ਕਿਲ੍ਹਾ ਰਾਏਪੁਰ ਖੇਡਾਂ: ਦੂਜੇ ਦਿਨ ਫ਼ਸਵੇਂ ਮੁਕਾਬਲਿਆਂ ਨੇ ਬੰਨ੍ਹਿਆ ਰੰਗ

ਕਿਲ੍ਹਾ ਰਾਏਪੁਰ ਦੇ ਖੇਡ ਮੈਦਾਨ ਵਿੱਚ ਢੋਲ ਦੇ ਡੱਗੇ ’ਤੇ ਨੱਚਦਾ ਹੋਇਆ ਇਕ ਊਂਠ।

ਲੁਧਿਆਣਾ (ਡੇਹਲੋਂ) : ਪੇਂਡੂ ਉਲੰਪਿਕਸ ਦੇ ਨਾਂ ਨਾਲ ਮਸ਼ਹੂਰ ਕਿਲ੍ਹਾ ਰਾਏਪੁਰ ਦੇ 82ਵੇਂ ਖੇਡ ਮੇਲੇ ਦੇ ਅੱਜ ਦੂਜੇ ਦਿਨ ਫ਼ਸਵੇਂ ਮੁਕਾਬਲੇ ਹੋਏ। ਇਸ ਮੌਕੇ ਰਵਾਇਤੀ ਖੇਡਾਂ ਤੋਂ ਇਲਾਵਾ ਹੋਰਨਾਂ ਖੇਡ ਵੰਨਗੀਆਂ ਦੇ ਵੀ ਦਿਲਚਸਪ ਮੁਕਾਬਲੇ ਹੋਏ। ਕਿਲ੍ਹਾ ਰਾਏਪੁਰ ਦੇ ਖੇਡ ਮੈਦਾਨ ’ਤੇ ਅੱਜ ਸ਼ਿੰਗਾਰੇ ਹੋਏ ਹਾਥੀਆਂ ਅਤੇ ਊਠਾਂ ਦੀ ਮਸਤ ਚਾਲ ਨੇ ਬਲਦਾਂ ਦੀਆਂ ਦੌੜਾਂ ’ਤੇ ਲੱਗੀ ਰੋਕ ਨਾਲ ਪਏ ਖੱਪੇ ਨੂੰ ਕੁੱਝ ਹੱਦ ਤੱਕ ਪੂਰਿਆ ਤੇ ਦੇਖਣ ਵਾਲਿਆਂ ਦਾ ਖ਼ੂਬ ਮਨੋਰੰਜਨ ਕੀਤਾ। ਇਸ ਮੌਕੇ 1984 ਦੀਆਂ ਉਲੰਪਿਕ ਖੇਡਾਂ ਦੇ ਸੋਨ ਤਗਮਾ ਜੇਤੂ ਅਮਰੀਕਾ ਦੇ ਅਲੈਕਸੀ ਗਰੇਵਾਲ ਵੀ ਹਾਜ਼ਰ ਸਨ।

