ਸਿੱਖਾਂ ਦੀ ਵੱਖਰੀ ਪਛਾਣ: ਅਕਾਲੀ ਕਿਉਂ ਹਟੇ ਪਿੱਛੇ ?

ਕੇ.ਐੱਸ. ਚਾਵਲਾ
ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸ਼ਰਮਨਾਕ ਹਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਯੂ-ਟਰਨ ਲੈਂਦਿਆਂ ਸੰਵਿਧਾਨ ਦੀ ਧਾਰਾ ’25 ਬੀ’ ਰੱਦ ਕਰਾਉਣ ਲਈ ਮੁਹਿੰਮ ਵਿੱਢ ਦਿੱਤੀ ਹੈ। ਖੈਰ, ਸ਼੍ਰੋਮਣੀ ਅਕਾਲੀ ਦਲ ਨੇ ਸਿੱਖਾਂ ਨੂੰ ਆਪਣੇ ਨਾਲ ਜੋੜਨ ਲਈ ਮੁੜ ਇੱਕ ਪੰਥਕ ਏਜੰਡਾ ਅਪਣਾਇਆ ਹੈ ਕਿਉਂਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿੱਖਾਂ ਦੀ ਨਾਰਾਜ਼ਗੀ ਕਾਰਨ ਹੀ ਅਕਾਲੀ ਦਲ ਨੂੰ ਵਿਰੋਧੀ ਧਿਰ ਵਿੱਚ ਬਣੇ ਰਹਿਣ ਜੋਗੀਆਂ ਸੀਟਾਂ ਵੀ ਨਹੀਂ ਮਿਲੀਆਂ।
ਸਾਲ 1997 ਤੋਂ 2017 ਦਰਮਿਆਨ 2002-2007 ਤਕ ਕੈਪਟਨ ਅਮਰਿੰਦਰ ਸਿੰਘ ਦੇ ਕਾਰਜ ਕਾਲ ਨੂੰ ਛੱਡ ਕੇ ਅਕਾਲੀ ਦਲ ਨੇ ਪੰਜਾਬ ‘ਤੇ 15 ਸਾਲ ਰਾਜ ਕੀਤਾ ਹੈ। ਇਸ ਦੌਰਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਪ੍ਰਕਾਸ਼ ਸਿੰਘ ਬਾਦਲ ਤੋਂ ਵੱਖ ਹੋ ਕੇ ਆਪਣੀ ਪਾਰਟੀ ‘ਸਰਬ ਹਿੰਦ ਅਕਾਲੀ ਦਲ’ ਬਣਾ ਲਈ ਅਤੇ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ‘ਤੇ ਬਾਦਲ ਧੜੇ ਖ਼ਿਲਾਫ਼ ਆਪਣੇ ਉਮੀਦਵਾਰ ਖੜ੍ਹੇ ਕਰ ਦਿੱਤੇ ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ 2002 ਦੀ ਚੋਣ ਹਾਰ ਗਿਆ। ਹਾਲਾਂਕਿ ਸਰਬ ਹਿੰਦ ਦਾ ਖਾਤਾ ਨਹੀਂ ਖੁੱਲ੍ਹਿਆ, ਪਰ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ‘ਬੇੜੀ ਵੱਟੇ’ ਜ਼ਰੂਰ ਪਾ ਦਿੱਤੇ।

ਭਾਵੇਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲ ਰਲ ਕੇ 1997 ਦੌਰਾਨ ਪੰਜਾਬ ਵਿੱਚ ਆਪਣੀ ਸਰਕਾਰ ਬਣਾ ਲਈ ਸੀ, ਪਰ ਸਿੱਖਾਂ ਦਾ ਬਾਦਲ ਨਾਲ ਵਖਰੇਵਾਂ ਉਦੋਂ ਹੀ ਸ਼ੁਰੂ ਹੋਇਆ। ਫਰਵਰੀ 1996 ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਮੋਗਾ ਵਿੱਚ ਕਾਨਫਰੰਸ ਕੀਤੀ ਅਤੇ ਇਸ ਨੂੰ ‘ਪੰਜਾਬ, ਪੰਜਾਬੀ ਅਤੇ ਪੰਜਾਬੀਅਤ’ ਦਾ ਨਾਅਰਾ ਦਿੱਤਾ। ਦੂਜੇ ਪਾਸੇ ਅਕਾਲੀ ਦਲ ਵੱਲੋਂ ਹਿੰਦੂਆਂ ਤੇ ਮੁਸਲਮਾਨਾਂ ਲਈ ਪਾਰਟੀ ਦੀ ਮੈਂਬਰਸ਼ਿਪ ਖੋਲ੍ਹ ਦਿੱਤੀ ਗਈ। ਸਾਕਾ ਨੀਲਾ ਤਾਰਾ ਤੋਂ ਬਾਅਦ ਭਾਜਪਾ ਨੇ ਮਿੱਤਰਤਾ ਲਈ ਅਕਾਲੀ ਦਲ ਵੱਲ ਹੱਥ ਵਧਾਇਆ ਸੀ।

