ਪੂੰਜੀ, ਜ਼ਿੰਦਗੀ ਦੇ ਹੁਸੀਨ ਪਲਾਂ ਦੀ

Blog4-29-14(ਕਰਨੈਲ ਸਿੰਘ ਸੋਮਲ)

ਹਰੇਕ ਦੀ ਆਪਣੀ-ਆਪਣੀ ਸਮਝ ਹੈ ਕਿ ਜ਼ਿੰਦਗੀ ਦੇ ਖੂਬਸੂਰਤ ਪਲ ਕਿਹੜੇ ਹਨ। ਵੈਸੇ ਭਰਪੂਰਤਾ ਦੇ ਉਹ ਪਲ ਜਿਹੜੇ ਜ਼ਿਹਨ ਵਿਚ ਅੰਬਰ ਦੇ ਤਾਰਿਆਂ ਵਾਂਗ ਜੜੇ ਜਾਣ ਉਹ ਸਾਡੇ ਹੁਸੀਨ ਪਲ ਹਨ। ਭੁਲੇਖਾ ਪੈ ਸਕਦਾ ਹੈ ਜਿਵੇਂ ਇਹ ਰੁਮਾਂਟਿਕ ਅਨੁਭਵਾਂ ਦੀ ਗੱਲ ਹੋਵੇ। ਬਿਨਾਂ ਸ਼ੱਕ ਮੁਹੱਬਤ ਦੇ ਪਲ ਵੀ ਕੀਮਤੀ ਹਨ। ਪਦਾਰਥਿਕ ਭਰਪੂਰਤਾ ਅਤੇ ਦੁਨਿਆਵੀ ਸਫਲਤਾ ਦੀ ਲੋਚਾ ਵੀ ਸਹੀ ਹੈ। ਇਸ ਖੁਸ਼ਹਾਲੀ ਲਈ ਹੀ ਮਨੁੱਖ ਦਿਨ-ਰਾਤ ਮਿਹਨਤ ਕਰਦਾ ਹੈ। ਐਪਰ ਹੁਸੀਨ ਪਲ ਖੁਸ਼ਕਿਸਮਤੀ ਨਾਲ ਜ਼ਿੰਦਗੀ ਦੇ ਹੋਰ ਅਨੇਕ ਪਸਾਰਾਂ ਨਾਲ ਵੀ ਜੁੜੇ ਹਨ।

ਮੇਰਾ ਗਰਾਈਂ ਸੁਜਾਨ ਸਿਹੁੰ ਬੜੇ ਜਬ੍ਹੇ ਅਤੇ ਜੁਰੱਅਤ ਵਾਲਾ ਇਨਸਾਨ ਹੈ। ਆਪਣੇ ਵਿਆਹ ਵੇਲੇ ਉਹ ਤਿੰਨ ਕੱਪੜਿਆਂ ਵਿਚ ਹੀ ਵਹੁਟੀ ਲੈ ਆਇਆ ਸੀ। ਮੁੜ ਕਦੇ ਨਾ ਗਿਲਾ ਨਾ ਸ਼ਿਕਵਾ। ਪੂਰੇ ਅਠਵੰਜਾ ਸਾਲ ਇਕ-ਦੂਜੇ ਦਾ ਸਾਥ ਇਕ ਜੋਤਿ ਦੋਇ ਮੂਰਤੀ ਬਣ ਕੇ ਨਿਭਾਇਆ। ਆਪਸ ਵਿਚ ਵੀ ਅੰਤਾਂ ਦਾ ਪਿਆਰ ਤੇ ਲੋਕਾਂ ਨਾਲ ਵੀ ਪੂਰੀ ਸਾਂਝ ਤੇ ਮਿਲਵਰਤਣ। ਪੁੱਤਾਂ ਦੇ ਵਿਆਹਾਂ ਵੇਲੇ ਵੀ ਦਾਜ ਦਹੇਜ ਨਾ ਲਿਆ। ਖੁੱਲ੍ਹ ਵੀ ਪੂਰੀ ਦਿੱਤੀ ਕਿ ਜਾਤ, ਧਰਮ ਆਦਿ ਦੀਆਂ ਹੱਦਬੰਦੀਆਂ ਤੋਂ ਪਰੇ ਆਪਣੀ ਮਨਪਸੰਦ ਕੁੜੀ ਨੂੰ ਪਰਣਾ ਲਿਆਓ। ਇਸ ਸੱਜਣ ਨੇ ਪਹਿਲਾਂ ਕਦੇ-ਕਦਾਈਂ ਹੀ ਪਾਠ ਕੀਤਾ ਹੋਣਾ ਹੈ। ਜੀਵਨ ਸਾਥਣ ਦੇ ਪੂਰੇ ਹੋਣ ਤੇ ਉਸੇ ਗੁਟਕੇ ਤੋਂ ਸਵੇਰ-ਸੰਝ ਪਾਠ ਕਰਨ ਲੱਗ ਪਿਆ। ਕਹਿੰਦਾ, ”ਇਹ ਗੁਟਕਾ ਉਸ ਦੇ ਹੱਥਾਂ ਵਿਚ ਰਿਹਾ ਹੈ। ਹੁਣ ਜਦੋਂ ਮੈਂ ਪਾਠ ਕਰਦਾ ਹਾਂ, ਜਾਪਦਾ ਹੈ ਉਹ ਮੇਰੇ ਕੋਲ ਹੀ ਹੈ।” ਪਤਨੀ ਦੇ ਜਿਊਂਦਿਆਂ ਦੋਹਾਂ ਨੇ ਦੰਪਤੀ ਜੀਵਨ ਦੇ ਰਿਸ਼ਤੇ ਦੀ ਅਮੀਰੀ ਮਾਣੀ। ਹੁਣ ਇਕੱਲੇ ਰਹਿ ਗਏ ਇਸ ਸੱਜਣ ਨੇ ਆਪਣੀ ਸਾਥਣ ਦੀ ਯਾਦ ਵਿਚ ਆਪਣੇ ਜੀਵਨ ਦਾ ਹਰ ਪਲ ਹੁਸੀਨ ਬਣਾ ਲਿਆ।

