ਜੰਗ ਹਿੰਦ ਪੰਜਾਬ ਦਾ ਹੋਣ ਲੱਗਾ

ਕਿਰਪਾਲ ਸਿੰਘ ਚੰਦਨ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ 27 ਜੂਨ, 1839 ਨੂੰ ਜਹਾਨਿ-ਫ਼ਾਨੀ ਤੋਂ ਕੂਚ ਕਰ ਗਿਆ। ਇਸ ਨਾਲ ਅੰਗਰੇਜ਼ਾਂ, ਪੂਰਬੀ ਤੇ ਡੋਗਰੇ ਮੰਤਰੀਆਂ ਨੂੰ ਬਹੁਤ ਖੁਸ਼ੀ ਹੋਈ ਹੋਵੇਗੀ ਕਿਉਂਕਿ ਉਹ ਲਗ-ਪਗ ਦੋ ਦਹਾਕਿਆਂ ਤੋਂ ਪੰਜਾਬ ‘ਤੇ ਕਬਜ਼ਾ ਕਰਨ ਦੀਆਂ ਗੋਂਦਾਂ ਗੁੰਦ ਰਹੇ ਸਨ ਅਤੇ ਮਹਾਰਾਜੇ ਦੀ ਮੌਤ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਉਨਾਂ ਨੇ ਕੇਵਲ ਦਸਾਂ ਸਾਲਾਂ ਵਿਚ ਹੀ ਆਪਣੇ ਇਸ ਅਪਵਿੱਤਰ ਮੰਤਵ ਦੀ ਪੂਰਤੀ ਵਿਚ ਸਫ਼ਲਤਾ ਹਾਸਲ ਕਰ ਲਈ। 29 ਮਾਰਚ, 1849 ਨੂੰ ਅੰਗਰੇਜ਼ ਪੰਜਾਬ ਦੇ ਰਾਜ ‘ਤੇ ਕਾਬਜ਼ ਹੋ ਗਏ। ਮਹਾਰਾਜੇ ਦੀ ਵਿਸ਼ਾਲ ਤੇ ਮਜ਼ਬੂਤ ਹਕੂਮਤ ਦਾ ਖੇਤਰਫਲ 1,45,000 ਵਰਗ ਮੀਲ ਸੀ ਅਤੇ ਉਸ ਦੀ ਫ਼ੌਜ ਦੀ ਕੁੱਲ ਗਿਣਤੀ 1,23,800 ਜੁਆਨ ਸੀ। ਇਸ ਫ਼ੌਜ ਦੀ ਸੰਸਾਰ ਭਰ ਵਿਚ ਧਾਂਕ ਸੀ। ਪੂਰੇ ਏਸ਼ੀਆ ਵਿਚ ਕੋਈ ਫ਼ੌਜ ਇਸ ਦੇ ਸਾਹਮਣੇ ਅੜ ਨਹੀਂ ਸੀ ਸਕਦੀ। ਤਾਂ ਫਿਰ ਐਸਾ ਕੀ ਹੋ ਗਿਆ ਕਿ ਉਹ ਹਕੂਮਤ ਜਿਸ ਨੂੰ ਬਣਾਉਣ ਵਿਚ ਪੂਰੀ ਅਠਾਰਵੀਂ ਸਦੀ ਲੱਗ ਗਈ ਸੀ, ਕੁਝ ਸਾਲਾਂ ਵਿਚ ਹੀ ਖ਼ਤਮ ਹੋ ਗਈ। ਸਿੱਖਾਂ ਦੀ ਬਹਾਦਰੀ ਦਾ ਗੌਰਵ ਮਿੱਟੀ ਵਿਚ ਮਿਲ ਗਿਆ। ਜਿਹੜੇ ਸਿੱਖ ਇਕ ਵਿਸ਼ਾਲ ਖਿੱਤੇ ‘ਤੇ ਰਾਜ ਕਰਦੇ ਸਨ, ਜਿਨਾਂ ਦੀ ਬਹਾਦਰੀ ਦਾ ਲੋਹਾ ਵੱਖ-ਵੱਖ ਦੇਸ਼ਾਂ ਦੀਆਂ ਹਕੂਮਤਾਂ ਮੰਨਦੀਆਂ ਸਨ, ਜਿਨਾਂ ਦੇ ਕਿਰਦਾਰ ਨੂੰ ਦੁਸ਼ਮਣ ਵੀ ਸਲਾਹੁੰਦੇ ਸਨ, ਉਹ ਅੱਜ ਤੱਕ ਗੁਲਾਮਾਂ ਵਰਗੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ ਅਤੇ ਆਪਣੀ ਇਸ ਦਸ਼ਾ (ਜਾਂ ਦੁਰਦਸ਼ਾ) ਨਾਲ ਉਨਾਂ ਨੇ ਸਮਝੌਤਾ ਕਰ ਲਿਆ ਜਾਪਦਾ ਹੈ। ਉਹ ਅੱਜ ਇਕ ਆਜ਼ਾਦ ਦੇਸ਼ ਦੇ ਵਾਸੀ ਤਾਂ ਹਨ, ਪਰ ਦੂਜੇ ਦਰਜੇ ਦੇ ਸ਼ਹਿਰੀਆਂ ਵਾਂਗ ਰਹਿ ਰਹੇ ਹਨ। ਉਹ ਆਪਣੇ ਅਮੀਰ ਵਿਰਸੇ ਵੱਲੋਂ ਮੂੰਹ ਮੋੜੀ ਬੈਠੇ ਹਨ ਅਤੇ ਉਨਾਂ ਦੇ ਆਗੂ ਉਨਾਂ ਲੋਕਾਂ ਦੀ ਹੀ ਜੀ-ਹਜ਼ੂਰੀ ਕਰ ਰਹੇ ਹਨ, ਜੋ ਖ਼ੁਦ ਕਦੇ ਮੁਸਲਮਾਨ ਹਾਕਮਾਂ ਅਤੇ ਅੰਗਰੇਜ਼ਾਂ ਦੀ ਜੀ-ਹਜ਼ੂਰੀ ਕਰਦੇ ਸਨ। ਸੰਨ 1984 ਵਿਚ ਜੋ ਕੁਝ ਹੋਇਆ, ਆਪਣੇ ਹੀ ਦੇਸ਼ ਵਿਚ ਜਿਸ ਤਰਾਂ ਦੀ ਬੇਪਤੀ ਹੋਈ ਉਸ ਨੂੰ ਸਿੱਖ ਆਗੂਆਂ ਨੇ ਮਾਂ ਦੇ ਦੁੱਧ ਦੀ ਤਰਾਂ ਪੀ ਲਿਆ ਹੈ।

ਸਿੱਖਾਂ ਦੇ ਦੁੱਖਾਂ ਦੀ ਕਹਾਣੀ ਮਹਾਰਾਜੇ ਦੀ ਮੌਤ ਦੇ ਨਾਲ ਹੀ ਅਰੰਭ ਹੋ ਗਈ। ਉਸ ਦੇ ਪਰਿਵਾਰਿਕ ਮੈਂਬਰ ਇਕ-ਇਕ ਕਰਕੇ ਬੜੀ ਬੇਦਰਦੀ ਨਾਲ ਕਤਲ ਕਰ ਦਿੱਤੇ ਗਏ। ਚਾਰ- ਪੰਜ ਸਾਲਾਂ ਵਿਚ ਹੋਈਆਂ ਲੜਾਈਆਂ ਮਗਰੋਂ ਹੀ ਉਹ ਰਾਜਿਆਂ ਤੋਂ ਨਿਤਾਣੇ ਬਣਾ ਦਿੱਤੇ ਗਏ। ਬਹਾਦਰ ਸਿੱਖ ਕੌਮ ਨੂੰ ਅੰਤਾਂ ਦੀ ਨਮੋਸ਼ੀ ਝੱਲਣੀ ਪਈ।

ਜਿਵੇਂ ਅਰੰਭ ਵਿਚ ਕਿਹਾ ਗਿਆ ਹੈ, ਚਤੁਰ ਅੰਗਰੇਜ਼ਾਂ ਨੇ ਮਹਾਰਾਜੇ ਦੀ ਮੌਤ ਤੋਂ ਕਈ ਸਾਲ ਪਹਿਲਾਂ (1820-ਵਿਆਂ ਤੋਂ ਹੀ) ਉਸ ਦੇ ਰਾਜ ਦੇ ਖ਼ਾਤਮੇ ਦੀਆਂ ਗੋਂਦਾਂ- ਗੁੰਦਣੀਆਂ ਸ਼ੁਰੂ ਕਰ ਦਿੱਤੀਆਂ ਸਨ। ਮਹਾਰਾਜੇ ਦੇ ਦਰਬਾਰ ਵਿਚ ਸਰਬ-ਉੱਚ ਅਹੁਦਿਆਂ ‘ਤੇ ਬਿਰਾਜਮਾਨ ਡੋਗਰਿਆਂ ਅਤੇ ਪੂਰਬੀਆਂ ਨਾਲ ਗੰਢ-ਤਰੁੱਪ ਕਰਨੀ ਸ਼ੁਰੂ ਕਰ ਦਿੱਤੀ ਸੀ। ਮਹਾਰਾਜੇ ਦੀ ਮੌਤ ਤੋਂ ਪਹਿਲਾਂ ਹੀ ਉਸ ਦੇ ਜੀਵਨ ਦਾ ਅੰਤ ਕਰਨ ਦੀਆਂ ਵਿਉਂਤਾਂ ਬਣਨੀਆਂ ਅਰੰਭ ਹੋ ਗਈਆਂ ਸਨ।…..ਮਹਾਰਾਜਾ ਇਸ ਸਭ ਤੋਂ ਬੇਖ਼ਬਰ ਸੀ। ਉਹ ਤਾਂ ਸਗੋਂ ਆਪਣੀ ਬੁੱਕਲ ਵਿਚ ਲੁਕੇ ਸੱਪਾਂ ਨੂੰ ਖ਼ੁਦ ਦੁੱਧ ਪਿਲਾ ਰਿਹਾ ਸੀ-ਉਨਾਂ ਨੂੰ ‘ਰਾਜੇ’ ਹੋਣ ਦਾ ਖ਼ਿਤਾਬ ਬਖਸ਼ ਰਿਹਾ ਸੀ ਅਤੇ ਆਪਣੀ ‘ਨਿੱਜੀ ਫ਼ੌਜ’ (ਤੋਪਾਂ ਸਮੇਤ) ਰੱਖਣ ਦਾ ਅਧਿਕਾਰ ਦੇ ਰਿਹਾ ਸੀ। ਉਸ ਨੇ ਆਪਣੀ ਵਜ਼ੀਰ-ਮੰਡਲੀ ਵਿਚ ਕਿਸੇ ਸੂਝਵਾਨ ਅਤੇ ਪੰਥ-ਹਿਤੂ ਸਿੱਖ ਨੂੰ ਨਾ ਰੱਖਣ ਦੀ ਸ਼ਾਇਦ ਸੌਂਹ ਖਾ ਰੱਖੀ ਸੀ। ਏਸੇ ਲਈ ਡੋਗਰੇ ਤੇ ਪੂਰਬੀਏ ਜੋ ਅੰਗਰੇਜ਼ਾਂ ਦੇ ਹੱਥ-ਠੋਕੇ ਸਨ, ਉਸ ਦੀ ਮੌਤ ਮਗਰੋਂ ਖਾਲਸਾ-ਰਾਜ ਦਾ ਅੰਤ ਕਰਨ ਅਤੇ ਅੰਗਰੇਜ਼ਾਂ ਨੂੰ ਪੰਜਾਬ ਦੀ ਹਕੂਮਤ ਥਾਲ ਵਿਚ ਪਰੋਸ ਕੇ ਦੇਣ ਦਾ ਕਾਰਨ ਬਣੇ। ਅੰਗਰੇਜ਼ਾਂ-ਸਿੱਖ ਲੜਾਈਆਂ ਵਿਚ ਸਰਬ- ਉੱਚ ਅਹੁਦਿਆਂ (ਪ੍ਰਧਾਨ ਮੰਤਰੀ ਅਤੇ ਸੈਨਾਪਤੀ) ‘ਤੇ ਹੋਣ ਸਮੇਂ ਉਨਾਂ ਨੇ ਬਿਲਕੁਲ ਨੰਗੇ ਹੋ ਕੇ ਬੇਸ਼ਰਮੀ ਨਾਲ ਗਦਾਰੀ ਦੀਆਂ ਉੱਚੀਆਂ ਟੀਸੀਆਂ ਨੂੰ ਛੋਹਿਆ।
ਡੋਗਰੇ 1820 ਤੋਂ ਹੀ ਅੰਗਰੇਜ਼ਾਂ ਦੇ ਸੰਪਰਕ ਵਿਚ ਸਨ। ਅੰਗਰੇਜ਼ਾਂ ਨਾਲ ਗੱਠਜੋੜ ਡੋਗਰਾ ਗੁਲਾਬ ਸਿੰਘ ਕਰਦਾ ਸੀ।