ਪੰਜਾਬ ਵਿੱਚ ਅਤਿਵਾਦ ਦੇ ਦੌਰ ਮਗਰੋਂ ਪ੍ਰਕਾਸ਼ ਸਿੰਘ ਬਾਦਲ ਸੂਬੇ ਵਿੱਚ ਸੰਪਰਦਾਇਕਤਾ ਵਾਲਾ ਮਾਹੌਲ ਸਿਰਜ ਕੇ ਭਾਜਪਾ ਨਾਲ ਗੱਠਜੋੜ ਕਰਨ ਦੇ ਇੱਛੁਕ ਸਨ। ਬਾਦਲ ਟਕਸਾਲੀ ਆਗੂਆਂ ਜਥੇਦਾਰ ਟੌਹੜਾ ਅਤੇ ਜਗਦੇਵ ਸਿੰਘ ਤਲਵੰਡੀ ਤੋਂ ‘ਕਿਨਾਰਾ’ ਕਰਨਾ ਚਾਹੁੰਦੇ ਸਨ। 2007 ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਉਪਰੋਥਲੀ ਦੋ ਵਿਧਾਨ ਸਭਾ ਚੋਣਾਂ ਜਿੱਤਿਆ ਅਤੇ ਸੁਖਬੀਰ ਬਾਦਲ ਨੇ ਬਤੌਰ ਪਾਰਟੀ ਪ੍ਰਧਾਨ ਐਲਾਨ ਕੀਤਾ ਕਿ ਅਕਾਲੀ ਦਲ ਸੂਬੇ ਵਿੱਚ 25 ਸਾਲ ਰਾਜ ਕਰੇਗਾ। ਪਰ ਅਕਾਲੀ ਧਾਰਾ 25 ਬੀ ਨੂੰ ਭੁੱਲ ਗਏ। 2012 ਵਿੱਚ ਸੁਖਬੀਰ ਸਿੰਘ ਬਾਦਲ ਨੇ ਵੱਡੀ ਗਿਣਤੀ ਹਿੰਦੂ ਉਮੀਦਵਾਰਾਂ ਨੂੰ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦਿੱਤੀਆਂ। ਜਥੇਦਾਰ ਟੌਹੜਾ ਦੀ ਮੌਤ ਮਗਰੋਂ ਬਾਦਲ ਪਿਉ-ਪੁੱਤ ਅਕਾਲੀ ਦਲ ਵਿੱਚ ਨਿਰਵਿਰੋਧ ਆਗੂਆਂ ਵਜੋਂ ਉੱਭਰੇ।

2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਦੇ ਹੱਕ ਵਿੱਚ ਪ੍ਰਚਾਰ ਦੀ ਹਨੇਰੀ ਝੁਲ ਗਈ ਸੀ, ਪਰ ‘ਆਪ’ ਲੀਡਰਸ਼ਿਪ ਦੀਆਂ ‘ਆਪਹੁਦਰੀਆਂ’ ਕਾਰਨ ਸੱਤਾ ਕਾਂਗਰਸ ਦੇ ਹੱਥ ਆ ਗਈ। ਇਨ੍ਹਾਂ ਚੋਣ ਨਤੀਜਿਆਂ ਨੇ ਅਕਾਲੀ ਦਲ ਦੇ ਪੰਜਾਬ ‘ਤੇ 25 ਸਾਲ ਰਾਜ ਕਰਨ ਦੇ ਸੁਪਨਿਆਂ ਨੂੰ ਮਿੱਟੀ ਵਿੱਚ ਮਧੋਲ ਦਿੱਤਾ।
ਪੰਜਾਬ ਦੀ ਸਿਆਸਤ ਵਿੱਚ ਇੱਕ ਵਾਰ ਫਿਰ ਨਵਾਂ ਮੋੜ ਆਇਆ ਜਦੋਂ ਅਕਾਲੀ ਦਲ ਨੇ ਗ਼ੈਰ-ਸਿੱਖਾਂ ਲਈ ਪਾਰਟੀ ਦੀ ਮੈਂਬਰਸ਼ਿਪ ਖੋਲ੍ਹੀ। ਇਸ ਸਬੰਧੀ ਬਲਵੰਤ ਸਿੰਘ ਖਹਿਰਾ ਵੱਲੋਂ ਭਾਰਤੀ ਚੋਣ ਕਮਿਸ਼ਨ ਕੋਲ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਅਕਾਲੀ ਦਲ ਧਰਮ-ਨਿਰਪੱਖ ਪਾਰਟੀ ਨਹੀਂ ਹੈ। ਅਕਾਲੀ ਦਲ ਨੇ 2000 ਵਿੱਚ ਐੱਨ.ਡੀ.ਏ. ਸਰਕਾਰ ਵੱਲੋਂ ਬਣਾਏ ਗਏ ਵੈਕੇਂਟ ਚਲੱਈਆ ਕਮਿਸ਼ਨ ਕੋਲ ਸਿੱਖਾਂ ਦੀ ‘ਵੱਖਰੀ ਪਛਾਣ’ ਲਈ ਪਟੀਸ਼ਨ ਦਾਇਰ ਕੀਤੀ ਸੀ।

