ਸ਼ਿਮਲੇ ਦੀ ਸੈਰ

ਸਾਡਾ ਘਰ ਕਈ ਗੱਲਾਂ ਵਿੱਚ ਅਨੋਖਾ ਹੈ। ਇੱਕ ਵਖਰੇਵਾਂ ਇਹ ਵੀ ਹੈ ਕਿ ਜਿੱਥੇ ਹਰ ਸਾਲ ਲੋਕੀਂ ਛੁੱਟੀਆਂ ’ਤੇ ਜਾਣ ਲਈ ਕਈ-ਕਈ ਮਹੀਨੇ ਪਹਿਲਾਂ ਯੋਜਨਾਵਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ, ਉੱਥੇ ਸਾਡੇ ਘਰ ਕਿਤੇ ਜਾਣ ਤੋਂ ਇੱਕ ਦਿਨ ਪਹਿਲਾਂ ਹੀ ਘੁੰਮਣ ਜਾਣ ਵਾਲੀ ਥਾਂ ਬਾਰੇ ਸਹਿਮਤੀ ਬਣਦੀ ਹੈ। ਛੁੱਟੀਆਂ ਵਿੱਚ ਘੁੰਮਣ ਜਾਣ ਲਈ ਕਿਤੇ ਜਾਣ ਦਾ ਸਿਲਸਿਲਾ ਵੀ ਚਾਰ-ਪੰਜ ਸਾਲ ਤੋਂ ਹੀ ਜ਼ਿਆਦਾ ਸ਼ੁਰੂ ਹੋਇਆ। ਮੇਰੇ ਨਿੱਕੇ ਹੁੰਦਿਆਂ ਤੋਂ ਲੈ ਕੇ ਮੈਨੂੰ ਯਾਦ ਹੈ ਕਿ ਅਸੀਂ ਮੁਸ਼ਕਲ ਨਾਲ ਹੀ ਛੁੱਟੀਆਂ ਵਿੱਚ ਵੱਧ ਤੋਂ ਵੱਧ ਦੋ-ਤਿੰਨ ਵਾਰੀ ਹੀ ਡਲਹੌਜ਼ੀ ਜਾਂ ਧਰਮਸ਼ਾਲਾ ਗਏ ਹੋਵਾਂਗੇ। ਇਹਦਾ ਮੁੱਖ ਕਾਰਨ ਇਹ ਹੈ ਕਿ ਸਾਡਾ ਸ਼ਹਿਰ ਤਲਵਾੜਾ ਤਿੰਨ ਪਾਸਿਆਂ ਤੋਂ ਸ਼ਿਵਾਲਿਕ ਦੀਆਂ ਛੋਟੀਆਂ ਤੇ ਹਰੀਆਂ-ਭਰੀਆਂ ਪਹਾੜੀਆਂ ਨਾਲ ਘਿਰਿਆ ਹੋਣ ਕਰਕੇ ਪਹਾੜਾਂ ਵਾਂਗ ਹੀ ਇੱਥੇ ਮਿੱਠਾ-ਮਿੱਠਾ ਮੌਸਮ ਰਹਿੰਦਾ ਹੈ, ਸਾਰਾ ਸਾਲ ਅਤਿ ਦੀ ਗਰਮੀ ਨਹੀਂ ਪੈਂਦੀ।

ਇਸ ਵਾਰ ਅਸੀਂ ਸ਼ਿਮਲੇ ਜਾਣ ਦਾ ਪ੍ਰੋਗਰਾਮ ਬਣਾਇਆ। ਅਸੀਂ 3 ਜੁਲਾਈ ਨੂੰ ਸਵੇਰੇ ਸਾਢੇ ਕੁ ਅੱਠ ਵਜੇ ਆਪਣੀ ਕਾਰ ’ਤੇ ਸ਼ਿਮਲੇ ਨੂੰ ਚਾਲੇ ਪਾ ਦਿੱਤੇ। ਵਾਇਆ ਹਮੀਰਪੁਰ ਜਾਣ ਦੀ ਸਲਾਹ ਸੀ। ਤਲਵਾੜੇ ਤੋਂ ਹਮੀਰਪੁਰ ਤੱਕ ਨੀਮ ਪਹਾੜੀ ਇਲਾਕਾ ਸੀ। ਹਾਲੇ ਅੱਧਾ ਰਾਹ ਵੀ ਨਹੀਂ ਗਏ ਹੋਵਾਂਗੇ ਕਿ ਮੀਂਹ ਦੀ ਛਹਿਬਰ ਨੇ ਸਾਡਾ ਸੁਆਗਤ ਕੀਤਾ ਤੇ ਮੌਸਮ ਖ਼ੁਸ਼ਗਵਾਰ ਹੋ ਗਿਆ। ਪਹਾੜਾਂ ਵਿੱਚ ਪੂਰੀ ਜਲ-ਥਲ ਹੋਈ ਪਈ ਸੀ। ਅਸੀਂ ਇੱਕ ਕਸਬੇ ਦੇ ਬਾਹਰਵਾਰ ਰੁਕ ਕੇ ਰੋਟੀ ਖਾਧੀ ਤੇ ਤੁਰ ਪਏ।