ਸੰਨ 1831 ਤੋਂ ਹੀ ਅੰਗਰੇਜ਼ਾਂ ਦੀਆਂ ਲਲਚਾਈਆਂ ਅੱਖਾਂ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ, ਉਸ ਦੇ ਰਾਜ ‘ਤੇ ਕਬਜ਼ਾ ਕਰਨ ਉੱਤੇ ਲੱਗੀਆਂ ਹੋਈਆਂ ਸਨ। ਸੰਨ 1837 ਵਿਚ ਬ੍ਰਿਟਿਸ਼ ਫ਼ੌਜ ਦਾ ਮੁਖੀ ਸਰ ਹੈਨਰੀ ਫੇਨ, ਕੰਵਰ ਨੌ ਨਿਹਾਲ ਸਿੰਘ ਦੇ ਵਿਆਹ ‘ਤੇ ਆਇਆ। ਉਸ ਨੇ ਸਿੱਖਾਂ ਦੇ ਫ਼ੌਜੀ ਸਾਧਨਾਂ, ਫੌਜ ਦੀ ਗਿਣਤੀ, ਸੈਨਿਕਾਂ ਦੇ ਵਿਸ਼ੇਸ਼ ਗੁਣਾਂ ਆਦਿ ਨੂੰ ਜਾਂਚਿਆ। ਉਸ ਨੇ ਨਕਸ਼ੇ ਬਣਾਏ ਜੋ (ਸਿੱਖ ਰਾਜ ‘ਤੇ) ਫ਼ੌਜੀ ਹਮਲੇ ਸਮੇਂ ਕੰਮ ਆ ਸਕਣ ਅਤੇ ਫ਼ੌਜਾਂ ਦੀ ਲੁੜੀਂਦੀ ਗਿਣਤੀ ਮਿਥੀ ਜਾ ਸਕੇ। ਸੰਨ 1838 ਵਿਚ ਗਵਰਨਰ ਜਨਰਲ ਦਾ ਫ਼ੌਜੀ ਮਹਿਰ ਵਿਲੀਅਮ ਔਸਬਰਨ ਮਹਾਰਾਜੇ ਨੂੰ ਮਿਲਣ ਆਇਆ। ਉਸ ਨੇ ਆਪਣੀ ਡਾਇਰੀ ਵਿਚ ਲਿਖਿਆ ਕਿ ਮਹਾਰਾਜੇ ਦੀ ਮੌਤ ਮਗਰੋਂ ਅੰਗਰੇਜ਼ਾਂ ਦਾ ਪਹਿਲਾ ਕੰਮ ਪੰਜਾਬ ‘ਤੇ ਕਬਜ਼ਾ ਕਰਨ ਲਈ ਵੱਡੀ ਭਾਰੀ ਗਿਣਤੀ ਵਿਚ ਫ਼ੌਜ ਭੇਜਣਾ ਹੋਵੇਗਾ।

ਸੰਨ 1838 ਵਿਚ ਹੀ ਲਾਰਡ-ਆਕਲੈਂਡ ਪੰਜ ਹਫਤਿਆਂ ਲਈ ਪੰਜਾਬ ਆਇਆ। ਡਾ: ਸੰਗਤ ਸਿੰਘ ਦੇ ਮੁਤਾਬਕ ਉਸ ਦਾ ਆਉਣਾ ਰਣਜੀਤ ਸਿੰਘ ਦੀ ਮੌਤ ਦੀ ਗਤੀ ਤੇਜ਼ ਕਰਨ ਲਈ ਵਿਉਂਤਿਆ ਗਿਆ ਸੀ। 1834 ਤੋਂ ਅਧਰੰਗ ਦੇ ਹਮਲੇ ਦੇ ਬਾਅਦ ਉਸ (ਮਹਾਰਾਜਾ ਰਣਜੀਤ ਸਿੰਘ) ਦੀ ਮੌਤ ਕਿਸੇ ਵੇਲੇ ਵੀ ਹੋਣ ਦੀ ਹਾਲਤ ਦਿਸ ਰਹੀ ਸੀ। 31 ਦਸੰਬਰ, 1838 ਨੂੰ ਜਦ ਲਾਰਡ ਆਕਲੈਂਡ ਵਾਪਸ ਗਿਆ ਤਾਂ ਮਹਾਰਾਜੇ ਨੂੰ ਆਪਣੀਆਂ ਅੱਖਾਂ ਦੀਆਂ ਪਲਕਾਂ ਚੁੱਕਣਾ ਵੀ ਕਠਨ ਹੋ ਰਿਹਾ ਸੀ; ਉਹ ਆਖਰੀ ਸਵਾਸਾਂ ‘ਤੇ (ਜਾਪਦਾ) ਸੀ। ਇਹ ਗੱਲਾਂ ਦੱਸਦੀਆਂ ਹਨ ਕਿ ਅੰਗਰੇਜ਼ ਪੰਜਾਬ ‘ਤੇ ਕਬਜ਼ਾ ਕਰਨ ਲਈ ਚਿਰ ਤੋਂ ਵਿਉਂਤਾਂ ਘੜ ਰਹੇ ਸਨ ਅਤੇ ਆਪਣੇ ਇਸ ਉਦੇਸ਼ ਦੀ ਪੂਰਤੀ-ਕਰਨ ਲਈ ਬਹੁਤ ਕਾਹਲੇ ਸਨ। ਮਹਾਰਾਜੇ ਦੀ ਮੌਤ ਮਗਰੋਂ ਉਨਾਂ ਨੇ ਆਪਣੇ ਯਤਨ ਸਗੋਂ ਹੋਰ ਤੇਜ਼ ਕਰ ਦਿੱਤੇ।
ਸੰਨ 1840 ਵਿਚ, ਕਾਬਲ ਵਿਚ ਅੰਗਰੇਜ਼ ਪੁਲਿਟੀਕਲ ਅਫ਼ਸਰ ਸਰ ਵਿਲੀਅਮ ਮੈਕਨਾਟੱਨ ਨੇ ਸੁਝਾਅ ਦਿੱਤਾ ਕਿ ਕਾਬਲ (ਅਫਗਾਨਿਸਤਾਨ) ਰਾਜ ਦਾ ਸਿੱਖ ਇਲਾਕ

(ਪਿਸ਼ਾਵਰ) ਅਫਗਾਨਿਸਤਾਨ ਵਿਚ ਸ਼ਾਮਲ ਕਰ ਦਿੱਤਾ ਜਾਵੇ। ਪੰਜਾਬ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਪਹਾੜੀ ਇਲਾਕਾ ਡੋਗਰਿਆਂ ਦੇ ਪ੍ਰਬੰਧ ਹੇਠ ਕੀਤਾ ਜਾਵੇ ਅਤੇ ਮੈਦਾਨੀ ਇਲਾਕਾ ਸੰਧਾਵਾਲੀਆਂ ਦੇ ਹਵਾਲੇ ਕੀਤਾ ਜਾਵੇ। ਇਸ ਸੁਝਾਅ ਬਾਰੇ ਗਵਰਨਰ ਜਨਰਲ ਨੇ ਧੀਰਜ ਰੱਖਣ ਲਈ ਕਿਹਾ। ਇਹ ਵੀ ਕਿਹਾ ਕਿ ਪੰਜਾਬ ਜਲਦੀ ਹੀ ਖੰਡ-ਖੰਡ ਹੋ ਜਾਵੇਗਾ। ਉਦੋਂ ਸਿੰਧ ਦਾ ਇਲਾਕਾ ਅਫ਼ਗਾਨੀ ਹਕੂਮਤ ਨੂੰ ਦੇ ਦਿੱਤਾ ਜਾਵੇਗਾ।

ਅਸਲ ਗੱਲ ਇਹ ਹੈ ਕਿ ਅੰਗਰੇਜ਼ ਹਕੂਮਤ ਸਿੱਖ ਫੌਜ ਦੀ ਸ਼ਕਤੀ ਨੂੰ ਜਾਣਦੀ ਸੀ। ਇਸ ਲਈ ਕੋਈ ਫੌਰੀ ਐਕਸ਼ਨ ਨਾ ਲਿਆ ਗਿਆ, ਸਗੋਂ ਇਹ ਨੀਤੀ ਅਪਣਾਈ ਗਈ ਕਿ ਸਿੱਖ ਰਾਜ ਵਿਚ ਅੰਗਰੇਜ਼- ਸਹਾਇਕਾਂ ਰਾਹੀਂ ਹਾਲਾਤ ਇਹੋ ਜਿਹੇ ਬਣਾ ਦਿੱਤੇ ਜਾਣ ਕਿ ਸਿੱਖ ਰਾਜ ਆਪਣੇ ਆਪ ਹੀ ਉਨਾਂ ਦੀ ਝੋਲੀ ਵਿਚ ਪੈ ਜਾਵੇ। ਅੰਗਰੇਜ਼ ਹਕੂਮਤ ਨੇ ਲਾਹੌਰ ਵਿਚ ਕਤਲੋ-ਗਾਰਤ ਫੈਲਾਈ ਅਤੇ ਫੌਜ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ।

ਅਕਤੂਬਰ ਸੰਨ 1842 ਵਿਚ ਗਵਰਨਰ ਜਨਰਲ ਲਾਰਡ ਐਲਨਬਰੋ ਨੇ ਕਿਹਾ ਕਿ ਪੰਜਾਬ ਦਾ ਰਾਜ ਮੇਰੇ ਪੈਰਾਂ ਹੇਠ ਹੈ। ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਸਾਡੇ ਅਧੀਨ ਹੋਵੇਗਾ। ਉਸ ਨੇ 1844 ਵਿਚ ਲਿਖਿਆ ਕਿ ਮੈਨੂੰ ਪੂਰੀ ਆਸ ਹੈ ਕਿ ਕੋਈ ਵੀ ਚੀਜ਼ ਸਾਨੂੰ ਸਤਲੁਜ ਪਾਰ ਕਰਨ ਲਈ ਮਜਬੂਰ ਨਹੀਂ ਕਰੇਗੀ (ਭਾਵ, ਸਾਡੇ ‘ਤੇ ਹਮਲਾ ਨਹੀਂ ਹੋਵੇਗਾ)। ਉਸ ਆਪਣੇ ਵੱਲੋਂ ਹਮਲੇ ਦਾ ਨਕਸ਼ਾ (Blue Print) ਤਿਆਰ ਹੋਣ ਬਾਰੇ ਕਿਹਾ, ਉਸ ਨੇ ਤਾਂ ਸਿੱਖਾਂ ਉੱਤੇ ਹਮਲੇ ਦੀ ਤਰੀਕ ਵੀ ਨਵੰਬਰ 1845 ਲਿਖ ਦਿੱਤੀ। ਪਰ ਜੁਲਾਈ 1844 ਵਿਚ ਉਸ ਨੂੰ ਇੰਗਲੈਂਡ ਵਾਪਸ ਬੁਲਾ ਲਿਆ ਗਿਆ ਅਤੇ ਉਸ ਦੀ ਥਾਂ ਸਰ ਹੈਨਰੀ ਹਾਰਡਿੰਗ ਗਵਰਨਰ ਜਨਰਲ ਬਣਿਆ। ਉਸ ਨੇ ਪੰਜਾਬ ਵਿਚ ਛਡਯੰਤਰ (ਸਾਜ਼ਿਸ਼ਾਂ) ਰਚਣ ਅਤੇ ਜੰਗ ਵਰਗੇ ਹਾਲਾਤ ਪੈਦਾ ਕਰਨੇ ਸ਼ੁਰੂ ਕਰ ਦਿੱਤੇ।

