ਇਉਂ ਵੀ ਵਧਦਾ ਹੈ ਬਲੱਡ ਪ੍ਰੈਸ਼ਰ

ਅਵਤਾਰ ਸਿੰਘ ਬਲਿੰਗ

ਜਦੋਂ ਛੋਟਾ ਸਾਂ ਤਾਂ ਬਲੱਡ ਪਰੈਸ਼ਰ ਦਾ ਪਤਾ ਨਹੀਂ ਸੀ। ਖੰਨੇ ਵਾਲਾ ਸਰਬ ਰੋਗ ਕਾ ਇਕੋ ਡਾਕਟਰ ਬੈਜਨਾਥ ਨਬਜ਼ ਦੇਖਦਾ। ਟੂਟੀਆਂ ਲਾ ਕੇ ਛਾਤੀ-ਪਿੱਠ ਚੈੱਕ ਕਰਦਾ। ‘ਔ ਰਾਈਟ!’ ਆਖਦਾ ਤੇ ਬੰਦਾ ਟੱਲੀ ਵਾਂਗ ਟੁਣਕਣ ਲੱਗ ਪੈਂਦਾ। ਪਿਛਲੇ ਦਸ ਕੁ ਸਾਲਾਂ ਤੋਂ ਜਦ ਪਿੰਡ ਦੀਆਂ ਸਾਰੀਆਂ ਔਰਤਾਂ ‘ਮੇਰਾ ਤਾਂ ਭਾਈ ਬਲੈੱਡ ਵਧ ਗਿਐ!’ ਆਖਣ ਲੱਗੀਆਂ ਤਾਂ ਯੋਗ ਆਸਣ ਕਰਨ ਦੇ ਬਾਵਜੂਦ ਮੇਰੀ ਬਾਂਹ ਵੀ ਕਾਲਾ ਪਟਾ ਕਸਵਾਉਣ ਦੀ ਆਦੀ ਹੋ ਗਈ। ਡਾਕਟਰ ਬੈਜਨਾਥ ਵਰਗੇ, ਮਰੀਜ਼ ਦਾ ਨਾਂ ਲੈ ਕੇ ਅਪਣੱਤ ਦਿਖਾਉਣ ਵਾਲੇ ਸ਼ਖ਼ਸ, ਕਦੋਂ ਦੇ ਰੱਬ ਨੂੰ ਪਿਆਰੇ ਹੋ ਚੁੱਕੇ ਹਨ।

ਸੱਤ ਕੁ ਸਾਲ ਪਹਿਲਾਂ ਜਦੋਂ ਸਾਡੇ ਖ਼ੂਨ ਦਬਾਅ ਵਾਲਾ ਮੀਟਰ ਘੁੰਮ ਕੇ 150/95 ਉੱਤੇ ਜਾ ਟਿਕਿਆ ਤਾਂ ਇਕ ਐਮ.ਡੀ. ਨੇ 40+40 ਪਾਵਰ ਵਾਲੇ ਦੋ ਸਾਲਟਾਂ (ਲੂਣਾਂ) ਵਾਲੀ ਗੋਲੀ ਛਕਣ ਦਾ ਹੁਕਮ ਸੁਣਾ ਦਿੱਤਾ। ਸੂਈ ਬੇਸ਼ੱਕ ਟਿਕਾਣੇ ਆ ਗਈ, ਪਰ ਸਰੀਰ ਬਹੁਤ ਔਖ ਮੰਨਦਾ। ਹਫ਼ਤੇ ਵਿਚ ਡਾਕਟਰ ਕੋਲ ਦੋ ਵਾਰ ਫਰਿਆਦ ਕੀਤੀ, ਪਰ ਉਹ ਘੁਰਕਦਾ: ‘ਨਹੀਂ! ਠੀਕ ਹੈ। ਇਹੀ ਖਾਣੀ ਪਊ!’ ਆਪਾਂ ਲਾਗਲੇ ਸ਼ਹਿਰ ਨਵੀਂ ਉਮਰ ਦੇ ਡਾਕਟਰ ਦੀ ਸਲਾਹ ਲੈਣ ਜਾ ਪਹੁੰਚੇ ਜਿਹੜਾ ਦਸਵੀਂ-ਗਿਆਰਵੀਂ ਵਿਚ ਮੇਰਾ ਵਿਦਿਆਰਥੀ ਰਿਹਾ ਸੀ। ਉਸ ਨੇ ਦੂਜਾ ਸਾਲਟ ਉਡਾ ਕੇ ਇਕ ਰੱਖ ਲਿਆ। ਸੁੱਖ ਦਾ ਸਾਹ ਆਇਆ। ਦੂਜੇ ਸਾਲ ਸਿਰ ਦੁਖਣ ਲੱਗਿਆ ਤਾਂ ਇਕ ਹੋਰ ਹਸਤੀ ਨੇ 40+12.5 ਦੇ ਦੋ ਸਾਲਟ ਲੈਣ ਦਾ ਮਸ਼ਵਰਾ ਦਿੱਤਾ। ਚਾਰ ਪੰਜ ਸਾਲ ਸਰੀਰ ਢੱਡ ਵਾਂਗ ਖੜਕਦਾ ਰਿਹਾ।

