ਪੰਜਾਬੀ ਕਹਾਵਤਾਂ ਤੇ ਮੁਹਾਵਰਿਆਂ ਦੇ ਸਰੋਤ

ਜਲੌਰ ਸਿੰਘ ਖੀਵਾ

ਨਿਰਸੰਦੇਹ ਕਹਾਵਤਾਂ ਤੇ ਮੁਹਾਵਰੇ ਕਿਸੇ ਵੀ ਜਨ ਸਮੂਹ ਦੇ ਦੀਰਘ ਤੇ ਗਹਿਰੇ ਜੀਵਨ ਅਨੁਭਵ ਵਿੱਚੋਂ ਨਿਕਲੇ ਹੋਏ ਜੀਵਨ ਤੱਥ ਜਾਂ ਸੱਚ ਹੁੰਦੇ ਹਨ। ਇਹ ਨਿਰੋਲ ਕਲਪਨਾ ਦੀ ਉਪਜ ਨਹੀਂ ਹੁੰਦੇ ਸਗੋਂ ਕੋਈ ਕਾਰਜ, ਘਟਨਾ ਜਾਂ ਸਥਿਤੀ ਇਨ੍ਹਾਂ ਦੇ ਉਪਜਣ ਦਾ ਸਰੋਤ ਹੁੰਦੀ ਹੈ। ਮਿਸਾਲ ਵਜੋਂ ਪੰਜਾਬੀ ਮੁਹਾਵਰਾ ‘ਫੱਟੇ ਚੱਕਣਾ’ ਜਾਂ ‘ਫੱਟੇ ਖਿੱਚਣਾ’ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਭਾਰੇ ਜਾਂ ਸਖ਼ਤ ਕੰਮ ਨੂੰ ਫਟਾਫਟ ਕਰ ਦੇਵੇ ਤਾਂ ਕਹਿ ਦਿੱਤਾ ਜਾਂਦਾ ਹੈ ਕਿ ‘ਬਈ ਉਸਨੇ ਤਾਂ ਕੰਮ ਵਾਲੇ ਫੱਟੇ ਚੱਕਤੇ’। ‘ਅੱਲ’ ਵਜੋਂ ਅਜਿਹੇ ਧੱਕੜ ਵਿਅਕਤੀ ਨੂੰ ‘ਫੱਟੇ ਚੱਕ’ ਕਿਹਾ ਜਾਂਦਾ ਹੈ। ਇਹ ਮੁਹਾਵਰਾ ਬੜੀ ਨਾਜ਼ੁਕ ਸਥਿਤੀ ਦੀ ਉਪਜ ਹੈ। ਕਹਿਣ ਦਾ ਭਾਵ ਹੈ ਕਿ ਵੀਹਵੀਂ ਸਦੀ ਦੇ ਆਰੰਭ ਵਿੱਚ ਹੀ ਜਦੋਂ ਪੰਜਾਬ ਸੋਕੇ, ਕਾਲ ਤੇ ਬੇਰੁਜ਼ਗਾਰੀ ਹੱਥੋਂ ਤੰਗ ਹੋ ਗਿਆ ਤਾਂ ਪੰਜਾਬੀ ਲੋਕ ਰੁਜ਼ਗਾਰ ਲਈ ਅਮਰੀਕਾ, ਕੈਨੇਡਾ ਵੱਲ ਨਿਕਲ ਗਏ। ਦੋਹਾਂ ਮੁਲਕਾਂ ਵਿੱਚ ਨਵੀਆਂ ਬਸਤੀਆਂ ਵਸਾਈਆਂ ਜਾ ਰਹੀਆਂ ਸਨ ਅਤੇ ਢੋਆ ਢੁਆਈ ਦੀ ਸਹੂਲਤ ਲਈ ਰੇਲਵੇ ਲਾਈਨਾਂ ਵਿਛਾਈਆਂ ਜਾ ਰਹੀਆਂ ਸਨ ਜਿਨ੍ਹਾਂ ਲਈ ਆਰਾ ਮਿੱਲਾਂ ਵਿੱਚ ਲੱਕੜੀ ਦੇ ਭਾਰੇ ਭਾਰੇ ਫੱਟੇ ਚੀਰੇ ਜਾਂਦੇ ਸਨ। ਪੰਜਾਬੀਆਂ ਨੇ ਸਰੀਰਿਕ ਤੌਰ ‘ਤੇ ਤਕੜੇ ਹੋਣ ਦੇ ਨਾਤੇ ਆਰਾ ਮਿੱਲਾਂ ਉੱਤੇ ਫੱਟੇ ਚੀਰਨ, ਖਿੱਚਣ ਤੇ ਚੁੱਕਣ ਦਾ ਇਹ ਭਾਰੀ ਕੰਮ ਸੰਭਾਲ ਲਿਆ ਜਿਸ ਦੇ ਫਲਸਰੂਪ ਉਨ੍ਹਾਂ ਨੂੰ ‘ਫੱਟੇ ਚੱਕ’ ਕਿਹਾ ਜਾਣ ਲੱਗ ਪਿਆ ਅਤੇ ਸਖ਼ਤ ਜਾਂ ਭਾਰੀ ਕੰਮ ਕਰਨ ਨੂੰ ‘ਫੱਟੇ ਚੱਕਣਾ’ ਦੇ ਮੁਹਾਵਰੇ ਵਿੱਚ ਵਰਤਿਆ ਜਾਣ ਲੱਗਾ।