ਸੰਨ 1844 ਤੋਂ ਹੀ ਅੰਗਰੇਜ਼ਾਂ ਵੱਲੋਂ ਪੰਜਾਬ ‘ਤੇ ਹਮਲੇ ਦੀਆਂ ਤਿਆਰੀਆਂ ਅਰੰਭ ਕਰ ਦਿੱਤੀਆਂ ਗਈਆਂ ਸਨ। ਇਸ ਦੇ ਨਾਲ ਇਸ ਤਰਾਂ ਦੀਆਂ ਹਰਕਤਾਂ ਵੀ ਕਰਨੀਆਂ ਅਰੰਭ ਕਰ ਦਿੱਤੀਆਂ ਜਿਨਾਂ ਤੋਂ ਪਤਾ ਲੱਗੇ ਕਿ ਹੁਣ ਅੰਗਰੇਜ਼ ਪਹਿਲਾਂ ਦੀ ਤਰਾਂ ਸਿੱਖਾਂ ਦੀ ਪ੍ਰਵਾਹ ਨਹੀਂ ਕਰਦੇ। ਸ਼ਾਹ ਸ਼ੁਜਾਹ ਨੂੰ ਕਾਬਲ ਦੀ ਗੱਦੀ ‘ਤੇ ਬਿਠਾ ਕੇ ਜਦ ਅੰਗਰੇਜ਼ ਫੌਜ ਪੰਜਾਬ ਵਿਚ ਦੀਂ ਵਾਪਸ ਗਈ ਤਾਂ ਸਿੱਖਾਂ ਨੇ ਬਹੁਤ ਬੁਰਾ ਮਨਾਇਆ। ਅੰਗਰੇਜ਼ਾਂ ਨੇ ਭਰੋਸਾ ਦਿੱਤਾ ਕਿ ਮੁੜ ਕੇ ਇੰਜ ਨਹੀ ਹੋਵੇਗਾ। ਪਰ ਲੋੜ ਪੈਣ ‘ਤੇ ਮੇਜਰ ਬ੍ਰਾਡਫੁਟ ਨੇ ਫਿਰ ਫੌਜ ਲੈ ਆਂਦੀ। ਅੰਗਰੇਜ਼ਾਂ ਨੇ ਪੰਜਾਬ ਦੇ ਆਲੇ-ਦੁਆਲੇ ਫ਼ੌਜੀ ਛਾਉਣੀਆਂ, ਫੌਜਾਂ ਦੀ ਗਿਣਤੀ ਅਤੇ ਫੌਜੀ ਸਮਾਨ ਵਿਚ ਵਾਧਾ ਕਰਨਾ ਸ਼ੁਰੂ ਕਰ ਦਿੱਤਾ। ਸੰਨ 1838 ਵਿਚ ਇਕ ਅੰਗਰੇਜ਼ ਪਲਟਣ ਸਬਾਥੂ ਅਤੇ ਦੋ ਲੁਧਿਆਣੇ ਸਨ ਅਤੇ ਫ਼ੌਜੀਆਂ ਦੀ ਕੁਲ ਗਿਣਤੀ 2500 ਸੀ। ਲਾਰਡ ਆਕਲੈਂਡ ਨੇ ਲੁਧਿਆਣੇ ਅਤੇ ਫਿਰੋਜ਼ਪੁਰ ਵਿਚ ਫੌਜ ਦੀ ਗਿਣਤੀ 8000 ਤੱਕ ਕਰ ਦਿੱਤੀ। ਲਾਰਡ ਐਲਾਨਬਰੋ ਨੇ ਅੰਬਾਲਾ, ਕਸੌਲੀ ਅਤੇ ਸ਼ਿਮਲੇ ਵਿਚ ਨਵੀਆਂ ਫੌਜੀ ਛਾਉਣੀਆਂ ਪਾਈਆਂ। ਲਾਰਡ ਹੈਨਰੀ ਹਾਰਡਿੰਗ ਨੇ 1844 ਵਿਚ ਫੌਜਾਂ ਦੀ ਗਿਣਤੀ 32000 ਅਤੇ ਤੋਪਾਂ ਦੀ ਗਿਣਤੀ 98 ਕਰ ਦਿੱਤੀ। ਉਦੋਂ ਮੇਰਠ ਵਿਚ ਵੀ ਦਸ ਹਜ਼ਾਰ ਫੌਜ ਸੀ। ਕਰਨਾਲ ਵਿਖੇ ਵੀ ਫੌਜ ਦੀ ਗਿਣਤੀ ਵਧਾ ਦਿੱਤੀ ਗਈ।

ਲਾਰਡ ਹਾਰਡਿੰਗ ਨੇ ਮੇਜਰ ਬ੍ਰਾਡਫੁਟ ਵਰਗੇ ਸ਼ੈਤਾਨ ਦੀ ਉਚੇਚੀ ਡਿਊਟੀ ਲਾਈ ਕਿ ਉਹ ਲਾਹੌਰ ਦਰਬਾਰ ਵਿਚ ਹੋਰ ਫੁੱਟ ਪੈਦਾ ਕਰਨ ਦੇ ਯਤਨ ਕਰੇ। ਫਿਰੋਜ਼ਪੁਰ ਦੇ ਨੇੜੇ ਦਾ ਇਲਾਕਾ ਸ: ਧੰਨਾ ਸਿੰਘ ਮਿਸਲ ਭੰਗੀਆਂ ਦੀ ਵਿਧਵਾ ਰਾਣੀ ਲਛਮਣ ਕੌਰ ਦੇ ਕੋਲ ਸੀ ਅਤੇ ਉਹ ਸਿੱਖ ਰਾਜ ਦੇ ਮਤਾਹਿਤ ਸੀ। ਉਸ ਦੀ ਮੌਤ ਮਗਰੋਂ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਹੇਠ ਕਰ ਲਿਆ। ਰਾਜਾ ਧਿਆਨ ਸਿੰਘ ਦੇ ਭਰਾ ਸੁਚੇਤ ਸਿੰਘ ਦਾ 18 ਲੱਖ ਰੁਪਿਆ ਫਿਰੋਜ਼ਪੁਰ ਦੇ ਅੰਗਰੇਜ਼ੀ ਬੈਂਕ ਵਿਚ ਜਮਾਂ ਸੀ, ਉਹ ਵੀ ਅੰਗਰੇਜ਼ਾਂ ਨੇ ਜ਼ਬਤ ਕਰ ਲਿਆ।

ਲੁਧਿਆਣੇ ਦੇ ਲਾਗੇ ਦੇ ਦੋ ਸਿੱਖ ਇਲਾਕੇ ਅੰਗਰੇਜ਼ੀ ਸਰਕਾਰ ਨੇ ਆਪਣੇ ਅਧੀਨ ਕਰ ਲਏ। ਬਹਾਨਾ ਇਹ ਲਾਇਆ ਕਿ ਡਾਕੂ ਇੱਥੇ ਅੰਗਰੇਜ਼ੀ ਇਲਾਕੇ ਵਿਚੋਂ ਆ ਕੇ ਪਨਾਹ ਲੈਂਦੇ ਸਨ। ਇਸੇ ਤਰਾਂ ਹੀ ਅੰਗਰੇਜ਼ਾਂ ਨੇ ਮੁਲਤਾਨ ਦੇ ਬਾਗੀ ਦੀਵਾਨ ਮੂਲ ਰਾਜ ਨੂੰ ਲਾਹੌਰ ਦਰਬਾਰ ਦੇ ਵਿਰੁੱਧ ਕਾਰਵਾਈ ਲਈ ਮਦਦ ਦੇਣੀ ਮੰਨ ਲਈ। ਫਰਵਰੀ 1845 ਵਿਚ ਗੁਲਾਬ ਸਿੰਘ ਡੋਗਰੇ ਨੇ ਲਾਰਡ ਹਾਰਡਿੰਗ ਤੱਕ ਇਹ ਗੱਲ ਪਹੁੰਚਾਈ ਸੀ ਕਿ ਲੜਾਈ ਇਸੇ ਸਾਲ ਸਰਦੀਆਂ ਵਿਚ ਛਿੜ ਪਵੇਗੀ। ਇਹ ਸਮਾਂ ਅੰਗਰੇਜ਼ ਸੈਨਿਕਾਂ ਦੇ ਲੜਨ ਲਈ ਢੁਕਵਾਂ ਸੀ। ਸੋ ਅੰਗਰੇਜ਼ਾਂ ਨੇ ਨਵੰਬਰ 1845 ਵਿਚ ਜੰਗ ਛੇੜਨ ਦਾ ਫੈਸਲਾ ਕਰ ਲਿਆ ਸੀ।

ਸੰਨ 1845 ਵਿਚ ਕੁਝ ਹੋਰ ਮਹੱਤਵਪੂਰਨ ਘਟਨਾਵਾਂ ਹੋਈਆਂ, ਜੋ ਇਸ ਪ੍ਰਕਾਰ ਹਨ :
ਲੁਧਿਆਣੇ ਦੇ ਲਾਗੇ ਸਤਲੁਜ ਦਰਿਆ ਉੱਤੇ ਬੇੜੀਆਂ ਦਾ ਪੁਲ ਬਣਾਇਆ ਗਿਆ। ਇਹ ਸਿੱਖ ਰਾਜ ‘ਤੇ ਹਮਲਾ ਕਰਨ ਲਈ ਹੀ ਬਣਾਇਆ ਸੀ।
ਡਾਕੂਆਂ ਦਾ ਪਿੱਛਾ ਕਰਦੇ ਹੋਏ ਸਿੱਖ ਫੌਜੀ ਸਿੰਧ ਦੇ ਇਲਾਕੇ ਵਿਚ ਚਲੇ ਗਏ। ਉਦੋਂ ਤੱਕ ਸਿੰਧ ਵਿਚ ਸਿੱਖਾਂ ਤੇ ਅੰਗਰੇਜ਼ਾਂ ਦੀ ਹੱਦ ਪੱਕੀ ਨਹੀਂ ਸੀ ਹੋਈ। ਸਿੰਧ ਫਤਿਹ ਕਰਨ ਵਾਲੇ ਅੰਗਰੇਜ਼ ਫੌਜੀ ਅਫਸਰ ਨੇਪੀਅਰ ਨੇ ਸਿੱਖਾਂ ‘ਤੇ ਹਮਲਾ ਕਰ ਦਿੱਤਾ; ਕਾਰਨ ਇਹ ਦੱਸਿਆ ਕਿ ਸਿੱਖ ਸਾਡੇ (ਅੰਗਰੇਜ਼ੀ) ਇਲਾਕੇ ਵਿਚ ਆ ਗਏ ਹਨ। ਇਹ ਨਿਰਾ ਝੂਠ ਸੀ ਕਿਉਂਕਿ ਉਦੋਂ ਤਾਂ ਹੱਦ ਦਾ ਫੈਸਲਾ ਹੀ ਨਹੀਂ ਸੀ ਹੋਇਆ। ਇਹ ਸਿੱਖਾਂ ਨੂੰ ਲੜਾਈ ਲਈ ਉਕਸਾਉਣ ਲਈ ਕੀਤਾ ਗਿਆ ਸੀ।

7 ਮਈ, 1845 ਨੂੰ ਐਲਨਬਰੋਕ ਨੇ ਇੰਗਲੈਂਡ ਤੋਂ ਲਿਖਿਆ ਕਿ ‘ਸਤਲੁਜ ਪਾਰ ਦੇ ਸਾਡੇ ਮਿੱਤਰ ਉਹ ਸਭ, ਕੁਝ ਚੰਗੀ ਤਰਾਂ ਕਰ ਰਹੇ ਹਨ, ਜੋ ਕੁਝ ਅਸੀਂ ਚਾਹੁੰਦੇ ਹਾਂ।’

* ਕੋਟ ਕਪੂਰਾ (ਜੋ ਲਾਹੌਰ ਦਰਬਾਰ ਦੇ ਅਧੀਨ ਸੀ।) ਤੋਂ ਵਾਪਸ ਆਉਂਦੇ ਸਿੱਖਾਂ ‘ਤੇ ਮੇਜਰ ਬ੍ਰਾਡਫੁਟ ਨੇ ਹਮਲਾ ਕਰ ਦਿੱਤਾ। ਸਤਲੁਜ ਪਾਰ ਕਰਦਿਆਂ ਸਿੱਖਾਂ ‘ਤੇ ਗੋਲੀਆਂ ਚਲਾਈਆਂ, ਪਰ ਸਿੱਖ ਸ਼ਾਂਤ ਰਹੇ। ਅੰਗਰੇਜ਼ਾਂ ਦਾ ਇਹ ਹਮਲਾ 1809 ਦੀ ਸੰਧੀ ਦੇ ਖਿਲਾਫ਼ ਸੀ।