ਦੋ ਕੁ ਵਰ੍ਹੇ ਪਹਿਲਾਂ ਅਮਰੀਕਾ ਆਏ ਦਾ ਸਿਰ ਦਰਦ ਕਰਨ ਲੱਗਿਆ। ਬੀਮਾ ਕੋਈ ਹੈ ਨਹੀਂ ਸੀ। ਇਕ ਮਿੱਤਰ ਕਿਸੇ ਦਾਨੀ ਸੰਸਥਾ ਕਲਿਨਿਕ ਵਿਚ ਲੈ ਗਿਆ। ਉਨ੍ਹਾਂ ਨਿਸ਼ਕਾਮ ਡਾਕਟਰ-ਨਰਸਾਂ ਨੇ ਚੈੱਕ-ਅੱਪ ਹੀ ਨਹੀਂ, ਖ਼ੂਨ ਦੇ ਸਾਰੇ ਟੈਸਟ ਵੀ ਫ੍ਰੀ ਕੀਤੇ। ਮੁਫ਼ਤ ਦੀ ਚੀਜ਼ ਨਾਲ ਤਾਂ ਆਪਣਾ ਬਲੱਡ ਪਰੈਸ਼ਰ ਉਂਜ ਹੀ ਹੇਠਾਂ ਆ ਜਾਂਦੈ, ਪਰ ਚਾਰ ਪੰਜ ਸਾਲ ਹਰ ਰੋਜ਼ ਖਾਧੀ ਵਾਧੂ ਪਿਸ਼ਾਬ-ਵਧਾਊ ਸਾਢੇ ਬਾਰਾਂ ਪਾਵਰ ਦੀ ਗੋਲੀ ਬੰਦ ਕਰਨੀ ਪਈ। ਉਸ ਨੇ ਸੋਡੀਅਮ ਘਟਾ ਦਿੱਤਾ ਸੀ। ਜੇ ਕਿਤੇ ਪਹਿਲੇ ਸਪੈਸ਼ਲਿਸਟ ਦੀ 40+40 ਖਾਂਦਾ ਹੁੰਦਾ, ਫਿਰ ਕੀ ਬਣਦਾ। ਕਹਿੰਦੇ, ਸੋਡੀਅਮ ਦੀ ਘਾਟ ਨਾਲ ਕਦੇ ਵੀ ਬੇਹੋਸ਼ੀ ਹੋ ਸਕਦੀ। ਸੋ, ਫਿਰ ਸਾਡੇ ਵਿਦਿਆਰਥੀ ਡਾਕਟਰ ਵਾਲੀ ਉਹੀ ਸਿੰਗਲ ਚਾਲੀ ਪਾਵਰ ਮਾਰਕਾ ਗੋਲੀ ਚਾਲੂ!

