ਰਾਮਦੇਵ ਦੀ ਆਰਥਿਕ ਆਜ਼ਾਦੀ ਦਾ ਚਿਹਰਾ-ਮੋਹਰਾ

ਕੁਝ ਟੀਵੀ ਚੈਨਲਾਂ ਅਤੇ ਕੁਝ ਅਖ਼ਬਾਰਾਂ ਵਿੱਚ ਸਾਧ ਰਾਮਦੇਵ ਦੇ ਇਸ਼ਤਿਹਾਰ ਪ੍ਰਸਾਰਤ ਹੁੰਦੇ ਹਨ ਜਿਨ੍ਹਾਂ ਮੁਤਾਬਕ, ਮੁਲਕ ਦੀ 55 ਹਜ਼ਾਰ ਕਰੋੜ ਰੁਪਏ ਦੀ ਆਰਥਿਕਤਾ ਉਪਰ ਈਸਟ ਇੰਡੀਆ ਕੰਪਨੀ ਵਰਗੀਆਂ ਕੰਪਨੀਆਂ ਦਾ ਕਬਜ਼ਾ ਹੈ। ਸਾਨੂੰ ਇਨ੍ਹਾਂ ਦੀ ਆਰਥਿਕ ਲੁੱਟ-ਖਸੁੱਟ ਅਤੇ ਗ਼ੁਲਾਮੀ ਤੋਂ ਛੁਟਕਾਰਾ ਪਾਉਣ ਅਤੇ ਆਰਥਿਕ ਆਜ਼ਾਦੀ ਪ੍ਰਾਪਤ ਕਰਨ ਲਈ ਪ੍ਰਣ ਕਰਨਾ ਚਾਹੀਦਾ ਹੈ। ਇਸ ਇਸ਼ਤਿਹਾਰਬਾਜ਼ੀ ਤੋਂ ਇਹ ਸਵਾਲ ਉੱਠਣੇ ਲਾਜ਼ਮੀ ਹਨ : ਕੀ ਅਸੀਂ ਵਿਦੇਸ਼ੀ ਕੰਪਨੀਆਂ ਦੀਆਂ ਲੁੱਟ-ਖਸੁੱਟ ਤੋਂ ਪੀੜਤ ਹਾਂ? ਕੀ ਸਾਡੀ ਆਰਥਿਕ ਆਜ਼ਾਦੀ, ਵਾਕਈ ਆਜ਼ਾਦੀ ਨਾ ਹੋ ਕੇ ਅਸਲ ਵਿੱਚ ਗ਼ੁਲਾਮੀ ਹੈ? ਜੇ ਇਉਂ ਹੈ ਤਾਂ ਫਿਰ ਰਾਜਸੀ ਆਜ਼ਾਦੀ ਇੰਨੀ ਕਮਜ਼ੋਰ ਕਿਉਂ ਹੈ ਜਿਹੜੀ ਇਹ ਗੁਲਾਮੀ ਸਹਿ ਰਹੀ ਹੈ? ਰਾਮਦੇਵ ਦਾ ਮਾਣ-ਸਨਮਾਨ ਦੇਖ ਕੇ ਇਸ ਤੱਥ ਨੂੰ ਸੱਚ ਹੀ ਮੰਨ ਲੈਣਾ ਚਾਹੀਦਾ ਹੈ ਅਤੇ ਇਸ ਦੇ ਅਰਥਾਂ ‘ਤੇ ਵਿਚਾਰ ਕਰਨੀ ਚਾਹੀਦੀ ਹੈ। ਆਮ ਧਾਰਨਾ ਹੈ ਕਿ ਰਾਮਦੇਵ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਕਿਸੇ ਨਾ ਕਿਸੇ ਪੱਧਰ ਦੇ ਕਾਰਕੁਨ ਹਨ। ਉਨ੍ਹਾਂ ਦੇ ਕਈ ਬਿਆਨ ਇਸ ਸੱਚਾਈ ਦੀ ਪੁਸ਼ਟੀ ਵੀ ਕਰਦੇ ਹਨ। ਇਸ ਤੋਂ ਬਿਨਾਂ ਜਿਸ ਹੁਸ਼ਿਆਰੀ ਅਤੇ ਕਲਾਕਾਰੀ ਨਾਲ ਉਨ੍ਹਾਂ ਨੇ ਪਹਿਲਾਂ ਯੋਗ ਦਾ ਧਰਮ ਨਿਰਲੇਪ ਅਕਸ ਉਭਾਰਿਆ, ਤੇ ਫਿਰ ਇਸ ਨੂੰ ਸਨਾਤਨੀ ਹਿੰਦੂ ਧਰਮ ਨਾਲ ਜਾ ਨੱਥੀ ਕੀਤਾ, ਉਹ ਵੀ ਇਸ ਸਿੱਟੇ ਦੀ ਪੁਸ਼ਟੀ ਕਰਦਾ ਹੈ।