ਸਾਡੇ ਗੁਆਂਢੀਆਂ ਨੇ ਗਮਲਿਆਂ ਵਿਚ ਭਿੰਨ-ਭਿੰਨ ਕਿਸਮ ਦੇ ਫੁੱਲ-ਬੂਟੇ ਲਾ ਕੇ ਚਾਰਦੀਵਾਰੀ ‘ਤੇ ਰੱਖੇ ਹੋਏ ਹਨ। ਆਪਣੇ ਘਰ ਦੀ ਦਹਿਲੀਜ਼ ਟੱਪਦਿਆਂ ਮੈਂ ਬਾਹਰ ਤੱਕਦਾ ਹਾਂ ਤਾਂ ਭਰਪੂਰ ਖਿੜੇ ਫੁੱਲ ਮੇਰਾ ਧਿਆਨ ਮੱਲ ਲੈਂਦੇ ਹਨ। ਫੁੱਲ ਹੀ ਕਿਉਂ, ਹੋਰ ਕੋਈ ਵਿਲੱਖਣ ਕਿਸਮ ਦੇ ਲਾਏ ਬੂਟਿਆਂ ਨੂੰ ਵੇਖ ਵੀ ਮੈਂ ਪ੍ਰਸੰਨ ਹੋ ਜਾਂਦਾ ਹਾਂ।