ਹਿਮਾਲਿਆ ਦੇ ਪੈਰਾਂ ਵਿੱਚ ਵਸਿਆ ਸ਼ਿਮਲਾ ਸ਼ਹਿਰ ਹਿਮਾਚਲ ਦੀ ਰਾਜਧਾਨੀ ਵੀ ਹੈ ਤੇ ਉੱਘਾ ਸੈਲਾਨੀ ਕੇਂਦਰ ਵੀ। ਸ਼ਿਮਲਾ ਦਾ ਪਹਿਲਾ ਨਾਂ ਸਿਮਲਾ ਸੀ, ਜੋ ਇੱਕ ਦੇਵੀ ਸਾਮਲਾ ਦੇ ਨਾਂ ’ਤੇ ਰੱਖਿਆ ਮੰਨਿਆ ਜਾਂਦਾ ਹੈ। ਸਿਮਲਾ 1830 ਤਕ ਇੱਕ ਪਹਾੜੀ ਪਿੰਡ ਹੁੰਦਾ ਸੀ। ਅੰਗਰੇਜ਼ ਹੁਕਮਰਾਨ ਇੰਗਲੈਂਡ ਜਿਹੇ ਠੰਢੇ ਮੁਲਕ ਦੇ ਬਾਸ਼ਿੰਦੇ ਹੋਣ ਕਰਕੇ ਉਨ੍ਹਾਂ ਲਈ ਭਾਰਤ ਦੀ ਕੜਕਵੀਂ ਗਰਮੀ ਬਰਦਾਸ਼ਤ ਤੋਂ ਬਾਹਰ ਸੀ। ਇਸ ਲਈ 1864 ਤੋਂ ਸ਼ਿਮਲਾ ਅੰਗਰੇਜ਼ਾਂ ਦੀ ਗਰਮੀਆਂ ਦੀ ਰਾਜਧਾਨੀ ਰਿਹਾ। ਬਰਤਾਨਵੀ ਫ਼ੌਜ ਦਾ ਹੈੱਡਕੁਆਰਟਰ ਵੀ ਸ਼ਿਮਲੇ ਵਿੱਚ ਹੀ ਸਥਿਤ ਸੀ। ਕੁਝ ਸਾਲਾਂ ਲਈ ਸ਼ਿਮਲਾ ਪੰਜਾਬ ਦੀ ਰਾਜਧਾਨੀ ਵੀ ਰਿਹਾ। 1971 ਦੀ ਭਾਰਤ-ਪਾਕਿ ਜੰਗ ਤੋਂ ਬਾਅਦ ਹੋਇਆ ਸਮਝੌਤਾ, ਜਿਸ ਮੁਤਾਬਕ ਪਾਕਿਸਤਾਨ ਦੇ 95,000 ਜੰਗੀ ਕੈਦੀ ਵਾਪਸ ਕੀਤੇ ਗਏ ਸਨ ਤੇ ਦੋਵੇਂ ਮੁਲਕਾਂ ਨੇ ਕਸ਼ਮੀਰ ਮਸਲਾ ਬਿਨਾਂ ਕਿਸੇ ਬਾਹਰੀ ਤਾਕਤ ਦੇ ਦਖਲ, ਵਿਚੋਲਪੁਣੇ ਜਾਂ ਦਬਾਅ ਤੋਂ ਅਮਨਪੂਰਵਕ ਢੰਗ ਨਾਲ ਆਪਸੀ ਗੱਲਬਾਤ ਰਾਹੀਂ ਸੁਲਝਾਉਣ ਦਾ ਫ਼ੈਸਲਾ ਕੀਤਾ ਸੀ, ਵੀ ਸ਼ਿਮਲੇ ਹੀ ਹੋਇਆ। ਇਸ ਨੂੰ ‘ਸ਼ਿਮਲਾ ਸਮਝੌਤੇ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਇਸ ਤਰ੍ਹਾਂ ਸ਼ਿਮਲਾ ਸ਼ੁਰੂ ਤੋਂ ਹੀ ਇਤਿਹਾਸਕ ਅਹਿਮੀਅਤ ਵਾਲਾ ਸ਼ਹਿਰ ਰਿਹਾ ਹੈ।
ਅਸੀਂ ਸ਼ਾਮ ਦੇ ਸਾਢੇ ਕੁ ਪੰਜ ਵਜੇ ਸ਼ਿਮਲੇ ਪਹੁੰਚੇ। ਰਸਤੇ ਵਿੱਚ ਅਸੀਂ ਸਕੂਲੀ ਬੱਚਿਆਂ ਨੂੰ ਸਵੈਟਰਾਂ ਪਾਈਆਂ ਵੇਖੀਆਂ। ਜਦੋਂ ਮੈਂ ਆਪਣੇ ਵੱਲੋਂ ਕੋਈ ਵੀ ਗਰਮ ਕੱਪੜਾ ਨਾਲ ਨਾ ਲਿਆਉਣ ’ਤੇ ਫ਼ਿਕਰ ਜ਼ਾਹਿਰ ਕੀਤਾ ਤਾਂ ਮੰਮੀ ਹੱਸ ਕੇ ਕਹਿਣ ਲੱਗੇ ਕਿ ਸਾਡੀ ਪੰਜਾਬ ਦੀ ਗਰਮੀ ਦੇ ਝੰਬਿਆਂ ਦੀ ਤਾਂ ਮਸਾਂ ਗਰਮੀ ਹੀ ਨਿਕਲਣੀ ਆ ਏਨੀ ਕੁ ਠੰਢ ਨਾਲ।