ਆਰਐੱਸਐੱਸ ਸਾਰੇ ਸੰਘ ਪਰਿਵਾਰ ਦੀ ਮਾਰਗ ਦਰਸ਼ਕ ਅਤੇ ਵਿਚਾਰਧਾਰਕ ਇਕਾਈ ਹੈ। ਭਾਜਪਾ ਇਸ ਦਾ ਸਿਆਸੀ ਵਿੰਗ ਹੈ। ਜਦੋਂ ਵੀ ਭਾਜਪਾ ਕੇਂਦਰ ਦੀ ਸੱਤਾ ‘ਤੇ ਕਾਬਜ਼ ਹੋਈ ਹੈ, ਇਸ ਨੇ ਸਾਮਰਾਜੀ ਦੇਸ਼ਾਂ ਵੱਲੋਂ ਠੋਸੀਆਂ ਅਤੇ ਉਨ੍ਹਾਂ ਦੀਆਂ ਹਿੱਤਕਾਰੀ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਕਾਂਗਰਸ ਨਾਲੋਂ ਵੀ ਦੋ ਕਦਮ ਅੱਗੇ ਜਾ ਕੇ ਲਾਗੂ ਕੀਤਾ ਹੈ। ਇਨ੍ਹਾਂ ਨੀਤੀਆਂ ਵਿੱਚ ਵਿਦੇਸ਼ੀ ਸਰਮਾਏ ਨੂੰ ਭਾਰਤ ਅੰਦਰ ਵੜਨ ਦੀ ਪੂਰੀ ਖੁੱਲ੍ਹ ਹੈ, ਸਹੂਲਤਾਂ ਹਨ ਅਤੇ ਮੋਟੇ ਮੁਨਾਫ਼ੇ ਕਮਾਉਣ ਦੇ ਭਰਪੂਰ ਮੌਕੇ ਮੁਹੱਈਆ ਕੀਤੇ ਜਾਂਦੇ ਹਨ। ਇਨ੍ਹਾਂ ਨੀਤੀਆਂ ਨੂੰ ਆਰਐੱਸਐੱਸ ਦੀ ਪ੍ਰਵਾਨਗੀ ਅਤੇ ਪੁਸ਼ਟੀ ਤੋਂ ਬਿਨਾਂ ਨਹੀਂ ਲਾਗੂ ਕੀਤਾ ਜਾ ਰਿਹਾ। ਵਿਦੇਸ਼ੀ ਸਰਮਾਇਆ ਆਰਥਿਕ ਖੇਤਰ ‘ਚ ਲੁੱਟ-ਖਸੁੱਟ ਕਰ ਰਿਹਾ, ਭ੍ਰਿਸ਼ਟਾਚਾਰ ਵਧਾ ਰਿਹਾ, ਬੇਕਾਰੀ, ਮੰਦਹਾਲੀ ਤੇ ਗੁਰਬਤ ਵਧਾ ਰਿਹਾ ਹੈ। ਰਾਮਦੇਵ ਦੇ ਸ਼ਬਦਾਂ ਵਿੱਚ ਇਹ ਲੁੱਟ-ਖਸੁੱਟ ਅਤੇ ਗੁਲਾਮੀ ਹੈ। ਜੇ ਇਉਂ ਹੈ ਤਾਂ ਉਹ ਭਾਜਪਾ ਦੀ ਸਰਕਾਰ ਤੋਂ ਇਸ ਲੁੱਟ ਅਤੇ ਗੁਲਾਮੀ ਦਾ ਅੰਤ ਕਰਨ ਦੀ ਮੰਗ ਕਿਉਂ ਨਹੀਂ ਕਰਦੇ? ਜਦ ਇਹ ਮੰਗ ਨਹੀਂ ਕਰਦੇ ਤਾਂ ਇਸ ‘ਲੁੱਟ ਅਤੇ ਗੁਲਾਮੀ ਤੋਂ ਛੁਟਕਾਰਾ ਪਾਉਣ ਦੇ ਪ੍ਰਣ ਦਾ ਕੀ ਅਰਥ ਰਹਿ ਜਾਂਦਾ ਹੈ?

ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਤੋਂ ਪਹਿਲਾਂ ਇਕ ਹੋਰ ਤੱਥ ਵਿਚਾਰਨਾ ਜ਼ਰੂਰੀ ਹੈ। ਸੰਘ ਪਰਿਵਾਰ ਦਾ ਹੀ ਇੱਕ ਹੋਰ ਅੰਗ ਹੈ ਸਵਦੇਸ਼ੀ ਜਾਗਰਣ ਮੰਚ। ਇਹ ਮੰਚ ਸਵਦੇਸ਼ੀ ਦਾ ਨਾਅਰਾ ਉਭਾਰਦਾ ਹੈ ਅਤੇ ਵਿਦੇਸ਼ੀ ਸਰਮਾਏ ਤੇ ਵਿਦੇਸ਼ੀ ਮਾਲ ਖਿਲਾਫ ਵੀ ਆਵਾਜ਼ ਉਠਾਉਂਦਾ ਹੈ; ਕਦੇ ਕਦੇ ਕਰੜੇ ਸ਼ਬਦਾਂ ਵਿੱਚ ਵੀ ਇਉਂ ਕਰਦਾ ਹੈ। ਕਾਰਨ ਇਹ ਹੈ ਕਿ ਇਹ ਮੰਚ ਛੋਟੇ ਵਪਾਰੀਆਂ, ਕਾਰੋਬਾਰੀਆਂ ਦੀ ਆਵਾਜ਼ ਬਣਦਾ ਹੈ। ਇਹ ਨੀਤੀ ਉਸ ਨੀਤੀ ਦੀ ਹੀ ਲਗਾਤਾਰਤਾ ਹੈ ਜਿਹੜੀ ਜਨ ਸੰਘ ਦੇ ਦਿਨਾਂ ਤੋਂ ਚਲੀ ਆਉਂਦੀ ਹੈ। ਉਦੋਂ ਜਨ ਸੰਘ ਦਾ ਮੁੱਖ ਆਰਥਿਕ ਤੇ ਸਮਾਜੀ ਆਧਾਰ ਛੋਟੇ ਵਪਾਰੀਆਂ ਤੇ ਕਾਰੋਬਾਰੀਆਂ ਵਿੱਚ ਸੀ। ਇਹ ਉਨ੍ਹਾਂ ਦੇ ਹਿੱਤਾਂ ਦੀ ਪੈਰਵੀ ਕਰਦਾ ਹੁੰਦਾ ਸੀ ਅਤੇ ਅੱਜ ਇਹੀ ਕਾਰਜ ਸਵਦੇਸ਼ੀ ਜਾਗਰਣ ਮੰਚ ਕਰਦਾ ਹੈ; ਪਰ ਇਹ ਵੱਡੇ ਕਾਰਪੋਰੇਟਾਂ, ਦੇਸੀ ਤੇ ਵਿਦੇਸ਼ੀ, ਖਿਲਾਫ ਕਿਸੇ ਸੰਘਰਸ਼ ਵਿੱਚ ਨਹੀਂ ਪੈਂਦਾ, ਕਿਉਂਕਿ ਇੱਦਾਂ ਕਰਕੇ ਇਹ ਆਪਣੀ ਭਾਜਪਾ ਸਰਕਾਰ ਦੇ ਕੰਮਾਂ ਵਿੱਚ ਵਿਘਨ ਪਾ ਰਿਹਾ ਹੋਵੇਗਾ ਅਤੇ ਭਾਜਪਾ ਸਰਕਾਰ ਦੀਆਂ ਆਰਥਿਕ ਨੀਤੀਆਂ ਦਾ ਵਿਰੋਧ ਕਰਕੇ ਸਰਕਾਰ ਦੀ ਬਦਨਾਮੀ ਕਰਵਾ ਰਿਹਾ ਹੋਵੇਗਾ। ਇਸ ਕਰਕੇ ਇਹ ਸਿਰਫ਼ ਸਵਦੇਸ਼ੀ ਭਾਵਨਾਵਾਂ ਟੁੰਬਦਾ ਹੈ, ਉਕਸਾਂਦਾ ਹੈ ਅਤੇ ਇਨ੍ਹਾਂ ਨੂੰ ਨਰਮ ਤੇ ਕਾਗਜ਼ੀ ਵਿਰੋਧ ਰਾਹੀਂ ਖ਼ਾਰਿਜ ਕਰਵਾ ਕੇ, ਇਸ ਤਬਕੇ ਨੂੰ ਆਪਣੇ ਨਾਲ ਜੋੜੀ ਰੱਖਦਾ ਹੈ। ਇਹ ਵਿਰੋਧ-ਪ੍ਰਬੰਧਨ ਦੀ ਦਾਅਪੇਚਕ ਖੇਡ ਹੀ ਹੈ। ਇਸ ਕਰਕੇ ਇਸ ਮੰਚ ਦਾ ਸਵਦੇਸ਼ੀ, ਦੇਸ਼ ਭਗਤੀ ਅਤੇ ਕੌਮਵਾਦ ਸਿਰਫ਼ ਖੋਖਲਾ ਅਤੇ ਗੁੰਮਰਾਹ-ਕਰੂ ਨਾਅਰਾ ਹੈ।

ਰਾਮਦੇਵ ਦਾ ਪ੍ਰਚਾਰ ਵੀ ਦਬਾਅ-ਪਾਊ ਦਾਅਪੇਚ ਹੈ। ਉਹ ਕੁੱਲ ਸੰਘ ਪਰਿਵਾਰ ਦੇ ਅੰਗ ਵਜੋਂ ਵਿਦੇਸ਼ੀ ਕਾਰਪੋਰੇਟਾਂ ਦੀ ਆਰਥਿਕ ‘ਲੁੱਟ ਤੇ ਗੁਲਾਮੀ’ ਨੂੰ ਉਛਾਲਦਾ ਹੈ ਤਾਂ ਕਿ ਉਸ ਦੀ ਭਾਜਪਾ ਸਰਕਾਰ ਵਿਦੇਸ਼ੀ ਕਾਰਪੋਰੇਟਾਂ ਨੂੰ ਇਹ ਦਬਾਅ ਦਿਖਾ ਕੇ, ਉਨ੍ਹਾਂ ਤੋਂ ਕੁੱਝ ਰਿਆਇਤਾਂ ਹਾਸਲ ਕਰ ਸਕੇ ਅਤੇ ਦੇਸੀ ਕਾਰਪੋਰੇਟਾਂ ਨੂੰ ਇਹ ਰਿਆਇਤਾਂ ਦਿਵਾ ਸਕੇ। 1925 ਤੋਂ ਬਾਅਦ ਭਾਰਤ ਦੇ ਕਾਰੋਬਾਰੀਆਂ ਅਤੇ ਵੱਡੇ ਸਨਅਤੀ ਘਰਾਣਿਆਂ ਦੀ ਨੀਤੀ ਅਤੇ ਹੋਣੀ ਵੀ ਇਹੀ ਰਹੀ ਹੈ। ਉਹ ਆਪਣੀ ਸਿਆਸੀ ਧਿਰ, ਕਾਂਗਰਸ ਰਾਹੀਂ ਵੀ, ਤੇ ਆਪ ਵੀ, ਬਰਤਾਨਵੀ ਸਰਕਾਰ ਨੂੰ ਲੋਕਾਂ ਦੇ ਗੁੱਸੇ ਦਾ ਡਰ ਦਿਖਾ ਕੇ, ਕੁੱਝ ਰੋਸ ਦਰਜ ਕਰਵਾ ਕੇ, ਆਖ਼ਿਰ ਸਮਝੌਤਾ ਕਰ ਲੈਂਦੇ ਸਨ। ਬਰਤਾਨਵੀ ਸਾਮਰਾਜੀ ਹਾਕਮ ਆਪਣੇ ਸਾਰੇ ਹਿੱਤਾਂ ਤੇ ਲੋੜਾਂ ਨੂੰ ਮਿਣ-ਗੱਠ ਕੇ ਅਜਿਹੀਆਂ ਰਿਆਇਤਾਂ ਦੇ ਦਿਆ ਕਰਦੇ ਸਨ। ਰਿਆਇਤਾਂ ਦੇ ਗੱਫਿਆਂ ਦਾ ਸੰਬੰਧ ਦੇਸ਼ ਦੇ ਅੰਦਰੂਨੀ ਅਤੇ ਕੌਮਾਂਤਰੀ ਹਾਲਾਤ ਨਾਲ ਵੀ ਰਿਹਾ ਹੈ। ਭਾਰਤ ਦਾ ਆਰਥਿਕ ਇਤਿਹਾਸ ਵਾਚਣ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਦੇ ਸਨਅਤਕਾਰਾਂ ਨੂੰ ਨਵੇਂ ਕਾਰੋਬਾਰ ਦੀ ਆਗਿਆ ਪਹਿਲੀ ਅਤੇ ਦੂਸਰੀ ਸੰਸਾਰ ਜੰਗ ਦੌਰਾਨ ਖਾਸ ਤੌਰ ‘ਤੇ ਮਿਲੀ ਸੀ। ਲੁੱਕ ਦੇ ਡਰੰਮ ਬਣਾਉਣ, ਰੇਲ ਦੀਆਂ ਪਟੜੀਆਂ ਦੇ ਸਲੀਪਰ (ਲੱਕੜੀ ਦੇ ਫੱਟੇ) ਬਣਾਉਣ, ਸਰੀਆ, ਪੱਤੀ ਆਦਿ ਬਣਾਉਣ ਦੇ ਲਾਇਸੈਂਸ ਇਨ੍ਹਾਂ ਜੰਗਾਂ ਦੌਰਾਨ ਹੀ ਮਿਲੇ ਸਨ। ਕਾਰਨ ਸਪਸ਼ਟ ਸੀ। ਜੰਗ ਕਾਰਨ ਸਾਮਰਾਜੀ ਸਰਮਾਏਦਾਰ ਆਪਣਾ ਸਰਮਾਇਆ ਹਥਿਆਰਸਾਜ਼ ਸਨਅਤ, ਦਵਾਈ ਸਨਅਤ, ਬਾਰੂਦ ਸਨਅਤ ਵਿੱਚ ਲਾਉਣ ਲਈ ਮਜਬੂਰ ਸਨ, ਇਸ ਕਰ ਕੇ ਸਾਧਾਰਨ ਅਤੇ ਗ਼ੈਰ-ਜੰਗੀ ਸਾਜ਼ੋ-ਸਮਾਨ ਵਿੱਚ ਇਹ ਸਰਮਾਇਆ ਨਹੀਂ ਸੀ ਫਸਾਉਣਾ ਚਾਹੁੰਦੇ। ਇਹ ਸਨਅਤਾਂ ਵਧੇਰੇ ਜਾਂ ਉੱਕਾ ਹੀ ਉਨ੍ਹਾਂ ਸਾਮਰਾਜੀ ਦੇਸ਼ਾਂ ਦੇ ਅੰਦਰ ਹੀ ਹੁੰਦੀਆਂ ਸਨ, ਕਿਉਂਕਿ ਉੱਥੇ ਸੁਰੱਖਿਅਤ ਸਨ। ਸੜਕੀ ਤੇ ਰੇਲ ਆਵਾਜਾਈ ਲਈ ਲੋੜੀਂਦੇ ਸਾਜ਼ੋ-ਸਮਾਨ ਦੀ ਜ਼ਰੂਰਤ ਸੀ। ਤੇ ਉਸ ਨੂੰ ਬਣਾਉਣ ਦੀ ਆਗਿਆ ਦੇਸੀ ਸਮਝੌਤੇਬਾਜ਼ ਸਨਅਤਕਾਰਾਂ ਨੂੰ ਦੇ ਦਿੱਤੀ ਜਾਂਦੀ ਸੀ।