ਬਲੱਡ ਪਰੈਸ਼ਰ ਨਾਲ ਪਈ ਪੱਕੀ ਆੜੀ ਦੇਖ ਕੇ ਮੇਰੇ ਲੜਕੇ ਨੇ ਇਕ ਦਿਨ ਆਟੋਮੈਟਿਕ ਈ-ਮਸ਼ੀਨ ਹੀ ਮੁੱਲ ਖਰੀਦ ਲਿਆਂਦੀ। ਸਾਲ ਡੇਢ ਸਾਲ ਸਭ ਕੁਝ ਠੀਕ! ਆਪਾਂ ਭਾਰਤੀ ਨਾਗਰਿਕ, ਆਪਣੀ ਪਿਆਰੀ ਮਾਤਭੂਮੀ ਦੇ ਇਕ ਦੋ ਚੱਕਰ ਵੀ ਕੱਟ ਗਏ। ਦੋ ਕੁ ਮਹੀਨੇ ਪਹਿਲਾਂ ਅੱਧੇ ਸਿਰ ਦਾ ਦਰਦ ਸ਼ੁਰੂ ਹੋਇਆ। ਪੁੱਤਰ ਨੇ ਘਰ ਪਿਆ ਕਾਲਾ ਪਟਾ ਮੇਰੀ ਬਾਂਹ ਉਤੇ ਕੱਸਿਆ। ਆਟੋਮੈਟਿਕ ਮਸ਼ੀਨ ਉਪਰ 190/95 ਦੇ ਹਿੰਦਸੇ ਦਾ ਝਲਕਾਰਾ ਪਿਆ ਤਾਂ ਐਮਰਜੈਂਸੀ ਜਾਣਾ ਬਿਹਤਰ ਸਮਝਿਆ। ਉਹਨਾਂ ਦੋ ਘੰਟੇ ਵਿਚ ਬਿਨਾਂ ਕੋਈ ਫੀਸ ਲਏ ਸਾਰੇ ਟੈਸਟ ਕਰ ਦਿੱਤੇ। ਸਭ ਅੱਛਾ! ਕੋਈ ਕਾਗਜ਼ੀ ਕਾਰਵਾਈ ਨਹੀਂ! ਤੁਰੰਤ ਮਰੀਜ਼ ਦੀ ਸੰਭਾਲ ਕਰਨੀ ਉਹਨਾਂ ਦੀ ਡਿਊਟੀ ਸੀ। ਮੁਸਕਰਾਉਂਦੇ ਡਾਕਟਰ-ਨਰਸਾਂ ਦੀ ਸੰਗਤ ਵਿਚ ਬਗੈਰ ਕੋਈ ਗੋਲੀ ਦਿੱਤੇ ਦੋ ਘੰਟਿਆਂ ਵਿਚ ਹੀ ਸੂਈ 150 ਉੱਤੇ ਆਈ ਤਾਂ ਆਪਾਂ ਘਰ ਲਈ ਵੈਰਾਗ ਗਏ।

ਅਗਲੇ ਹਫ਼ਤੇ ਜਦੋਂ ਡਾਕ ਰਾਹੀਂ 4000 ਡਾਲਰ ਦਾ ਬਿੱਲ ਖੜਕਦਾ ਘਰ ਆ ਪਹੁੰਚਿਆ ਤਾਂ ਮੇਰੇ ਨਾਲ ਘਰਦਿਆਂ ਦੇ ਬਲੱਡ ਪਰੈੱਸ਼ਰ ਨੇ ਵੀ ਇਕਦਮ ਛੜੱਪਾ ਮਾਰਿਆ। ‘ਡੈਡੀ! ਇਹ ਤਾਂ ਆਪਾਂ ਨੂੰ ਮੁੰਨ ਕੇ ਰੱਖ ਦੇਣਗੇ! ਤੁਸੀਂ ਇੰਡੀਆ ਜਾ ਕੇ ਆਪਣਾ ਇਲਾਜ ਕਰਵਾ ਆਉ!’ ਲੜਕੇ ਨੇ ਸਲਾਹ ਦਿੱਤੀ। ਚਾਰ ਹਜ਼ਾਰ ਵਿਚੋਂ ਬਾਈ ਸੌ ਡਾਲਰ ਦਾ ਬਿੱਲ ਤਾਰਨਾ ਹੀ ਪੈਣਾ ਸੀ; ਭਾਵ ਇਕ ਲੱਖ ਅਠੱਤੀ ਹਜ਼ਾਰ ਛੇ ਸੌ ਰੁਪਏ!