ਹੁਣ ਅਗਲਾ ਮਸਲਾ ਠਹਿਰਨ ਦਾ ਸੀ। ਅਸੀਂ ਆਕਾਸ਼ਵਾਣੀ ਕੇਂਦਰ ਲਾਗੇ ਹਿਮਾਚਲ ਟੂਰਿਜ਼ਮ ਦੇ ਹੋਟਲ ਦਾ ਬੋਰਡ ਲੱਗਾ ਵੇਖਿਆ ਤੇ ਬਿਨਾਂ ਝਿਜਕ ਕਾਰ ਓਧਰ ਨੂੰ ਘੁੰਮਾ ਲਈ। ਤਕਰੀਬਨ 100-150 ਮੀਟਰ ਚੜ੍ਹਾਈ ਚੜ੍ਹ ਕੇ ਜਦੋਂ ਅਸੀਂ ਉਪਰ ਵੱਲ ਪਹੁੰਚੇ ਤਾਂ ਸਾਹਮਣੇ ਇੱਕ ਖੁੱਲ੍ਹਾ-ਡੁੱਲ੍ਹਾ ਬੜਾ ਹੀ ਸੋਹਣਾ ਲਾਅਨ ਸੀ। ਇੱਥੋਂ ਖੱਬੇ ਪਾਸੇ ਵੱਲ ਸ਼ਿਮਲਾ ਸ਼ਹਿਰ ਦਾ ਸੰਘਣੀ ਆਬਾਦੀ ਵਾਲਾ ਇਲਾਕਾ ਵਿਖਾਈ ਦਿੰਦਾ ਸੀ ਤੇ ਸਾਹਮਣੇ ਜਿੱਥੇ ਤੱਕ ਵੀ ਨਜ਼ਰ ਜਾਂਦੀ ਸੀ ਪਹਾੜੀਆਂ ਸਨ। ਹਿਮਾਚਲ ਸਰਕਾਰ ਨੇ ਸੂਬੇ ਦੀ ਕੁਦਰਤੀ ਖ਼ੂਬਸੂਰਤੀ ਦਾ ਲਾਹਾ ਲੈਂਦਿਆਂ ਇੱਥੇ ਸੈਰ-ਸਪਾਟਾ ਉਦਯੋਗ ਨੂੰ ਖ਼ੂਬ ਉਤਸ਼ਾਹਿਤ ਕੀਤਾ ਹੈ। ਭਾਵੇਂ ਮਨਾਲੀ, ਸ਼ਿਮਲਾ, ਧਰਮਸ਼ਾਲਾ ਹੋਵੇ ਜਾਂ ਡਲਹੌਜ਼ੀ, ਪਾਲਮਪੁਰ, ਕਾਂਗੜਾ ਤੇ ਲੇਹ, ਸਭ ਥਾਵਾਂ ’ਤੇ ਹਿਮਾਚਲ ਟੂਰਿਜ਼ਮ ਵਿਭਾਗ ਦੇ ਆਪਣੇ ਹੋਟਲ ਹਨ।
ਸਾਮਾਨ ਟਿਕਾ ਕੇ ਚਾਹ ਪੀਣ ਤੋਂ ਪਹਿਲਾਂ ਕਮਰੇ ਦੀ ਖਿੜਕੀ ’ਚੋਂ ਬਾਹਰ ਵੱਲ ਨਿਗਾਹ ਮਾਰੀ ਤਾਂ ਉੱਥੇ ਲੰਬੇ ਤੇ ਖ਼ੂਬਸੂਰਤ ਦਿਓਦਾਰ ਦੇ ਰੁੱਖ ਖੜ੍ਹੇ ਸਨ। ਏਦਾਂ ਜਾਪਦਾ ਸੀ ਜਿਵੇਂ ਇਹ ਅਨੰਤ ਕਾਲ ਤੋਂ ਏਥੇ ਖਲੋਤੇ ਹੋਣ ਤੇ ਅਨੰਤ ਕਾਲ ਤੱਕ ਏਦਾਂ ਹੀ ਖੜ੍ਹੇ ਰਹਿਣਗੇ ਅਡੋਲ, ਅਝੁੱਕ ਤੇ ਮਾਣਮੱਤੇ।
ਸ਼ਿਮਲੇ ਵਿੱਚ ਅਗਲੇ ਦਿਨ ਸੜਕ ਕੰਢੇ ਢਲਾਨ ’ਤੇ ਬਣੇ ਇੱਕ ਆਰੇ ਤੋਂ ਕਈ ਕਸ਼ਮੀਰੀ ਮਜ਼ਦੂਰਾਂ ਨੂੰ ਲੱਕੜ ਦੀਆਂ ਭਾਰੀਆਂ ਗੇਲੀਆਂ ਤੇ ਫੱਟੇ ਘੜੀਸਣ ਤੇ ਚੁੱਕਣ ਦੀ ਹੱਡ-ਭੰਨਵੀਂ ਮਿਹਨਤ ਕਰਦੇ ਵੇਖਿਆ।
