ਹੀਮੋਫੀਲੀਆ

ਹੀਮੋਫੀਲੀਆ ਰਈਸਾਂ ਦੀ ਬੀਮਾਰੀ ਗਿਣੀ ਜਾਂਦੀ ਹੈ ਕਿਉਂਕਿ ਮਹਾਰਾਣੀ ਵਿਕਟੋਰੀਆ ਇਸ ਬੀਮਾਰੀ ਦੇ ਅੰਸ਼ ਪਾਲੀ ਬੈਠੀ ਸੀ ਤੇ ਉਸ ਨੇ ਅੱਗੋਂ ਆਪਣੇ ਟੱਬਰ ਦੀਆਂ ਕਈ ਪੀੜ੍ਹੀਆਂ ਵੀ ਰੋਗੀ ਕਰ ਦਿੱਤੀਆਂ। ਇਹ ਬੀਮਾਰੀ ਸਿਰਫ ਉਨ੍ਹਾਂ ਦੇ ਮਹਿਲ ਤਕ ਹੀ ਸੀਮਤ ਨਹੀਂ ਰਹੀ ਬਲਕਿ ਉਨ੍ਹਾਂ ਨੇ ਇਸ ਬੀਮਾਰੀ ਨੂੰ ਸਪੇਨ, ਜਰਮਨ ਤੇ ਰੂਸੀ ਮਹਿਲ ਵਾਸੀਆਂ ਦੇ ਅੰਦਰ ਵੀ ਤੋਰ ਦਿੱਤਾ।
ਹੀਮੋਫੀਲੀਆ ਦਰਅਸਲ ਦੋ ਯੂਨਾਨੀ ਸ਼ਬਦਾਂ ਤੋਂ ਬਣਿਆ ਹੈ ‘ਹਾਏਮਾ’ ਯਾਨੀ ਲਹੂ ਤੇ ‘ਫੀਲੀਆ’ ਯਾਨੀ ਮਾੜਾ ਅਸਰ।
ਇਹ ਮਾੜਾ ਅਸਰ ਸਰੀਰ ਅੰਦਰ ਲਹੂ ਨੂੰ ਜੰਮਣ ਨਹੀਂ ਦਿੰਦਾ ਤੇ ਸੱਟ ਵੱਜਣ ਬਾਅਦ ਜਾਂ ਸੱਟ ਵੱਜੇ ਬਗ਼ੈਰ ਵੀ ਲਹੂ ਵਗਦਾ ਰਹਿ ਸਕਦਾ ਹੈ। ਇਹ ਬੀਮਾਰੀ ਦੋ ਕਿਸਮਾਂ ਦੀ ਹੁੰਦੀ ਹੈ – ‘ਏ’ ਅਤੇ ‘ਬੀ’।
1937 ਵਿਚ ਹਾਵਰਡ ਦੇ ਦੋ ਡਾਕਟਰਾਂ, ਪੈਟਿਕ ਤੇ ਟੇਲਰ ਨੇ ਖੋਜ ਕਰਦਿਆਂ ਲੱਭਿਆ ਕਿ ਜਦੋਂ ਲਹੂ ਜੰਮ ਨਾ ਰਿਹਾ ਹੋਵੇ ਤਾਂ ਕਿਸੇ ਹੋਰ ਦੇ ਲਹੂ ਦੇ ਪਲਾਜ਼ਮਾ ਵਿੱਚੋਂ ‘ਐਂਟੀ ਹੀਮੋਫਿਲਿਕ ਗਲੌਬੂਲਿਨ’ ਪਾ ਦੇਣ ਨਾਲ ਲਹੂ ਜੰਮ ਜਾਂਦਾ ਹੈ।
1944 ਵਿਚ ਅਰਜਨਟੀਨਾ ਦੇ ਇਕ ਡਾਕਟਰ ਪਵਲੌਸਕੀ ਨੇ ਲੈਬਰਾਟਰੀ ਵਿਚ ਖੋਜ ਕਰਕੇ ਲੱਭਿਆ ਕਿ ਹੀਮੋਫੀਲੀਆ ਦੀ ਬੀਮਾਰੀ ਨਾਲ ਪੀੜਤ ਇਕ ਮਰੀਜ਼ ਦਾ ਲਹੂ ਜੇ ਦੂਜੇ ਹੀਮੋਫੀਲੀਆ ਦੇ ਮਰੀਜ਼ ਵਿਚ ਪਾ ਦਿੱਤਾ ਜਾਏ ਤਾਂ ਉਸ ਦੇ ਲਹੂ ਵਿਚਲਾ ਕਲੌਟਿੰਗ ਦਾ ਨੁਕਸ ਠੀਕ ਹੋ ਜਾਂਦਾ ਹੈ। ਇਹ ਖੋਜ ਏਨੀ ਅਜੀਬ ਜਿਹੀ ਸੀ ਕਿ ਇਸ ਉੱਤੇ ਲਗਾਤਾਰ ਕਈ ਸਾਲ ਹੋਰ ਖੋਜੀ ਵੀ ਕੰਮ ਕਰਦੇ ਰਹੇ। ਨਤੀਜੇ ਵਜੋਂ 1952 ਵਿਚ ਹੀਮੋਫੀਲੀਆ ਦੀਆਂ ਦੋ ਕਿਸਮਾਂ ਲੱਭ ਗਈਆਂ ‘ਏ’ ਤੇ ‘ਬੀ’।

ਇਸ ਖੋਜ ਤੋਂ ਬਾਅਦ 1960 ਦੇ ਸ਼ੁਰੂ ਦੇ ਸਾਲਾਂ ਤਕ ਹੀਮੋਫੀਲੀਆ ਦੇ ਮਰੀਜ਼ਾਂ ਨੂੰ ਲਹੂ ਚੜ੍ਹਾਇਆ ਜਾਂਦਾ ਰਿਹਾ ਤੇ ਫੇਰ ਤਾਜ਼ਾ ਪਲਾਜ਼ਮਾ।
1960 ਦੇ ਹੀ ਅੱਧ ਵਿਚਕਾਰ ਡਾ. ਜੂਡਿਥ ਪੂਲ ਨੇ ਲਹੂ ਵਿੱਚੋਂ ਨਿਕਲੇ ਪਲਾਜ਼ਮਾ ਦੇ ਉਪਰ ਕੁਝ ਜੰਮਿਆ ਵੇਖਿਆ ਤੇ ਟੈਸਟ ਕਰ ਕੇ ‘ਕਰਾਇਓ-ਪਰੈਸੀਪਿਟੇਟ’ ਲੱਭ ਲਿਆ। ਇਹ ਮਨੁੱਖ ਦੀ ਬੜ੍ਹੀ ਵੱਡੀ ਜਿੱਤ ਸੀ।
ਇਸ ਕਰਾਇਓਪਰੈਸੀਪਿਟੇਟ ਵਿਚ ਫੈਕਟਰ 8 ਸੀ, ਜੋ ਹੀਮੋਫੀਲੀਆ ਦੇ ਮਰੀਜ਼ ਠੀਕ ਕਰ ਸਕਦਾ ਸੀ। ਉਸ ਤੋਂ ਬਾਅਦ 1968 ਵਿਚ ਫੈਕਟਰ 8 ਤੇ ਫੈਕਟਰ 9 ਪਲਾਜ਼ਮਾ ਵਿੱਚੋਂ ਬਣਾ ਲਏ ਗਏ ਜਿਹੜੇ ਹੀਮੋਫੀਲੀਆ ‘ਏ’ ਅਤੇ ‘ਬੀ’ ਲਈ ਵਰਤੇ ਜਾ ਸਕਦੇ ਸਨ।
1990 ਦੇ ਸ਼ੁਰੂ ਦੇ ਸਾਲਾਂ ਵਿਚ ਜੈਨੇਟਿਕ ਇੰਜੀਨੀਅਰਿੰਗ ਨਾਲ ਲੈਬਾਰਟਰੀ ਵਿਚ ਇਹੀ ‘ਕਲੌਟਿੰਗ ਫੈਕਟਰ’ ਬਣਾ ਲਏ ਗਏ ਤੇ ਇਨਸਾਨੀ ਲਹੂ ਦੀ ਲੋੜ ਘਟ ਗਈ! ਇਹ ਹੈ ਇਨਸਾਨੀ ਦਿਮਾਗ਼ ਦਾ ਕਮਾਲ। ਜੇ ਸਹੀ ਪਾਸੇ ਤੁਰੇ ਤਾਂ ਮਨੁੱਖਤਾ ਦੀ ਭਲਾਈ ਪਰ ਜੇ ਪੁੱਠੇ ਪਾਸੇ ਤੁਰੇ ਤਾਂ ਕਹਿਰ ਢਾਹ ਸਕਦਾ ਹੈ।
ਰੱਬ ਨੇ ਇਸ ਬੀਮਾਰੀ ਪੱਖੋਂ ਔਰਤਾਂ ਨਾਲ ਨਰਮਾਈ ਵਰਤੀ ਹੈ ਕਿਉਂਕਿ ਔਰਤਾਂ ਸਿਰਫ ਇਹ ਬੀਮਾਰੀ ਦੇ ਜੀਨ ਅੱਗੇ ਤੋਰ ਦਿੰਦੀਆਂ ਹਨ ਜਦਕਿ ਕੁੱਖੋਂ ਜੰਮਿਆ ਮਰਦ ਇਸ ਬੀਮਾਰੀ ਨਾਲ ਪੀੜਤ ਹੁੰਦਾ ਹੈ। ਜੇ ਕਿਤੇ ਪਿਓ ਇਸ ਬੀਮਾਰੀ ਨਾਲ ਪੀੜਤ ਹੋਵੇ ਅਤੇ ਦੂਜੇ ਪਾਸੇ ਮਾਂ ਅੰਦਰ ਵੀ ਮਾੜੇ ਜੀਨ ਹੋਣ, ਫੇਰ ਅੱਗੋਂ ਜੰਮੀ ਬੱਚੀ ਵੀ ਇਸ ਬੀਮਾਰੀ ਨੂੰ ਸਹੇੜ ਸਕਦੀ ਹੈ।
ਫੈਕਟਰ 8 ਦੀ ਕਮੀ ਨੂੰ ਹੀਮੋਫੀਲੀਆ ‘ਏ’ ਅਤੇ ਫੈਕਟਰ 9 ਦੀ ਕਮੀ ਨੂੰ ਹੀਮੋਫੀਲੀਆ ‘ਬੀ’ ਜਾਂ ‘ਕਰਿਸਮਸ’ ਬੀਮਾਰੀ ਕਹਿੰਦੇ ਹਨ ਕਿਉਂਕਿ 1952 ਵਿਚ ਕੈਨੇਡਾ ਦੇ ਸਟੀਵਨ ਕਰਿਸਮਸ ਨੂੰ ਪਹਿਲੀ ਵਾਰ ਇਸ ਬੀਮਾਰੀ ਨਾਲ ਪੀੜਤ ਲੱਭਿਆ ਗਿਆ ਸੀ।
ਹੀਮੋਫੀਲੀਆ ਬੀਮਾਰੀ ਹਰ ਪੰਜ ਹਜ਼ਾਰ ਨਵਜੰਮੇ ਮੁੰਡਿਆਂ ਵਿੱਚੋਂ ਇਕ ਨੂੰ ਜ਼ਰੂਰ ਹੁੰਦੀ ਹੈ। ਇਨ੍ਹਾਂ ਵਿੱਚੋਂ 80 ਪ੍ਰਤੀਸ਼ਤ ਨੂੰ ਹੀਮੋਫੀਲੀਆ (ਏ) ਬੀਮਾਰੀ ਹੁੰਦੀ ਹੈ ਅਤੇ ਅੱਗੋਂ ਇਨ੍ਹਾਂ ਵਿੱਚੋਂ ਦੋ ਤਿਹਾਈ ਨੂੰ ਕਾਫੀ ਸੀਰੀਅਸ ਕਿਸਮ ਦਾ ਰੋਗ ਹੁੰਦਾ ਹੈ।
ਜੇ ਹੀਮੋਫੀਲੀਆ (ਬੀ) ਦੀ ਗੱਲ ਕਰੀਏ ਤਾਂ ਉਹ ਏਨੀ ਆਮ ਬੀਮਾਰੀ ਨਹੀਂ ਹੈ ਤੇ ਲਗਪਗ 25,000 ਤੋਂ 30,000 ਮੁੰਡਿਆਂ ਵਿੱਚੋਂ ਇਕ ਨੂੰ ਹੁੰਦੀ ਹੈ ਤੇ ਸੀਰੀਅਸ ਨਹੀਂ ਹੁੰਦੀ।
ਇਸ ਬੀਮਾਰੀ ਵਿਚ ਮੁੰਡੇ ਦੇ ਸਰੀਰ ਅੰਦਰ ਲਹੂ ਨਾ ਜੰਮਣ ਕਾਰਨ ਚਮੜੀ ਨੂੰ ਹਲਕੀ ਝਰੀਟ ਜਾਂ ਘੁੱਟ ਕੇ ਫੜ੍ਹਨ ਨਾਲ ਵੀ ਚਮੜੀ ਅੰਦਰ ਲਹੂ ਚੱਲਣ ਲੱਗ ਪੈਂਦਾ ਹੈ, ਬਿਨਾਂ ਸੱਟ ਵੱਜਣ ਦੇ ਹੀ ਜੋੜਾਂ ਅੰਦਰ ਲਹੂ ਚਲ ਸਕਦਾ ਹੈ ਤੇ ਸੱਟ ਵੱਜਣ ਉੱਤੇ ਕਾਫੀ ਜ਼ਿਆਦਾ ਲਹੂ ਵਹਿੰਦਾ ਰਹਿ ਸਕਦਾ ਹੈ ਜਿਹੜਾ ਆਪਣੇ ਆਪ ਬੰਦ ਹੀ ਨਹੀਂ ਹੁੰਦਾ। ਆਮ ਤੌਰ ਉੱਤੇ ਛੋਟੀ ਉਮਰ ਵਿਚ ਹੀ ਇਸ ਬੀਮਾਰੀ ਬਾਰੇ ਪਤਾ ਲੱਗ ਜਾਂਦਾ ਹੈ ਜਦੋਂ ਬੱਚਾ ਰਿੜਨ ਜਾਂ ਤੁਰਨ ਦੀ ਕੋਸ਼ਿਸ਼ ਕਰਨ ਲੱਗਦਾ ਹੈ ਤੇ ਹਲਕੀ ਸੱਟ ਫੇਟ ਖਾ ਲੈਂਦਾ ਹੈ ਯਾਨੀ 8 ਤੋਂ 10 ਮਹੀਨੇ ਦੀ ਉਮਰ ਵਿਚ। ਜਿਉਂ ਹੀ ਗੋਡਾ ਰਗੜਿਆ ਗਿਆ ਜਾਂ ਖੜ੍ਹਾ ਬੱਚਾ ਡਿੱਗਿਆ ਤਾਂ ਆਮ ਤੌਰ ਉੱਤੇ ਪਹਿਲੀ ਵਾਰ ਲਹੂ ਗੋਡਿਆਂ ਦੇ ਜੋੜ ਵਿਚ ਹੀ ਚੱਲਦਾ ਹੈ ਤੇ ਉੱਥੇ ਲਹੂ ਇਕੱਠਾ ਹੋਈ ਜਾਣ ਕਾਰਨ ਸੋਜ਼ਿਸ਼ ਹੋ ਜਾਂਦੀ ਹੈ।