ਅੱਜ ਤੱਕ ਵੀ ਸਾਮਰਾਜ ਦੀ ਇਹ ਨੀਤੀ ਕਾਇਮ ਹੈ। ਉਹ ਆਪਣਾ ਸਰਮਾਇਆ ਅਤਿਆਧੁਨਿਕ ਤਕਨੀਕ ‘ਤੇ ਆਧਾਰਿਤ ਸਨਅਤਾਂ ਵਿੱਚ ਲਾਉਂਦੇ ਹਨ ਅਤੇ ਬਚਦਾ ਸਨਅਤੀ ਖੇਤਰ ਜਾਂ ਇਸ ਦੀ ਕੋਈ ਸ਼ਾਖਾ ਦੇਸੀ ਕਾਰਪੋਰੇਟਾਂ ਲਈ ਛੱਡ ਦਿੰਦੇ ਹਨ। ਦੇਸੀ ਕਾਰਪੋਰੇਟ ਇਹ ਰਿਆਇਤਾਂ ਲੈ ਕੇ ਫੁੱਲੇ ਨਹੀਂ ਸਮਾਉਂਦੇ ਅਤੇ ਥਾਪੀਆਂ ਮਾਰ ਕੇ ਆਪਣੀ ਵਡੱਤਣ ਅਤੇ ਸ਼ਕਤੀ ਦਾ ਐਲਾਨ ਕਰਦੇ ਰਹਿੰਦੇ ਹਨ; ਬਹੁਤ ਵੱਡੀ ਆਰਥਿਕ ਸ਼ਕਤੀ ਬਣ ਜਾਣ ਦੇ ਦਮਗਜੇ ਮਾਰਨ ਲੱਗਦੇ ਹਨ। ਸਾਮਰਾਜੀ ਸਰਮਾਏ ਤੇ ਤਕਨੀਕ ਉੱਪਰ ਇਨ੍ਹਾਂ ਦੀ ਨਿਰਭਰਤਾ ਪੱਕੀ, ਸਥਾਈ ਅਤੇ ਅਬਦਲ ਰਹਿੰਦੀ ਹੈ। ਇਸ ਤਰ੍ਹਾਂ ਅਨਿਰਭਰਤਾ ਜਾਂ ਸਵੈ-ਨਿਰਭਰਤਾ ਛਲਾਵਾ, ਰੂਪਕ ਅਤੇ ਰਸਮੀ ਬਣੀ ਰਹਿੰਦੀ ਹੈ, ਪਰ ਨਿਰਭਰਤਾ ਸਥਾਈ ਅਤੇ ਹਕੀਕੀ ਬਣੀ ਪਈ ਹੈ। ਇਸ ਕਰਕੇ ਹੀ ਭਾਰਤ ਦੇ ਕਾਰਪੋਰੇਟਾਂ ਨੂੰ ਦਲਾਲ (compradore) ਦਾ ਨਾਮ ਦਿੱਤਾ ਜਾਂਦਾ ਹੈ।