‘ਅੱਗ ਲੱਗੀ ਵਾਲੇ ਵਾਂਗ ਜਾਣਾ’ ਮੁਹਾਵਰੇ ਨੂੰ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਵਿਅਕਤੀ ਘਬਰਾਹਟ ਜਾਂ ਕਾਹਲ ਵਿੱਚ ਇੱਧਰ ਉੱਧਰ ਭੱਜਿਆ ਫਿਰੇ ਤਾਂ ਉਸ ਨੂੰ ਕਿਹਾ ਜਾਂਦਾ ਹੈ ‘ਕਿਵੇਂ ਅੱਗ ਲੱਗੀ ਵਾਲੇ ਵਾਂਗ ਭੱਜਿਆ ਫਿਰਦੈ?’ ਜਦੋਂ 1849 ਵਿੱਚ ਅੰਗਰੇਜ਼ ਪੰਜਾਬ ਉੱਤੇ ਕਾਬਜ਼ ਹੋ ਗਏ ਤਾਂ ਉਨ੍ਹਾਂ ਨੇ ਵੀ ਢੋਆ ਢੁਆਈ ਜਾਂ ਆਵਾਜਾਈ ਦੀ ਸਹੂਲਤ ਲਈ ਬੰਬਈ, ਕਲਕੱਤਾ ਆਦਿ ਸ਼ਹਿਰਾਂ ਵਾਂਗ ਪੰਜਾਬ ਵਿੱਚ ਵੀ ਰੇਲਵੇ ਸੇਵਾ ਚਾਲੂ ਕਰ ਦਿੱਤੀ। ਭਾਫ਼ ਨਾਲ ਚੱਲਣ ਵਾਲੇ ਇੰਜਣ ਨਾਲ ਖਿੱਚੀ ਜਾਣ ਵਾਲੀ ਰੇਲ ਪੰਜਾਬੀਆਂ ਲਈ ਅਚੰਭਾ ਸੀ। ਭਾਫ਼ ਪੈਦਾ ਕਰਨ ਲਈ ਇੰਜਣ ਦੇ ਇੱਕ ਬਲਾਕ ਵਿੱਚ ਕੋਲੇ ਨਾਲ ਮੱਚਦੀ ਅੱਗ ਦੀਆਂ ਲਾਟਾਂ ਅਤੇ ਲੋਹੇ ਦੀ ਪਟੜੀ ਉੱਤੇ ਦੌੜਦੀ ਰੇਲ ਗੱਡੀ ਸੱਚਮੁੱਚ ਹੀ ਹੈਰਾਨੀਜਨਕ ਦ੍ਰਿਸ਼ ਸੀ। ਇਸ ਦੇ ਆਧਾਰ ‘ਤੇ ਹੀ ਉਪਰੋਕਤ ਮੁਹਾਵਰਾ ਹੋਂਦ ਵਿੱਚ ਆਇਆ। ਇਸਤੋਂ ਬਾਅਦ ਜਦੋਂ ਅੱਗ ਬੁਝਾਊ ਗੱਡੀਆਂ ਨੂੰ ਤੇਜ਼ ਰਫ਼ਤਾਰ ਜਾਂਦੇ ਵੇਖਿਆ ਤਾਂ ਉਪਰੋਕਤ ਮੁਹਾਵਰੇ ਵਿੱਚ ਹੋਰ ਵਿਸਥਾਰ ਹੋ ਗਿਆ ਕਿ ਕਿਵੇਂ ਅੱਗ ਲੱਗੀ ਵਾਂਗ ਭੱਜਿਆ ਜਾਨੈਂ?