ਸੌਣ ਤੋਂ ਪਹਿਲਾਂ ਥੋੜ੍ਹੀ ਜਿਹੀ ਚਹਿਲਕਦਮੀ ਕਰਨ ਲਈ ਹੋਟਲ ਸਾਹਮਣੇ ਬਣੇ ਖੁੱਲ੍ਹੇ ਲਾਅਨ ਵਿੱਚ ਪਹੁੰਚੇ ਤਾਂ ਸਾਹਮਣੇ ਵਾਲੇ ਦ੍ਰਿਸ਼ ਨੇ ਸਾਨੂੰ ਹੈਰਾਨ ਕਰ ਦਿੱਤਾ। ਸਾਹਮਣੇ ਵੱਲ ਖੱਬੇ ਹੱਥ ਸ਼ਿਮਲੇ ਦੀਆਂ ਜਗਮਗ ਕਰਦੀਆਂ ਬੱਤੀਆਂ ਸਨ ਜੋ ਸਾਡੇ ਤੋਂ ਦੂਰ ਡੂੰਘੀ ਖੱਡ ਵਿੱਚ ਜਗਦੀਆਂ ਜਾਪਦੀਆਂ ਸਨ ਤੇ ਅਸੀਂ ਕਾਫ਼ੀ ਉਚਾਈ ’ਤੇ ਖਲੋਤੇ ਹੋਏ ਸਾਂ।
ਰਾਤ ਨੂੰ ਅਸੀਂ ਅਗਲੇ ਦਿਨ ਚੈਲ ਜਾਣ ਦੀ ਸਲਾਹ ਬਣਾ ਕੇ 11 ਕੁ ਵਜੇ ਟਿਕ ਗਏ। ਮੈਨੰੂ ਨੀਂਦ ਸ਼ਾਇਦ ਨਵੀਂ ਥਾਂ ਹੋਣ ਜਾਂ ਇਸ ਕਰਕੇ ਵੀ ਨਹੀਂ ਸੀ ਆ ਰਹੀ ਕਿ ਅਸੀਂ ਦੋਵਾਂ ਭੈਣਾਂ ਨੇ ਸਵੇਰੇ ਪੰਜ ਕੁ ਵਜੇ ਉੱਠ ਕੇ ਬਾਹਰ ਸੈਰ ਕਰਨ ਅਤੇ ਪਹਾੜਾਂ ਵਿੱਚ ਸਵੇਰ ਹੁੰਦੀ ਵੇਖਣ ਦੀ ਸਲਾਹ ਬਣਾਈ ਸੀ। ਅਸੀਂ ਦੋਵੇਂ ਸਵੇਰੇ ਸਾਢੇ ਕੁ ਚਾਰ ਵਜੇ ਹੀ ਉੱਠ ਗਈਆਂ। ਰਾਤ ਦਾ ਪਿਛਲਾ ਪਹਿਰ ਹੋਣ ਕਰਕੇ ਚੰਨ ਦੀ ਚਾਨਣੀ ਰੁੱਖਾਂ ਵਿੱਚੋਂ ਝਰ ਕੇ ਆ ਰਹੀ ਸੀ। ਇਉਂ ਜਾਪਦਾ ਸੀ ਜਿਵੇਂ ਸੁਪਨਾ ਵੇਖ ਰਹੇ ਹੋਈਏ। ਚਾਨਣ ਹੋਣ ’ਤੇ ਹੀ ਅਸੀਂ ਬਾਹਰ ਜਾ ਕੇ ਅੱਧਾ ਕੁ ਘੰਟਾ ਸੈਰ ਕੀਤੀ ਤੇ ਕੁਝ ਫੋਟੋਆਂ ਖਿੱਚੀਆਂ।
ਉਸ ਦਿਨ ਸਾਡੀ ਪੰਜਾਬ ਯੂਨੀਵਰਸਿਟੀ ਦੇ ਫੈਕਲਟੀ ਹਾਊਸ ਵਿੱਚ ਬੁਕਿੰਗ ਸੀ। ਇਸ ਲਈ ਪਹਿਲਾਂ ਜਾ ਕੇ ਕਮਰਾ ਲੈ ਕੇ ਉਸ ਵਿੱਚ ਸਾਮਾਨ ਟਿਕਾਉਣ ਤੇ ਫਿਰ ਉੱਥੋਂ ਚੈਲ ਜਾਣ ਦੀ ਸਲਾਹ ਬਣਾਈ। ਫੈਕਲਟੀ ਹਾਊਸ ਉੱਥੋਂ ਜ਼ਿਆਦਾ ਦੂਰ ਨਹੀਂ ਸੀ। ਲੱਭਦੇ- ਲੱਭਦੇ ਅਸੀਂ ਵੇਖਿਆ ਕਿ ਉੱਥੋਂ ਅੱਗੇ ਥੱਲੇ ਵੱਲ ਇੱਕ ਭੀੜੀ ਜਿਹੀ ਸੜਕ ਸੀ। ਦੋ ਕੁ ਤਿੱਖੇ ਮੋੜਾਂ ਤੇ ਤਿੱਖੀ ਚੜ੍ਹਾਈ-ਉਤਰਾਈ ਨੇ ਸਾਡੇ ਸਾਰਿਆਂ ਦੇ ਚੰਗੇ ਸਾਹ ਸੁਕਾਏ। ਗੱਡੀ ਪਾਰਕ ਕਰਕੇ ਪਾਪਾ ਅੰਦਰ ਚਲੇ ਗਏ ਤੇ ਅਸੀਂ ਸਾਰੇ ਆਲੇ-ਦੁਆਲੇ ਦਾ ਜਾਇਜ਼ਾ ਲੈਣ ਲੱਗੇ। ਖੁੱਲ੍ਹਾ-ਡੁੱਲ੍ਹਾ ਫੈਕਲਟੀ ਹਾਊਸ ਵਧੀਆ ਥਾਂ ਬਣਿਆ ਹੋਇਆ ਸੀ। ਇਹ ਸਾਫ਼-ਸੁਥਰਾ ਤੇ ਪੂਰੀਆਂ ਸਹੂਲਤਾਂ ਨਾਲ ਲੈਸ ਸੀ।
ਕੋਈ ਸਾਢੇ ਕੁ ਬਾਰਾਂ ਵਜੇ ਅਸੀਂ ਚੈਲ ਲਈ ਤੁਰ ਪਏ। ਰਾਹ ਵਿੱਚ ਇੱਕ ਦੁਕਾਨਦਾਰ ਨੇ ਸਾਨੂੰ ਚੈਲ ਜਾਣ ਦਾ ਛੋਟਾ ਰਾਹ ਸਮਝਾਇਆ। ਇਹ ਰਾਹ ਏਨਾ ਛੋਟਾ ਨਹੀਂ ਸੀ ਪਰ ਵਧੇਰੇ ਸਾਫ਼ ਤੇ ਘੱਟ ਭੀੜ-ਭੜੱਕੇ ਵਾਲਾ ਸੀ। ਅਸੀਂ ਰਸਤੇ ਦੇ ਅਦਭੁੱਤ ਨਜ਼ਾਰਿਆਂ ਦਾ ਆਨੰਦ ਮਾਣਦਿਆਂ ਚੀਲ੍ਹ ਤੇ ਦਿਓਦਾਰ ਦੇ ਸੰਘਣੇ ਜੰਗਲਾਂ ਵਿੱਚੋਂ ਵਲ ਖਾਂਦੀ ਸੜਕ ਤੋਂ ਲੰਘਦੇ ਚੈਲ ਵੱਲ ਜਾ ਰਹੇ ਸਾਂ।
ਤਕਰੀਬਨ ਸਵਾ ਕੁ ਦੋ ਘੰਟੇ ਵਿੱਚ ਸ਼ਿਮਲੇ ਤੋਂ ਚੈਲ ਪਹੁੰਚ ਗਏ। ਇੱਕ ਕਸਬੇ ਦੇ ਬਾਜ਼ਾਰ ਵਰਗਾ ਨਿੱਕਾ ਜਿਹਾ ਬਾਜ਼ਾਰ ਆਇਆ। ਇਸ ਤੋਂ ਅੱਗੇ ਪਾਸੇ ਨੂੰ ਇੱਕ ਸੜਕ ਮੁੜ ਗਈ ਜਿੱਥੋਂ ਦੋ ਕਿਲੋਮੀਟਰ ਚੈਲ ਪੈਲੇਸ ਦਾ ਬੋਰਡ ਲੱਗਿਆ ਸੀ। ਇੱਥੋਂ ਹੀ ਸੜਕ ਨੇ ਜੰਗਲ ਵਿੱਚੋਂ ਲੰਘਦੀ ਸੜਕ ਦਾ ਰੂਪ ਲੈ ਲਿਆ। ਆਸੇ-ਪਾਸੇ ਦਿਓਦਾਰ ਦੇ ਸੰਘਣੇ ਰੁੱਖ ਤੇ ਪਾਸਿਆਂ ਨੂੰ ਨਿਕਲਦੀਆਂ ਪਗਡੰਡੀਆਂ ਸਨ। ਵੈਸੇ ਏਥੇ ਇੱਕਲਵਾਂਝੇ ਰਹਿਣ ਨੂੰ ਪਹਿਲ ਦੇਣ ਵਾਲਿਆਂ ਲਈ ਕੌਟੇਜਜ਼ ਤੇ ਲਾਗ ਹੱਟਸ ਦਾ ਵੀ ਇੰਤਜ਼ਾਮ ਸੀ। ਮੌਸਮ ਠੰਢਾ ਹੋ ਗਿਆ ਸੀ ਤੇ ਬੱਦਲ ਧੁੰਦ ਵਾਗੂੰ ਸਾਡੇ ਆਲੇ-ਦੁਆਲੇ ਸਨ। ਉਨ੍ਹਾਂ ’ਚੋਂ ਲੰਘਦੇ ਅਸੀਂ ਪੈਲੇਸ ਪਹੁੰਚ ਗਏ। ਥਾਂ ਤਾਂ ਸੱਚੀਂ ਬੇਹੱਦ ਸੋਹਣੀ ਸੀ। ਆਸੇ-ਪਾਸੇ ਸੰਘਣਾ ਜੰਗਲ ਤੇ ਵਿੱਚ ਤਿੰਨ ਮੰਜਿਲਾ ਉੱਚੀ ਇਮਾਰਤ ਹੈ। ਇਸ ਨੂੰ ਹਿਮਾਚਲ ਟੂਰਿਜ਼ਮ ਨੇ ਹੋਟਲ ਵਿੱਚ ਤਬਦੀਲ ਕਰ ਦਿੱਤਾ ਹੈ। ਖੈਰ, ਮਹਿਲ ਤਾਂ ਸਿਰਫ਼ ਇੱਕ ਇਮਾਰਤ ਸੀ ਪਰ ਉਸ ਜਗ੍ਹਾ ਦਾ ਅਸਲੀ ਸੁਹੱਪਣ ਤੇ ਰੂਹ ਉਸ ਇਮਾਰਤ ਦੇ ਇੱਕ ਪਾਸੇ ਬਣਿਆ ਖੁੱਲ੍ਹਾ ਗਰਾਊਂਡ ਰੂਪੀ ਲਾਅਨ ਸੀ। ਇਹਦੇ ਚਾਰ-ਚੁਫ਼ੇਰੇ ਲੱਗੇ ਫੁੱਲਾਂ ਦੇ ਬੂਟੇ, ਆਸੇ-ਪਾਸੇ ਦੇ ਰੁੱਖਾਂ ਦੇ ਝੁਰਮੁਟ ਤੇ ਵਿੱਚ-ਵਿੱਚ ਬਣੀਆਂ ਪੱਕੀਆਂ ਪਗਡੰਡੀਆਂ ਇਹਨੂੰ ਹੋਰ ਸੋਹਣਾ ਬਣਾ ਰਹੇ ਸਨ। ਬਾਹਰ ਹਲਕੀ ਬੂੰਦਾ-ਬਾਂਦੀ ਹੋ ਰਹੀ ਸੀ। ਇਸ ਕਰਕੇ ਉੱਥੇ ਆਏ ਸੈਲਾਨੀ ਮਹਿਲ ਦੇ ਅੰਦਰ ਵੜੇ ਬੈਠੇ ਸਨ। ਮੰਮੀ-ਪਾਪਾ ਅੰਦਰ ਹੀ ਬਣੇ ਰੇਸਤਰਾਂ ਵਿੱਚ ਚਾਹ ਪੀਣ ਚਲੇ ਗਏ।
ਜੰਗਲ ’ਚੋਂ ਪੰਛੀਆਂ ਦੀਆਂ ਸੁਰੀਲੀਆਂ ਤੇ ਇਕਸਾਰ ਆਵਾਜ਼ਾਂ ਆ ਰਹੀਆਂ ਸਨ। ਮੈਨੂੰ ਕੁਦਰਤ ਦੀ ਜਾਦੂਗਰੀ ਦੇ ਅਸਰ ਦਾ ਅਹਿਸਾਸ ਹੋਇਆ। ਅਗਲੀ ਵਾਰ ਚੈਲ ਘੱਟੋ-ਘੱਟ ਇੱਕ ਦਿਨ ਰੁਕਣ ਦੀ ਸਲਾਹ ਬਣਾ ਕੇ ਅਸੀਂ ਸਾਢੇ ਕੁ ਤਿੰਨ ਵਜੇ ਸ਼ਿਮਲੇ ਲਈ ਚੱਲ ਪਏ। ਤਕਰੀਬਨ ਸਾਢੇ ਪੰਜ ਵਜੇ ਪੂਰੇ ਦੋ ਘੰਟਿਆਂ ਵਿੱਚ ਸ਼ਿਮਲਾ ਵਾਪਸ ਆ ਪਹੁੰਚੇ। ਰਾਤੀਂ ਰੋਟੀ ਖਾ ਕੇ ਸਾਰੇ ਦਿਨ ਦੇ ਥੱਕਿਆਂ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ।
ਅਸੀਂ ਕੁਫ਼ਰੀ ਜਾਣ ਦਾ ਫ਼ੈਸਲਾ ਕੀਤਾ। ਸ਼ਿਮਲੇ ਤੋਂ 16 ਕੁ ਕਿਲੋਮੀਟਰ ਦੂਰ ਕੁਫ਼ਰੀ ਦਾ ਰਾਹ ਬੇਹੱਦ ਸਾਫ਼ ਤੇ ਸੋਹਣਾ ਸੀ। ਕੁਫ਼ਰੀ ਤੋਂ ਕੁਝ ਕੁ ਕਿਲੋਮੀਟਰ ਪਹਿਲਾਂ ਹੀ ਕੁਝ ਘੁਮਾਅਦਾਰ ਮੋੜ ਆਏ ਜਿਨ੍ਹਾ ਦੇ ਸਿਰਿਆਂ ’ਤੇ ਪਾਰਕਿੰਗਜ਼ ਬਣੀਆਂ ਹੋਈਆਂ ਸਨ।
ਅਸੀਂ ਸਲਾਹ ਕੀਤੀ ਕਿ ਅੱਗੇ ਜਾ ਕੇ ਕੋਈ ਬਹੁਤਾ ਲਾਭ ਨਹੀਂ, ਖੱਜਲ-ਖੁਆਰੀ ਵਾਧੂ ਦੀ ਹੋਵੇਗੀ। ਸੋ ਅਸੀਂ ਉੱਥੋਂ ਇੱਕ ਦੁਕਾਨ ਤੋਂ ਚਾਹ ਪੀਤੀ ਤੇ ਵਾਪਸ ਮੁੜ ਪਏ। ਢਾਈ ਕੁ ਵਜੇ ਅਸੀਂ ਵਾਪਸ ਸ਼ਿਮਲੇ ਪਹੁੰਚੇ। ਦੋ ਕੁ ਘੰਟੇ ਆਰਾਮ ਕਰਕੇ ਅਸੀਂ ਸ਼ਾਮੀ ਪੰਜ ਕੁ ਵਜੇ ਰਿੱਜ ’ਤੇ ਜਾਣ ਦਾ ਪ੍ਰੋਗਰਾਮ ਬਣਾਇਆ। ਪੈਦਲ ਹੀ ਅਸੀਂ ਮਾਲ ਰੋਡ ’ਤੇ ਪਹੁੰਚ ਗਏ। ਮਾਲ ਰੋਡ ’ਤੇ ਪ੍ਰਾਈਵੇਟ ਵਾਹਨ ਲਿਜਾਣ ਦੀ ਇਜਾਜ਼ਤ ਨਹੀਂ। ਇਸ ਲਈ ਉੱਥੇ ਲੋਕ ਪੈਦਲ ਹੀ ਜਾ ਰਹੇ ਸਨ। ਇਸ ਸੜਕ ਦੇ ਸੱਜੇ ਪਾਸੇ ਡੂੰਘੀ ਖੱਡ ਸੀ ਤੇ ਦੂਰ ਤੱਕ ਦਿੱਸਦੇ ਪਹਾੜ। ਏਥੇ ਸੈਲਾਨੀਆਂ ਦੀ ਇੰਨੀ ਭੀੜ ਸੀ ਕਿ ਇਉਂ ਜਾਪਦਾ ਸੀ ਜਿਵੇਂ ਮੇਲਾ ਲੱਗਿਆ ਹੋਵੇ। ਮਾਲ ਰੋਡ ’ਤੇ ਸੱਜੇ ਹੱਥ ਬਹੁਤ ਸਾਰੀਆਂ ਦੁਕਾਨਾਂ ਬਣੀਆਂ ਹੋਈਆਂ ਹਨ। ਇਸੇ ਰੋਡ ’ਤੇ ਮਿਉਂਸੀਪਲ ਕਮੇਟੀ, ਮੇਅਰ ਅਤੇ ਬੀ.ਐੱਸ.ਐੱਨ.ਐੱਲ. ਦਾ ਦਫ਼ਤਰ, ਡੀਫੈਂਸ ਕਲੱਬ, ਸੜਕ ਵਿਭਾਗ ਦਾ ਮੁੱਖ ਦਫਤਰ ਤੇ ਚੀਫ਼ ਐਡਵਾਇਜ਼ਰ ਦਾ ਦਫ਼ਤਰ ਹੈ। ਮਿਉਂਸੀਪਲ ਕਮੇਟੀ, ਮੇਅਰ ਦਾ ਦਫ਼ਤਰ ਤੇ ਡੀਫੈਂਸ ਕਲੱਬ ਸਮੇਤ ਕਈ ਹੋਰ ਇਮਾਰਤਾਂ ਅੰਗਰੇਜ਼ਾਂ ਵੇਲੇ ਦੀਆਂ ਹਨ। ਇਨ੍ਹਾਂ ਨੂੰ ਉਨ੍ਹਾਂ ਦੇ ਮੂਲ ਰੂਪ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਇਨ੍ਹਾਂ ਇਮਾਰਤਾਂ ਨੂੰ ਵੇਖਦਿਆਂ ਬੰਦੇ ਦਾ ਮਨ ਬਦੋ-ਬਦੀ ਪਿਛਾਂਹ ਵੱਲ ਨੂੰ ਤੁਰ ਪੈਂਦਾ ਹੈ।
ਅਸੀਂ ਕਾਹਲੀ-ਕਾਹਲੀ ਤੁਰਦੇ ਮਾਲ ਰੋਡ ਤੋਂ ਰਿੱਜ ’ਤੇ ਪਹੁੰਚੇ। ਜਿਹੜੀ ਥਾਂ ’ਤੇ ਮਾਲ ਰੋਡ ਅਤੇ ਰਿੱਜ ਰੋਡ ਆਪਸ ਵਿੱਚ ਮਿਲਦੀਆਂ ਹਨ ਉਸ ਥਾਂ ਨੂੰ ਸਕੈਂਡਲ ਪੁਆਇੰਟ ਕਹਿੰਦੇ ਨੇ। ਸਕੈਂਡਲ ਪੁਆਇੰਟ ’ਤੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦਾ ਬਹੁਤ ਵੱਡਾ ਬੁੱਤ ਲੱਗਾ ਹੋਇਆ ਹੈ। ਅਸੀਂ ਰਿੱਜ ’ਤੇ ਪਹੁੰਚੇ। ਛੁੱਟੀਆਂ ਹੋਣ ਕਰਕੇ ਇੱਥੇ ਭਾਰੀ ਗਿਣਤੀ ਵਿੱਚ ਸੈਲਾਨੀ ਜਮ੍ਹਾਂ ਸਨ। ਇੱਥੇ ਬਣੇ ਬੈਂਚਾਂ ’ਤੇ ਬੈਠ ਕੇ ਅਸੀਂ ਚੰਨ-ਚਾਨਣੀ ਰਾਤ ਦਾ ਆਨੰਦ ਮਾਣਿਆ। ਫਿਰ ਉਸੇ ਸੜਕ ’ਤੇ ਬਣੇ ਢਾਬੇ ਤੋਂ ਰੋਟੀ ਖਾਧੀ। ਰਿੱਜ ’ਤੇ ਹੀ ਸ਼ਿਮਲਾ ਸਮਝੌਤੇ ਦੀ ਯਾਦ ਵਿੱਚ ਇੰਦਰਾ ਗਾਂਧੀ ਦਾ ਬੁੱਤ ਲੱਗਿਆ ਹੋਇਆ ਹੈ। ਵਾਪਸ ਆਉਂਦਿਆਂ ਥਕਾਵਟ ਦਾ ਪਤਾ ਲੱਗਿਆ। ਕਮਰੇ ਵਿੱਚ ਆਉਂਦਿਆਂ ਸਾਰ ਹੀ ਅਸੀਂ ਸਾਰੇ ਸੌਂ ਗਏ।