ਸੰਘ ਪਰਿਵਾਰ ਬਹੁ-ਮੂੰਹੀਂ ਸੰਸਥਾ ਹੈ। ਇਸ ਦੇ ਵੱਖ ਵੱਖ ਅੰਗਾਂ ਵਿੱਚ ਕੰਮ ਦੀ ਵੰਡ ਹੈ। ਜੇ ਕੋਈ ਅੰਗ ਵਧਵਾਂ, ਹੂੰਝਾਫੇਰ ਜਾਂ ਨੀਤੀ-ਉਲੰਘ ਬਿਆਨ ਦੇ ਦਿੰਦਾ ਹੈ ਤਾਂ ਬਾਕੀ ਅੰਗ ਉਸ ਬਾਰੇ ਫੌਰੀ ਪ੍ਰਤੀਕਿਰਿਆ ਦੇਣੋਂ ਚੁੱਪ ਰਹਿ ਲੈਂਦੇ ਹਨ। ਰਾਮਦੇਵ 55 ਹਜ਼ਾਰ ਕਰੋੜ ਰੁਪਏ ਦੀ ਆਰਥਿਕਤਾ ਉੱਪਰ ਵਿਦੇਸ਼ੀ ਕੰਪਨੀਆਂ ਦੇ ਕਬਜ਼ੇ ਨੂੰ ਹੀ ਸਵੀਕਾਰ ਕਰਦੇ ਹਨ, ਪਰ ਭਾਰਤੀ ਆਰਥਿਕਤਾ ਤਾਂ ਇਸ ਨਾਲੋਂ ਕਰੀਬ 200 ਗੁਣਾ ਵੱਡੀ ਹੈ ਅਤੇ ਸਾਡੀ ਆਰਥਿਕਤਾ ਦਾ ਕੋਈ ਵੀ ਖਾਸ ਖੇਤਰ ਐਸਾ ਨਹੀਂ ਜਿਹੜਾ ਵਿਦੇਸ਼ੀ ਸਰਮਾਏ ਦੀ ਜਕੜ ਵਿੱਚ ਨਾ ਹੋਵੇ। ਹੁਣ ਵਿਦੇਸ਼ੀ ਕਾਰਪੋਰੇਟ ਉੱਚ-ਤਕਨੀਕ ਆਧਾਰਿਤ, ਪਰ ਥੋੜ੍ਹੇ ਮਜ਼ਦੂਰਾਂ ਵਾਲੀ ਸਨਅਤ ਵਿੱਚ ਵਧੇਰੇ ਰੁਚੀ ਰੱਖਦੇ ਹਨ। ਹੁਣ ਆਯੁਰਵੈਦਿਕ ਦਵਾ-ਦਾਰੂ ਜਾਂ ਵਸਤਾਂ ਰਾਮਦੇਵ ਹੀ ਨਹੀਂ ਬਣਾਉਂਦੇ, ਸਗੋਂ ਬਹੁ-ਕੌਮੀ ਕੰਪਨੀਆਂ ਵੀ ਬਣਾਉਂਦੀਆਂ ਹਨ। ਹੁਣ ਉਹ ਪਰਚੂਨ ਵਪਾਰ ਵਿੱਚ ਵੀ ਘੁਸ ਚੁੱਕੀਆਂ ਹਨ। ਵਿਸ਼ਵ-ਵਿਦਿਆਲਿਆਂ ਦੇ ਖੇਤਰ ਤੇ ਪ੍ਰਚਾਰ-ਪ੍ਰਸਾਰ ਸਾਧਨਾਂ ਵਿੱਚ ਦਾਖਲ ਹੋਣ ਦੀ ਖੁੱਲ੍ਹ ਪ੍ਰਾਪਤ ਕਰ ਚੁੱਕੀਆਂ ਹਨ। ਇਹ ਸਾਰਾ ਕੁਝ ਗੰਭੀਰ ਖ਼ਤਰਾ ਖੜ੍ਹਾ ਕਰਦਾ ਹੈ ਜਿਸ ਦੀ ਮੁਖ਼ਾਲਫ਼ਤ ਰਾਮਦੇਵ ਨੂੰ ਸੁੱਝ ਹੀ ਨਹੀਂ ਰਹੀ।