‘ਉਹਨਾਂ 4-5 ਸਾਲ ਇਕੋ ਗੋਲੀ ਖੁਆ ਕੇ ਮੇਰਾ ਸੋਡੀਅਮ ਘਟਾ ਦਿੱਤਾ। ਇਕ ਵਾਰੀ ਕਿਸੇ ਸਾਧਾਰਨ ਡਾਕਟਰ ਨੂੰ ਮਿਲ ਤਾਂ ਲਈਏ!’ ਆਪਾਂ ਤਰਲਾ ਲਿਆ। ਡਾਕਟਰ ਨੇ ਪਹਿਲਾਂ ਵਾਲੀ ਗੋਲੀ ਬਰਕਰਾਰ ਰੱਖਦਿਆਂ ਇਕ ਮਹੀਨਾ ਉਡੀਕਣ ਲਈ ਆਖਿਆ। ਫਿਰ ਵੀ ਪਹਿਲੇ ਦਿਨ ਦੇ ਡਰ-ਦਹਿਲ ਕਾਰਨ ਆਪਾਂ ਪੁੱਤਰ ਦੀ ਗੈਰਹਾਜ਼ਰੀ ਵਿਚ ਹਰ ਰੋਜ਼ ਸੁਬ੍ਹਾ-ਸ਼ਾਮ ਕਾਲਾ ਕਾਲਰ ਸੱਜੇ ਡੌਲੇ ਉੱਤੇ ਕੱਸਣਾ ਤੇ ਬੀਥਪੀਥ ਦਾ ਹਿੰਦਸਾ ਕਦੇ 150/90, ਕਦੇ 170/95 ਦਿਖਾਈ ਦੇਣਾ। ਮਹੀਨਾ ਕੌਣ ਉਡੀਕਦਾ! ਵੀਹ ਕੁ ਦਿਨ ਬਾਅਦ ਇਕ ਸਵੇਰ ਫ਼ੋਨ ਉੱਤੇ ਨਰਸ ਦੀ ਮਿੰਨਤ ਕੀਤੀ। ਬਸ ਫੜ ਕੇ ਹਸਪਤਾਲ ਪਹੁੰਚਿਆ। ਫੀਸ ਵਜੋਂ 35 ਡਾਲਰ ਜਮ੍ਹਾਂ ਕਰਵਾਏ ਤੇ ਡਾਕਟਰ ਮੂਹਰੇ ਜਾ ਬੈਠਾ। ਚੰਗੀ ਤਰਾਂ ਚੈੱਕ-ਅੱਪ ਹੋਈ। “ਡਾਕਟਰ ਸਾਹਿਬ! ਤੁਸੀਂ ਮੈਨੂੰ ਉਹੀ ਇੰਡੀਆ ਵਾਲੀ ਸਿਰਫ਼ 40 ਦੀ ਥਾਂ 40+ਸਾਢੇ ਬਾਰਾਂ ਵਾਲੀ ਕੋਈ ਅਮਰੀਕਨ ਗੋਲੀ ਬਦਲ ਕੇ ਦੇਖ ਲਉ! ਮੈਨੂੰ ਪਿਸ਼ਾਬ ਵੀ ਕੁਝ ਘੱਟ ਆਉਂਦਾ ਲੱਗਦੈ”। ਬਲੱਡ ਪਰੈੱਸ਼ਰ ਦੀ ਪਾਈ ਦਹਿਸ਼ਤ ਕਾਰਨ ਆਪਾਂ ਸਲਾਹ ਦਿੱਤੀ। ਪਿਸ਼ਾਬ ਦੀ ਸਮੱਸਿਆ ਬਾਰੇ ਗੌਰ ਕਰਦਿਆਂ, ਉਸ ਨੇ ਗਭਲੀ ਉਂਗਲੀ ਨਾਲ ਮੇਰੇ ਗਦੂਦ ਚੈੱਕ ਕੀਤੇ।

‘ਤੁਸੀਂ ਕਰਦੇ ਕੀ ਹੋ?’ ਦਸਤਾਨਾ ਲਾਹ ਕੇ ਹੱਥ ਧੋਂਦਾ ਡਾਕਟਰ ਮੁਸਕਰਾਇਆ।

‘ਲੇਖਕ ਹਾਂ ਜੀ।’

‘ਓ.ਖੇ.! ਲੇਖਕ ਮਤਲਬ ਚਿੰਤਕ! ਕੋਈ ਫਿਕਰ ਨਹੀਂ! ਗੋਲੀ ਸਿਰਫ਼ 40 ਪਾਵਰ! ਨੋਅ ਸਾਢੇ ਬਾਰਾਂ! ਨੌਟ ਐਟ ਆਲ!’

‘ਪਿਸ਼ਾਬ ਦੀ ਗੜਬੜ ਕਿਵੇਂ ਠੀਕ ਹੋਊ?’ ਮੈਂ ਫਿਕਰਮੰਦੀ ਜ਼ਾਹਿਰ ਕੀਤੀ।

‘ਤੁਹਾਡਾ ਸਭ ਕੁਝ ਸਹੀ ਹੈ, ਸਰ! ਸਿਰਫ਼ ਫਾਲਸ ਫੋਬੀਆ! ਝੂਠਾ ਵਹਿਮ-ਸਹਿਮ! ਕਦੇ ਪਿਸ਼ਾਬ ਘੱਟ, ਕਦੇ ਪੇਟ ਭਾਰਾ! ਦਿਮਾਗ ਹੀ ਸਭ ਕੁਝ ਪੈਦਾ ਕਰ ਲੈਂਦਾ!’ ਤਜਰਬੇਕਾਰ ਡਾਕਟਰ ਸਮਝਾਉਣ ਲੱਗਿਆ।