* ਲੁਧਿਆਣੇ ਦੇ ਨੇੜਲੇ ਲਾਹੌਰ ਦਰਬਾਰ ਦੇ ਇਲਾਕੇ ਬ੍ਰਾਡਫੁਟ ਨੇ ਇਹ ਕਹਿ ਕੇ ਅੰਗਰੇਜ਼ੀ ਰਾਜ ਵਿਚ ਮਿਲਾ ਲਏ ਕਿ ਇੱਥੋਂ ਲੁਟੇਰੇ ਅੰਗ੍ਰੇਜ਼ੀ ਰਾਜ ਦੀ ਹੱਦ ਵਿਚ ਆ ਜਾਂਦੇ ਹਨ। ਇਹ ਮੇਜਰ ਬ੍ਰਾਡਫੁਟ ਹੀ ਅੰਗਰੇਜ਼-ਸਿੱਖ ਲੜਾਈਆਂ ਦਾ ਅਸਲ ਕਾਰਨ ਸੀ।

* ਫਿਲੌਰ ਦੇ ਕਿਲੇ ਦੇ ਸਾਹਮਣੇ ਅੰਗਰੇਜ਼ਾਂ ਦਾ ਇਕ ਜਹਾਜ਼ ਕਈ ਦਿਨ ਖੜਾ ਰਿਹਾ।

ਇਹੋ ਜਿਹੀਆਂ ਘਟਨਾਵਾਂ ਨੇ ਸਿੱਖ ਫੌਜਾਂ ਦਾ ਸ਼ੱਕ ਪੱਕਾ ਕਰ ਦਿੱਤਾ ਕਿ ਅੰਗਰੇਜ਼ਾਂ ਨੇ ਲਾਹੌਰ ‘ਤੇ ਕਬਜ਼ਾ ਕਰਨ ਦਾ ਮਨ ਬਣਾ ਲਿਆ ਹੈ। ਦੂਜਾ, ਡੋਗਰਿਆਂ ਤੇ ਪੂਰਬੀਆਂ ਨੇ ਫੌਜਾਂ ਨੂੰ ਭੜਕਾਉਣ ਲਈ ਪੂਰਾ ਜ਼ੋਰ ਲਗਾਇਆ। ਲੜਾਈ ਨਾਲ ਹੀ ਉਨਾਂ ਦੇ ਸੁਪਨੇ ਸਾਕਾਰ ਹੁੰਦੇ ਨਜ਼ਰ ਆਉਂਦੇ ਸਨ। ਉਸ ਸਮੇਂ ਫੌਜ ਹੀ ਅਸਲ ਵਿਚ ਰਾਜ ਕਰ ਰਹੀ ਸੀ, ਸਾਰੇ ਫੈਸਲੇ ਫੌਜੀ ਪੰਚ ਕਰਦੇ ਸਨ। ਸਿੱਖ ਫੌਜੀ ਜਿੱਥੇ ਯੁੱਧ ਕਲਾ ਵਿਚ ਪਰਵੀਨ ਸਨ ਅਤੇ ਸਿੱਖ ਰਾਜ ਲਈ ਹਰ ਕੁਰਬਾਨੀ ਕਰਨ ਲਈ ਤਿਆਰ ਰਹਿੰਦੇ ਸਨ, ਸਿੱਖ ਰਾਜ ਦੇ ਛੁਪੇ ਗੱਦਾਰਾਂ ਦੇ ਬਹਿਰਾਵੇ ਵਿਚ ਆ ਜਾਂਦੇ ਸਨ। ਲੜਾਈ ਛੇੜਨ ਵਿਚ ਸਿੱਖ ਫੌਜ ਵੀ ਅਸਿੱਧੇ ਰੂਪ ਵਿਚ ਕਿਸੇ ਹੱਦ ਤੱਕ ਜ਼ਿੰਮੇਵਾਰ ਸੀ।

ਨਵੰਬਰ 1845 ਦੇ ਦੂਜੇ ਹਫ਼ਤੇ ਸਿੱਖ ਸਰਦਾਰਾਂ ਤੇ ਫੌਜੀ ਪੰਚਾਂ ਦਾ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ‘ਤੇ ਇਕੱਠ ਹੋਇਆ। ਲਾਲ ਸਿੰਘ ਤੇ ਤੇਜਾ ਸਿੰਘ ਦੇ ਚੁੱਕੇ ਚੁਕਾਏ ਫੌਜੀ ਪੰਚਾਂ ਨੇ ਅੰਗਰੇਜ਼ਾਂ ਨਾਲ ਲੜਾਈ ਅਰੰਭ ਕਰਨ ਦਾ ਫੈਸਲਾ ਕਰ ਲਿਆ। (ਮਹਾਰਾਣੀ ਜਿੰਦ ਕੌਰ ਤੇ ਸਰਦਾਰ ਸ਼ਾਮ ਸਿੰਘ ਵਰਗੇ ਆਗੂ ਲੜਾਈ ਸ਼ੁਰੂ ਕਰਨ ਦੇ ਹੱਕ ਵਿਚ ਨਹੀਂ ਸਨ)। ਸਾਰੇ ਫੌਜੀ ਪੰਚਾਂ ਤੇ ਸਰਦਾਰਾਂ ਨੇ ‘ਰਾਜ ਭਗਤ’ ਰਹਿਣ ਦਾ ਪ੍ਰਣ ਕੀਤਾ। ਮਿਸਰ ਤੇਜ ਸਿੰਘ ਤੇ ਲਾਲ ਸਿੰਘ ਨੂੰ ਫੈਸਲੇ ਕਰਨ ਦੇ ਅਧਿਕਾਰ ਦਿੱਤੇ। 17 ਨਵੰਬਰ, 1845 ਨੂੰ ਅੰਗਰੇਜ਼ਾਂ ਨਾਲ ਲੜਾਈ ਦਾ ਐਲਾਨ ਕੀਤਾ ਗਿਆ।

ਫ਼ਤਿਹਗੜ (ਸਭਰਾ) ਦੇ ਸਾਹਮਣੇ ਇਕ ਕੱਚਾ ਕਿਲਾ ਬਣਾਇਆ। ਸਤਲੁਜ ਦਰਿਆ ‘ਤੇ ਸਿੱਖਾਂ ਦਾ ਕਬਜ਼ਾ ਸੀ। ਇਸ ਕਰਕੇ ਅੰਗਰੇਜ਼ ਇਸ ਪਾਸਿਉਂ ਸਾਮਾਨ ਨਹੀਂ ਸਨ ਲਿਆ ਸਕਦੇ। ਜੇ ਸਿੱਖ ਫੌਜ ਦੇ ਜਰਨੈਲ ਲੂਣ ਹਰਾਮੀ ਨਾ ਹੁੰਦੇ ਤਾਂ ਇਹ ਕਿਲਾ ਸਿੱਖਾਂ ਦਾ ਸਾਥ ਨਾ ਛੱਡਦਾ।

11 ਦਸੰਬਰ ਨੂੰ ਸਭਰਾ ਦੇ ਆਸ ਪਾਸ ਤੋਂ ਦਰਿਆ ਪਾਰ ਕਰਕੇ, ਫ਼ਤਿਹਗੜ ਵਿਖੇ 40 ਹਜ਼ਾਰ ਸਿੱਖ ਫੌਜਾਂ ਨੇ ਮੋਰਚੇ ਸੰਭਾਲ ਲਏ। ਸਿੱਖ ਫ਼ੌਜੀਆਂ ਵਿਚ ਲੜਾਈ ਲਈ ਏਨਾ ਉਤਸ਼ਾਹ ਸੀ ਕਿ ਹਰ ਛੋਟਾ-ਮੋਟਾ ਕੰਮ ਆਪ ਕੀਤਾ; ਬੇੜੀਆਂ ‘ਤੇ ਸਾਮਾਨ ਲੱਦਿਆ ਤੇ ਉਤਾਰਿਆ, ਤੋਪਾਂ ਆਪ ਖਿੱਚੀਆਂ, ਗੱਡੇ ਹਿੱਕੇ, ਸਾਮਾਨ/ਬਾਰੂਦ ਸਿਰਾਂ ‘ਤੇ ਚੁੱਕਿਆ।

12 ਦਸੰਬਰ ਨੂੰ ਸਿੱਖਾਂ ਦੇ ਸਤਲੁਜ ਪਾਰ ਕਰਨ ਦੀ ਖ਼ਬਰ ਲਾਰਡ ਹਾਰਡਿੰਗ ਨੂੰ ਲੁਧਿਆਣੇ ਮਿਲੀ। ਉਸਨੇ ਅਗਲੇ ਦਿਨ ਲਸ਼ਕਰੀ ਖ਼ਾਨ ਦੇ ਅਸਥਾਨ ‘ਤੇ ਇਕ ਲੰਮਾ- ਚੌੜਾ ਬਿਆਨ ਜਾਰੀ ਕੀਤਾ, ਜਿਸ ਦਾ ਮੂਲ ਮੁੱਦਾ ਇਹ ਸੀ ਕਿ ਸਿੱਖਾਂ ਨੇ ਅਕਾਰਨ ਹੀ ਲੜਾਈ ਛੇੜ ਦਿੱਤੀ ਹੈ, ਤਾਂ ਅਸੀਂ ਹੱਦ ਵੱਲ ਵਧਣ ਦਾ ਹੁਕਮ ਦਿੱਤਾ ਹੈ, ‘ਸੰਧੀ ਤੋੜਨ ਵਾਲਿਆਂ ਨੂੰ ਸਜ਼ਾ ਦੇਣੀ ਜ਼ਰੂਰੀ ਹੈ। ਜੋ ਇਲਾਕੇ (ਸਿੱਖ ਰਾਜ ਦੇ) ਅੰਗਰੇਜ਼ੀ ਰਾਜ ਵੱਲ ਹਨ, ਉਹ ਕਬਜ਼ਾ ਕਰਕੇ ਅੰਗਰੇਜ਼ੀ ਰਾਜ ਵਿਚ ਮਿਲਾ ਲਏ ਜਾਂਦੇ ਹਨ; ਵਫ਼ਾਦਾਰਾਂ ਦੀ ਰਾਖੀ ਕੀਤੀ ਜਾਵੇਗੀ।

ਮੇਜਰ ਸਮਿਥ ਨੇ ਸਿੱਖਾਂ ਦੇ ਲੜਾਈ ਛੇੜਨ ਦੇ ਦੋਸ਼ ਨੂੰ ਗ਼ਲਤ ਦੱਸਿਆ। ਉਸ ਅਨੁਸਾਰ ਅੰਗਰੇਜ਼ ਲੜਾਈ ਛੇੜਨ ਵਾਲੇ ਸਨ। ਬਰਗੇਡੀਅਰ ਗਫ 12 ਦਸੰਬਰ ਨੂੰ ਅੰਬਾਲੇ ਤੋਂ ਤੁਰਿਆ, 17 ਨੂੰ ਬੁਸੀਨ ਪੁੱਜਾ। ਏਥੇ ਲਾਰਡ ਹਾਰਡਿੰਗ ਦੀ ਫੌਜ ਨਾਲ ਆ ਮਿਲਿਆ। ਬ੍ਰਾਡਫੁਟ ਨੇ ਜੰਗੀ ਸਾਮਾਨ ਇਕੱਠਾ ਕੀਤਾ ਹੋਇਆ ਸੀ, 17 ਤਰੀਕ ਦੀ ਸ਼ਾਮ ਨੂੰ ਦੋਵੇਂ ਚੜਿਕ ਪੁੱਜੇ। ਅਗਲੇ ਦਿਨ ਮੁਦਕੀ ਦੀ ਲੜਾਈ ਆਰੰਭ ਹੋਈ।