ਖੇਡ ਮੇਲੇ ’ਚ ਅੱਜ ਲਾਲ ਸਿੰਘ ਚੇਅਰਮੈਨ ਮੰਡੀਕਰਨ ਬੋਰਡ, ਮੈਂਬਰ ਰਾਜ ਸਭਾ ਪ੍ਰਤਾਪ ਸਿੰਘ ਬਾਜਵਾ,  ਵਿਧਾਇਕ ਕੁਲਦੀਪ ਸਿੰਘ ਵੈਦ, ਜਗਪਾਲ ਸਿੰਘ ਖੰਗੂੜਾ, ਤੇਜ ਪ੍ਰਕਾਸ਼ ਸਿੰਘ ਕੋਟਲੀ, ਹੰਸਲੋ ਤੋਂ ਪ੍ਰੀਤਮ ਸਿੰਘ ਗਰੇਵਾਲ, ਮੇਅਰ ਅਮਰ ਕੌਰ  ਗਰੇਵਾਲ, ਵਿਧਾਇਕ ਲਖਵੀਰ ਸਿੰਘ ਲੱਖਾ, ਨਿਰਮਲ ਸਿੰਘ ਨਿੰਮਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਅੱਜ  ਹੋਏ ਵੱਖ-ਵੱਖ ਕਰਤੱਬਾਂ ਵਿੱਚ ਰਜਿੰਦਰ ਕੁਮਾਰ ਨੇ ਕੰਨਾਂ ਨਾਲ 88 ਕਿੱਲੋ ਭਾਰ ਚੁੱਕਿਆ, ਨੌਵੀਂ ਜਮਾਤ ਦੇ ਸੰਜੇ ਕੁਮਾਰ ਨੇ 100 ਕਿੱਲੋ ਭਾਰ ਚੁੱਕਿਆ, ਸੱਤਵੀਂ  ਜਮਾਤ ਦੇ ਰਾਹੁਲ ਕੁਮਾਰ ਨੇ 200 ਡੰਡ ਲਗਾਏ, ਰਾਜਪਾਲ ਸਿੰਘ ਜੜਤੌਲੀ ਨੇ 152 ਕਿੱਲੋ ਦੀ ਬੈਂਚ ਪ੍ਰੈੱਸ ਲਗਾਈ, ਸੁਖਮਿੰਦਰ ਸਿੰਘ ਨੇ ਸਿਰ ਦੇ ਵਾਲਾਂ ਨਾਲ ਕਾਰ ਖਿੱਚੀ, ਹੈਂਡੀਕੈਪਡ ਧਰਮ ਸਿੰਘ ਨੇ ਦੰਦਾਂ ਨਾਲ 10 ਇੱਟਾਂ ਚੁੱਕੀਆਂ, ਧੀਰਾ ਸਿੰਘ ਪੰਜਗਰਾਈਂ ਨੇ 90 ਕਿੱਲੋ ਦਾ ਚੱਕੀ ਦਾ ਪੁੜ ਚੁਕਿਆ, ਗੁਰਮੀਤ ਸਿੰਘ ਡੂਮਛੇੜੀ ਨੇ ਦੰਦਾਂ ਨਾਲ ਸਾਈਕਲ ਚੁੱਕਿਆ, 80 ਸਾਲਾ ਰਾਏ ਸਿੰਘ ਕਕਰਾਲਾ ਨੇ 220 ਕਿੱਲੋ ਦੀ ਬੋਰੀ ਚੁੱਕੀ। ਭਗਵੰਤ ਮੈਮੋਰੀਅਲ ਹਾਕੀ ਕੱਪ ਲਈ ਹੋਏ ਮੁਕਾਬਲਿਆਂ ’ਚੋਂ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਨੇ ਸਹਾਰਨਪੁਰ ਕਲੱਬ  ਨੂੰ 3-2 ਨਾਲ ਅਤੇ ਰੋਮੀ ਕਲੱਬ ਨੇ ਜਰਖੜ ਕਲੱਬ ਨੂੰ 6-5 ਨਾਲ ਹਰਾ ਕੇ ਅਗਲੇ ਗੇੜ ਵਿੱਚ ਦਾਖ਼ਲਾ ਹਾਸਲ ਕੀਤਾ।

ਭਗਵੰਤ ਯਾਦਗਾਰੀ ਹਾਕੀ ਟੂਰਨਾਮੈਂਟ ਤਹਿਤ ਇਕ ਮੁਕਾਬਲੇ ਦੌਰਾਨ ਭਿੜਦੀਆਂ ਖਿਡਾਰਨਾਂ। -ਫੋਟੋਆਂ: ਹਿਮਾਂਸ਼ੂ ਮਹਾਜਨ

ਭਗਵੰਤ ਯਾਦਗਾਰੀ ਹਾਕੀ ਟੂਰਨਾਮੈਂਟ ਤਹਿਤ ਇਕ ਮੁਕਾਬਲੇ ਦੌਰਾਨ ਭਿੜਦੀਆਂ ਖਿਡਾਰਨਾਂ।

ਲੜਕੀਆਂ ਦੇ ਹਾਕੀ ਮੁਕਾਬਲੇ ’ਚੋਂ ਸਰਕਾਰੀ ਕਾਲਜ ਲੁਧਿਆਣਾ ਨੇ ਸੰਗਰੂਰ ਨੂੰ 6-5 ਦੇ ਫ਼ਰਕ ਨਾਲ ਹਰਇਆ। 100 ਮੀਟਰ ਲੜਕੀਆਂ ਦੀ ਦੌੜ ’ਚੋਂ ਅੰਮ੍ਰਿਤ ਕੌਰ ਅਨੰਦਪੁਰ ਸਾਹਿਬ ਨੇ ਪਹਿਲਾ, ਜਸਪ੍ਰੀਤ ਕੌਰ ਭਾਈਰੂਪਾ ਨੇ ਦੂਜਾ, ਰਿਤੂ ਪਟਿਆਲਾ ਨੇ ਤੀਜਾ, 100 ਮੀਟਰ ਲੜਕਿਆਂ ’ਚੋਂ ਹਰਜੀਤ ਸਿੰਘ ਫਤਿਹਗੜ੍ਹ ਸਾਹਿਬ ਨੇ ਪਹਿਲਾ, ਰਘਵੀਰ ਸਿੰਘ ਜਲੰਧਰ ਨੇ ਦੂਜਾ, ਮਹਿੰਦਰ ਸਿੰਘ ਨੇ ਤੀਜਾ, 400 ਮੀਟਰ ਲੜਕੀਆਂ ’ਚੋਂ ਵੀਰਪਾਲ ਕੌਰ ਬਠਿੰਡਾ ਨੇ ