾਲ, ਗੁਰਮੁਖਾਂ ਨਾਲ ਮਿਲ ਕੇ, ਬੈਠ ਕੇ ਹਰਿ-ਜਸ ਗਾਉਣਾ ਹੈ। ਨਾਮ ਨੂੰ ਸਲਾਹੁਣਾ ਹੈ ਅਤੇ ਅੰਤਹਕਰਣ ਵਿਚ ਨਾਮ ਦੀ ਪ੍ਰਾਪਤੀ ਕਰਨੀ ਹੈ। ਇਸ ਬਾਰੇ ਗੁਰੂ-ਪਾਤਸ਼ਾਹ ਦਾ ਇਕੋ ਹੁਕਮ ਹੀ ਪੂਰੀ ਅਗਵਾਈ ਕਰ ਦੇਵੇਗਾ। ਜੇ ਹੋਰ ਗਹਿਰੇ ਜਾਵਾਂਗੇ ਤਾਂ ਦ੍ਰਿੜਤਾ ਹੋਰ ਵਧੇਗੀ, ਵਧੇਰੇ ਅਨੰਦ ਪ੍ਰਾਪਤ ਹੋਏਗਾ। ਹੁਕਮ ਹੈ : ਸੰਤ ਜਨਾ ਮਿਲਿ ਹਰਿ ਜਸੁ ਗਾਇਓ॥ ਕੋਟਿ ਜਨਮ ਕੇ ਦੂਖ ਗਵਾਇਓ॥(੭੨੦)
ਕਿਸੇ ਪਾਖੰਡ ਜਾਂ ਪਰਪੰਚ ਤੋਂ ਦੂਰ ਰਹਿ ਕੇ ਸੰਤ ਜਨਾਂ ਭਾਵ ਸਾਧ-ਸੰਗਤ ਵਿਚ ਬੈਠ ਕੇ ਹਰੀ-ਜਸ ਨੂੰ ਗਾਉਣਾ ਹੈ। ਵਾਹਿਗੁਰੂ ਦੀ ਮਹਿਮਾ ਨੂੰ ਕਰਨਾ ਅਤੇ ਆਪਣੇ ਅੰਤਰ- ਆਤਮਾ ਵਿਚ ਭਰਨਾ ਹੈ। ਜੋ ਕੁਝ ਵੀ ਮਨੁੱਖ ਚਾਹੁੰਦਾ ਹੈ ਉਸ ਦੀ ਪ੍ਰਾਪਤੀ ਉਸ ਨੂੰ ਸਹਿਜੇ ਹੀ ਹੋ ਜਾਵੇਗੀ :

ਜੋ ਚਾਹਤ ਸੋਈ ਮਨਿ ਪਾਇਓ॥
ਕਰਿ ਕਿਰਪਾ ਹਰਿ ਨਾਮੁ ਦਿਵਾਇਓ॥
(੭੨੦)

ਇਸ ਹੁਕਮ ਤੋਂ ਸਾਫ਼ ਜ਼ਾਹਿਰ ਹੈ ਕਿ ਅਸੀਂ ਆਪਣੇ ਠਾਕੁਰ ਤੋਂ ਜੋ ਵੀ ਮੰਗਾਂਗੇ ਉਹ ਮਿਲੇਗਾ। ਸਭ ਤੋਂ ਕੀਮਤੀ ਅਤੇ ਉੱਤਮ ਵਸਤ ਨਾਮ ਹੈ। ਨਾਮ ਪ੍ਰਾਪਤੀ ਨਾਲ ਦੁਨੀਆਂ ਦੀਆਂ ਸਾਰੀਆਂ ਦੌਲਤਾਂ ਤੇ ਨਿਆਮਤਾਂ ਸੁੱਤੇ-ਸਿੱਧ ਪ੍ਰਾਪਤ ਹੋ ਜਾਂਦੀਆਂ ਹਨ। ਨਾਮ ਦੀ ਪ੍ਰਾਪਤੀ ਦੇ ਲਈ ਖਿਆਲ ਰੱਖਣ ਵਾਲੀ ਗੱਲ ਇਹ ਹੈ ਕਿ ਨਾਮ ਕਿਸੇ ਮਨੁੱਖ, ਅਖੌਤੀ, ਸੰਤ, ਡੇਰਿਆਂ ਵਾਲੇ, ਡੋਰਿਆਂ ਵਾਲੇ, ਭੇਖੀ ਸਾਧਾਂ ਨੇ ਨਹੀਂ ਦੇਣਾ। ਨਾਮ ਦਾ ਦਾਤਾ ਵਾਹਿਗੁਰੂ ਆਪ ਹੈ। ਗੁਰੂ ਪਾਤਸ਼ਾਹ ਨੇ ਇਕ ਸਹਿਜ-ਸੁਖਾਲੀ ਵਿਧੀ ਦੱਸ ਦਿੱਤੀ ਹੈ ਕਿ ਜੀਵ ਨੂੰ ਸਤਿ-ਸੰਗਤ ਵਿਚ ਲਿਜਾ ਕੇ ਵਾਹਿਗੁਰੂ ਪਾਸੋਂ ਨਾਮ ਦਿਵਾਉਣਾ ਹੈ। ਇਹ ਤਾਂ ਬਹੁਤ ਵੱਡਾ ਮਖੌਲ ਹੋਇਆ ਕਿ ਕੋਈ ਮਨੁੱਖ ਇਕ ਵਿਸ਼ੇਸ਼ ਤਰਾਂ ਦਾ ਭੇਖ ਬਣਾ ਕੇ ਇਹ ਕਹਿਣ ਲੱਗ ਪਏ ਕਿ ਮੈਂ ਗੁਰੂ ਹਾਂ, ਮੈਂ ਸਤਿਗੁਰੂ ਹਾਂ, ਮੈਂ ਸੰਤ ਹਾਂ ਤੇ ਮੈਂ ਕੰਨ ਵਿਚ ਫੂਕ ਮਾਰ ਕੇ ਨਾਮ ਦੇ ਦਿੰਦਾ ਹਾਂ। ਜਦ ਸੰਸਥਾਵਾਂ ਤੇ ਸੰਪਰਦਾਵਾਂ ਅਜਿਹਾ ਕਹਿਣਾ ਸ਼ੁਰੂ ਕਰ ਦੇਣ ਤਾਂ ਉਨਾਂ ਪਾਸੋਂ ਸਾਵਧਾਨ ਰਹਿ ਕੇ ਉਨਾਂ ਤੋਂ ਪਰੇ ਹੀ ਰਹਿਣਾ ਚਾਹੀਦਾ ਹੈ। ਬੱਸ, ਇਹੀ ਫਰਕ ਹੈ ਗੁਰਮਤਿ ਦਾ, ਮਨਮੱਤ ਤੇ ਦੁਰਮੱਤ ਨਾਲੋਂ।
ਇਹ ਸੱਚੀ ਤੇ ਉੱਚੀ ਮੱਤ ਗੁਰੂ ਦੀ ਕ੍ਰਿਪਾ ਦੁਆਰਾ, ਗੁਰਸਿੱਖਾਂ ਨੂੰ ਗੁਰੂ ਤੋਂ ਪ੍ਰਾਪਤ ਹੋਈ ਹੈ। ਅਸੀਂ ਜੇ ਆਪ ਹੀ ਨਾਮ ਨੂੰ ਛੱਡ ਕੇ, ਨਾਮ- ਨਿਹਾਦ ਵਡਿਆਈ ਮਗਰ ਭੱਜਣ ਲੱਗ ਪਈਏ ਤੇ ਸਮਝੀਏ ਕਿ ਅਸੀਂ ਬੜੇ ਤਾਕਤਵਰ ਹੋ ਗਏ ਹਾਂ ਤਾਂ ਇਸ ਭੁਲੇਖੇ ਤੋਂ ਵੀ ਗੁਰੂ ਆਪ ਕੱਢੇਗਾ। ਨਾਮ ਸਰਬ-ਸੁਖਾਂ ਦਾ ਦਾਤਾ ਹੈ ਅਤੇ ਇਸ ਦੀ ਵਡਿਆਈ ਵੱਡਿਓਂ ਵੱਡੀ ਹੈ। ਇਸ ਦੀ ਪ੍ਰਾਪਤੀ ਗੁਰੂ ਦੇਵ ਸਤਿਸੰਗਤ ਤੇ ਅਕਾਲ ਪੁਰਖ ਪਾਸੋਂ ਕਰਵਾਉਂਦੇ ਹਨ :

ਸਰਬ ਸੂਖ ਹਰਿ ਨਾਮਿ ਵਡਾਈ॥
ਗੁਰ ਪ੍ਰਸਾਦਿ ਨਾਨਕ ਮਤਿ ਪਾਈ॥
(੭੨੦)

ਮਤੇ ਕਿਧਰੇ ਬੇਖਬਰ ਹੀ ਨਾ ਲੁੱਟਿਆ ਜਾਏ ਜਾਂ ਸੁੱਤਾ ਸੁੱਤਾ ਉਜੜ ਜਾਏ ਇਸ ਲਈ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਇਹ ਸਾਵਧਾਨੀ ਗੁਰੂ ਪਾਸੋਂ ਪ੍ਰਾਪਤ ਹੋਵੇਗੀ। ਨਿਰੰਕਾਰੀ ਜੋਤ ਗੁਰੂ ਨੇ ਸਰਬ ਸੁਖ ਨਾਮ- ਨਿਧਾਨ ਦੇਣਾ ਹੈ ਤੇ ਉਸੇ ਨੇ ਹੀ ਸਾਰੀਆਂ ਆਸਾਂ ਪੂਰੀਆਂ ਕਰਨੀਆਂ ਹਨ :

ਹੋਹੁ ਸਾਵਧਾਨ ਅਪੁਨੇ ਗੁਰ ਸਿਉ॥
ਆਸਾ ਮਨਸਾ ਪੂਰਨ ਹੋਵੈ
ਪਾਵਹਿ ਸਗਲ ਨਿਧਾਨ ਗੁਰ ਸਿਉ॥
(੮੯੫)

”ਏਨਾ ਜੰਤਾ ਕੈ ਵਸਿ ਕਿਛੁ ਨਾਹੀ” ਇਨਾਂ ਕੋਲੋਂ ਬਿਨਾਂ ਗਰਜ਼ ਦੁਨਿਆਵੀ ਵਸਤਾਂ ਤਾਂ ਪ੍ਰਾਪਤ ਨਹੀਂ ਹੁੰਦੀਆਂ, ਨਾਮ ਕਿੱਥੋਂ ਲੱਭਣਾ ਹੈ? ਇਸ ਲਈ ਮੁਹਤਾਤ ਰਹਿਣ ਦੀ ਜ਼ਰੂਰਤ ਹੈ

 ਮਾਨੁਖ ਕਾ ਕਰਿ ਰੂਪੁ ਨ ਜਾਨੁ॥
ਮਿਲੀ ਨਿਮਾਨੇ ਮਾਨੁ॥
ਗੁਰ ਕੀ ਹਰਿ ਟੇਕ ਟਿਕਾਇ॥
ਅਵਰ ਆਸਾ ਸਭ ਲਾਹਿ॥
ਹਰਿ ਕਾ ਨਾਮੁ ਮਾਗੁ ਨਿਧਾਨੁ॥
ਤਾ ਦਰਗਹ ਪਾਵਹਿ ਮਾਨੁ॥
ਗੁਰ ਕਾ ਬਚਨੁ ਜਪਿ ਮੰਤੁ॥
ਏਹਾ ਭਗਤਿ ਸਾਰ ਤਤੁ॥ (੮੯੫)