14 ਦਸੰਬਰ ਨੂੰ ਸਿੱਖਾਂ ਦਾ ਇਕ ਦਲ ਫਿਰੋਜ਼ਪੁਰ ਦੇ ਨੇੜੇ ਪੁੱਜ ਚੁੱਕਾ ਸੀ। ਫਿਰੋਜ਼ਪੁਰ ਵਿਖੇ ਲਿਟਨਰ 7000 ਸੈਨਿਕਾਂ ਦੀ ਫੌਜ ਲੈ ਕੇ ਬੈਠਾ ਹੋਇਆ ਸੀ। ਉੱਥੇ ਅੰਗਰੇਜ਼ਾਂ ਦਾ 45 ਲੱਖ ਰੁਪਏ ਦਾ ਖਜ਼ਾਨਾ ਅਤੇ ਬੇਅੰਤ ਫੌਜੀ ਸਾਮਾਨ ਪਿਆ ਹੋਇਆ ਸੀ। ਸਿੱਖਾਂ ਦੀ ਦੀ ਆਮਦ ਕਰਕੇ ਲਿਟਨਰ ਘਬਰਾਇਆ। ਉਸ ਨੇ ਲਾਲ ਸਿੰਘ ਨੂੰ ਚਿੱਠੀ ਲਿਖੀ ਅਤੇ ਮਿੱਤਰਤਾ ਜਤਾਈ। ਲਾਲ ਸਿੰਘ ਨੇ ਆਖਿਆ, ‘ਮੈਨੂੰ ਕੀ ਹੁਕਮ ਹੈ?’ ਜੁਆਬ ਸੀ ਕਿ ਫਿਰੋਜ਼ਪੁਰ ‘ਤੇ ਹਮਲਾ ਨਾ ਕਰੋ। ਲਾਲ ਸਿੰਘ ਨੇ ਹਮਲਾ ਰੋਕ ਦਿੱਤਾ ਅਤੇ ਸਿੱਖ ਫ਼ੌਜੀਆਂ ਨੂੰ ਕਿਹਾ, ‘ਛੋਟੇ ਮੋਟੇ ਜਰਨੈਲ ਨਾਲ ਲੜਨਾ ਕੋਈ ਬਹਾਦਰੀ ਨਹੀਂ। ਖ਼ਾਲਸਾ ਫੌਜ ਤਾਂ ‘ਵੱਡੇ ਲਾਟ’ ਨਾਲ ਲੜੇਗੀ। ਸਮਿੱਥ ਲਿਖਦਾ ਹੈ, ਉਹ (ਸਿੱਖ ਸੈਨਾਪਤੀ) ਅੰਗਰੇਜ਼ਾਂ ਨਾਲ ਫ਼ਤਿਹ ਹਾਸਲ ਕਰਨ ਲਈ ਨਹੀਂ, ਸਗੋਂ ਆਪਣੀ ਫੌਜ ਨੂੰ ਮਰਵਾਉਣ ਵਾਸਤੇ ਆਏ ਸਨ।’)

ਖ਼ਾਲਸਾ ਫੌਜ ਲੜਨ ਲਈ ਕਾਹਲੀ ਸੀ। ਇਸ ਲਈ ਲਾਲ ਸਿੰਘ ਮੁਦਕੀ ਵੱਲ ਨੂੰ ਲੈ ਤੁਰਿਆ। ਜੇ ਕਿਤੇ ਸਿੱਖ ਫੌਜ ਫ਼ਿਰੋਜ਼ਪੁਰ ‘ਤੇ ਹਮਲਾ ਕਰ ਦਿੰਦੀ ਤਾਂ ਅੰਗਰੇਜ਼ਾਂ ਨੂੰ ਬਹੁਤ ਬੁਰੀ ਹਾਰ ਹੋਣੀ ਸੀ ਤੇ ਭਾਰੀ ਖਜ਼ਾਨਾ ਤੇ ਜੰਗੀ ਸਾਮਾਨ ਹੱਥ ਲੱਗਣਾ ਸੀ। ਅੱਗੋਂ ਕੋਈ ਵੀ ਲੜਾਈ ਨਹੀ ਸੀ ਹੋਣੀ। ਪਰ ਜੰਗੀ ਜਰਨੈਲਾਂ ਦੀ ਗੱਦਾਰੀ ਨੇ ਜਿੱਤੀ ਬਾਜ਼ੀ ਹਾਰ ਦਿੱਤੀ।

ਮੁਦਕੀ ਦੀ ਲੜਾਈ : ਮੇਜਰ ਜਨਰਲ ਗਿਲਬਰਟ (Major General Walter Releigh Gilhert) 12 ਦਸੰਬਰ ਨੂੰ ਅੰਬਾਲੇ ਤੋਂ 10 ਹਜ਼ਾਰ ਸੈਨਿਕ ਲੈ ਤੇ ਤੁਰਿਆ ਅਤੇ 17 ਦਸੰਬਰ ਨੂੰ ਬੁਸੀਨ ਪੁੱਜ ਗਿਆ। ਏਥੇ ਹੀ ਲੁਧਿਆਣੇ ‘ਤੋਂ ਲਾਰਡ ਹਾਰਡਿੰਗ 5 ਹਜ਼ਾਰ ਸੈਨਿਕ ਅਤੇ 12 ਤੋਪਾਂ ਲੈ ਕੇ ਆ ਪੁੱਜਾ। ਇੱਥੇ ਬ੍ਰਾਡਫੁਟ ਨੇ ਜੰਗੀ ਸਾਮਾਨ ਇਕੱਠਾ ਕੀਤਾ ਹੋਇਆ ਸੀ। 17 ਤਰੀਕ ਨੂੰ ਦੋਵੇਂ ਚੜਿਕ ਪੁੱਜ ਗਏ ਤੇ ਅਗਲੇ ਦਿਨ ਮੁਦਕੀ ਪਹੁੰਚ ਕੇ ਲੜਾਈ ਅਰੰਭ ਕਰ ਦਿੱਤੀ।

ਸਿੱਖ ਫੌਜ ਨਾਲ ਸਿੰਘ, ਤੇਜ ਸਿੰਘ, ਰਣਜੋਧ ਸਿੰਘ ਆਦਿਕਾਂ ਦੇ ਅਧੀਨ ਵੰਡੀ ਹੋਈ ਸੀ। ਬਣਾਈ ਵਿਉਂਤ ਅਨੁਸਾਰ ਲਾਲ ਸਿੰਘ ਫਿਰੋਜ਼ਪੁਰ ਅਤੇ ਰਣਜੋਧ ਸਿੰਘ ਲੁਧਿਆਣੇ ਪੁੱਜੇ ਸਨ। ਲਾਲ ਸਿੰਘ ਫਿਰੋਜ਼ਪੁਰ ਨੂੰ ਛੱਡ ਕੇ ਦੁਪਹਿਰ ਮਗਰੋਂ ਮੁਦਕੀ ਵੱਲ ਨੂੰ ਹੋ ਤੁਰਿਆ। ਰਾਹ ਵਿਚ ਜਾਂ ਤਾਂ ਫ਼ੌਜ ਰਸਤਾ ਭੁੱਲ ਗਈ ਜਾਂ ਜਾਣ ਬੁਝ ਕੇ ਗ਼ਲਤ ਰਸਤੇ ਪਾ ਦਿੱਤੀ ਗਈ, ਜੋ ਸਾਰੀ ਰਾਤ ਭਟਕਣ ਮਗਰੋਂ ਫੇਰੂ ਸ਼ਹਿਰ ਪੁੱਜ ਗਈ। ਸਵੇਰੇ ਮੁਦਕੀ ਵੱਲ ਨੂੰ ਹੋ ਤੁਰੇ। ਲਾਲ ਸਿੰਘ ਨੇ ਅੱਧੀ ਫੌਜ ਫੇਰੂ ਸ਼ਹਿਰ ਹੀ ਰਹਿਣ ਦਿੱਤੀ, ਇਹ ਬਹਾਨਾ ਬਣਾ ਕੇ ਕਿ ਸ਼ਾਇਦ ਤੇਜ ਸਿੰਘ ਨੂੰ ਫੌਜੀਆਂ ਦੀ ਲੋੜ ਪਵੇ।

18 ਦਸੰਬਰ ਨੂੰ ਮੁਦਕੀ ਦੀ ਲੜਾਈ ਆਰੰਭ ਹੋਈ। ਅੰਗਰੇਜ਼ ਫੌਜ ਦੀ ਗਿਣਤੀ 11 ਹਜ਼ਾਰ ਸੀ। ਲਗ-ਪਗ ਇੰਨੀ ਹੀ ਸਿੱਖ ਫੌਜ ਸੀ। ਜਿੱਥੇ ਅੰਗਰੇਜ਼ਾਂ ਦੀ ਵਿਉਂਤਬੰਦੀ ਮਾਅਰਕੇ ਦੀ ਸੀ, ਉੱਥੇ ਸਿੱਖ ਫੌਜਾਂ ਵਿਚ ਅਥਾਹ ਜੋਸ਼ ਸੀ; ਉਹ ਪੰਜਾਬ ਦੀ ਆਨ- ਸ਼ਾਨ, ਅਣਖ ਅਤੇ ਖ਼ਾਲਸਾ ਪੰਥ ਦੀ ਗੌਰਵਤਾ ਨੂੰ ਕਾਇਮ ਕਰਨ ਲਈ ਲੜ ਰਹੀਆਂ ਸਨ। ਇਸ ਲਈ ਸਿੱਖਾਂ ਨੇ ਅਰੰਭ ਵਿਚ ਹੀ ਬੜਾ ਤੇਜ਼ ਹਮਲਾ ਕੀਤਾ। ਲੋਥਾਂ ਦੇ ਢੇਰ ਲੱਗ ਗਏ, ਖੇਤ ਖ਼ੂਨ ਨਾਲ ਰੰਗੇ ਗਏ। ਅੰਗਰੇਜ਼ ਬੁਰੀ ਤਰਾਂ ਹਾਰੇ। ਇਸ ਨਾਲ ਲਾਲ ਸਿੰਘ ਨੂੰ ਹੌਲ ਪੈਣ ਲੱਗਾ; ਉਹ ਤਾਂ ਉਨਾਂ ਫੌਜਾਂ (ਸਿੱਖਾਂ) ਦੀ ਹਾਰ ਵੇਖਣੀ ਚਾਹੁੰਦਾ ਸੀ, ਜਿਨਾਂ ਦੀ ਉਹ ਅਗਵਾਈ ਕਰ ਰਿਹਾ ਸੀ। ਉਹ ਆਪਣੀ ਚਾਰ ਹਜ਼ਾਰ ਨਿੱਜੀ ਫੌਜ (ਡੋਗਰੇ ਤੇ ਮੁਸਲਮਾਨ) ਲੈ ਕੇ ਮੈਦਾਨ ਵਿਚੋਂ ਨੱਸ ਤੁਰਿਆ ਅਤੇ ਬਾਕੀਆਂ ਨੂੰ ਵੀ ਮੈਦਾਨ ਛੱਡਣ ਦਾ ਹੁਕਮ ਦੇ ਗਿਆ। ਉਸ ਦੇ ਮਗਰ ਕਨੱਯਾ ਲਾਲ, ਅਜੁੱਧਿਆ ਪ੍ਰਸਾਦ ਤੇ ਅਮਰਨਾਥ ਵੀ ਆਪਣੀਆਂ ਫੌਜਾਂ ਸਮੇਤ ਚਲੇ ਗਏ। ਮੈਦਾਨ ਵਿਚ ਕੇਵਲ 6-7 ਹਜ਼ਾਰ ਸਿੱਖ ਹੀ ਰਹਿ ਗਏ, ਜਿਨਾਂ ਨੇ ਬਿਨਾਂ ਅਫਸਰਾਂ (ਜਰਨੈਲਾਂ) ਦੇ ਲੜਾਈ ਲੜੀ। ਤਾਂ ਵੀ ਅੰਗਰੇਜ਼ਾਂ ਵਿਚ ਹਫੜਾ-ਦਫੜੀ ਮੱਚ ਗਈ; ਉਹ ਆਪਸ ਵਿਚ ਹੀ ਗੋਲੀਆਂ ਚਲਾਉਣ ਲੱਗੇ। ਦੋ ਘੰਟੇ ਰਾਤ ਗੁਜ਼ਰੀ ਤਾਂ ਲਾਰਡ ਹਾਰਡਿੰਗ ਵੀ ਮੈਦਾਨ ਵਿਚ ਆ ਗਿਆ। ਤਾਜ਼ਾ ਦਮ ਫੌਜ ਆਉਣ ਨਾਲ ਅੰਗਰੇਜ਼ ਜ਼ੋਰ-ਸ਼ੋਰ ਨਾਲ ਲੜਨ ਲੱਗੇ। ਸਿੱਖ ਫੌਜ ਪਿੱਛੇ ਹਟ ਗਈ। ਹਨੇਰੇ ਨੇ ਸਿੱਖ ਫੌਜਾਂ ਨੂੰ ਲੁਕੋ ਲਿਆ ਅਤੇ ਲੜਾਈ ਬੰਦ ਹੋ ਗਈ। ਅੰਗਰੇਜ਼ ਸਾਰੀ ਰਾਤ ਡਰਦੇ ਰਹੇ। ਉਨਾਂ ਦੇ ਤਿੰਨ ਅਫਸਰ ਸਰ ਰਾਬਰਟ ਸੇਲ, ਸਰ ਜੋਸਫ ਮੈਕਾਸਕਿਲ, ਬਰਗੇਡੀਅਰ ਬੋਲਟਨ ਅਤੇ 215 ਸੈਨਿਕ ਮਾਰੇ ਗਏ। ਕੁਝ ਸਿੱਖ ਦਰਿਆ ਪਾਰ ਕਰਕੇ ਵਾਪਸ ਆ ਗਏ ਤੇ ਕੁਝ ਤੇਜ ਸਿੰਘ ਦੀ ਫੌਜ ਵਿਚ ਆ ਰਲੇ।