ਇਨ੍ਹਾਂ ਪੜੌਸੀਆਂ ਨੂੰ ਨਿਸ਼ਚੇ ਹੀ ਇਹ ਫੁੱਲ ਤੇ ਬੂਟੇ ਖੁਸ਼ੀ ਦਿੰਦੇ ਹੋਣਗੇ, ਪਰ ਸਰਸ਼ਾਰ ਮੈਂ ਵੀ ਇਸ ਨਜ਼ਾਰੇ ਨੂੰ ਤੱਕਦਿਆਂ ਹੋ ਜਾਂਦਾ ਹਾਂ। ਉੱਥੋਂ ਲੰਘਣ ਵਾਲੇ ਹੋਰਨਾਂ ਦਾ ਮਿਜ਼ਾਜ ਵੀ ਇਸ ਦ੍ਰਿਸ਼ ਨੂੰ ਵੇਖ ਕੇ ਸੋਹਣਾ ਹੋ ਜਾਂਦਾ ਹੋਵੇਗਾ। ਇਵੇਂ ਹੀ ਸਾਹਮਣੇ ਘਰ ਦੇ ਖੁੱਲ੍ਹੇ ਵਿਹੜੇ ਵਿਚ ਨੰਨ੍ਹੇ ਬੱਚੇ ਖਰਗੋਸ਼ਾਂ ਵਾਂਗ ਛਾਲਾਂ ਮਾਰਦੇ ਫਿਰਦੇ ਹਨ। ਇੰਨੇ ਖੂਬਸੂਰਤ ਨਜ਼ਾਰਿਆਂ ਦਾ ਨਿਰਉਚੇਚ ਭਾਗੀ ਕੋਈ ਵੀ ਬਣ ਸਕਦਾ ਹੈ।
ਕੁਝ ਫਾਸਲੇ ‘ਤੇ ਬਹੁਤ ਹੀ ਸੰਘਣੀ ਛਾਂ ਦੇਣ ਵਾਲੇ ਬਿਰਖ ਹਨ। ਗਰਮੀਆਂ ਵਿਚ ਰਾਹ ਜਾਂਦੇ ਲੋਕ ਬਿੰਦ ਦੀ ਬਿੰਦ ਇਸ ਛਾਂ ਵਿਚ ਖਲੋ ਜਾਂਦੇ ਹਨ। ਸਖਤ ਸਰਦੀਆਂ ਵਿਚ ਇਨ੍ਹਾਂ ਬਿਰਖਾਂ ‘ਤੇ ਇਕ ਪੱਤਾ ਵੀ ਨਹੀਂ ਰਹਿੰਦਾ। ਬਾਕੀ ਵਜੂਦ ਜਿਉਂ ਦਾ ਤਿਉਂ ਹੁੰਦਾ ਹੈ। ਉਵੇਂ ਮਜ਼ਬੂਤ ਤਣਾ, ਵੱਡੇ ਟਾਹਣ ਅਤੇ ਟਹਿਣੀਆਂ, ਤੇ ਅਗਾਂਹ ਹੋਰ ਨਿੱਕੀਆਂ-ਨਿੱਕੀਆਂ ਸ਼ਾਖਾਵਾਂ ਵੀ। ਸਬੂਤੇ ਢਾਂਚੇ ਵਿਚ ਕਮੀ ਕੋਈ ਨਹੀਂ, ਹਰਿਆਵਲ ਦੀ ਵਕਤੀ ਗੈਰਹਾਜ਼ਰੀ ਨੂੰ ਛੱਡ ਕੇ। ਇਸ ਬਿਰਖ ਨੂੰ ਨੀਝ ਨਾਲ ਤੱਕਣਾ ਅਨੋਖਾ ਆਨੰਦ ਦਿੰਦਾ ਹੈ। ਬੱਸ, ਦੋ-ਤਿੰਨ ਹਫਤੇ ਹੋਰ, ਮਾਘ ਮਹੀਨੇ ਦੇ ਅੰਤਲੇ ਦਿਨਾਂ ਵਿਚ ਇਸ ਨੇ ਲੁਸ-ਲੁਸ ਕਰਦੀਆਂ ਸਾਵੇ ਪੱਤਾਂ ਨਾਲ ਭਰ ਜਾਣਾ ਹੈ। ਜਦੋਂ ਤੋਂ ਤਾਈਂ ਵਧਦੀ ਤਪਸ਼ ਕਰਨ ਜੀਵ-ਜੰਤੂਆਂ ਨੂੰ, ਸਮੇਤ ਮਨੁੱਖ ਦੇ, ਛਾਂ ਦੀ ਲੋੜ ਮਹਿਸੂਸ ਹੋਣੀ ਹੈ। ਇਹ ਰੁੱਖ ਆਪਣੀ ਸੰਘਣੀ ਛਤਰੀ ਨਾਲ ਹਾਜ਼ਰ ਹੋਣਗੇ। ਜੀਵਨ-ਰਸ ਇਨ੍ਹਾਂ ਰੁੱਖਾਂ ਵਿਚ ਹੁਣ ਵੀ ਸੰਚਰਿਤ ਹੋ ਰਿਹਾ ਹੈ। ਫਿਰ ਰੁੱਖਾਂ ਦੀ ਹਰਿਆਵਲ ਦੇ ਰੂਪ ਵਿਚ ਇਸ ਨੇ ਪੂਰਾ ਪ੍ਰਕਾਸ਼ਮਾਨ ਹੋਣਾ ਹੈ। ਖੁੱਲ੍ਹੇ ਨਿਖਰੇ ਦਿਨਾਂ ਦੀਆਂ ਸਵੇਰਾਂ ਅਤੇ ਆਥਣਾਂ ਹਰ ਸਜੱਗ ਬੰਦੇ ਨੂੰ ਅਮਿਤ ਸੁਹਜ ਦੀ ਦਾਤ ਦਿੰਦੀਆਂ ਹਨ। ਸੱਚ ਹੀ ਜੀਵਨ ਰਸ ਹੈ ਤਾਂ ਜ਼ਿੰਦਗੀ ਦਿਲਚਸਪ ਲੱਗਦੀ ਹੈ, ਅਨੇਕਾਂ ਅਨੇਕ ਹੁਸੀਨ ਪਲਾਂ ਨਾਲ ਭਰੀ ਹੋਈ।
ਸਰੀਰ ਦੀਆਂ ਧਮਣੀਆਂ ਵਿਚ ਵਹਿੰਦੀ ਰੱਤ ਵਾਂਗ ਅਨੇਕਾਂ ਦਰਿਆ ਧਰਤੀ ‘ਤੇ ਵਹਿੰਦੇ ਰਹਿੰਦੇ ਹਨ। ਇਹ ਦਰਿਆ ਜ਼ਿੰਦਗੀ ਦੀ ਨਿਰੰਤਰਤਾ ਦੇ ਸੂਚਕ ਹਨ। ਉੱਚੇ ਪਰਬਤਾਂ ਦੀਆਂ ਬਰਫ਼ਾਂ ਲੱਦੀਆਂ ਚੋਟੀਆਂ ਤੋਂ ਤੁਰ ਕੇ ਇਹ ਸਮੁੰਦਰ ਵਿਚ ਮਿਲ ਜਾਣ ਤਕ ਕਿਤੇ ਇਹ ਡੂੰਘੇ ਵਗਦੇ ਹਨ, ਕਿਤੇ ਤੇਜ਼ ਅਤੇ ਕਿਤੇ ਵਿਸ਼ਾਲ ਪਾਟ ਵਿਚ ਫੈਲਦੇ ਧੀਮੀ ਚਾਲ ਚੱਲਦੇ ਸਫਰ ਕਰਦੇ ਹਨ। ਇਹ ਤਾਂ ਇਨ੍ਹਾਂ ਦੀ ਅੱਖਾਂ ਨੂੰ ਦਿੱਸਦੀ ਯਾਤਰਾ ਹੈ। ਇਸ ਜਲ ਦੀ ਬੱਦਲਾਂ ਦੇ ਕੰਧਾੜੇ ਚੜ੍ਹ ਕੇ ਮੁੜ ਆ ਬਰਸਣ ਦੇ ਅਦਿੱਸ ਸਫ਼ਰ ਦੀ ਕਲਪਨਾ ਮਾਤਰ ਵੀ ਬੰਦੇ ਨੂੰ ਰੁਮਾਂਸ ਨਾਲ ਭਰ ਦਿੰਦੀ ਹੈ। ਧਰਤੀ ਵਿਚ ਜਜ਼ਬ ਹੁੰਦਾ ਪਾਣੀ ਮੁੜ ਝਰਨਿਆਂ ਤੇ ਕੂਲਾਂ ਰਾਹੀਂ ਵੱਖ ਵੱਗਦਾ ਰਹਿੰਦਾ ਹੈ।