ਗੁਰੂ-ਪਾਤਸ਼ਾਹ ਨਿਖੜਵੀਂ ਸਪੱਸ਼ਟਤਾ ਨਾਲ ਫੁਰਮਾਉਂਦੇ ਹਨ ਕਿ ਨਾਮ ਦੀ ਦਾਤ ਦੇਣ ਵਾਲਾ ਮਨੁੱਖ ਨਹੀਂ ਹੋ ਸਕਦਾ। ਐ ਕਮਜ਼ੋਰ ਇਨਸਾਨ! ਜੇ ਤੂੰ ਮਾਣ-ਇੱਜ਼ਤ ਚਾਹੁੰਦਾ ਹੈਂ ਤਾਂ ਗੁਰੂ ਦੀ ਇਸ ਵਿਧੀ ਨੂੰ ਭਲੀ-ਪ੍ਰਕਾਰ ਸਮਝ ਤੇ ਇਸ ਨੂੰ ਅਪਣਾਅ। ਇਧਰ-ਉਧਰ ਦੀਆਂ ਹੋਰ ਟੇਕਾਂ ਤੇ ਓਟਾਂ ਛੱਡ ਦੇ। ਅਕਾਲ ਪੁਰਖ ਦਾ ਮਾਰਗ ਦੱਸਣ ਵਾਲੇ ਗੁਰੂ ‘ਤੇ ਆਸ ਰੱਖ, ਜੇ ਤੂੰ ਮੰਗਣਾ ਚਾਹੁੰਦਾ ਹੈਂ ਤਾਂ ਨਾਮ ਦਾ ਖਜ਼ਾਨਾ ਮੰਗ ਜਿਸ ਨਾਲ ਦੁਨੀਆਂ ਵਿਚ ਅਤੇ ਪ੍ਰਭੂ ਦੇ ਦਰ ‘ਤੇ ਤੇਰੀ ਇੱਜ਼ਤ ਬਣੇ। ਇਹ ਸਾਰ ਤੇ ਤੱਤ ਦੀ ਗੱਲ ਹੈ। ਇਹ ਨਿਸ਼ਕਰਸ਼ ਗੁਰੂ ਦੀ ਅਕਾਲੀ ਬਾਣੀ ਤੋਂ ਸਾਨੂੰ ਪ੍ਰਾਪਤ ਹੋਵੇਗਾ, ਹੋਰ ਕਿਤਿਓਂ ਨਹੀਂ? ਫਿਰ ਪਤਾ ਨਹੀਂ ਕਿ ਇਹ ਮਨੁੱਖ ਅਤੇ ਕੁਝ-ਕੁ ਸਿੱਖ ਸੱਜੇ ਖੱਬੇ, ਇਧਰ-ਉਧਰ ਕਿਉਂ ਡੋਲਦੇ ਰਹਿੰਦੇ ਹਨ? ਸਿੱਧਾ ਸਪੱਸ਼ਟ ਗਾਡੀ ਰਾਹ ਛੱਡ ਕੇ ਵਿੰਗੀਆਂ-ਟੇਢੀਆਂ ਡੰਡੀਆਂ ਕਿਉਂ ਟੋਲਦੇ ਰਹਿੰਦੇ ਹਨ? ਇਸ ਦੁਰਲਭ ਮਨੁੱਖੀ ਦੇਹ ਰੂਪੀ ਪ੍ਰਾਪਤੀ ਨੂੰ ਕੌਡੀਆਂ ਦੇ ਭਾਅ ਕਿਉਂ ਤੋਲਦੇ ਹਨ?
ਸੰਸਥਾਵਾਂ ਤੇ ਸੰਪਰਦਾਵਾਂ ਆਪਣੀ ਥਾਵੇਂ ਸਾਰੀਆਂ ਮਾਨਯੋਗ ਹਨ ਪਰ ਜਦੋਂ ਉਹ, ”ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ” ਵਿਚ ਗ੍ਰਸਤ ਹੋ ਜਾਂਦੀਆਂ ਹਨ, ਤਾਂ ਗੁਰਮਤਿ ਤੋਂ ਕੋਹਾਂ ਦੂਰ ਚਲੀਆਂ ਜਾਂਦੀਆਂ ਹਨ। ਉਤੇ ਅਸੀਂ ਵਿਸਥਾਰ ਨਾਲ ਇਹ ਵਿਚਾਰ ਕੀਤਾ ਹੈ ਕਿ ਵਾਹਿਗੁਰੂ ਅਕਾਲ ਪੁਰਖ ਨੂੰ ਮੰਨਣ ਵਾਲਿਆਂ ਨਾਲ ਸਾਡਾ ਸੰਗ-ਸਾਥ ਹੈ। ਉਨਾਂ ਨਾਲ ਸਾਡੀ ਲੇਵਾ-ਦੇਵੀ ਹੈ। ਉਨਾਂ ਨਾਲ ਸਾਡਾ ਵਰਤਣ-ਵਿਹਾਰ ਹੈ। ਉਹਨਾਂ ਨਾਲ ਸਾਡਾ ਪਿਆਰ ਹੈ ਤੇ ਜਿੱਥੋਂ ਉਹ ਵਾਹਿਗੁਰੂ ਅਕਾਲ ਪੁਰਖ ਨੂੰ ਛੱਡ ਕੇ ਕੁਰਾਹੇ ਪੈਂਦੇ ਤੇ ਪਾਉਂਦੇ ਹਨ ਬੱਸ, ਉੱਥੋਂ ਹੀ ਸਾਨੂੰ ਉਨਾਂ ਤੋਂ ਇਨਕਾਰ ਹੈ।