ਜੇ ਬੀਮਾਰੀ ਨਾ ਫੜ੍ਹੀ ਜਾਏ ਤੇ ਬੱਚਾ ਸਿਰ ਪਰਨੇ ਡਿੱਗ ਜਾਏ ਤਾਂ ਸਿਰ ਅੰਦਰ ਚੱਲੇ ਲਹੂ ਕਾਰਨ ਮੌਤ ਤਕ ਹੋ ਸਕਦੀ ਹੈ।
ਆਪਣੇ ਆਪ ਵਾਰ-ਵਾਰ ਜੋੜਾਂ ਵਿਚ ਲਹੂ ਵਗਦੇ ਰਹਿਣ ਕਾਰਨ ਕਈ ਵਾਰ ਜੋੜਾਂ ਦਾ ਰੋਗ ਹੀ ਬਣ ਸਕਦਾ ਹੈ ਤੇ ਜੋੜ ਟੇਢੇ ਵੀ ਹੋ ਸਕਦੇ ਹਨ। ਜੇ ਹੀਮੋਫੀਲੀਆ ਵਿਚ ਲੋੜੀਂਦੇ ਫੈਕਟਰ ਦੀ ਕਮੀ ਜ਼ਿਆਦਾ ਨਾ ਹੋਵੇ ਤਾਂ ਹਲਕੀ ਸੱਟ ਵੱਜਣ ਤੋਂ ਬਾਅਦ ਲਹੂ ਵੱਗਦਾ ਹੈ।
ਇਸ ਦਾ ਇਲਾਜ ਸਿਰਫ ਕਲੌਟਿੰਗ ਫੈਕਟਰ ਸਰੀਰ ਅੰਦਰ ਓਨੀ ਮਾਤਰਾ ਵਿਚ ਲਹੂ ਦੀ ਨਾੜੀ ਰਾਹੀਂ ਪਾਉਣਾ ਜ਼ਰੂਰੀ ਹੁੰਦਾ ਹੈ ਜਿੰਨੇ ਨਾਲ ਲਹੂ ਵਗਣਾ ਬੰਦ ਹੋ ਜਾਏ ਯਾਨੀ ਕਮੀ ਪੂਰੀ ਕਰ ਦਿੱਤੀ ਜਾਏ ਤਾਂ ਜੋ ਕਾਫੀ ਦੇਰ ਤਕ ਇਸ ਦਾ ਅਸਰ ਰਹੇ ਨਹੀਂ ਤਾਂ ਦੁਬਾਰਾ ਛੇਤੀ ਹੀ ਫੇਰ ਲਹੂ ਵਗਣਾ ਸ਼ੁਰੂ ਹੋ ਸਕਦਾ ਹੈ। ਜੇ ਕਾਫੀ ਜ਼ਿਆਦਾ ਲਹੂ ਵਗਿਆ ਹੋਵੇ ਤਾਂ ਜੋੜ ਦਾ ਹਿਲਣਾ ਕੁਝ ਦੇਰ ਲਈ ਬੰਦ ਵੀ ਕਰਨਾ ਪੈਂਦਾ ਹੈ ਜਾਂ ਇਲਾਸਟਿਕ ਦੀ ਪੱਟੀ ਵੀ ਬੰਨਣੀ ਪੈ ਸਕਦੀ ਹੈ।
ਹੁਣ ਤਾਂ ਇਹ ਵੀ ਵੇਖਿਆ ਗਿਆ ਹੈ ਕਿ ਜਿਨ੍ਹਾਂ ਵਿਚ ਕਮੀ ਜ਼ਿਆਦਾ ਹੋਵੇ, ਉਨ੍ਹਾਂ ਵਿਚ ਲਹੂ ਵਗਣ ਤੋਂ ਪਹਿਲਾਂ ਹੀ ਫੈਕਟਰ 8 ਪੂਰਾ ਕਰਨ ਨਾਲ ਕਈ ਵਾਰ ਜੋੜ ਖ਼ਰਾਬ ਹੋਣ ਤੋਂ ਬਚਾਇਆ ਜਾ ਸਕਦਾ ਹੈ।