ਉਦਮੀ ਬੰਦਿਆਂ ਦਾ ਕੁਝ ਨਵਾਂ ਕਰਨ ਦਾ ਉਤਸ਼ਾਹ, ਅਨੇਕ ਪ੍ਰਕਾਰ ਦੀ ਹੋ ਰਹੀ ਸਿਰਜਣਾ, ਜੁਗਾਂ ਪੁਰਾਣੀ ਧਰਤੀ ਤੇ ਬੰਦੇ ਦਾ ਦੋ ਪੈਰਾਂ ਨਾਲ ਕਦਮ-ਕਦਮ ਤੁਰਨਾ, ਕਿਸੇ ਰੁੱਤ ਜਾਂ ਮੌਸਮ ਦਾ ਕੁਤਕੁਤਾੜੀਆਂ ਕੱਢਦਾ ਸੁਹਜ, ਲੱਭਤ ਕਿਸੇ ਦੁਰਲੱਭ ਵਸਤ ਦੀ, ਮਿਲਣੀ ਕਿਸੇ ਕਮਾਲ ਦੇ ਮਨੁੱਖ ਦੀ, ਚਾਉ ਨਾਲ ਭਰੇ ਹੋਣ ਦੀ ਆਪਣੀ ਹੀ ਹਾਲਤ ਇੰਞ ਰੀਝਣ ਤੇ ਪਸੀਜਣ ਦਾ ਹਰੇਕ ਦਾ ਆਪਣਾ ਅਨੁਭਵ ਹੈ। ਹੁਸਨ ਕਿੱਥੇ ਨਹੀਂ? ਇਸ ਦੀ ਪਰਤੀਤੀ ਬਾਹਰ ਦੇ ਸੰਸਾਰ ਵਿਚ ਵੀ ਹੁੰਦੀ ਹੈ ਤੇ ਉਸ ਦੇ ਅੰਦਰਲੇ ਸੰਸਾਰ ਵਿਚ ਵੀ। ਬਸੰਤ ਰੁੱਤ ਆਉਂਦੀ ਹੈ ਅਤੇ ਬਸੰਤ ਰਾਗ ਵਿਚ ਰਚੀ ਗੁਰੂਆਂ ਦੀ ਬਾਣੀ ਦਾ ਗਾਇਨ ਕੰਨੀ ਪੈਂਦਾ ਹੈ। ਬਾਹਰਲੇ ਸੁਹਜ ਅਤੇ ਅੰਦਰਲੇ ਸੁਹਜ ਦੀ ਇਕਸੁਰਤਾ ਦਾ ਇਹ ਕਿਹਾ ਸੁੰਦਰ ਪਰਮਾਣ ਹੈ।

ਕੰਮੀ ਲੱਗੇ ਲੋਕਾਂ ਦਾ ਦ੍ਰਿਸ਼ ਬੜਾ ਮਨਮੋਹਕ ਹੁੰਦਾ ਹੈ। ਦੇਵ ਮੇਰੇ ਪਿੰਡ ਦਾ ਮੰਨਿਆ ਹੋਇਆ ਕਾਮਾ ਹੈ। ਪੀੜ੍ਹੀ-ਦਰ-ਪੀੜ੍ਹੀ ਦੂਜਿਆਂ ਦੇ ਘਰਾਂ ਦਾ ਗੋਹੇ-ਕੂੜੇ ਦਾ ਕੰਮ ਕਰਨ ਵਾਲੇ ਪਰਿਵਾਰ ਨਾਲ ਸਬੰਧ ਹੈ, ਉਸ ਦਾ। ਤਿੱਥ ਤਿਉਹਾਰ ਨੂੰ ਅਤੇ ਪਿੰਡ ਲੱਗਦੇ ਮੇਲੇ ਦੇ ਦਿਨੀਂ ਉਹ ਪੂਰਾ ਸੱਜ-ਧੱਜ ਕੇ ਮਾਵੇ ਵਾਲੀ ਰੰਗਦਾਰ ਪੱਗ ਤੁਰਲਾ ਛੱਡ ਕੇ ਬੰਨ੍ਹਦਾ।