ਇਹ ਬੜੀ ਦੁੱਖ ਦੀ ਗੱਲ ਹੀ ਨਹੀਂ, ਸਗੋਂ ਦੁਖਦੀ ਰਗ ਹੈ ਕਿ ਇਹ ਸਾਰੇ ਭੇਖਧਾਰੀ ਗੁਰਸਿੱਖੀ ਨੂੰ ਆਪਣੇ ਸਵਾਰਥੀ ਹਿਤਾਂ ਲਈ ਵਰਤਣਾ ਚਾਹੁੰਦੇ ਹਨ। ”ਗੁਰਸਿੱਖੀ ਤਾਂ ਜਿਵੇਂ ਗੰਗਾ ਕਾ ਨੀਰ ਹੈ” ਇਹ ਸੰਸਥਾਵਾਂ ਤੇ ਸੰਪਰਦਾਵਾਂ ਰੂਪੀ ਨਦੀਆਂ-ਨਾਲੇ, ਵਾਹੁੜੇ, ਜੇ ਗੰਗਾ ਵਿਚ ਆ ਮਿਲਣ ਤਾਂ ਇਹ ਗੰਗਾ ਇਨਾਂ ਸਾਰਿਆਂ ਨੂੰ ਸਹਿਜ ਹੀ ਅਥਾਹ ਸਾਗਰ, ਵਾਹਿਗੁਰੂ ਵੱਲ ਲੈ ਜਾਏਗੀ। ਗ਼ਮ ਤਾਂ ਇਹ ਹੈ ਕਿ ਉਹ ਗੰਗਾ ਨੂੰ ਹੀ ਆਪਣੇ ਵਿਚ ਜਜ਼ਬ ਕਰਕੇ ਸ਼ਖਸੀ ਪੂਜਾ ਦੇ ਰੇਗਿਸਤਾਨ ਵਿਚ ਗਰਕ ਕਰਨਾ ਚਾਹੁੰਦੇ ਹਨ। ਐਸਾ ਨਾ ਹੋਇਆ ਹੈ, ਨਾ ਹੋ ਸਕੇਗਾ ਤੇ ਨਾ ਹੀ ਸੰਭਵ ਹੈ। ਮਨੁੱਖੀ ਸੁਭਾਅ ਹੈ ਕਿ ਜਦੋਂ ਵੀ ਕਿਸੇ ਪਾਸ ਕੋਈ ਚੀਜ਼ ਹੋਵੇ ਤਾਂ ਬਹੁਤੇ ਲੋਕ ਉਸ ਨੂੰ ਭੰਡਣਾ ਤੇ ਨਕਾਰਨਾ ਸ਼ੁਰੂ ਕਰ ਦਿੰਦੇ ਹਨ। ਕੁਝ ਕੁ ਚਲਾਕ ਤੇ ਚਤੁਰ ਲੋਕ ਉਸ ਨੂੰ ਆਪਣਾ ਦੱਸ ਕੇ, ਉਸ ਨੂੰ ਆਪਣੇ ਵਿਚ ਸਮਾਉਣ ਦਾ ਯਤਨ ਕਰਦੇ ਹਨ। ਗੁਰਸਿੱਖੀ ਨਿਰਾਲੀ ਹੈ। ਗੁਰਮਤਿ ਵਿਲੱਖਣ ਹੈ। ਭਗਤੀ ਇਸ ਦੀ ਸ਼ਕਤੀ ਹੈ ਤੇ ਭਗਤਾਂ ਦੀ ਚਾਲ ਨਿਰਾਲੀ ਹੈ। ਇਨਾਂ ਦੁਜਾਇਗੀ ਪਾਉਣ ਵਾਲੀਆਂ ਤਾਕਤਾਂ ਨੇ ਤਾਂ ਗੁਰੂ ਨਾਨਕ ਦੇਵ ਜੀ ਦਾ ਵੀ ਲਿਹਾਜ਼ ਨਹੀਂ ਕੀਤਾ, ਸਾਡੀ ਕੀ ਔਕਾਤ ਹੈ? ਸਾਡੀ ਸ਼ਕਤੀ ਦੂਣ-ਸਵਾਈ ਹੋ ਸਕਦੀ ਹੈ। ਜੇ ਅਸੀਂ ਗੁਰੂ ਕੀ ਮਤਿ ਲਈਏ। ਉਸ ਦੇ ਦੱਸੇ ਹੋਏ ਰਾਹ ‘ਤੇ ਚਲੀਏ ਅਤੇ ਗੁਰੂ ਦਾ ਲੜ ਮਜ਼ਬੂਤੀ ਨਾਲ ਫੜ ਲਈਏ।
ਗੁਰੂ ਨਾਨਕ ਦੇਵ ਜੀ, ਜਦੋਂ ਦੁਰਗਮ ਪੈਂਡੇ ਸਰ ਕਰਦੇ, ਸੁਮੇਰ ਪਰਬਤ ‘ਤੇ ਸਿੱਧਾਂ ਪਾਸ ਪਹੁੰਚੇ ਤਾਂ ਉਨਾਂ ਸਿੱਧਾਂ ਵੀ ਇਹੀਓ ਉਪਰਾਲਾ ਕੀਤਾ ਕਿ ਗੁਰੂ ਨਾਨਕ ਜੀ ਨੂੰ ਆਪਣੇ ਪੰਥ ਵਿਚ ਸ਼ਾਮਲ ਕਰ ਲਈਏ। ਜੇ ਅਜਿਹਾ ਹੋ ਜਾਵੇ ਤਾਂ ਇਸ ਨੂਰੀ ਪ੍ਰੀਤਮ ਦੀ ਹੋਂਦ ਕਲਯੁਗ ਵਿਚ ਸਾਡੇ ਪੰਥ ਦੀ ਬੜੀ ਤਾਕਤ ਵਧਾ ਦਏਗੀ। ਉਨਾਂ ਸਾਰਿਆਂ ਨੇ ਤਰਾਂ ਤਰਾਂ ਦੇ ਢੌਂਗ ਤੇ ਪਾਖੰਡ ਕੀਤੇ, ਕਰਾਮਾਤਾਂ ਦਿਖਾਈਆਂ। ਕੋਈ ਹਵਾ ਵਿਚ ਉਡਣ ਲੱਗ ਪਿਆ, ਕਿਸੇ ਪਾਣੀ ‘ਤੇ ਤੁਰ ਕੇ ਵਿਖਾਇਆ, ਕਿਸੇ ਗਾਇਬਾਂ ਤੋਂ ਤਾਰੇ ਤੋੜ ਕੇ ਵਿਖਾਉਣ ਦਾ ਟਪਲਾ ਪਾਇਆ। ਗੁਰੂ ਨਾਨਕ ਪਾਤਸ਼ਾਹ ਨੇ ਨਾ ਡੋਲਣਾ ਸੀ, ਨਾ ਡੋਲੇ, ਮੁਸਕਰਾਉਂਦੇ ਰਹੇ ਤੇ ਇਹ ਸਭ ਦੇਖਦੇ ਰਹੇ, ਨਿਰੰਕਾਰ, ਨਿਰੰਕਾਰ ਉਚਾਰਦੇ ਰਹੇ। ਭਾਈ ਗੁਰਦਾਸ ਜੀ ਦਾ ਕਥਨ ਹੈ :