ਬੱਚੇ ਦੀ ਪਹਿਲੀ ਦੰਦੀ ਨਿਕਲਣ ਲੱਗਿਆਂ ਜਾਂ ਕਿਸੇ ਵੱਡੇ ਦਾ ਦੰਦ ਕਢਾਉਣ ਲੱਗਿਆਂ ਵੀ ਇਸ ਬੀਮਾਰੀ ਵਿਚ ਕਾਫੀ ਖ਼ਤਰਨਾਕ ਸਿੱਧ ਹੋ ਸਕਦਾ ਹੈ। ਇਸੇ ਲਈ ਕਲੌਟਿੰਗ ਫੈਕਟਰ ਚੜ੍ਹਾਉਣ ਬਾਅਦ ਹੀ ਦੰਦ ਛੇੜਿਆ ਜਾ ਸਕਦਾ ਹੈ।
ਹੁਣ ਤਾਂ ਕਈ ਦੇਸ਼ਾਂ ਵਿਚ ਕੌਂਪਰੀਹੈਂਸਿਵ ਕੇਅਰ ਕਲੀਨਿਕ ਸ਼ੁਰੂ ਕਰ ਦਿੱਤੇ ਗਏ ਹਨ ਜਿੱਥੇ ਮਰੀਜ਼ਾਂ ਨੂੰ ਆਪਣਾ ਪੂਰਾ ਧਿਆਨ ਰੱਖਣ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਜੋ ਇਹ ਮਹਿੰਗੇ ਕਲੌਟਿੰਗ ਫੈਕਟਰ ਚੜ੍ਹਾਉਣ ਤੋਂ ਬਚਾਇਆ ਜਾ ਸਕੇ ਅਤੇ ਸੱਟ ਫੇਟ ਤੋਂ ਬਚਣ ਅਤੇ ਹਸਪਤਾਲ ਦੇ ਦਾਖ਼ਲੇ ਦੇ ਖ਼ਰਚੇ ਤੋਂ ਵੀ ਬਚਾਓ ਕੀਤਾ ਜਾ ਸਕੇ।
ਦੁਨੀਆ ਦੇ ਰੰਗ ਵੀ ਅਜੀਬ ਹੁੰਦੇ ਹਨ। ਕਹਿੰਦੇ ਨੇ ਰਬ ਨੇ ਇਨਸਾਨ ਨੂੰ ਮਿੱਟੀ ਵਿੱਚੋਂ ਘੜ੍ਹਿਆ ਹੈ ਪਰ ਇਨਸਾਨ ਨੇ ਮਿੱਟੀ ਵਿੱਚੋਂ ਰੱਬ ਘੜ੍ਹ ਛੱਡਿਆ ਹੈ। ਹੁਣ ਤਾਂ ਰਬ ਦੀ ਹੋਂਦ ਨੂੰ ਉਧੇੜ ਕੇ ਉਸ ਦਾ ਕਣ ਵੀ ਲੱਭਿਆ ਜਾ ਚੁੱਕਿਆ। ਪਰ ਕੁਦਰਤ ਦੀ ਕਾਰੀਗਰੀ ਵੀ ਕਮਾਲ ਹੀ ਕਹੀ ਜਾ ਸਕਦੀ ਹੈ ਕਿ ਲਹੂ ਦੇ ਅਨੇਕਾਂ ਕਣਾਂ ਵਿੱਚੋਂ ਹਰ ਕਣ ਦੀ ਵੱਖੋ-ਵੱਖਰੀ ਬੀਮਾਰੀ ਤੇ ਉਹ ਵੀ ਉਮਰ ਦੇ ਹਿਸਾਬ ਨਾਲ ਵੱਖਰੀ ਤੇ ਨਰ ਮਾਦਾ ਵਿੱਚੋਂ ਫੇਰ ਅੱਗੋਂ ਵੱਖਰੀ।