ਅਗਲਾ ਦਿਨ ਵਾਪਸੀ ਦਾ ਸੀ। ਅਸੀਂ ਸਾਢੇ ਕੁ ਨੌਂ ਵਜੇ ਸਵੇਰੇ ਤਲਵਾੜੇ ਲਈ ਤੁਰ ਪਏ। ਵਾਪਸੀ ਵਾਇਆ ਚੰਡੀਗੜ੍ਹ ਸੀ। ਸੜਕ ਸ਼ਾਹਰਾਹ ਹੋਣ ਕਾਰਨ ਹਮੀਰਪੁਰ ਵਾਲੀ ਸੜਕ ਤੋਂ ਕਿਤੇ ਵੱਧ ਖੁੱਲ੍ਹੀ ਤੇ ਸਾਫ਼-ਸੁਥਰੀ ਸੀ। ਰਸਤੇ ਵਿੱਚ ਲਗਭਗ ਹਰ ਡੇਢ ਕਿਲੋਮੀਟਰ ਦੇ ਫਾਸਲੇ ’ਤੇ ਫਰੂਟ ਦੀਆਂ ਖੋਖਾਨੁਮਾ ਦੁਕਾਨਾਂ ਸਨ।
ਸ਼ਿਮਲੇ ਵਿੱਚ ਇੰਨੇ ਸੈਲਾਨੀਆਂ ਦੇ ਰੋਜ਼ਾਨਾ ਆਉਣ ਦੇ ਬਾਵਜੂਦ ਸ਼ਹਿਰ ਦਾ ਅੰਦਰੂਨੀ ਆਵਾਜਾਈ ਪ੍ਰਬੰਧ ਬੇਹੱਦ ਵਧੀਆ ਸੀ। ਸ਼ਹਿਰ ਬੇਹੱਦ ਸਾਫ਼-ਸੁਥਰਾ ਸੀ ਤੇ ਥਾਂ-ਥਾਂ ’ਤੇ ਕੂੜਾਦਾਨ ਪਏ ਸਨ। ਕਿਸੇ ਤੋਂ ਰਾਹ ਪੁੱਛਣ ਦੀ ਲੋੜ ਨਹੀਂ ਪੈਂਦੀ। ਥਾਂ-ਥਾਂ ਰਾਹ ਦੱਸਣ ਵਾਲੇ ਬੋਰਡ ਲੱਗੇ ਹੋਏ ਸਨ। ਸ਼ਹਿਰ ਵਿੱਚ ਏਨੀ ਭੀੜ ਹੋਣ ਦੇ ਬਾਵਜੂਦ ਸਾਨੂੰ ਇੱਕ ਵੀ ਜਾਮ ਨਹੀਂ ਮਿਲਿਆ।
ਗੱਲਾਂ ਕਰਦੇ ਅਸੀਂ ਅਜੇ ਸ਼ਿਮਲੇ ਤੋਂ 20 ਕੁ ਕਿਲੋਮੀਟਰ ਹੀ ਗਏ ਹੋਵਾਂਗੇ ਕਿ ਸਾਨੂੰ ਸ਼ਿਮਲਾ ਕਾਲਕਾ ਵਾਲੀ ਸ਼ਿਵਾਲਿਕ ਐਕਸਪੈ੍ਰਸ ਵੀ ਦਿਸ ਪਈ। ਰੇਲਗੱਡੀ ਦੀ ਲਾਈਨ ਸੜਕ ਦੇ ਬਰਾਬਰ ਹੀ ਜਾਂਦੀ ਹੈ। ਕਿਤੇ-ਕਿਤੇ ਕਿਸੇ ਸੁਰੰਗ ’ਚੋਂ ਲੰਘਦਿਆਂ ਜ਼ਰੂਰ ਅੱਖੋਂ ਓਹਲੇ ਹੋ ਜਾਂਦੀ ਪਰ ਫਿਰ ਦਿਸ ਪੈਂਦੀ। ਜਾਖੂ ਮੰਦਰ, ਸ਼ਿਵਾਲਿਕ ਐਕਸਪ੍ਰੈਸ ਤੇ ਮਿਊਜ਼ੀਅਮ ਦੀ ਸੈਰ ਅਗਲੀ ਫੇਰੀ ’ਤੇ ਸਹੀ। ਚੰਡੀਗੜ੍ਹ ਪਹੁੰਚੇ ਤਾਂ ਮੋਹਲੇਧਾਰ ਮੀਂਹ ਪੈ ਰਿਹਾ ਸੀ। ਸ਼ਾਮ ਨੂੰ ਸਾਢੇ ਕੁ ਛੇ ਵਜੇ ਅਸੀਂ ਘਰ ਤਲਵਾੜੇ ਪਹੁੰਚੇ।

Comments

comments

Share This Post

RedditYahooBloggerMyspace