‘ਖੰਭਾਂ ਤੋਂ ਡਾਰ ਬਣਾਉਣੀ’ ਮੁਹਾਵਰਾ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਮਾਮੂਲੀ ਗੱਲ ਨੂੰ ਵਧਾ ਚੜ੍ਹਾ ਕੇ ਪੇਸ਼ ਕਰੇ, ਪਰ ਇਸਦਾ ਸਰੋਤ ਸਮਝਣ ਯੋਗ ਹੈ। ਪਹਿਲੇ ਸਮਿਆਂ ਵਿੱਚ ਖੁ(ਪੈੜ) ਖੋਜੀਆਂ ਵਾਂਗ ਪੰਛੀ ਵਿਗਿਆਨੀ ਵੀ ਪੰਛੀਆਂ ਦੀ ਕਿਸੇ ਡਾਰ ਦਾ ਪਤਾ ਲਾਉਣ ਲਈ ਧਰਤੀ ਉੱਤੇ ਪੰਛੀਆਂ ਦੇ ਡਿੱਗੇ ਹੋਏ ਖੰਭਾਂ ਦੀ ਤਲਾਸ਼ ਕਰਦੇ ਸਨ। ਇੱਕ ਤੋਂ ਬਾਅਦ ਦੂਜੇ ਜਾਂ ਤੀਜੇ ਖੰਭ ਦੀ ਦਿਸ਼ਾ ਵੇਖ ਕੇ ਅੰਦਾਜ਼ਾ ਲਗਾ ਲਿਆ ਜਾਂਦਾ ਸੀ ਕਿ ਖੰਭਾਂ ਨਾਲ ਸਬੰਧਿਤ ਪੰਛੀਆਂ ਦੀ ਡਾਰ ਵੀ ਉਸੇ ਦਿਸ਼ਾ ਵੱਲ ਗਈ ਹੋਵੇਗੀ। ਕਹਿਣ ਦਾ ਭਾਵ ਹੈ ਕਿ ਖੰਭਾਂ ਤੋਂ ਡਾਰ ਦਾ ਅੰਦਾਜ਼ਾ ਲੱਗ ਜਾਂਦਾ ਸੀ, ਪਰ ਹੁਣ ਇਸ ਮੁਹਾਵਰੇ ਦੇ ਅਰਥ ਬਦਲ ਗਏ ਹਨ। ਹੋ ਸਕਦਾ ਹੈ ਕਿ ਕੋਈ ਅਨਾੜੀ ਖੋਜੀ ਖੰਭਾਂ ਤੋਂ ਡਾਰ ਦੀ ਗ਼ਲਤ ਦਿਸ਼ਾ ਦਾ ਅੰਦਾਜ਼ਾ ਲਾ ਦਿੰਦਾ ਹੋਵੇ ਜਿਸ ਦੇ ਆਧਾਰ ‘ਤੇ ਕਿਸੇ ਗੱਲ ਨੂੰ ਵਧਾ ਚੜ੍ਹਾ ਕੇ ਕਹਿਣ ਨੂੰ ‘ਖੰਭਾਂ ਤੋਂ ਡਾਰ ਬਣਾਉਣੀ’ ਮੁਹਾਵਰਾ ਪ੍ਰਚੱਲਿਤ ਹੋ ਗਿਆ ਹੋਵੇ।