ਇਹ ਤਾਂ ਇਨਸਾਨੀ ਹਿੰਮਤ ਦੀ ਦਾਦ ਦੇਣੀ ਬਣਦੀ ਹੈ ਕਿ ਬਰੀਕ ਤੋਂ ਬਰੀਕ ਕਣ ਵੀ ਲੱਭ ਕੇ, ਉਸ ਦੇ ਰੋਗ ਦੀ ਨਿਸ਼ਾਨਦੇਹੀ ਕਰ ਕੇ, ਉਸ ਦਾ ਇਲਾਜ ਵੀ ਲੱਭ ਲੈਣਾ।
ਸਾਡਾ ਬਾਕੀ ਸਾਰਿਆਂ ਦਾ ਘੱਟੋ-ਘੱਟ ਏਨਾ ਕੁ ਫਰਜ਼ ਤਾਂ ਜ਼ਰੂਰ ਬਣਦਾ ਹੈ ਕਿ ਉਹੜ-ਪੁਹੜ ਕਰੀ ਜਾਣ ਨਾਲੋਂ ਸੈਂਕੜੇ ਸਾਲਾਂ ਦੀ ਖੋਜ ਬਾਅਦ ਲੱਭੇ ਇਲਾਜ ਨੂੰ ਸਹੀ ਤਰੀਕੇ ਕਰਵਾ ਲਈਏ ਤੇ ਫੇਰ ਜਦੋਂ ਇਹ ਵੀ ਪਤਾ ਹੋਵੇ ਕਿ ਇਸ ਨਾਲ ਆਪਣੀ ਹੀ ਜਾਨ ਬਚਣੀ ਹੈ ਤਾਂ ਫੇਰ ਕਿਉਂ ਨਹੀਂ ਸਾਡੇ ਵਿੱਚੋਂ ਅਨੇਕ ਹਾਲੇ ਤਕ ਵੀ ਝਾੜੇ ਕਰਨ ਵਾਲਿਆਂ ਦੇ ਮੱਕੜ ਜਾਲ ਵਿੱਚੋਂ ਨਿਕਲ ਸਕੇ? ਅਫਸੋਸ ਨਾਲ ਹੀ ਮੈਨੂੰ ਕਹਿਣਾ ਪੈ ਰਿਹਾ ਹੈ ਕਿ ਹੀਮੋਫੀਲੀਆ ਵਰਗੇ ਰੋਗ ਨੂੰ ਲੱਭ ਲੈਣ ਬਾਅਦ ਵੀ ਜ਼ਿਆਦਾਤਰ ਭਾਰਤੀ ਲੋਕ ਹੀ ਉਹੜ-ਪੁਹੜ ਕਰਕੇ ਦੁਨੀਆਂ ਭਰ ਵਿੱਚੋਂ ਵੱਧ ਮਰ ਰਹੇ ਹਨ। ਹੁਣ ਇਹ ਤਾਂ ਕਿਸੇ ਹੋਰ ਦੀ ਗਲਤੀ ਨਹੀਂ ਕਹੀ ਜਾ ਸਕਦੀ।

ਡਾ. ਹਰਸ਼ਿੰਦਰ ਕੌਰ

Comments

comments

Share This Post

RedditYahooBloggerMyspace