ਉਸ ਦੇ ਇਸ ਟੌਰੇ ਤੋਂ ਲੋਕ ਉਸ ਨੂੰ ਟੌਰੂ ਕਰ ਕੇ ਵੀ ਬੁਲਾਉਂਦੇ। ਟੌਰੂ ਅਤੇ ਉਜੇਹੇ ਹੋਰ ਕਾਮਿਆਂ ਨੇ ਜਦੋਂ ਆਪਣੀ ਚੌੜੇ ਫਾਲ ਵਾਲੀਆਂ ਕਹੀਆਂ ਨੂੰ ਡੂੰਘੇ ਟੱਕ ਲਾਉਣ ਲਈ ਉਪਰ ਨੂੰ ਉਲਾਰਨਾ ਤਾਂ ਉਨ੍ਹਾਂ ਦੀ ਲਿਸ਼ਕ ਵੇਖਣ ਵਾਲੀ ਹੁੰਦੀ। ਇਨ੍ਹਾਂ ਕਾਮਿਆਂ ਨੇ ਪਤਾ ਨਹੀਂ ਕਿੰਨੇ ਟੋਏ-ਟਿੱਬੇ ਪਧਰਾਏ ਹੋਣਗੇ। ਕਿੰਨੀ ਜ਼ਮੀਨ ਵਰਤੋਂ ਯੋਗ ਬਣਾਈ ਹੋਵੇਗੀ। ਇਵੇਂ ਹੀ ਪੱਕੀ ਕਣਕ ਨੂੰ ਵੱਢਣ ਲਈ ਜਦੋਂ ਬੱਗੂ ਵਰਗੇ ਵਢਾਵੇ ਦਾਤੀਆਂ ਲੈ ਕੇ ਫਾਂਟ ਪਰ ਫਾਂਟ ਲਾਉਂਦੇ ਤਾਂ ਸੋਨੇ ਰੰਗੀ ਕਣਕ ਦੇ ਥੱਬੇ ਉਨ੍ਹਾਂ ਅੱਗੇ ਨੱਚਦੇ ਲੱਗਦੇ। ਅਜਿਹੇ ਹੁਸੀਨ ਪਲ ਬੇਸ਼ੱਕ ਕਦੇ-ਕਦਾਈਂ ਹੀ ਜ਼ਿਹਨ ‘ਚ ਸਾਂਭੇ ਜਾਂਦੇ ਹਨ। ਤਾਂ ਵੀ ਘਿਉ ਦੇ ਚੌਮੁਖੀਏ ਦੀਵੇ ਦੇ ਜਗਣ ਵਾਂਗ ਇਨ੍ਹਾਂ ਦੀ ਲੋਅ ਫੈਲ ਕੇ ਆਰਜਾ ਦੀ ਲੰਮੀ ਚਾਦਰ ਨੂੰ ਰੁਸ਼ਨਾ ਦਿੰਦੀ ਹੈ। ਕਿਸੇ ਫੁੱਲ-ਪੱਤੀ ‘ਤੇ ਪਏ ਤ੍ਰੇਲ-ਤੁਪਕੇ ਨੂੰ ਚੜ੍ਹਦੇ ਸੂਰਜ ਦੀ ਕੋਈ ਸੱਜਰੀ ਕਿਰਨ ਅਨੇਕਾਂ ਰੰਗਾਂ ਨਾਲ ਡਲਕਣ ਲਾ ਦਿੰਦੀ ਹੈ। ਇਹ ਨਜ਼ਾਰਾ ਥੁੜ-ਚਿਰਾ ਹੋਣ ਦੇ ਬਾਵਜੂਦ ਅਤਿ ਹੁਸੀਨ ਅਤੇ ਅਭੁੱਲ ਹੁੰਦਾ।

ਜ਼ਿੰਦਗੀ ਦਾ ਸੁਹਜ ਕਿੱਥੇ-ਕਿੱਥੇ ਨਹੀਂ ਧੂੜਿਆ ਮਿਲਦਾ? ਨਿੱਕਾ ਬਾਲ ਹੱਥਾਂ ਅਤੇ ਪੈਰਾਂ ਨਾਲ ਪਿਆ-ਪਿਆ ਹੀ ਨ੍ਰਿਤ ਕਰਦਾ ਤੇ ਨਾਲ ਚਾਘੀਆਂ ਮਾਰਦਾ ਹੈ। ਇਹ ਨਿਰਮਲ ਜੀਵਨ ਜਾਣੋ ਪਾਰੇ ਵਾਂਗ ਥਿਰਕਦਾ ਹੈ। ਕਮਾਲ ਹੈ, ਇਹ ਜੀਵਨ ਨਿੰਮਦਾ ਹੀ ਪਲੋ-ਪਲੀ ਵਾਧੇ ਪੈ ਗਿਆ ਕਾਇਆ ਦਾ ਵਿਕਾਸ ਅੱਡ ਤੇ ਚਿਰਾਗ ਦੇ ਜਗ ਜਾਣ ਵਾਂਗ ਸੁਰਤ ਦਾ ਵਿਸਤਾਰ ਵੱਖ। ਜੀਵਨ ਵਿਚ ਉਤੋੜੁੱਤੀ ਅਨੇਕ ਭਾਂਤ ਦੀਆਂ ਤਬਦੀਲੀਆਂ ਆਈ ਜਾਂਦੀਆਂ ਹਨ। ਹਰ ਬਦਲਾਉ ਕੁਝ ਨਵਾਂ ਕਰ ਗੁਜ਼ਰਨ ਦਾ ਬੁਲਾਵਾ ਦਿੰਦਾ ਹੈ। ਮੌਲਿਕਤਾ ਤੇ ਸਿਰਜਣਾ ਵੀ ਅਛੋਪਲੇ ਨਾਲ ਤੁਰ ਪੈਂਦੀਆਂ ਹਨ।

