ਪੈਰ ਦਾ ਦਰਦ ਕਿਤੇ ਡੀਵੀਟੀ ਤਾਂ ਨਹੀਂ…ਸਾਵਧਾਨ!!

ਜੇਕਰ ਤੁਸੀਂ ਆਪਣੇ ਪੈਰ ਦੇ ਹਲਕੇ ਦਰਦ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕਰ ਰਹੇ ਹੋ ਤਾਂ ਅਜਿਹਾ ਨਾ ਕਰੋ। ਇਹ ਡੀਪ ਵੇਨ ਥਰੋਬਾਸਿਸ (ਡੀਵੀਟੀ) ਨਾਮ ਦੀ ਬਿਮਾਰੀ ਹੋ ਸਕਦੀ ਹੈ। ਇਸ ਵਿਚ ਸਰੀਰ ਦੇ ਅੰਦਰੂਨੀ ਅੰਗਾਂ ਵਿਚ ਖੂਨ ਦੇ ਖੱਤੇ ਬਣ ਜਾਂਦੇ ਹਨ। ਖਾਸ ਤੌਰ ’ਤੇ ਪੈਰ ਵਿਚ। ਇਸ ਵਿਚ ਇਕ ਪੈਰ ਦੀ ਵੇਨ (ਨਸ) ਵਿਚ ਖੂਨ ਜੰਮ ਜਾਂਦਾ ਹੈ ਜੋ ਉਸ ਵੇਨ ਦੇ ਬਲੱਡ ਸਰਕੂਲੇਸ਼ਨ ਨੂੰ ਰੋਕ ਦਿੰਦਾ ਹੈ। ਡੀਵੀਟੀ ਤੱਦ ਹੋਰ ਵੀ ਜ਼ਿਆਦਾ ਖਤਰਨਾਕ ਹੋ ਜਾਂਦੀ ਹੈ ਜਦੋਂ ਖੂਨ ਦੇ ਖੱਤੇ ਖੂਨ ਦੇ ਨਾਲ ਰੁੜ੍ਹ ਕੇ ਫੇਫੜਿਆਂ ਤੱਕ ਪਹੁੰਚ ਜਾਂਦੇ ਹਨ। ਇਸ ਹਾਲਤ ਨੂੰ ਪਲਮੋਨਰੀ ਇੰਬੇਲਿਮ ਕਹਿੰਦੇ ਹਾਂ। ਇਸ ਸਥਿਤੀ ਵਿਚ ਛਾਤੀ ਵਿਚ ਦਰਦ ਅਤੇ ਸਾਹ ਲੈਣ ਵਿਚ ਤਕਲੀਫ ਹੁੰਦੀ ਹੈ। ਇਹੀ ਨਹੀਂ ਫੇਫੜਿਆਂ ਤੱਕ ਖੂਨ ਦੇ ਖੱਤੇ ਪੁੱਜਣ ਦੇ 30 ਮਿੰਟ ਦੇ ਅੰਦਰ ਮਰੀਜ਼ ਦਮ ਤੋੜ ਸਕਦਾ ਹੈ ਜੇ ਉਸ ਨੂੰ ਜ਼ਰੂਰੀ ਡਾਕਟਰੀ ਸਹਾਇਤਾ ਨਾ ਮਿਲੇ।

ਮਾਹਿਰਾਂ ਦੀ ਸੁਣੀਏ ਤਾਂ ਇਸ ਮਰਜ਼ ਵਿਚ ਖੂਨ ਦੇ ਖੱਤੇ (ਬਲੱਡ ਕਲਾਟ) ਖੂਨ ਦੀਆਂ ਨਾਲੀਆਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੰਦੇ ਹਨ ਜਿਸ ਦੇ ਨਾਲ ਪ੍ਰਭਾਵਿਤ ਹਿੱਸੇ ਵਿਚ ਸੋਜ਼ ਆ ਜਾਂਦੀ ਹੈ। ਲਗਾਤਾਰ ਉਸ ਹਿੱਸੇ ’ਤੇ ਦਰਦ ਬਣਿਆ ਰਹਿੰਦਾ ਹੈ ਅਤੇ ਮਾਮੂਲੀ ਛੋਹ ਨੂੰ ਵੀ ਨਹੀਂ ਝੱਲ ਸਕਦਾ। ਇਹੀ ਨਹੀਂ ਉਸ ਜਗ੍ਹਾ ਦੀ ਚਮੜੀ ਦਾ ਰੰਗ ਵੀ ਬਦਲਣ ਲਗਦਾ ਹੈ ਅਤੇ ਛੋਹਣ ’ਤੇ ਉਹ ਥਾਂ ਗਰਮ ਮਹਿਸੂਸ ਹੁੰਦੀ ਹੈ।