ਸਿਧੀ ਮਨੇ ਬੀਚਾਰਿਆ
ਕਿਵੈ ਦਰਸਨੁ ਏ ਲੇਵੈ ਬਾਲਾ।
ਐਸਾ ਜੋਗੀ ਕਲੀ ਮਹਿ
ਹਮਰੇ ਪੰਥੁ ਕਰੇ ਉਜਿਆਲਾ।
(ਵਾਰ ੧ : ੩੧)

ਮਾਇਆ ਦੀ ਪ੍ਰਾਪਤੀ ਦੇ ਲਾਲਚ ਦੇ ਕੇ, ਕਾਰਜਾਂ ਦੀ ਸਿੱਧੀ ਦੀਆਂ ਆਸਾਂ ਬੰਧਵਾ ਕੇ, ਪਾਖੰਡੀ ਲੋਕ ਆਪੋ-ਆਪਣੀਆਂ ਹੱਟੀਆਂ ਚਲਾਉਣ ਦਾ ਯਤਨ ਕਰਦੇ ਹਨ। ਆਪਣੇ ਫਿਰਕਿਆਂ ਨੂੰ ਮਜ਼ਬੂਤ ਕਰਨ ਲਈ ਤਰਾਂ-ਤਰਾਂ ਦੀਆਂ ਫਿਰਕੀਆਂ ਫੇਰਦੇ ਹਨ। ਸੋ, ਜੋਗੀਆਂ ਵੀ ਕੀਤਾ। ਨਾਮ ਦੇ ਵਪਾਰੀ, ਨਾਮ ਦੇ ਦਾਤੇ ਅਕਾਲ ਰੂਪ ਬਾਬਾ ਜੀ ਉੱਤੇ ਇਨਾਂ ਖੇਡ-ਤਮਾਸ਼ਿਆਂ ਅਤੇ ਨਾਟਕਾਂ-ਚੇਟਕਾਂ ਦਾ ਕੋਈ ਅਸਰ ਨਾ ਹੋਇਆ। ਸਿੱਧਾਂ ਫੇਰ ਪੈਂਤੜਾ ਬਦਲਿਆ। ਸੁੰਦਰ ਤੇ ਭਰਪੂਰ ਚੜਦੀ ਉਮਰ ਦੇ ਗੁਰੂ ਨਾਨਕ ਦੇਵ ਜੀ ਨੂੰ ਜੋਗੀ ਲੋਕ ਬਾਲਾ ਜਾਂ ਬੱਚਾ ਕਰਕੇ ਜਾਣਦੇ ਸਨ। ਉਹ ਗੁਰੂ ਜੀ ਨੂੰ ਇਕ ਖੱਪਰ ਦੇ ਕੇ ਕਹਿਣ ਲੱਗੇ-”ਜਾ ਬੱਚਿਆ, ਲਾਗਲੇ ਕਿਸੇ ਪੋਖਰ ਤਾਲ ਜਾਂ ਨਾਲੇ ਵਿਚੋਂ ਪਾਣੀ ਲੈ ਆ।” ਸ਼ਾਂਤ-ਚਿਤ ਗੁਰੂ ਨਾਨਕ ਦੇਵ ਜੀ ਖੱਪਰ ਫੜ ਪਾਣੀ ਲੈਣ ਤੁਰ ਪਏ :

ਖਪਰੁ ਦਿਤਾ ਨਾਥ ਜੀ,
ਪਾਣੀ ਭਰਿ ਲੈਵਣਿ ਉਠਿ ਚਾਲਾ।
ਬਾਬਾ ਆਇਆ ਪਾਣੀਐ,
ਡਿਠੇ ਰਤਨ ਜਵਾਹਰ ਲਾਲਾ।
ਸਤਿਗੁਰ ਅਗਮ ਅਗਾਧਿ ਪੁਰਖੁ,
ਕੇਹੜਾ ਝਲੇ ਗੁਰੂ ਦੀ ਝਾਲਾ।
ਫਿਰਿ ਆਇਆ ਗੁਰ, ਨਾਥ ਜੀ
ਪਾਣੀ ਠਉੜ ਨਹੀਂ ਉਸਿ ਤਾਲਾ।
(ਵਾਰ ੧ : ੩੧)