ਠੀਕ ਹੈ, ਮਨ ਭਾਉਂਦਾ ਖਾ ਕੇ ਜਗ ਭਾਉਂਦਾ ਪਹਿਨ ਕੇ ਅਨੋਖਾ ਸੁੱਖ ਮਿਲਦਾ ਹੈ। ਹੁਸੀਨ ਪਲਾਂ ਦਾ ਪਦਾਰਥਕ ਸੰਸਾਰ ਨਾਲ ਬਹੁਤਾ ਗੂੜ੍ਹਾ ਰਿਸ਼ਤਾ ਉਂਜ ਹੈ ਨਹੀਂ। ਜ਼ਿੰਦਗੀ ਦੇ ਵਿਸ਼ਾਲ ਕੈਨਵਾਸ ਤੇ ਹੋਰ ਅਨੇਕਾਂ ਸਥਲ ਮਿਲਦੇ ਹਨ ਜਦੋਂ ਬੰਦਾ ਆਤਮਵਿਭੋਰ ਹੋ ਜਾਂਦਾ ਹੈ। ਉਹ ਜਾਣ ਵੀ ਨਹੀਂ ਸਕਦਾ ਕਿ ਜਿੰਦ ਉਡੂੰ-ਉਡੂੰ ਕਿਉਂ ਕਰਦੀ ਹੈ। ਬੇਪਰਵਾਹੀ ਅਤੇ ਮੌਜ ਦਾ ਇਹ ਆਲਮ ਵਸਤਾਂ ਦੇ ਢੇਰ ਦਾ ਮੁਹਤਾਜ ਨਹੀਂ। ਮੌਜ ਦਾ ਮਤਲਬ ਹੀ ਹੈ ਵਰਤਮਾਨ ਵਿਚ ਜਿਊਣਾ ਹੈ। ਅੰਬ ਚੂਪਦਾ ਬੱਚਾ ਸੰਸਾਰ ਨੂੰ ਭੁੱਲ ਕੇ ਫਲ ਦੇ ਰਸ ਨਾਲ ਰਸੀਲਾ ਬਣ ਜਾਂਦਾ ਹੈ। ਉਕਾਬ ਦੀ ਸ਼੍ਰੇਣੀ ਦੇ ਸਾਰੇ ਪੰਛੀ ਜਦੋਂ ਆਪਣੇ ਖੰਭਾਂ ਨੂੰ ਜਿਵੇਂ ਕਿਸ਼ਤੀ ਚਾਲਕ ਚੱਪੂ ਮਾਰਦਾ ਹੈ, ਚਾਰ ਝੋਲਾਂ ਪਿੱਛੋਂ, ਖੁੱਲ੍ਹੇ ਆਕਾਸ ਵਿਚ ਤੈਰਨ ਲੱਗ ਜਾਂਦੇ ਹਨ। ਤਦ ਉਸ ਨਿਰਜਤਨ ਅਵਸਥਾ ਦੀ ਸੁੰਦਰਤਾ ਬਿਆਨ ਤੋਂ ਬਾਹਰ ਹੁੰਦੀ ਹੈ। ਕਿਸਾਨ ਖੁਸ਼ੀ-ਖੁਸ਼ੀ ਆਪਣੇ ਪਸ਼ੂਆਂ ਨੂੰ ਨਹਿਲਾਉਂਦਾ ਹੈ ਤਦ ਇਹ ਦੱਸਣਾ ਔਖਾ ਹੁੰਦਾ ਹੈ ਕਿ ਇਹ ਹੁਸੀਨ ਪਲ ਕੀਹਦੇ ਹੁੰਦੇ ਹਨ। ਠੰਡਕ ਮਾਣਦੇ ਪਸ਼ੂ ਦੇ ਤ੍ਰਿਪਤ ਹੋਏ ਕਿਰਸਾਨ ਦੇ ਜਾਂ ਇਸ ਨਜ਼ਾਰੇ ਨੂੰ ਤੱਕਣ ਵਾਲੇ ਦੇ। ਸਾਦਗੀ ਤੇ ਸਰਲਤਾ ਸੱਚੀ ਖੁਸ਼ੀ ਦਾ ਸੋਹਣਾ ਵਾਹਣ ਬਣਦੀਆਂ ਹਨ। ਤਨ-ਮਨ ਦੀ ਤੰਦਰੁਸਤੀ ਆਪਣੇ ਆਪ ਵਿਚ ਵੱਡਾ ਸੁੱਖ ਬਣਦੀ ਹੈ। ਦੂਜੇ ਲਈ ਕੁਝ ਕਰਦਿਆਂ ਆਪਣੇ ਆਪ ਤਕ ਭੁੱਲ ਜਾਣ ਦੀ ਅਵਸਥਾ ਆਪਣੇ ਥਾਈਂ ਕਮਾਲ ਹੈ।