ਕਮਿਸ਼ਨ ਨੇ ਅਕਾਲੀ ਦਲ ਦੀ ਗੱਲ ਸਵੀਕਾਰ ਕਰ ਲਈ ਸੀ ਅਤੇ ਸਿੱਖਾਂ ਨੂੰ ‘ਵੱਖਰੀ ਪਛਾਣ’ ਐਲਾਨਣ ਲਈ ਸਹਿਮਤੀ ਦਿੱਤੀ ਸੀ। ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ ਨੇ ਪਿਛਲੇ ਕਰੀਬ ਤਿੰਨ ਦਹਾਕੇ ਤੋਂ ਵੱਧ ਵਕਫ਼ੇ ਤੋਂ ਇਹ ਮੁੱਦਾ ਉਭਾਰਨ ਦੀ ਲੋੜ ਨਹੀਂ ਸਮਝੀ। ਹੁਣ ਜਦੋਂ 2017 ਦੀਆਂ ਚੋਣਾਂ ਹਾਰਨ ਨਾਲ ‘ਠੋਕਰ’ ਲੱਗੀ ਤਾਂ ਸਿੱਖਾਂ ਦੀ ‘ਵੱਖਰੀ ਪਛਾਣ’ ਦਾ ਚੇਤਾ ਆ ਗਿਆ। ਪ੍ਰਕਾਸ਼ ਸਿੰਘ ਬਾਦਲ ਨੇ ਦਿੱਲੀ ਸਥਿਤ ਧਰਮ ਯੁੱਧ ਮੋਰਚੇ ਦੌਰਾਨ ਪਾਰਟੀ ਦੇ ਪ੍ਰਧਾਨ ਹੁੰਦਿਆਂ ਧਾਰਾ 25-ਬੀ ਦੀਆਂ ਕਾਪੀਆਂ ਸਾੜੀਆਂ ਸਨ, ਜਿਸ ਦੀ ਅਟਲ ਬਿਹਾਰੀ ਵਾਜਪਾਈ ਸਮੇਤ ਸਾਰੀਆਂ ਧਿਰਾਂ ਨੇ ਨਿਖੇਧੀ ਕੀਤੀ ਸੀ।

ਸਾਲ 2014 ਦੌਰਾਨ ਕੇਂਦਰ ਵਿੱਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਸੱਤਾ ਵਿੱਚ ਆਈ ਐੱਨ.ਡੀ.ਏ. ਸਰਕਾਰ ਤੋਂ ਬਾਅਦ ਆਰ.ਐੱਸ.ਐੱਸ. ਨੇ ਪੰਜਾਬ ਵਿੱਚ ਆਪਣੀਆਂ ਗਤੀਵਿਧੀਆਂ ਵਧਾ ਦਿੱਤੀਆਂ ਅਤੇ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਦੱਸਿਆ ਸੀ, ਪਰ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ-ਭਾਜਪਾ ਗਠਜੋੜ ਦੀ ਹਾਰ ਤੋਂ ਬਾਅਦ ਆਰ.ਐੱਸ.ਐੱਸ. ਨੇ ਆਪਣਾ ਪੈਂਤੜਾ ਬਦਲ ਲਿਆ ਅਤੇ ਸਿੱਖਾਂ ਦੀ ਵੱਖਰੀ ਪਛਾਣ ਦਾ ਰਾਗ ਅਲਾਪਿਆ।

ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਉਹ ਸਿੱਖਾਂ ਦੀ ‘ਵੱਖਰੀ ਪਛਾਣ’ ਬਾਰੇ ਸੰਸਦ ਵਿੱਚ ਬਿੱਲ ਲੈ ਕੇ ਆਉਣਗੇ। ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਸਿੱਖ ਸੰਸਦ ਮੈਂਬਰਾਂ ਦਾ ਵਫ਼ਦ ਕੇਂਦਰੀ ਮੰਤਰੀ ਅਰੁਣ ਜੇਤਲੀ ਅਤੇ ਰਵੀ ਸ਼ੰਕਰ ਪ੍ਰਸਾਦ ਨੂੰ ਵੀ ਮਿਲ ਚੁੱਕਿਆ ਹੈ। ਉੱਧਰ, ਆਰ.ਐੱਸ.ਐੱਸ. ਦੀ ਮਾਨਤਾ ਵਾਲੀ ਰਾਸ਼ਟਰੀ ਸਿੱਖ ਸੰਗਤ ਨੇ ਅਕਾਲੀ ਦਲ ਵੱਲੋਂ ਇਹ ਮੁੱਦਾ ਚੁੱਕਣ ਦੀ ਆਲੋਚਨਾ ਕੀਤੀ ਕਿ ਇਹ ਤਾਂ ਪਹਿਲਾਂ ਹੀ ਸਪੱਸ਼ਟ ਹੋ ਚੁੱਕਿਆ ਹੈ ਕਿ ਸਿੱਖਾਂ ਦੀ ਵੱਖਰੀ ਪਛਾਣ ਹੈ।

ਅਕਾਲੀ ਦਲ ਦੇ ਵੱਖਰੇ ਧੜੇ ਨੇ ਸਿੱਖ ਕੌਮ ਦੇ ਵੱਖਰੇ ਰਾਜ ਦਾ ਮੁੱਦਾ ਉਭਾਰਿਆ ਹੈ। ਇਸ ਸਬੰਧੀ ਅਕਾਲ ਤਖ਼ਤ ਵੱਲੋਂ 1994 ਵਿੱਚ ਵੱਖ-ਵੱਖ ਗਰੁੱਪਾਂ ਦੇ ਸਿੱਖ ਆਗੂਆਂ ਨੂੰ ਤਲਬ ਕਰਕੇ ਸਿੱਖਾਂ ਦੇ ਵੱਖਰੇ ਰਾਜ ਦੇ ਮੁੱਦੇ ‘ਤੇ ਗੱਲਬਾਤ ਕੀਤੀ ਗਈ ਸੀ। ਫਿਰ ਚਾਰ ਰੋਜ਼ਾ ਸੰਮੇਲਨ ਤੋਂ ਬਾਅਦ ਅੰਮ੍ਰਿਤਸਰ ਐਲਾਨਨਾਮਾ ਹੋਂਦ ਵਿੱਚ ਆਇਆ। ਇਸ ਵਿੱਚ ਸੰਘੀ ਸੰਵਿਧਾਨ ਦੀ ਮੰਗ ਕੀਤੀ ਗਈ। ਇਸ ਐਲਾਨਨਾਮੇ ਦੀ ਪੈਰਵਾਈ ਇਕੱਲੇ ਸਿਮਰਨਜੀਤ ਸਿੰਘ ਮਾਨ ਨੇ ਕੀਤੀ। ਪ੍ਰਕਾਸ਼ ਸਿੰਘ ਬਾਦਲ ਨੇ ਇਸ ਸੰਮੇਲਨ ਵਿੱਚ ਸ਼ਿਰਕਤ ਨਹੀਂ ਕੀਤੀ ਸੀ। ਸਿੱਖਾਂ ਦੀ ਵੱਖਰੀ ਪਛਾਣ ਦਾ ਪੈਂਤੜਾ ਅਕਾਲੀ ਦਲ ਵੱਲੋਂ ਪਾਰਟੀ ਦੇ ਲਾਹੇ ਲਈ ਖੇਡਿਆ ਗਿਆ ਹੈ, ਪਰ ਇਹ ਤਾਂ ਸਮਾਂ ਹੀ ਦੱਸੇਗਾ ਕਿ ਬਲਾਤਕਾਰ ਦੇ ਦੋਸ਼ੀ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਤੋਂ ਵੋਟਾਂ ਮੰਗਣ ਵਾਲੇ ਅਕਾਲੀਆਂ ਨੂੰ ਲੋਕ ਮੂੰਹ ਲਾਉਣਗੇ ਜਾਂ ਨਹੀਂ?

Comments

comments

Share This Post

RedditYahooBloggerMyspace