ਫੇਰੂ ਸ਼ਹਿਰ ਦੀ ਲੜਾਈ : 20 ਦਸੰਬਰ ਨੂੰ ਸਿੱਖ ਫੌਜਾਂ ਫੇਰੂ ਸ਼ਹਿਰ ਤੇ ਸੁਲਤਾਨ ਖਾਂ ਵਾਲਾ ਕੋਲ ਆ ਇਕੱਠੀਆਂ ਹੋਈਆਂ। ਇੱਥੇ 100 ਤੋਪਾਂ, 8-10 ਹਜ਼ਾਰ ਘੋੜਸਵਾਰ ਤੇ 8-9 ਹਜ਼ਾਰ ਪੈਦਲ ਫ਼ੌਜ ਮਿਸਰ ਲਾਲ ਸਿੰਘ ਦੀ ਕਮਾਨ ਹੇਠ ਅੰਗਰੇਜ਼ਾਂ ਦੀ ਉਡੀਕ ਕਰਨ ਲੱਗੀ।

ਉੱਧਰ ਅੰਗਰੇਜ਼ਾਂ ਨੇ ਵੀ ਆਪਣੀ ਸਥਿਤੀ ਮਜ਼ਬੂਤ ਕਰਨੀ ਅਰੰਭ ਕੀਤੀ। 19 ਦਸੰਬਰ ਨੂੰ ਸਬਾਥੂ ਤੇ ਕਸੌਲੀ ਦੀ ਫੌਜ ਵੀ ਮੁਦਕੀ ਪਹੁੰਚ ਗਈ। ਸੈਨਾਪਤੀ ਗਫ਼ ਨੇ ਲਿਟਲਰ ਨੂੰ ਫਿਰੋਜ਼ਪੁਰ ਸੁਨੇਹਾ ਭੇਜਿਆ ਤੇ ਆਪ ਮਿਸਰੀ ਵਾਲੇ ਵੱਲ ਕੂਚ ਕੀਤਾ। ਲਿਟਲਰ ਦੀ ਫੌਜ 21 ਦਸੰਬਰ ਨੂੰ ਦੁਪਹਿਰ ਤਕ ਮਿਸਰੀਵਾਲੇ ਆ ਗਈ। ਅੰਗਰੇਜ਼ ਸੈਨਿਕਾਂ ਦੀ ਗਿਣਤੀ 18 ਹਜ਼ਾਰ ਤੱਕ ਪੁੱਜ ਗਈ, ਜਿਨਾਂ ਕੋਲ 65 ਤੋਂ ਵੱਧ ਤੋਪਾਂ ਸਨ। ਲਾਰਡ ਹਾਰਡਿੰਗ ਨੇ ਫੌਜ ਦਾ ਉਤਸ਼ਾਹ ਵਧਾਉਣ ਲਈ ਆਪਣੇ ਤੋਂ ਹੇਠਲੇ ਅਹੁਦੇ ਵਾਲੇ ਗਫ਼ ਅਧੀਨ ਕਪਤਾਨ ਬਣਨਾ ਸਵੀਕਾਰ ਕੀਤਾ।

ਦੋਹਾਂ ਧਿਰਾਂ ਨੇ ਫੇਰੂ ਸ਼ਹਿਰ ਵਿਖੇ ਮੋਰਚਾਬੰਦੀ ਕਰ ਲਈ, ਤੋਪਾਂ ਬੀੜੀਆਂ। ਤਿਆਰੀ ਕਰਦਿਆਂ ਸ਼ਾਮ ਪੈ ਗਈ। ਇਕ ਘੰਟਾ ਦਿਨ ਰਹਿੰਦਿਆਂ ਅੰਗਰੇਜ਼ ਫੌਜਾਂ ਨੇ ਤੋਪਾਂ ਦਾਗੀਆਂ। ਸਿੱਖਾਂ ਨੇ ਵੀ ਤੋਪਾਂ ਦਾਗ਼ ਕੇ ਪੂਰੇ ਜੋਸ਼ ਨਾਲ ਜੁਆਬ ਦਿੱਤਾ। ਦੋਹਾਂ ਪਾਸਿਆਂ ਤੋਂ ਭਾਰੀ ਗੋਲਾਬਾਰੀ ਹੋਈ। ਆਰੰਭ ਵਿਚ ਅੰਗਰੇਜ਼ਾਂ ਨੂੰ ਕੁਝ ਸਫਲਤਾ ਮਿਲੀ ਤੇ ਉਹ ਸਿੱਖਾਂ ਦੇ ਮੋਰਚਿਆਂ ਤੱਕ ਪਹੁੰਚ ਗਏ। ਸਿੱਖ ਘਬਰਾਏ ਨਹੀਂ, ਸਗੋਂ ਹੋਰ ਜੋਸ਼ ਨਾਲ ਲੜੇ ਅਤੇ ਅੰਗਰੇਜ਼ ਫੌਜ ਨੂੰ ਪਿੱਛੇ ਹਟਣ ਲਈ ਮਜਬੂਰ ਕਰ ਦਿੱਤਾ।

ਕੁਝ ਗੋਲੇ ਅੰਗਰੇਜ਼ਾਂ ਦੇ ਗੁਦਾਮ ‘ਤੇ ਜਾ ਡਿੱਗੇ। ਰਸਦ ਦੀਆਂ ਗੱਡੀਆਂ ਚੂਰ ਚੂਰ ਹੋ ਗਈਆਂ; ਬਰੂਦ ਨੂੰ ਅੱਗ ਲੱਗ ਗਈ ਤੇ ਪੇਟੀਆਂ ਅਸਮਾਨ ਵਿਚ ਉੱਡਣ ਲੱਗੀਆਂ। ਅਨੇਕਾਂ ਅੰਗਰੇਜ਼ ਮਾਰੇ ਗਏ ਤੇ ਲਿਟਲਰ ਦੀ ਫੌਜ ਫਿਰੋਜ਼ਪੁਰ ਵੱਲ ਨੂੰ ਨੱਠੀ। ਕੇਵਲ ਗਿਲਬਰਟ ਦੀ ਫੌਜ ਹੀ ਡਟੀ ਰਹੀ।

ਨੇੜੇ ਹੀ ਸੁਲਤਾਨ ਖਾਂ ਵਾਲੇ ਦੇ ਕੋਲ ਮਿਸਰ ਤੇਜ ਸਿੰਘ ਦਾ ਦਲ ਖੜਾ ਸੀ। ਸਿੱਖ ਫੌਜੀ ਤੇ ਅਫਸਰ ਲੜਨ ਲਈ ਕਾਹਲੇ ਸਨ, ਪਰ ਤੇਜ ਸਿੰਘ ਨੇ ਇਹ ਆਖ ਕੇ ਫੌਜ ਰੋਕ ਲਈ ਕਿ ਅੰਗਰੇਜ਼ ਸਾਡੇ ਉੱਤੇ ਵੀ ਹਮਲਾ ਕਰ ਸਕਦੇ ਹਨ। ਜੇ ਕਿਤੇ ਸਿੱਖਾਂ ਦੇ ਦੋਵੇਂ ਦਲ ਮਿਲ ਜਾਂਦੇ ਤਾਂ ਮੈਦਾਨ ਸਿੱਖਾਂ ਦੇ ਹੱਥ ਰਹਿਣਾ ਸੀ।

ਸਿੱਖਾਂ ਦੇ ਜ਼ੋਰਦਾਰ ਹਮਲਾ ਕਰਨ ਕਰਕੇ, ਦੁਸ਼ਮਣਾਂ ਵਿਚ ਹਫੜਾ-ਦਫੜੀ ਮੱਚ ਗਈ। ਉਨਾਂ ਦੀਆਂ ਤੋਪਾਂ ਥੜਿਆਂ ਤੋਂ ਡਿਗ ਪਈਆਂ, ਬਰੂਦ ਹਵਾ ਵਿਚ ਉੱਡਣ ਲੱਗਾ; ਦਸਤੇ ਰਾਹ ਵਿਚ ਰੋਕ ਲਏ ਗਏ, ਬਟਾਲੀਅਨਾਂ ਭੱਜੀਆਂ ਜਾ ਰਹੀਆਂ ਸਨ ਤੇ ਸਿਪਾਹੀ ਇੱਧਰ-ਉੱਧਰ ਖਿੱਲਰ ਗਏ। ਜਨਰਲਾਂ ਨੂੰ ਆਪਣੀ ਜਿੱਤ ਬਾਰੇ ਸ਼ੰਕਾ ਸੀ ਤੇ ਕਰਨਲਾਂ ਨੂੰ ਪਤਾ ਨਹੀਂ ਸੀ ਕਿ ਉਨਾਂ ਦੇ ਸਿਪਾਹੀਆਂ ਨਾਲ ਕੀ ਬੀਤ ਰਹੀ ਹੈ। ਸਿੱਖਾਂ ਨੇ ਅੱਗ ਬਾਲ ਕੇ ਸੇਕ ਰਹੇ ਦੁਸ਼ਮਣਾਂ ‘ਤੇ ਗੋਲਾਬਾਰੀ ਕੀਤੀ। ਲਾਰਡ ਹਾਰਡਿੰਗ ਤੋਂ ਇਹ ਦੁਰਦਸ਼ਾ ਦੇਖੀ ਨਾ ਗਈ। ਉਸ ਨੇ ਆਪਣੀ ਘੜੀ ਤੇ ਤਗਮੇ ਆਪਣੇ ਪੁੱਤਰ ਨੂੰ ਫੜਾ ਦਿੱਤੇ ਤੇ ਇਕ ਜੁਸ਼ੀਲਾ ਜਥਾ ਲੈ ਕੇ ਸਿੱਖਾਂ ਦੇ ਤੋਪਖਾਨੇ ‘ਤੇ ਜਾ ਪਿਆ, ਇਕ ਅੱਗ ਉਗਲ ਰਹੀ ਤੋਪ ਨੂੰ ਕਾਬੂ ਕੀਤਾ ਤੇ ਕਿੱਲ ਠੋਕ ਕੇ ਉਸ ਦਾ ਮੂੰਹ ਬੰਦ ਕੀਤਾ। ਸਿੱਖਾਂ ਨੇ ਬੀਰਤਾ ਨਾਲ ਜੁਆਬ ਦਿੱਤਾ। ਹਾਰਡਿੰਗ ਤੋਪ ਛੱਡ ਕੇ ਨੱਸਿਆ।

ਅੰਗਰੇਜ਼ ਜਨਰਲਾਂ ਨੇ ਇਸ ਕਹਿਰ ਭਰੀ ਰਾਤ ਦਾ ਆਪਣੀ ਚਿੱਠੀਆਂ-ਲਿਖਤਾਂ ਵਿਚ ਜ਼ਿਕਰ ਕੀਤਾ ਹੈ। ਰਾਤ ਨੂੰ ਲੜਾਈ ਛੱਡ ਕੇ ਫਿਰੋਜ਼ਪੁਰ ਜਾਣ ਦੀਆਂ ਵਿਚਾਰਾਂ ਹੁੰਦੀਆਂ ਰਹੀਆਂ, ਪਰ ਸੈਨਾਪਤੀ ਗਫ਼ ਤੇ ਹਾਰਡਿੰਗ ਡਟੇ ਰਹੇ।