ਬੀ.ਪੀ. ਚੈੱਕ ਕਰਨਾ ਹੈ ਤਾਂ ਸਦਾ ਖੱਬੇ ਪਾਸੇ ਕਰਨਾ! ਖੁਰਾਕ ਬਾਰੇ, ਵਰਜਿਸ਼ ਬਾਰੇ ਵੀ ਡਾਕਟਰ ਦੱਸਦਾ ਰਿਹਾ। ਅਖੀਰ ਉਸ ਨੇ ਸਿੱਟਾ ਕੱਢਿਆ: ‘ਮੇਰੇ ਪਿਆਰੇ ਚਿੰਤਕ! ਲੇਖਕ ਨੇ ਚਿੰਤਨ ਸੁਸਾਇਟੀ ਦਾ ਕਰਨਾ ਹੁੰਦਾ, ਪਰ ਤੁਸੀਂ ਸਮਾਜ ਦੀ ਬਜਾਏ ਆਪਣੀ, ਤੇ ਉਹ ਵੀ ਬਹੁਤ ਜ਼ਿਆਦਾ ਆਪਣੇ ਸਰੀਰ ਦੀ ਚਿੰਤਾ ਕਰਨ ਲੱਗ ਪਏ। ਅਸੀਂ ਸਭ ਕੁਝ ਚੈੱਕ ਕਰ ਲਿਆ ਹੈ। ਬਲੱਡ ਪਰੈੱਸ਼ਰ ਤੁਹਾਡਾ ਨਹੀਂ, ਤੁਹਾਡੀ ਇਸ ਮੂਰਖ ਮਸ਼ੀਨ ਦਾ ਵਧਿਆ ਹੈ। ਇਹਨੂੰ ਸੁੱਟ ਦਿਓ! ਨੋ ਘਰੇਲੂ ਚੈੱਕ ਅੱਪ! ਜਿਹੜਾ ਹਰ ਰੋਜ਼ ਯੋਗ ਕਰਦਾ, ਪਰਹੇਜ਼ ਨਾਲ ਖਾਂਦਾ-ਸੌਂਦਾ ਤੇ ਨਿਯਮ ਨਾਲ ਸੈਰ ਲਈ ਨਿਕਲਦਾ, ਉਹਨੂੰ ਛੇਤੀ ਕੀਤੇ ਕੁਝ ਨਹੀਂ ਹੁੰਦਾ। ਮੈਂ ਯਕੀਨ ਦਿਵਾਉਂਦਾ ਹਾਂ। ਕੋਈ ਹੋਰ ਸਵਾਲ?’

‘ਪਰ ਤਿੰਨ ਮਹੀਨੇ ਤੋਂ ਪਹਿਲਾਂ ਐਵੇਂ ਨਹੀਂ ਹਸਪਤਾਲ ‘ਚ ਤੁਰੇ ਫਿਰਨਾ!’ ਮੇਰੀ ਪਿਆਰੀ ਬਿਮਾਰ ਈ-ਮਸ਼ੀਨ ਮੇਰੇ ਹਵਾਲੇ ਕਰਦਿਆਂ ਡਾਕਟਰ ਖੁੱਲ੍ਹ ਕੇ ਹੱਸਿਆ। ਲਉ ਜੀ, ਉਸ ਦਿਨ ਤੋਂ ਆਪਾਂ ਠੀਕ ਠਾਕ ਹਾਂ! ਚੀਨੀ ਮੂਲ ਦੇ ਉਸ ਡਾਕਟਰ ਨੂੰ ਮਿਲਣ ਲਈ ਮੈਨੂੰ ਨਾਨਕੀਂ ਜਾਣ ਜਿੰਨਾ ਚਾਅ ਚੜ੍ਹਦਾ ਹੈ ਅਤੇ ਮਿਲਣ ਪਿੱਛੋਂ ਮਿਲਦੀ ਹੈ- ਮੇਰੇ ਬਚਪਨ ਦੇ ਡਾਕਟਰ ਬੈਜਨਾਥ ਜਿਹੀ ਤਸੱਲੀ!

Comments

comments

Share This Post

RedditYahooBloggerMyspace