‘ਜਦੋਂ ਪੈਣ ਕਪਾਹੀਂ ਫੁੱਲ’ ਦੀ ਰੁੱਤ ਦੀ ਲੋਚਾ ਵਾਂਗ ਹੁਸੀਨ ਪਲਾਂ ਨੂੰ ਪਛਾਣਨਾ ਅਤੇ ਲੱਭਣਾ ਪੈਂਦਾ ਹੈ। ਸੋਨੇ ਦੀਆਂ ਖਾਣਾਂ ਵਿਚੋਂ ਸੁਨਹਿਰੀ ਕਣ ਇਵੇਂ ਵੀ ਲੱਭੇ ਜਾਣੇ ਹੋਣਗੇ। ਬਹੁਤੀ ਹੀ ਕੀਮਤੀ ਇਸ ਧਾਤ ਦੇ ਥਾਂ-ਥਾਂ ਅੰਬਾਰ ਤਾਂ ਨਹੀਂ ਲੱਗੇ ਹੁੰਦੇ। ਪਾਣੀ ਦੀ ਤਲਾਸ਼ ਵਿਚ ਲੋਕ ਆਪਣੇ ਵਸੇਬੇ ਨੂੰ ਛੱਡ ਕੇ ਵਗਦੇ ਪਾਣੀਆਂ ਦੇ ਨੇੜੇ ਵੱਸਦੇ ਰਹੇ ਹਨ। ਅਨੇਕਾਂ ਲੋਕ ਧਰਤੀ ਹੇਠਲੇ ਪਾਣੀ ਤਕ ਪਹੁੰਚਣ ਲਈ ਖੂਹ ਪੁੱਟਦੇ, ਨਲਕੇ ਲਾਉਂਦੇ ਤੇ ਬੋਰ ਕਰਦੇ ਰਹੇ ਹਨ। ਜਦੋਂ ਚੰਗੇ ਪਾਣੀ ਦਾ ਪੱਤਣ ਮਿਲ ਜਾਂਦਾ ਤਾਂ ਡਾਢੇ ਖੁਸ਼ ਹੁੰਦੇ। ਇਹ ਹੁਸੀਨ ਪਲ ਕੇਵਲ ਵਿਅਕਤੀ ਲਈ ਨਹੀਂ ਬਲਕਿ ਸਮੂਹ ਲਈ ਵੀ ਹੁੰਦੇ। ਆਪੇ ਦੇ ਪਸਾਰ ਦੀਆਂ ਹੱਦਾਂ ਤੀਕ ਸੁਖ ਦੀ ਉਮੰਗ, ਕਲਪਨਾ ਤੇ ਸੰਭਾਵਨਾ ਬੰਦੇ ਨੂੰ ਪੋਂਹਦੀ ਹੈ।

ਜ਼ਿੰਦਗੀ ਦੀ ਸੁੰਦਰਤਾ ਦੇ ਅਨੇਕਾਂ ਦੁਸ਼ਮਣ ਹਨ। ਗ਼ਰੀਬੀ ਕਈ ਤਰ੍ਹਾਂ ਦਾ ਪਛੜੇਵਾਂ, ਮਨ ਅਤੇ ਤਨ ਦਾ ਦਲਿੱਦਰ, ਕਰੂਰਤਾ ਜ਼ਮਾਨੇ ਦੀ ਲੁੱਟ-ਖਸੁੱਟ, ਧੱਕੇਸ਼ਾਹੀ, ਅਨਿਆਂ ਅਨੇਕ ਰੂਪਾਂ ਵਿਚ, ਬਿਮਾਰੀਆਂ ਤੇ ਹੋਰ ਬਹੁਤ ਕੁਝ ਕੁਹਜ ਪੈਦਾ ਕਰਦਾ ਹੈ। ਫਿਰ ਵੀ ਕੰਮ ਕਰਦੇ ਮਜ਼ਦੂਰ ਕਿਸੇ ਨਿੱਕੀ ਜਿਹੀ ਗੱਲ ‘ਤੇ ਖਿੜ-ਖਿੜ ਹੱਸ ਪੈਂਦੇ ਹਨ। ਜ਼ਿੰਦਗੀ ਦਾ ਭਾਰ ਢੋਂਦੇ ਜਾਪਦੇ ਲੋਕ ਇਸ ਦਾ ਰਸ ਮਹਿਸੂਸ ਕਰਦੇ ਹਨ। ਬਰਬਾਦੀਆਂ ਵਿਚ ਵੀ ਕੋਈ ਸੋਹਣਾ ਸੁਫਨਾ ਉਨ੍ਹਾਂ ਦੀਆਂ ਅੱਖਾਂ ਵਿਚ ਤੈਰਦਾ ਹੈ। ਜਦੋਂ ਹੜ੍ਹ ਆਉਂਦੇ ਹਨ, ਫਸਲਾਂ ਤੀਕ ਤਬਾਹ ਹੋ ਜਾਂਦੀਆਂ ਹਨ। ਕਿਸਾਨ ਇਸ ਸਲ੍ਹਾਬ ਵਿਚ ਵੀ ਮੁੜ ਹੋ ਸਕਦੀ ਭਰਪੂਰ ਫਸਲ ਦਾ ਖਿਆਲ ਵੇਖਦਾ ਹੈ। ਅਗਲੀ ਛਿਮਾਹੀ ਤੀਕ ਸੱਚ ਹੀ ਉਸੇ ਥਾਂ ਲਹਿਲਹਾਉਂਦੀਆਂ ਫਸਲਾਂ ਹੁੰਦੀਆਂ ਹਨ। ਦੁਪਹਿਰ ਖਿੜੀ ਦੇ ਫੁੱਲਾਂ ਵਾਂਗ ਤਪਸ਼ ਅਤੇ ਹੁੰਮਸ ਵਿਚ ਵੀ ਬੜਾ ਕੁਝ ਖਿੜ ਪੈਂਦਾ ਹੈ। ਹੁਸੀਨ ਪਲਾਂ ਵਿਚ ਸੰਜੋਏ ਸੁਹਣੇ ਭਵਿੱਖ ਦੀ ਪਰਤੀਤੀ ਹਰ ਸਿਰਜਕ ਨੂੰ ਹੁੰਦੀ ਹੈ। ਮਾਂ, ਮਾਲੀ, ਕਿਰਸਾਨ, ਕਲਾਕਾਰ, ਕਾਰੀਗਰ, ਵਿਗਿਆਨੀ, ਲੇਖਕ, ਅਧਿਆਪਕ ਅਜਿਹੇ ਅਨੇਕਾਂ ਹੀ ਸਿਰਜਕ ਹਨ।