22 ਤਰੀਕ ਨੂੰ ਸਵੇਰੇ ਤੋਪਾਂ ਨੇ ਅੱਗ ਉਗਲਨੀ ਸ਼ੁਰੂ ਕੀਤੀ। ਸਿੱਖ ਫੌਜ ਦਾ ਕਾਫ਼ੀ ਨੁਕਸਾਨ ਹੋਇਆ। ਲਾਲ ਸਿੰਘ 21 ਰਾਤ ਨੂੰ ਪਿੱਛੇ ਹਟਣ ਲੱਗਾ। ਹਾਰਡਿੰਗ ਨੇ ਜ਼ੋਰਦਾਰ ਹਮਲਾ ਕੀਤਾ। ਲਾਲ ਸਿੰਘ ਦੀ ਫੌਜ ਦਾ ਇੰਨ ਬੁਰਾ ਹਾਲ ਵੇਖ ਕੇ ਵੀਰ ਤੇਜ ਸਿੰਘ ਨੇ ਆਪਣੀ ਦਸ ਹਜ਼ਾਰ ਫੌਜ ਨੂੰ ਜੰਗ ਵਿਚ ਸ਼ਾਮਲ ਨਾ ਹੋਣ ਦਿੱਤਾ। ਲਾਲ ਸਿੰਘ ਮੈਦਾਨ ਵਿਚੋਂ ਨੱਸ ਗਿਆ। ਤੇਜ ਸਿੰਘ ਦੀ ਫੌਜ ਬਿਨਾਂ ਹੁਕਮ ਦੇ ਹੀ ਜੁੱਧ ਵਿਚ ਕੁੱਦ ਪਈ। ਅੰਗਰੇਜ਼ਾਂ ਦਾ ਪਾਸਾ ਪਲਟਿਆ, ਉਨਾਂ ਪਿੱਛੇ ਹਟਣਾ ਸ਼ੁਰੂ ਕੀਤਾ। ਸਿੱਖ ਜਿੱਤਣ ਵਾਲੇ ਹੀ ਸਨ, ਪਰ ਤੇਜ ਸਿੰਘ ਆਪਣੀ ਫੌਜ ਸਮੇਤ ਮੈਦਾਨ ਵਿਚੋਂ ਨੱਸ ਗਿਆ। ਉਸ ਵੇਲੇ ਤਕ ਅੰਗਰੇਜ਼ਾਂ ਦਾ ਗੋਲੀ ਸਿੱਕਾ ਖ਼ਤਮ ਹੋ ਗਿਆ ਸੀ, ਫੌਜ ਫਿਰੋਜ਼ਪੁਰ ਵੱਲ ਜਾ ਰਹੀ ਸੀ। ਪਰ ਨਮਕ ਹਰਾਮੀ ਲਾਲ ਸਿੰਘ ਤੇ ਤੇਜ ਸਿੰਘ ਦੇ ਫੌਜ ਸਮੇਤ ਨੱਸ ਜਾਣ ਕਰਕੇ, ਸਿੱਖ ਜਿੱਤੀ ਬਾਜ਼ੀ ਹਾਰ ਗਏ। ਇਸ ਲੜਾਈ ਵਿਚ ਮੇਜਰ ਬ੍ਰਾਰਡਫੁਟ ਅਤੇ ਵਾਲਸ ਮਾਰੇ ਗਏ। ਅੰਗਰੇਜ਼ਾਂ ਦੇ ਝ4 ਫੌਜੀ ਮਰੇ ਤੇ 1721 ਫੱਟੜ ਹੋਏ।

ਇਤਿਹਾਸ ਲੇਖਕਾਂ ਨੇ ਲਾਲ ਸਿੰਘ ਤੇ ਤੇਜ ਸਿੰਘ ਨੂੰ ਆਪਣੀ ਅਗਵਾਈ ਹੇਠਲੀ ਫੌਜ ਨਾਲ ਹੀ ਵਿਸਾਹਘਾਤ ਲਈ ਲਾਹਨਤਾਂ ਪਾਈਆਂ ਹਨ।

ਬੱਦੋਵਾਲ ਦੀ ਲੜਾਈ : ਜਦੋਂ ਸਿੱਖ ਫਿਰੋਜ਼ਪੁਰ ਵੱਲ ਲੜਾਈਆਂ ਵਿਚ ਰੁੱਝੇ ਹੋਏ ਸਨ, ਤਾਂ ਫਿਲੌਰ ਦੇ ਕਿਲੇ ਵਿਚ ਸਰਦਾਰ ਰਣਜੋਧ ਸਿੰਘ (ਰਣਜੋਰ ਸਿੰਘ) ਮਜੀਠੀਆ ਆਪਣੀ ਫੌਜ ਸਮੇਤ ਟਿਕਿਆ ਹੋਇਆ ਸੀ। ਉਸ ਨੇ ਲੁਧਿਆਣੇ ਵਾਲੇ ਪਾਸੇ ਅੰਗਰੇਜ਼ਾਂ ‘ਤੇ ਹਮਲੇ ਕਰਨ ਲਈ 17 ਦਸੰਬਰ 1845 ਨੂੰ ਸਤਲੁਜ ਦਰਿਆ ਪਾਰ ਕੀਤਾ। ਜਦੋਂ ਅੰਗਰੇਜ਼ ਮੁਦਕੀ, ਫੇਰੂ ਸ਼ਹਿਰ ਵਿਚ ਸਾਰੀ ਤਾਕਤ ਨਾਲ ਲੜ ਰਹੇ ਸਨ, ਜੇ ਰਣਜੋਧ ਸਿੰਘ ਆਪਣੀ ਦਸ ਹਜ਼ਾਰ ਦੀ ਫੌਜ ਨਾਲ ਦਿੱਲੀ ਵੱਲ ਨੂੰ ਹੁੰਦਾ ਤੇ ਰਸਤੇ ਵਿਚ ਅੰਗਰੇਜ਼ਾਂ ਵਿਰੁੱਧ ਤਬਾਹੀ ਮਚਾਉਂਦਾ, ਤਾਂ ਉਹ ਦਿੱਲੀ ਤਕ ਆਰਾਮ ਨਾਲ ਜਾ ਸਕਦਾ ਸੀ। ਉਸ ਦੇ ਹਮਲਿਆਂ ਨਾਲ ਘੱਟੋ-ਘੱਟ ਮੁਦਕੀ ਤੇ ਫੇਰੂ ਸ਼ਹਿਰ ਵਿਚ ਲੜਦੇ ਅੰਗਰੇਜ਼ਾਂ ਵਿਚ ਸਹਿਮ ਫੈਲਦਾ ਤੇ ਉਹ ਕੁਝ ਫੌਜ ਲੁਧਿਆਣੇ ਵੱਲ ਭੇਜਦੇ ਤਾਂ ਉਹ (ਸਿੱਖ) ਮਜ਼ਬੂਤੀ ਨਾਲ ਲੜ ਸਕਦੇ।

ਰਣਜੋਧ ਸਿੰਘ ਨੇ ਲੁਧਿਆਣੇ ਦੇ ਲਹਿੰਦੇ ਪਾਸੇ ਕਈ ਫੌਜੀ ਬੈਰਕਾਂ ਸਾੜ ਦਿੱਤੀਆਂ। ਉਸ ਦੇ ਨਾਲ ਸ: ਅਜੀਤ ਸਿੰਘ ਲਾਡਵਾ ਵੀ ਸੀ। ਜਿਹੜੇ ਅੰਗਰੇਜ਼ ਫੌਜੀ ਲੁਧਿਆਣੇ ਵਿਚ ਸਨ, ਉਨਾਂ ਨੇ ਕੋਈ ਵਿਰੋਧ ਨਾ ਕੀਤਾ ਕਿਉਂਕਿ ਉਹ ਟਾਕਰਾ ਕਰਨ ਦੇ ਸਮਰੱਥ ਨਹੀਂ ਸਨ। ਪਤਾ ਨਹੀਂ ਕਿਉਂ, ਰਣਜੋਧ ਸਿੰਘ, ਲੁਧਿਆਣਾ ਛੱਡ ਕੇ ਬੱਦੋਵਾਲ ਜਾ ਬੈਠਾ। 20 ਜਨਵਰੀ 1846 ਦੀ ਅੱਧੀ ਰਾਤ ਨੂੰ ਹਰੀ ਸਮਿੱਥ ਨੇ ਜਗਰਾਉਂ ਤੋਂ ਕੂਚ ਕੀਤਾ, 21 ਨੂੰ ਸਵੇਰੇ ਬੱਦੋਵਾਲ ਪੁੱਜਾ। ਅੱਗੋਂ ਰਣਜੋਧ ਸਿੰਘ ਨੇ ਰਾਹ ਰੋਕਿਆ ਹੋਇਆ ਸੀ। ਉਹ ਦੱਖਣ ਵਾਲੇ ਪਾਸਿਉਂ ਚੱਕਰ ਕੱਟ ਕੇ ਅੱਗੇ ਵਧਣਾ ਚਾਹੁੰਦਾ ਸੀ, ਪਰ ਸਿੱਖਾਂ ਨੇ ਹਮਲਾ ਕਰ ਦਿੱਤਾ, ਤਾਂ ਉਸ ਨੂੰ ਵੀ ਲੜਨਾ ਪਿਆ। ਥੱਕੀ ਹੋਈ ਅੰਗਰੇਜ਼ ਫੌਜ ਸਿੱਖਾਂ ਦੇ ਸਾਹਮਣੇ ਟਿਕ ਨਾ ਸਕੀ, ਛੇਤੀ ਹੀ ਲੁਧਿਆਣੇ ਵੱਲ ਨੱਸ ਪਈ। ਇਸ ਲੜਾਈ ਵਿਚ ਅੰਗਰੇਜ਼ਾਂ ਦੇ ਝ ਆਦਮੀ ਮਰੇ, 64 ਫੱਟੜ ਹੋਏ ਤੇ 7 ਗੁੰਮ ਹੋ ਗਏ।

ਅਲੀਵਾਲ ਦੀ ਜੰਗ (ਝੜਪ) ਲਾਰਡ ਹਾਰਡਿੰਗ ਦਾ ਪੁਰਾਣਾ ਮਿੱਤਰ ਹਰ (ਹੈਰੀ) ਸਮਿੱਥ ਬਦੋਵਾਲ ਵਿਖੇ ਹੋਈ ਅੰਗਰੇਜ਼ਾਂ ਦੀ ਹਾਰ ਤੋਂ ਬਹੁਤ ਪ੍ਰੇਸ਼ਾਨ ਸੀ। ਉਸ ਦੇ ਮਨ ਵਿਚ ਸਿੱਖਾਂ ਤੋਂ ਬੱਦੋਵਾਲ ਦੀ ਹਾਰ ਦਾ ਬਦਲਾ ਲੈਣ ਦੀ ਪ੍ਰਬਲ ਇੱਛਾ ਸੀ। ਉਹ 28 ਜਨਵਰੀ ਨੂੰ ਤਾਜ਼ਾ ਦਮ ਫੌਜ ਲੈ ਕੇ ਲੁਧਿਆਣੇ ਤੋਂ ਆ ਰਿਹਾ ਸੀ। ਆਲੀਵਾਲ ਦੇ ਕੋਲ ਸਿੱਖਾਂ ਦਾ ਇੱਕ ਛੋਟਾ ਜਿਹਾ ਦਸਤਾ ਵਿਖਾਈ ਦਿੱਤਾ। ਹਰੀ ਨੇ ਇਸ ਦਸਤੇ ‘ਤੇ ਆਪਣੀ ਫੌਜ ਨਾਲ ਧਾਵਾ ਬੋਲ ਦਿੱਤਾ। ਮਾਮੂਲੀ ਝੜਪ ਮਗਰੋਂ ਸਿੱਖ ਸਤਲੁਜ ਵੱਲ ਨੂੰ ਹੋ ਪਏ। ਇਹ ਕੋਈ ਜੰਗ ਨਹੀਂ ਸੀ, ਪਰ ਅੰਗ੍ਰੇਜ਼ਾਂ ਨੇ ‘ਮਹਾਨ ਜਿੱਤ’ ਦਾ ਨਾਮ ਦਿੱਤਾ। ਡਾ: ਐਂਡਰਿਊ ਐਡਮਜ਼ ਨੇ ਇਸ ਝੜਪ ਨੂੰ ਕੇਵਲ ਚਿੱਠੀ-ਪਤਰੀ (Despatch) ਦੀ ਲੜਾਈ ਦਾ ਨਾਮ ਦਿੱਤਾ ਹੈ।