ਗੁਰੂ ਨਾਨਕ ਦੇਵ ਜੀ ਸਿੱਧਾਂ ਦੀ ਇੱਛਾ ਅਨੁਸਾਰ ਖੱਪਰ ਲੈ ਕੇ ਪਾਣੀ ਲਈ ਤੁਰ ਪਏ।
ਉੱਥੇ ਜਾ ਕੇ ਉਨਾਂ ਦੇਖਿਆ ਕਿ ਉੱਥੇ ਪਾਣੀ ਕੋਈ ਨਹੀਂ। ਪਾਣੀ ਦੇ ਪੋਖਰ ਜਾਂ ਨਾਲੇ ਦੇ ਵਿਚ ਹੀਰੇ, ਰਤਨ, ਜਵਾਹਰ ਤੇ ਮੋਤੀਆਂ ਦੇ ਢੇਰ ਲੱਗੇ ਪਏ ਹਨ। ਸਿੱਧਾਂ ਆਪਣੀ ਕਲਾ ਨਾਲ ਇਹ ਖੇਡ ਰਚਾਈ ਕਿ ਗੁਰੂ ਨਾਨਕ ਦੇਵ ਜੀ ਲਾਲਚ ਵਿਚ ਆ ਕੇ ਹੀਰੇ ਮੋਤੀ ਇਕੱਠੇ ਕਰਨ ਲੱਗ ਜਾਣਗੇ। ਜਾਂ ਫਿਰ ਜਦੋਂ ਉਹ ਹੀਰੇ ਲੈ ਕੇ ਵਾਪਸ ਆਉਣਗੇ ਤਾਂ ਅਸੀਂ ਉਨਾਂ ਨੂੰ ਮੁੜ ਪੱਥਰ ਬਣਾ ਦਿਆਂਗੇ। ਇਸ ਤਰਾਂ ਗੁਰੂ-ਬਾਬੇ ਨੂੰ ਭਰਮਾ ਕੇ ਹੇਚ ਕਰ ਲਵਾਂਗੇ ਤੇ ਫਿਰ ਆਪਣਾ ਮੁਦਈ ਬਣਾ ਕੇ ਆਪਣੇ ਪੰਥ ਵਿਚ ਸ਼ਾਮਲ ਕਰ ਲਵਾਂਗੇ। ਇਹੀ ਤਾਂ ਸਾਰੀਆਂ ਸੰਪਰਦਾਵਾਂ ਤੇ ਹੋਰ ਭੇਖਾਂ ਵਾਲੇ ਕਰ ਰਹੇ ਹਨ। ਗੁਰੂ ਨਾਨਕ ਦੇਵ ਜੀ ਉੱਤੇ ਇਸ ਚਮਕ- ਦਮਕ ਦਾ ਕੋਈ ਅਸਰ ਨਾ ਹੋਇਆ ਅਤੇ ਖਾਲੀ ਖੱਪਰ ਨਾਥ ਜੋਗੀਆਂ ਨੂੰ ਦੇ ਕੇ ਕਹਿਣ ਲੱਗੇ, ਤਾਲ ਵਿਚ ਪਾਣੀ ਨਹੀਂ ਹੈ। ਅਗਮ ਅਗਾਧਿ ਸਤਿਗੁਰੂ, ਗੁਰੂ ਨਾਨਕ ਦੇਵ ਜੀ ਦੇ ਨੂਰ ਦੀ ਆਪਣੀ ਚਮਕ ਲੱਖਾਂ ਕਰੋੜਾਂ ਸੂਰਜਾਂ ਜਿੰਨੀ ਹੈ, ਉਨਾਂ ਨੂੰ ਇਹ ਪੱਥਰ ਰੂਪੀ ਹੀਰੇ ਕੀ ਭਰਮਾਉਂਦੇ? ਗੁਰੂ ਬਾਬੇ ਦੀ ਝਾਲ ਕਿਹੜਾ ਝੱਲੇ? ਉਹ ਹੀਰਿਆਂ-ਮੋਤੀਆਂ ਨੂੰ ਆਪਣੇ ਪਵਿੱਤਰ ਚਰਨਾਂ ਹੇਠ ਲਿਤਾੜ ਕੇ ਵਾਪਸ ਆ ਗਏ। ਉਨਾਂ ਨੇ ਸਿੱਧਾਂ ਨੂੰ ਭਲੀ ਪ੍ਰਕਾਰ ਸਿੱਧ ਕਰ ਦਿੱਤਾ ਕਿ ਉਹ ਪਾਣੀ ਲੈਣ ਲਈ ਗਏ ਸਨ, ਹੀਰੇ ਲੈਣ ਲਈ ਨਹੀਂ। ਇਹੀ ਗੁਰਮਤਿ ਦਾ ਤੱਤ ਹੈ। ਮਨੁੱਖ ਇੱਥੇ ਨਾਮ-ਧਨ ਦੀ ਪ੍ਰਾਪਤੀ ਲਈ ਆਇਆ ਹੈ। ਫਿਰ ਉਹ ਹੋਰ-ਹੋਰ ਵਸਤੂਆਂ ਕਿਉਂ ਇਕੱਠੀਆਂ ਕਰਦਾ ਰਹੇ? ਨਾਮ-ਧਨ ਇਕੱਠਾ ਕਰੇ, ਉਸ ਨੂੰ ਸੰਚੇ ਤੇ ਸੰਗ੍ਰਹਿ ਕਰੇ। ਹੀਰੇ, ਮੋਤੀ, ਰਤਨ, ਜਵਾਹਰ, ਲਾਲ, ਆਪਣੇ ਆਪ ਪੈਰਾਂ ਵਿਚ ਆਉਣਗੇ। ਬੱਸ ਇੱਥੋਂ ਹੀ ਗੁਰੂ ਨਾਨਕ ਦਾ ਪੰਥ, ਹੋਰਨਾਂ ਪੰਥਾਂ, ਸੰਪਰਦਾਵਾਂ ਤੋਂ ਨਿਰਾਲਾ ਹੋ ਜਾਂਦਾ ਹੈ :