ਰਾਜਸੀ ਅਰਥ-ਸ਼ਾਸਤਰ ਦੇ ਮਾਹਿਰ ਜਾਣਦੇ ਹਨ ਕਿ ਆਰਥਿਕ ਖੇਤਰ ਅਜਿਹੀ ਨੀਂਹ ਹੁੰਦਾ ਹੈ ਜਿਸ ਉੱਪਰ ਸਿਆਸੀ, ਕਾਨੂੰਨੀ, ਸੰਵਿਧਾਨਕ, ਅਦਾਲਤੀ, ਸਭਿਆਚਾਰਕ ਢਾਂਚੇ ਦੇ ਕੰਧਾਂ, ਦਰਵਾਜ਼ੇ, ਤਾਕੀਆਂ ਆਦਿ ਖੜ੍ਹੇ ਹੁੰਦੇ ਹਨ। ਆਰਥਿਕ ਗੁਲਾਮੀ, ਸਿਆਸੀ ਗੁਲਾਮੀ ਤੋਂ ਬਿਨਾਂ ਨਹੀਂ ਟਿਕ ਸਕਦੀ ਅਤੇ ਸਿਆਸੀ ਗੁਲਾਮੀ (ਸਿੱਧੀ ਜਾਂ ਅਸਿੱਧੀ) ਆਰਥਿਕ ਗੁਲਾਮੀ (ਸਿੱਧੀ ਜਾਂ ਅਸਿੱਧੀ) ਤੋਂ ਬਿਨਾਂ ਹੋਂਦ ਵਿੱਚ ਨਹੀਂ ਆਉਂਦੀ। ਸਿੱਧੀ ਜਾਂ ਅਸਿੱਧੀ ਸਿਆਸੀ ਗੁਲਾਮੀ ਜਾਂ ਅੱਧ ਗੁਲਾਮੀ ਜਾਂ ਸਥਾਈ ਨਿਰਭਰਤਾ ਬਾਰੇ ਚੁੱਪ ਰਹਿ ਕੇ ਬਾਬਾ ਰਾਮਦੇਵ ਦਾ ਆਰਥਿਕ ਕੌਮਵਾਦ ਤੇ ਆਰਥਿਕ ਦੇਸ਼ਭਗਤੀ ਭਰਮਾਊ ਤੇ ਖੋਖਲਾ ਨਾਅਰਾ ਹੀ ਰਹਿ ਜਾਂਦੇ ਹਨ। ਅੱਜ ਕੌਮਾਂਤਰੀ ਪ੍ਰਸੰਗ ਵਿੱਚ ਸਾਮਰਾਜ ਦੀ ਖੁੱਲ੍ਹੀ ਮੁਖ਼ਾਲਫ਼ਤ ਤੋਂ ਬਗੈਰ ਕੋਈ ਕੌਮਪ੍ਰਸਤੀ ਕਲਪੀ ਨਹੀਂ ਜਾ ਸਕਦੀ। ਇਹੀ ਕਾਰਨ ਹੈ ਕਿ ਨਵ-ਬਸਤੀਵਾਦ ਦੇ ਦੌਰ ਵਿੱਚ, ਸਾਰਾ ਆਰਥਿਕ ਤੇ ਰਾਜਸੀ-ਤੰਤਰ ਇਸ ਦੇ ਮੱਕੜ ਜਾਲ ਵਿੱਚ ਛਟਪਟਾਉਂਦਾ ਰਹਿੰਦਾ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਇੱਕੋ ਗਾਡੀ ਰਾਹ ਦੀਆਂ ਰਾਹੀ ਸਾਬਤ ਹੋ ਜਾਂਦੀਆਂ ਹਨ।

Comments

comments

Share This Post

RedditYahooBloggerMyspace