‘ਮੈਂ ਤਾਂ ਕੰਬਲ ਛੱਡਦਾਂ ਪਰ ਕੰਬਲ ਮੈਨੂੰ ਨ੍ਹੀਂ ਛੱਡਦਾ’ ਕਹਾਵਤ ਉਦੋਂ ਵਰਤੀ ਜਾਂਦੀ ਹੈ ਜਦੋਂ ਕੋਈ ਵਿਅਕਤੀ ਕਿਸੇ ਕੰਮ ਜਾਂ ਜ਼ੰਿਮੇਵਾਰੀ ਤੋਂ ਖਹਿੜਾ ਛੁਡਾਉਣਾ ਚਾਹੁੰਦਾ ਹੋਵੇ, ਪਰ ਕਿਸੇ ਮਜਬੂਰੀ ਕਾਰਨ ਛੱਡ ਨਾ ਸਕਦਾ ਹੋਵੇ। ਦਰਅਸਲ, ਦੋ ਦੋਸਤ ਸ਼ਾਮ ਨੂੰ ਨਹਿਰ ਦੇ ਕਿਨਾਰੇ ਸੈਰ ਕਰ ਰਹੇ ਸਨ। ਉਨ੍ਹਾਂ ਨੂੰ ਪਾਣੀ ਵਿੱਚ ਕੋਈ ਕੰਬਲ ਵਰਗੀ ਚੀਜ਼ ਤੈਰਦੀ ਨਜ਼ਰ ਆਈ ਤਾਂ ਇੱਕ ਦੋਸਤ ਉਸਨੂੰ ਬਾਹਰ ਕੱਢਣ ਲਈ ਨਹਿਰ ਵਿੱਚ ਕੁੱਦ ਪਿਆ। ਜਦੋਂ ਉਸਨੇ ਕੰਬਲ ਨੁਮਾ ਵਸਤੂ ਨੂੰ ਪਕੜਿਆ ਤਾਂ ਉਹ ਸਬੰਧਤ ਵਿਅਕਤੀ ਨੂੰ ਚਿੰਬੜ ਗਈ। ਦਰਅਸਲ, ਉਹ ਵਸਤੂ ਕਾਲੇ ਤੇ ਭਾਰੇ ਵਾਲਾਂ ਵਾਲਾ ਰਿੱਛ ਸੀ ਜਿਹੜਾ ਬਾਹਰ ਨਿਕਲਣ ਲਈ ਉਸ ਵਿਅਕਤੀ ਨੂੰ ਚਿੰਬੜ ਗਿਆ। ਉਸ ਵਿਅਕਤੀ ਨੂੰ ਜਦੋਂ ਅਸਲੀਅਤ ਦਾ ਪਤਾ ਲੱਗਾ ਤਾਂ ਉਹ ਰਿੱਛ ਤੋਂ ਛੁੱਟਣ ਲਈ ਯਤਨ ਕਰਨ ਲੱਗਾ। ਅਸਲੀਅਤ ਤੋਂ ਅਣਜਾਣ ਨਹਿਰ ਕਿਨਾਰੇ ਖੜ੍ਹਾ ਦੋਸਤ ਆਪਣੇ ਦੋਸਤ ਨੂੰ ਗੁੱਥਮ ਗੁੱਥਾ ਹੁੰਦਾ ਵੇਖ ਕੇ ਬੋਲਿਆ, ‘ਜੇ ਕੰਬਲ ਭਾਰਾ ਹੋਣ ਕਰਕੇ ਬਾਹਰ ਨਹੀਂ ਕੱਢਿਆ ਜਾ ਸਕਦਾ ਤਾਂ ਇਸਨੂੰ ਛੱਡ ਦੇ’ ਪਰ ਉਸ ਨੇ ਬੇਵਸੀ ਵਿੱਚ ਅੱਗੋਂ ਜਵਾਬ ਦਿੱਤਾ, ‘ਮੈਂ ਤਾਂ ਕੰਬਲ ਨੂੰ ਛੱਡਦਾਂ ਪਰ ਇਹ ਮੈਨੂੰ ਨ੍ਹੀਂ ਛੱਡਦਾ।’

ਜਦੋਂ ਕਿਸੇ ਅਸੰਭਵ ਜਾਂ ਮੁਸ਼ਕਿਲ ਕੰਮ ਨੂੰ ਕਰਨਾ ਪਵੇ ਤਾਂ ਕਿਹਾ ਜਾਂਦਾ ਹੈ ਕਿ ਇਹ ਕੰਮ ਨਹੀਂ ਹੋਣਾ ਇਹ ਤਾਂ ‘ਟੇਢੀ ਖੀਰ’ ਹੈ। ਇਸ ਕਹਾਵਤ ਦਾ ਸਰੋਤ ਬੜਾ ਦਿਲਚਸਪ ਹੈ। ਇੱਕ ਵਾਰ ਕਿਸੇ ਨੇ ਅੰਨ੍ਹੇ ਵਿਅਕਤੀ ਨੂੰ ਖਾਣ ਲਈ ਖੀਰ ਪਰੋਸੀ। ਅੰਨ੍ਹੇ ਵਿਅਕਤੀ ਨੂੰ ਖੀਰ ਬਾਰੇ ਕੋਈ ਪਤਾ ਨਹੀਂ ਸੀ ਕਿ ਉਹ ਕਿਹੋ ਜਿਹੀ ਹੈ ਅਤੇ ਕਿਵੇਂ ਖਾਧੀ ਜਾਂਦੀ ਹੈ। ਉਸਨੇ ਸਬੰਧਿਤ ਵਿਅਕਤੀ ਨੂੰ ਪੁੱਛਿਆ ਕਿ ਖੀਰ ਕਿਹੋ ਜਿਹੀ ਹੁੰਦੀ ਹੈ। ਦੁੱਧ ਵਿੱਚ ਬਣੀ ਹੋਣ ਕਰਕੇ ਖੀਰ ਚਿੱਟੇ ਰੰਗ ਦੀ ਹੁੰਦੀ ਹੈ। ਸੋ ਰੰਗ ਦੇ ਆਧਾਰ ‘ਤੇ ਉਸ ਵਿਅਕਤੀ ਨੇ ਜਵਾਬ ਦਿੱਤਾ ਕਿ ਉਹ ਬਗਲੇ ਵਰਗੀ ਸਫ਼ੈਦ ਹੁੰਦੀ ਹੈ। ਪਰ ਅੰਨ੍ਹੇ ਨੂੰ ਬਗਲੇ ਬਾਰੇ ਵੀ ਕੁਝ ਪਤਾ ਨਹੀਂ ਸੀ। ਸੋ, ਉਸਨੇ ਪੁੱਛਿਆ, ‘ਬਗਲਾ ਕਿਹੋ ਜਿਹਾ ਹੁੰਦਾ ਹੈ।’ ਸਬੰਧਿਤ ਵਿਅਕਤੀ ਮੁਸ਼ਕਿਲ ਵਿੱਚ ਫਸ ਗਿਆ ਕਿ ਅੰਨ੍ਹੇ ਨੂੰ ਬਗਲੇ ਬਾਰੇ ਕਿਵੇਂ ਸਮਝਾਇਆ ਜਾਵੇ। ਆਖਿਰ ਉਹ ਬਗਲਾ ਫੜ ਲਿਆਇਆ ਤੇ ਅੰਨ੍ਹੇ ਦੇ ਹੱਥ ਵਿੱਚ ਫੜਾ ਕੇ ਕਹਿਣ ਲੱਗਾ, ‘ਇਹ ਬਗਲਾ ਹੈ।’ ਅੰਨ੍ਹਾ ਬਗਲੇ ਦੀ ਪੂਛ ਵੱਲੋਂ ਹੱਥ ਫੇਰਦਾ ਜਦੋਂ ਧੌਣ ਤਕ ਪਹੁੰਚਿਆ ਤਾਂ ਉਸਨੇ ਤੁਲਨਾਇਆ ਅਤੇ ਬੋਲਿਆ, ” ਮੈਂ ਇੰਨੀ ਟੇਢੀ ਖੀਰ ਨਹੀਂ ਖਾ ਸਕਦਾ, ਇਹ ਲੰਘਾਉਣੀ ਬਹੁਤ ਔਖੀ ਹੈ।”