ਹਾਲ ਹੀ ਵਿਚ ਆਈ ਇਕ ਅਧਿਐਨ ਦੀ ਰਿਪੋਰਟ ਮੁਤਾਬਕ ਆਪਣੇ ਦੇਸ਼ ਵਿਚ ਕਰੀਬ 45 ਪ੍ਰਤੀਸ਼ਤ ਲੋਕ ਇਸ ਰੋਗ ਨਾਲ ਜੂਝ ਰਹੇ ਹਨ। ਇਹ ਬਹੁਤ ਗੰਭੀਰ ਨਤੀਜੇ ਹਨ। ਹੋਰ ਵੀ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਡੀਵੀਟੀ ਦੇ 80 ਪ੍ਰਤੀਸ਼ਤ ਕੇਸਾਂ ਵਿਚ ਕਿਸੇ ਤਰ੍ਹਾਂ ਦੇ ਲੱਛਣ ਵੀ ਨਹੀਂ ਹੁੰਦੇ। ਇਹ ਰੋਗ ਹੁਣ ਛੋਟੀ ਉਮਰ ਵਿਚ ਵੀ ਵੇਖਣ ਨੂੰ ਮਿਲ ਰਿਹਾ ਹੈ, ਲੇਕਿਨ 40 ਸਾਲ ਤੋਂ ਜ਼ਿਆਦਾ ਉਮਰ ਦੇ ਲੋਕ ਇਸ ਦੀ ਲਪੇਟ ਵਿਚ ਜ਼ਿਆਦਾ ਤੇਜ਼ੀ ਨਾਲ ਆ ਰਹੇ ਹਨ। ਆਰਥੋਪੈਡਿਕ ਮਾਹਿਰਾਂ ਦੀ ਸੁਣੀਏ ਤਾਂ ਪੈਰਾਂ ਵਿਚ ਸੋਜ਼ ਅਤੇ ਦਰਦ ਰਹਿਣਾ ਇਸ ਰੋਗ ਦਾ ਸਭ ਤੋਂ ਪਹਿਲਾ ਸੰਕੇਤਿਕ ਲੱਛਣ ਹੈ। ਇੰਜ ਸਮਝੋ ਤੁਹਾਡੇ ਦਿਮਾਗ ਨੇ ਤੁਹਾਨੂੰ ਇਕ ਮਿਸ ਕਾਲ ਦਿੱਤੀ ਹੈ ਕਿ ਸੰਭਲ ਜਾਓ। ਜੰਮਿਆ ਖੂਨ ਜਦੋਂ ਖੂਨ ਦੀਆਂ ਨਾਲੀਆਂ ਵਿਚੋਂ ਗੁਜ਼ਰਦਾ ਹੈ ਤਾਂ ਉਸੇ ਨੂੰ ਏਬਾਲਿਮ ਕਹਿੰਦੇ ਹਾਂ।

ਗੌਰ ਕਰਨ ਦੀ ਗੱਲ ਹੈ ਕਿ ਇਹ ਰੋਗ ਪੁਰਸ਼ਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਹੁੰਦਾ ਹੈ ਅਤੇ ਹੋਣ ਦੀ ਇਕ ਵਜ੍ਹਾ ਪਰੈਗਨੈਂਸੀ ਨੂੰ ਕੰਟਰੋਲ ਕਰਨ ਵਾਲੀਆਂ ਦਵਾਈਆਂ ਦਾ ਹੱਦ ਤੋਂ ਵੱਧ ਪ੍ਰਯੋਗ ਕਰਨਾ ਹੈ। ਇਨ੍ਹਾਂ ਦਵਾਈਆਂ ਵਿਚ ਪਾਇਆ ਜਾਣ ਵਾਲਾ ਏਸਟਰੋਜੇਨ ਯੁਕਤ ਹਾਰਮੋਨ ਇਸ ਦੀ ਖਾਸ ਵਜ੍ਹਾ ਬਣਦਾ ਹੈ। ਉਥੇ ਹੀ 3 ਤੋਂ 5 ਪ੍ਰਤੀਸ਼ਤ ਔਰਤਾਂ ਵਿਚ ਬਲੱਡ ਕਲਾਟਸ ਜਮਾਉਣ ਵਾਲੇ ਜੀਨ ਦੀ ਵਜ੍ਹਾ ਨਾਲ ਵੀ ਅਜਿਹਾ ਹੁੰਦਾ ਹੈ। ਇਸ ਦੇ ਇਲਾਵਾ ਤੰਬਾਕੂ ਪੀਣਾ ਅਤੇ ਸ਼ਰਾਬ ਦੀ ਆਦਤ ਵੀ ਇਸ ਦਾ ਇਕ ਕਾਰਨ ਹੈ।
ਇਸ ਰੋਗ ਦੇ ਕਾਰਨਾਂ ਵਿਚ ਅਜਿਹੇ ਅਹਿਮ ਕਾਰਨ ਬਣਦੇ ਹਨ ਜਿਨ੍ਹਾਂ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿ ਜੇਕਰ:

-ਜੇਕਰ ਤੁਸੀਂ ਲੰਬੇ ਸਮੇਂ ਤੋਂ ਤੁਰ ਫਿਰ ਨਹੀਂ ਰਹੇ ਹੋ ਭਾਵ ਕਿ ਪੈਰ ਜਾਂ ਸਰੀਰ ਦੇ ਕਿਸੇ ਹੋਰ ਹਿੱਸੇ ਦੇ ਅਪਰੇਸ਼ਨ ਦੇ ਬਾਅਦ।
– ਲੰਮੀ ਹਵਾਈ ਯਾਤਰਾ ਕਰਦੇ ਹੋ।
– ਪਰਿਵਾਰ ਵਿਚ ਕਿਸੇ ਨੂੰ ਪਹਿਲਾਂ ਇਹ ਤਕਲੀਫ ਹੋ ਚੁੱਕੀ ਹੋਵੇ।
– ਭਾਰ ਜ਼ਿਆਦਾ ਹੋਣ ਕਾਰਨ।

ਇਲਾਜ ਸੰਭਵ ਹੈ ਤੇ ਆਸਾਨ ਵੀ:
ਇਸ ਵਿਚ ਖੂਨ ਦੇ ਖੱਤੇ ਨੂੰ ਗਾਲਣ ਵਾਲੀ ਦਵਾਈ ਦਿੱਤੀ ਜਾਂਦੀ ਹੈ। ਇਹ ਦਵਾਈ ਬਲੱਡ ਨੂੰ ਪਤਲਾ ਕਰਦੀ ਹੈ। ਇਸ ਰੋਗ ਦੇ ਇਲਾਜ ਦੇ ਦੌਰਾਨ ਬਲੱਡ ਦੀ ਕਈ ਵਾਰ ਜਾਂਚ ਵੀ ਕੀਤੀ ਜਾਂਦੀ ਹੈ। ਕਦੇ-ਕਦਾਈਂ ਇਹ ਦਵਾਈ 6 ਮਹੀਨਿਆਂ ਤੱਕ ਲਗਾਤਾਰ ਲੈਣੀ ਪੈ ਸਕਦੀ ਹੈ। ਲਾਪ੍ਰਵਾਹੀ ਨਾਲ ਬਲੱਡ ਕਲਾਟਸ ਵਧਦੇ ਜਾਂਦੇ ਹਨ ਜੋ ਸਰੀਰ ਦੇ ਕਈ ਅੰਗਾਂ ਦੇ ਬਲੱਡ ਸਰਕੂਲੇਸ਼ਨ ਨੂੰ ਵਿਗਾੜ ਦਿੰਦੇ ਹਨ। ਇਸ ਤੋਂ ਲੱਤਾਂ ਵਿਚ ਇਸਚੀਮਿਆ ਯਾਨੀ ਬਲੱਡ ਦਾ ਸਰਕੂਲੇਸ਼ਨ ਘੱਟ ਹੋਣ ਲਗਦਾ ਹੈ ਜਿਸ ਦੇ ਨਾਲ ਪੋਸਟ ਥਰੋਬੋਟਿਕ ਸਿੰਡਰਮ ਵਰਗੇ ਲੱਛਣ ਬਣਨ ਲਗਦੇ ਹਨ ਜਿਵੇਂ ਕਿ ਪੈਰ ਵਿਚ ਅਲਸਰ ਹੋਣ ਦੀ ਨੌਬਤ ਤੱਕ ਵੀ ਆ ਸਕਦੀ ਹੈ।

ਜੇਕਰ ਕੋਈ ਸ਼ਿਕਾਰ ਹੋ ਹੀ ਗਿਆ ਹੈ ਇਸ ਰੋਗ ਦਾ ਤਾਂ:-
ਜੇਕਰ ਇਸ ਰੋਗ ਦੀ ਲਪੇਟ ਵਿਚ ਆ ਗਏ ਹੋ ਤਾਂ ਕੁਝ ਚੀਜ਼ਾਂ ਉੱਤੇ ਧਿਆਨ ਦਿਓ:
– ਸਿਗਰਟ ਪੀਂਦੇ ਹੋ ਤਾਂ ਇਸ ਭੈੜੀ ਆਦਤ ਨੂੰ ਛੇਤੀ ਤੋਂ ਛੇਤੀ ਤਿਆਗ ਦਿਓ।
– ਭਾਰ ਜ਼ਿਆਦਾ ਹੈ ਤਾਂ ਘਟਾਓ ਜਿਵੇਂ ਮਰਜ਼ੀ।
– ਜੇਕਰ ਤੁਹਾਡਾ ਅਪਰੇਸ਼ਨ ਹੋਣਾ ਹੈ ਤਾਂ ਇਸ ਤੋਂ ਪਹਿਲਾਂ ਅਤੇ ਬਾਅਦ ਵਿਚ ਡਾਕਟਰ ਦੀ ਸਲਾਹ ਨਾਲ ਬਲੱਡ ਕਲਾਟਸ ਪਿਘਲਾਉਣ ਵਾਲੀ ਦਵਾਈ ਲਵੋ।
– ਜੇਕਰ ਲੰਮੀ ਹਵਾਈ ਜਾਂ ਟਰੇਨ ਯਾਤਰਾ ਉੱਤੇ ਜਾਣਾ ਹੋਵੇ ਤਾਂ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪੈਰ ਦੀ ਕਸਰਤ ਕਰਦੇ ਰਹੋ ਜਾਂ ਫਿਰ ਟਹਿਲੋ।
-ਤਰਲ ਪਦਾਰਥ ਦੀ ਖੁਰਾਕ ਵਧਾਓ।
ਫਿਕਰ ਹਰ ਬਿਮਾਰੀ ਨੂੰ ਵਧਾਉਂਦਾ ਹੈ। ਜਿਹੜੀ ਤਕਲੀਫ ਹੋ ਹੀ ਗਈ ਹੈ ਤਾਂ ਇਲਾਜ ਵੀ ਕੁਦਰਤ ਨੇ ਦਿੱਤਾ ਹੈ। ਡਾਕਟਰ ਦੀ ਸਲਾਹ ਮੰਨਣ ਵਿਚ ਹੀ ਭਲਾ ਹੈ। ਆਪਣੇ ਆਪ ਦੇ ਆਪ ਡਾਕਟਰ ਵੈਦ ਬਣਨ ਦੀ ਕਦੇ ਵੀ ਕੋਸ਼ਿਸ਼ ਨਾ ਕਰਨਾ, ਇਹੋ ਸੁਚੇਤਤਾ ਹੈ।

-ਡਾ. ਰਿਪੁਦਮਨ ਸਿੰਘ

Comments

comments

Share This Post

RedditYahooBloggerMyspace