ਸ੍ਰੀ ਗੁਰੂ ਗੋਬਿੰਦ ਸਿੰਘ ਨੇ ਆਨੰਦਪੁਰ ਵਿਖੇ ਖਾਲਸੇ ਦੀ ਜੁ ਸਿਰਜਣਾ ਕੀਤੀ, ਉਨ੍ਹਾਂ ਪਲਾਂ ਦੀ ਲਿਸ਼ਕ ਨੂੰ ਅਨੇਕਾਂ ਕਲਮਕਾਰਾਂ, ਚਿੱਤਰਕਾਰਾਂ, ਰਾਗੀਆਂ-ਢਾਡੀਆਂ ਤੇ ਭਾਸ਼ਣਕਾਰਾਂ ਨੇ ਸ਼ਬਦਾਂ, ਰੰਗਾਂ ਤੇ ਧੁਨਾਂ ਵਿਚ ਫੜਨ ਦੀ ਬਥੇਰੀ ਕੋਸ਼ਿਸ਼ ਕੀਤੀ। ਐਪਰ ਜਾਪਦਾ ਹੈ, ਉਨ੍ਹਾਂ ਅਨੋਖੇ ਛਿਣਾਂ ਨੂੰ ਬਿਆਨਣ ਲਈ ਯਤਨ ਅਜੇ ਜਾਰੀ ਰਹਿਣੇ ਹਨ। ਟੀ.ਵੀ. ‘ਤੇ ਇਕ ਨਾਮੀ ਕਲਾਕਾਰ ਨੂੰ ਪੁੱਛਿਆ ਗਿਆ ਕਿ ਤੁਸੀਂ ਬੀਤੇ ਇਤਿਹਾਸ ਦੇ ਕਿਹੜੇ ਪਲਾਂ-ਛਿਣਾਂ ਨੂੰ ਮੁੜ ਜਿਊਣ ਦੀ ਅਭਿਲਾਸ਼ਾ ਰੱਖਦੇ ਹੋ? ਉਸ ਕਿਹਾ ਸੀ ਕਿ ਕਾਸ਼ ਮੈਂ 1699 ਵਿਚ ਖਾਲਸੇ ਦੀ ਸਿਰਜਣਾ ਦੀਆਂ ਉਨ੍ਹਾਂ ਘੜੀਆਂ ਦਾ ਸਾਖੀ ਹੋ ਸਕਦਾ।

ਧਾਰਨਾ ਹੈ ਕਿ ਹੰਸ ਮੋਤੀ ਚੁੱਗਦਾ ਹੈ। ਉਸ ਦਾ ਵਾਸਾ ਸਰਵਰਾਂ ‘ਤੇ ਹੁੰਦਾ ਹੈ। ਹੁਸੀਨ ਪਲਾਂ ਦੀ ਚੋਗ ਲਈ ਇਸੇ ਹੰਸ ਬਿਰਤੀ ਦੀ ਸ਼ਾਇਦ ਲੋੜ ਹੈ। ਖੋਜੀ ਇਤਿਹਾਸ ਅਤੇ ਮਿਥਿਹਾਸ ਦੇ ਪੱਤਰੇ ਫਰੋਲਦਾ ਹੈ ਅਤੇ ਕਿਸਾਨ, ਮਾਲੀ ਜ਼ਮੀਨ ਦੀਆਂ ਜ਼ਰਖੇਜ਼ ਪਰਤਾਂ ਨੂੰ। ਘੁਮੱਕੜ ਧਰਤੀਆਂ ਗਾਹੁੰਦਾ ਹੈ। ਪੁਲਾੜ ਯਾਤਰੀ ਹੋਰ-ਹੋਰ ਧਰਤੀਆਂ ਤਕ ਉਡਾਣਾਂ ਭਰਦਾ ਹੈ। ਜਦੋਂ ਮਨੁੱਖ ਨੇ ਪਹਿਲੀ ਵਾਰੀ ਚੰਨ ‘ਤੇ ਪੈਰ ਧਰਿਆ ਤਾਂ ਉਨ੍ਹਾਂ ਅਨੋਖੇ ਪਲਾਂ ਨੇ ਧਰਤੀ ਦੇ ਸਾਰੇ ਬਾਸ਼ਿੰਦਿਆਂ ਦੇ ਦਿਲ ਗੁਦਗੁਦਾ ਦਿੱਤੇ। ਉਹ ਮੁਬਾਰਕ ਘੜੀਆਂ ਸੱਚ-ਮੁੱਚ ਹੀ ਕਰਤਾਰੀ ਹੁੰਦੀਆਂ ਹਨ ਜਦੋਂ ਵਿਅਕਤੀ, ਪਰਿਵਾਰ, ਸਮਾਜ ਤੇ ਦੇਸ਼, ਅਜਿਹੇ ਅਮੀਰੀ ਬਖਸ਼ਦੇ ਲਮਹਿਆਂ ਨੂੰ ਅਰਜਿਤ ਕਰਨ ਦੇ ਰਾਹ ਪੈਂਦੇ ਹਨ। ਆਮੀਨ!

Comments

comments

Share This Post

RedditYahooBloggerMyspace