ਜਦੋਂ ਕਿਸੇ ਕੰਮ ਵਿੱਚੋਂ ਕੋਈ ਫਾਇਦਾ ਨਾ ਹੋਣ ਕਰਕੇ ਦਿਨ ਐਂਵੇ ਹੀ ਖ਼ਰਾਬ ਹੋ ਜਾਵੇ ਤਾਂ ਕਿਹਾ ਜਾਂਦਾ ਹੈ ਕਿ ‘ਅੱਜ ਦਾ ਦਿਨ ਤਾਂ ਭੰਗ ਦੇ ਭਾੜੇ’ ਗਿਆ। ਪਹਿਲੇ ਸਮਿਆਂ ਵਿੱਚ ਕਈ ਲੋਕ ਆਪਣੀਆਂ ਊਠ ਗੱਡੀਆਂ ਰਾਹੀਂ ਭਾਰ ਢੋਣ ਦਾ ਕੰਮ ਕਰਦੇ ਸਨ ਅਤੇ ਭਾਰ ਦੇ ਹਿਸਾਬ ਨਾਲ ਭਾੜਾ (ਕਿਰਾਇਆ) ਵਸੂਲ ਕਰਕੇ ਆਪਣਾ ਜੀਵਨ ਨਿਰਬਾਹ ਕਰਦੇ ਸਨ। ਇੱਕ ਵਾਰ ਨਵਾਂ ਨਵਾਂ ਗੱਡੀ ਵਾਲਾ ਮੰਡੀ ਵਿੱਚ ਗਿਆ। ਉਸਨੇ ਮੰਡੀ ਵਿੱਚ ਛੋਟੀਆਂ ਵੱਡੀਆਂ ਸਾਮਾਨ ਦੀਆਂ ਭਰੀਆਂ ਬੋਰੀਆਂ ਵੇਖੀਆਂ ਜਿਨ੍ਹਾਂ ਨੂੰ ਕਿਸੇ ਹੋਰ ਥਾਂ ਪਹੁੰਚਾਉਣਾ ਸੀ। ਉਸਨੂੰ ਭਾਰ ਢੋਣ ਦਾ ਬਿਲਕੁਲ ਹੀ ਤਜਰਬਾ ਨਹੀਂ ਸੀ। ਉਸਨੇ ਸੋਚਿਆ ਕਿ ਉਹ ਵੱਡੀਆਂ ਬੋਰੀਆਂ ਢੋਹੇਗਾ ਜਿਸ ਨਾਲ ਉਸਨੂੰ ਵੱਧ ਭਾੜਾ ਮਿਲੇਗਾ। ਦੂਸਰੇ ਗੱਡੀ ਵਾਲਿਆਂ ਨੇ ਰੋਜ਼ਾਨਾ ਦੇ ਤਜਰਬੇ ਦੇ ਆਧਾਰ ‘ਤੇ ਛੋਟੀਆਂ ਬੋਰੀਆਂ ਲੱਦ ਲਈਆਂ ਤੇ ਨਵੇਂ ਨੇ ਨਵੇਂ ਚਾਅ ਵਿੱਚ ਵੱਡੀਆਂ ਬੋਰੀਆਂ ਆਪਣੀ ਗੱਡੀ ਉੱਤੇ ਲੱਦ ਲਈਆਂ। ਨਿਸ਼ਚਿਤ ਟਿਕਾਣੇ ਉੱਤੇ ਪਹੁੰਚਾਉਣ ਉਪਰੰਤ ਜਦੋਂ ਉੱਥੇ ਮੌਜੂਦ ਵਿਅਕਤੀ ਨੇ ਭਾਰ ਅਨੁਸਾਰ ਭਾੜਾ ਅਦਾ ਕਰਨ ਲਈ ਬੋਰੀਆਂ ਨੂੰ ਤੋਲਿਆ ਤਾਂ ਉਨ੍ਹਾਂ ਦਾ ਵਜ਼ਨ ਬਹੁਤ ਘੱਟ ਬਣਿਆ ਅਤੇ ਉਸੇ ਹਿਸਾਬ ਨਾਲ ਨਵੇਂ ਗੱਡੀ ਵਾਲੇ ਨੂੰ ਭਾੜਾ ਵੀ ਬਹੁਤ ਘੱਟ ਦਿੱਤਾ ਗਿਆ। ਦਰਅਸਲ, ਉਨ੍ਹਾਂ ਬੋਰੀਆਂ ਵਿੱਚ ਭੰਗ (ਪੋਸਤ) ਭਰੀ ਹੋਈ ਸੀ ਜੋ ਹੌਲੀ ਪਰ ਫੁੱਲਵੀਂ ਹੋਣ ਕਰਕੇ ਘੱਟ ਵਜ਼ਨ ਵਿੱਚ ਨਿਕਲੀ। ਫਲਸਰੂਪ, ਸਬੰਧਿਤ ਗੱਡੀ ਵਾਲਾ ਨਿਗੂਣਾ ਜਿਹਾ ਭਾੜਾ ਮਿਲਣ ਕਰਕੇ ਨਿਰਾਸ਼ ਹੋ ਗਿਆ ਤੇ ਬੋਲਿਆ, ‘ਅੱਜ ਦਾ ਦਿਨ ਤਾਂ ਭੰਗ ਦੇ ਭਾੜੇ ਗਿਆ।’