ਸਭਰਾਵਾਂ ਦੀ ਲੜਾਈ :
ਮਹਾਰਾਣੀ ਜਿੰਦ ਕੌਰ ਨੇ ਸ਼ਾਮ ਸਿੰਘ ਅਟਾਰੀ ਵਾਲੇ ਨੂੰ ਮੁਦਕੀ ਅਤੇ ਫੇਰੂ ਸ਼ਾਹ ਦੀਆਂ ਹਾਰਾਂ ਬਾਰੇ ਪੱਤਰ ਲਿਖਿਆ। ਮਹਾਰਾਣੀ ਨੇ ਪੰਜਾਬ ਦੀ ਆਨ-ਸ਼ਾਨ ਨੂੰ ਬਚਾਉਣ ਲਈ ਸਰਦਾਰ ਸ਼ਾਮ ਸਿੰਘ ਨੂੰ ਵੰਗਾਰ ਪਾਈ। ਇਹ ਬੁੱਢਾ ਜਰਨੈਲ ਸਿੱਖ ਪੰਥ ਦੀ ਗੌਰਵਤਾ ਨੂੰ ਬਚਾਉਣ ਦੇ ਖਿਆਲ ਨਾਲ, ਇਹ ਪ੍ਰਣ ਕਰਕੇ ਤੁਰਿਆ ਕਿ ਜੇ ਜਿੱਤ ਪ੍ਰਾਪਤ ਹੋਈ ਤਾਂ ਹੀ ਵਾਪਸ ਆਵੇਗਾ ਨਹੀਂ ਤਾਂ ਜੰਗ ਵਿਚ ਸ਼ਹੀਦੀ ਪ੍ਰਾਪਤ ਕਰ ਲਵੇਗਾ।
7 ਫਰਵਰੀ, 1846 ਨੂੰ ਦਿੱਲੀ ਤੋਂ ਨਵੀਂ ਅੰਗਰੇਜ਼ ਫੌਜ ਆ ਗਈ ਜਿਸ ਦੇ ਕੋਲ ਜੰਗੀ ਸਾਮਾਨ ਤੇ ਵੱਡੀਆਂ ਤੋਪਾਂ ਸਨ, ਜਿਨਾਂ ਨੂੰ ਹਾਥੀ ਖਿੱਚਦੇ ਸਨ। ਇਸੇ ਦਿਨ ਹੀ ਗੱਦਾਰ ਲਾਲ ਸਿੰਘ ਦੀ ਅੰਗਰੇਜ਼ਾਂ ਕੋਲ ਚਿੱਠੀ ਪੁੱਜੀ ਜਿਸ ਵਿਚ ਮਦਦ ਦਾ ਪੂਰਾ ਬਿਉਰਾ ਦਿੱਤਾ ਗਿਆ ਅਤੇ ਨਾਲ ਸਿੱਖਾਂ ਦੇ ਮੋਰਚਿਆਂ ਦਾ ਨਕਸ਼ਾ ਵੀ ਭੇਜਿਆ ਗਿਆ। ਉਸ ਨੇ ਇਹ ਵੀ ਲਿਖਿਆ ਕਿ ਸਿੱਖ ਫੌਜ ਦੀ ਦੱਖਣੀ ਬਾਹੀ ਕਮਜ਼ੋਰ ਹੈ, ਉੱਥੇ ਕੇਵਲ ਇਕ ਦੀਵਾਰ ਹੀ ਹੈ। 8 ਫਰਵਰੀ ਨੂੰ ਹਰੀ ਸਮਿਥ ਵੀ ਗਫ਼ ਨੂੰ ਆ ਮਿਲਿਆ ਅਤੇ ਹਮਲੇ ਦੀ ਤਿਆਰੀ ਆਰੰਭ ਕਰ ਦਿੱਤੀ, ਜੋ ਅਗਲੇ ਦਿਨ ਵੀ ਜਾਰੀ ਰਹੀ।

10 ਫਰਵਰੀ ਨੂੰ ਅੰਗਰੇਜ਼ਾਂ ਨੇ ਸਵੇਰੇ ਹੀ ਜੰਗ ਸ਼ੁਰੂ ਕਰ ਦਿੱਤੀ। ਦੋਹਾਂ ਪਾਸਿਆਂ ਤੋਂ ਤਿੰਨ ਘੰਟੇ ਲਗਾਤਾਰ ਜ਼ੋਰਦਾਰ ਅੱਗ ਵਰਾਈ ਗਈ। ਸਿੱਖਾਂ ਦੇ ਕਮਜ਼ੋਰ ਹਿੱਸੇ ‘ਤੇ ਹਮਲਾ ਕੀਤਾ ਗਿਆ, ਬਾਹੀ ਵਿਚ ਪਾੜ ਪੈ ਗਿਆ। ਸਿੱਖਾਂ ਨੇ ਜੁਆਬ ਵਿਚ ਦੁਸ਼ਮਣਾਂ ‘ਤੇ ਕਹਿਰ ਢਾਹ ਦਿੱਤਾ। ਰਾਬਰਟ ਡਿੱਕ ਘਬਰਾ ਕੇ ਪਿੱਛੇ ਮੁੜ ਗਏ, ਪਰ ਹਮਲੇ ਵਾਰ-ਵਾਰ ਹੁੰਦੇ ਰਹੇ। ਲਾਲ ਸਿੰਘ ਆਪਣੀ ਫੌਜ ਸਮੇਤ ਮੈਦਾਨ ਵਿਚੋਂ ਨੱਸ ਗਿਆ। ਉਸ ਦੇ ਮਗਰੋਂ ਤੇਜ ਸਿੰਘ ਨੇ ਮੈਦਾਨ ਛੱਡਿਆ ਅਤੇ ਜਾਂਦਾ ਹੋਇਆ ਬਰੂਦ ਦੀਆਂ ਪੇਟੀਆਂ ਦਰਿਆ ਵਿਚ ਰੁੜਵਾ ਗਿਆ ਅਤੇ ਬੇੜੀਆਂ ਦਾ ਪੁਲ ਵੀ ਤੋੜ ਗਿਆ। ਜਦ ਬਰੂਦ ਦੀਆਂ ਨਵੀਆਂ ਪੇਟੀਆਂ ਖੋਲੀਆਂ ਗਈਆਂ, ਤਾਂ ਉਨਾਂ ਵਿਚੋਂ ਬਰੂਦ ਦੀ ਥਾਂ ਸਰੋਂ ਨਿਕਲੀ। ਸਿੱਖ ਬਿਨਾਂ ਜਰਨੈਲਾਂ ਦੇ ਲੜਦੇ ਰਹੇ। ਅੰਗਰੇਜ਼ ਸਿੱਖਾਂ ਦੇ ਮੋਰਚਿਆਂ ਵਿਚ ਦਾਖਲ ਹੋਏ ਅਤੇ ਸਿੱਖ ਫੌਜ ਖਿਲਰਨ ਲੱਗੀ। ਐਨ ਇਸੇ ਵੇਲੇ ਸਰਦਾਰ ਸ਼ਾਮ ਸਿੰਘ ਮੈਦਾਨ ਵਿਚ ਪੁੱਜਾ। ਉਹ ਚਿੱਟੇ ਨੂਰਾਨੀ ਦਾਹੜੇ ਵਾਲਾ ਬਜ਼ੁਰਗ ਜਰਨੈਲ, ਚਿੱਟੇ (ਸਫੈਦ) ਵਸਤਰਾਂ ਵਿਚ, ਸਫੈਦ ਘੋੜੇ ‘ਤੇ ਸਵਾਰ ਸੀ। ਉਸ ਨੂੰ ਦੇਖਦਿਆਂ ਸਿੱਖ ਫੌਜ ਵਿਚ ਨਵੀਂ ਜਾਨ ਆ ਗਈ। ਪਰ ਨਿਰੀ ਜਾਨ ਕੀ ਕਰ ਸਕਦੀ ਸੀ, ਜਦ ਬਰੂਦ ਮੁੱਕ ਚੁੱਕਾ ਸੀ, ਨਵੀਆਂ ਪੇਟੀਆਂ ਵਿਚੋਂ ਸਰੋਂ ਅਤੇ ਰੇਤ ਨਿਕਲੀ ਸੀ।

ਹੁਣ ਸਿੱਖਾਂ ਕੋਲ ਦੋ ਰਾਹ ਹੀ ਰਹਿ ਗਏ ਸਨ-ਜਾਂ ਕਾਇਰਾਂ ਵਾਂਗ ਦੁਸ਼ਮਣ ਦੇ ਅੱਗੇ ਹਥਿਆਰ ਰੱਖ ਦੇਣ ਅਤੇ ਜਾਂ ਸੂਰਮਿਆਂ ਦੀ ਤਰਾਂ ਜੰਗ ਵਿਚ ਸ਼ਹੀਦ ਹੋ ਜਾਣ। ਸਰਦਾਰ ਸ਼ਾਮ ਸਿੰਘ ਨੇ ਲਲਕਾਰਿਆ : ਖ਼ਾਲਸਾ ਜੀ! ਹੁਣ ਵੇਲਾ ਹੈ ਕਿ ਤੁਸੀਂ ਅੰਮ੍ਰਿਤ ਦੀ ਸ਼ਕਤੀ ਵਿਖਾਵੋ। ਤਲਵਾਰਾਂ ਧੂਅ ਕੇ ਦੁਸ਼ਮਣਾਂ ‘ਤੇ ਟੁੱਟ ਪਵੋ ਅਤੇ (ਪੰਜਾਬ) ਦੇਸ਼ ਦੀ ਖ਼ਾਤਰ ਸ਼ਹੀਦ ਹੋ ਜਾਓ। ਖ਼ਾਲਸਾ ਫੌਜ ਨੇ ‘ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਆਕਾਸ਼ ਗੁੰਜਾਅ ਦਿੱਤਾ ਤੇ ਤਲਵਾਰਾਂ ਨਾਲ ਲੜਨ ਲੱਗੇ। ਸਰਦਾਰ ਸ਼ਾਮ ਸਿੰਘ ਨੇ ਪਲਟਣ ਨੰਬਰ 50 ‘ਤੇ ਹਮਲਾ ਬੋਲ ਦਿੱਤਾ। ਇਕ ਵਾਰ ਤਾਂ ਅੰਗਰੇਜ਼ਾਂ ਦੇ ਪੈਰ ਉੱਖੜ ਗਏ। ਪਰ ਪਿੱਛੋਂ ਅੰਗਰੇਜ਼ ਫੌਜ ਨੇ ਤੋਪਾਂ ਨਾਲ ਅੱਗ ਵਰਾਈ ਅਤੇ ਸਿੱਖਾਂ ‘ਤੇ ਸੰਗੀਨਾਂ ਨਾਲ ਹਮਲਾ ਕੀਤਾ। ਇਸ ਸਮੇਂ ਸਰਦਾਰ ਸ਼ਾਮ ਸਿੰਘ 7 ਗੋਲੀਆਂ ਲੱਗਣ ਮਗਰੋਂ ਘੋੜੇ ਉੱਪਰੋਂ ਡਿਗ ਪਿਆ। ਸਿੱਖ ਫੌਜ ਦੇ ਹੌਸਲੇ ਟੁੱਟ ਗਏ ਅਤੇ ਸਿੱਖ ਫੌਜੀ ਮੈਦਾਨ ਛੱਡ ਗਏ।

ਇੰਝ ਪੰਜ ਥਾਵਾਂ ‘ਤੇ ਲੜੀ ਗਈ ਪਹਿਲੀ ਅੰਗਰੇਜ਼-ਸਿੱਖ ਜੰਗ ਖ਼ਤਮ ਹੋ ਗਈ। ਦੂਜੀ ਜੰਗ ਜਨਵਰੀ-ਫਰਵਰੀ 1849 ਨੂੰ ਚੇਲੀਆਂ ਵਾਲਾ ਅਤੇ ਗੁਜਰਾਤ ਵਿਖੇ ਹੋਈ। ਪਹਿਲੀ ਲੜਾਈ (ਚੇਲੀਆਂ ਵਾਲਾ) ਵਿਚ ਅੰਗਰੇਜ਼ਾਂ ਦੀ ਬਹੁਤ ਦੁਰਗਤ ਹੋਈ, ਪਰ ਦੂਜੀ ਲੜਾਈ ਵਿਚ ਸਿੱਖਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। 29 ਮਾਰਚ, ਨੂੰ ਅੰਗਰੇਜ਼ ਪੰਜਾਬ ‘ਤੇ ਕਾਬਜ਼ ਹੋ ਗਏ। ਗੱਦਾਰ ਲਾਲ ਸਿੰਘ, ਤੇਜ ਸਿੰਘ, ਗੁਲਾਬ ਸਿੰਘ ਆਦਿਕ ਨੇ ਪੰਜਾਬ ਦੀ ਆਨ- ਸ਼ਾਨ ਨੂੰ ਮਿੱਟੀ ਵਿਚ ਮਿਲਾ ਦਿੱਤਾ।

 

Comments

comments

Share This Post

RedditYahooBloggerMyspace