ਸਬਦਿ ਜਿਤੀ ਸਿਧਿ ਮੰਡਲੀ
ਕੀਤੋਸੁ ਅਪਣਾ ਪੰਥੁ ਨਿਰਾਲਾ।
ਕਲਿਜੁਗਿ ਨਾਨਕ ਨਾਮੁ ਸੁਖਾਲਾ।
(ਵਾਰ ੧ : ੩੧)

ਜੋਗੀ, ਗੁਰੂ ਨਾਨਕ ਦੇਵ ਜੀ ਨੂੰ ਰਤਨ ਰੂਪੀ ਪੱਥਰਾਂ ਨਾਲ ਜਿੱਤਣਾ ਚਾਹੁੰਦੇ ਸਨ, ਪਰ ਉਹ ਵਿਚਾਰੇ ਹਾਰ ਗਏ। ਗੁਰੂ ਨਾਨਕ ਦੇਵ ਜੀ ਨੇ ਨਾਮ ਰੂਪੀ ਰਤਨ ਨਾਲ ਜੋਗੀਆਂ ਨੂੰ ਜਿੱਤ ਲਿਆ। ਸ਼ਬਦ ਰਤਨ ਨਾਲ ਜਿੱਤਿਆ ਅਤੇ ਨਾਨਕ ਪੰਥ, ਗੁਰੂ-ਪੰਥ ਜਾਂ ਖਾਲਸਾ-ਪੰਥ ਨਿਰਾਲੇ ਪੰਥ ਨੂੰ ਸਥਾਪਤ ਕੀਤਾ। ਜਿਸ ਨਾਮ ਨੂੰ ਦੁਨੀਆਂ ਨੇ ਗੁੰਝਲਦਾਰ ਗੋਰਖ-ਧੰਦਾ ਬਣਾਇਆ ਹੋਇਆ ਸੀ ਉਸ ਨੂੰ ਸੁਖਾਲਾ ਕਰਕੇ ਦੁਨੀਆਂ ਨੂੰ ਦਾਤ ਦਿੱਤੀ।
ਗੁਰੂ-ਪਾਤਸ਼ਾਹ ਕਿਰਪਾ ਕਰਨ, ਸਾਨੂੰ ਉਨਾਂ ਦੇ ਦੱਸੇ ਹੋਏ ਰਾਹ ਦੀ ਸੋਝੀ ਆਵੇ। ਮਾਇਆ ਵਿਚ ਉਦਾਸੀ ਤੇ ਗ੍ਰਹਿਸਤ ਵਿਚ ਨਿਰਬਾਣ ਰਹੀਏ। ”ਦਾਤੀ ਸਾਹਿਬ ਸੰਦੀਆ” ਸਾਨੂੰ ਭਰਮਾਉਣ ਨਾ, ਸਗੋਂ ਦਾਤਾ ਯਾਦ ਆਵੇ, ਨਾਮ ਚਿੱਤ ਆਵੇ। ਨਾਮ ਦਾ ਜੈਕਾਰ ਹੋਵੇ। ਗੁਰੂ ਨਾਨਕ ਪਾਤਸ਼ਾਹ ਦੀ ਵਿਲੱਖਣ ਵਿਧੀ ਸਾਨੂੰ ਸੁਲੱਖਣੀ ਤੇ ਗੁਣਵੰਤੀ ਰੂਹ ਬਣਾ ਦੇਵੇ। ਅਸੀਂ ਸੁਹਾਗਣਾਂ ਹੋ ਕੇ ਸਾਹਿਬ ਦੇ ਘਰ ਵਾਸ ਕਰੀਏ :

ਸਤਿਗੁਰ ਸੰਗਿ ਨਾਹੀ ਮਨੁ ਡੋਲੈ॥
ਅੰਮ੍ਰਿਤ ਬਾਣੀ ਗੁਰਮਖਿ ਬੋਲੈ॥ (੧੮੩)

Comments

comments

Share This Post

RedditYahooBloggerMyspace