‘ਡੁੱਬਦੇ ਨੂੰ ਤੀਲ੍ਹੇ ਦਾ ਸਹਾਰਾ’ ਕਹਾਵਤ ਉਦੋਂ ਵਰਤੀ ਜਾਂਦੀ ਹੈ ਜਦੋਂ ਕਿਸੇ ਵਿਅਕਤੀ ਲਈ ਘੋਰ ਸੰਕਟ ਵਿੱਚੋਂ ਨਿਕਲਣ ਲਈ ਕੋਈ ਮਾਮੂਲੀ ਜਿਹੀ ਚੀਜ਼ ਵੀ ਸਹਾਰਾ ਬਣ ਜਾਵੇ। ਦਰਅਸਲ, ਇੱਕ ਵਿਅਕਤੀ ਪਾਣੀ ਵਿੱਚ ਤੈਰਨ ਨਾ ਜਾਣਨ ਕਰਕੇ ਜਦੋਂ ਡੁੱਬਣ ਲੱਗਾ ਤਾਂ ਅਚਾਨਕ ਉਸਨੂੰ ਪਾਣੀ ਉੱਤੇ ਇੱਕ ਤੀਲ੍ਹਾ ਤੈਰਦਾ ਨਜ਼ਰ ਆਇਆ। ਉਸਨੂੰ ਇਕਦਮ ਵਿਚਾਰ ਆਇਆ ਕਿ ਜੇ ਮਾਮੂਲੀ ਜਿਹਾ ਤੀਲਾ ਪਾਣੀ ਉੱਤੇ ਤੈਰ ਸਕਦਾ ਹੈ ਤਾਂ ਉਹ ਕਿਉਂ ਡੁੱਬ ਰਿਹਾ ਹੈ? ਇਸ ਵਿਚਾਰ ਤੋਂ ਪ੍ਰੇਰਿਤ ਹੋ ਕੇ ਉਸਨੇ ਵੀ ਤੈਰਨ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਅਤੇ ਉਹ ਤੈਰ ਕੇ ਕਿਨਾਰੇ ਉੱਤੇ ਪਹੁੰਚ ਗਿਆ। ਇਸ ਆਧਾਰ ‘ਤੇ ਇਹ ਕਹਾਵਤ ਬਣ ਗਈ ਕਿ ਡੁੱਬਦੇ ਨੂੰ ਤੀਲ੍ਹੇ ਦਾ ਸਹਾਰਾ ਵੀ ਬਚਾ ਲੈਂਦਾ ਹੈ।

ਪੰਜਾਬੀ ਕਹਾਵਤਾਂ ਤੇ ਮੁਹਾਵਰਿਆਂ ਦੇ ਉਪਰੋਕਤ ਭਾਂਤ ਦੇ ਸਰੋਤ ਦਿਲਚਸਪ ਹੀ ਨਹੀਂ, ਸਮਝਣਯੋਗ ਵੀ ਹਨ। ਇਨ੍ਹਾਂ ਨੂੰ ਸਮਝ ਕੇ ਹੀ ਅਸੀਂ ਇਨ੍ਹਾਂ ਦਾ ਸਹੀ ਪ੍ਰਯੋਗ ਕਰ ਸਕਦੇ ਹਾਂ। ਪਰ ਇਹ ਉਲੇਖਯੋਗ ਹੈ ਕਿ ਇਹ ਸਰੋਤ ਵੀ ਵਿਭਿੰਨ ਇਲਾਕਿਆਂ ਅਨੁਸਾਰ ਭਿੰਨ ਭਿੰਨ ਹਨ।

Comments

comments

Share This Post

RedditYahooBloggerMyspace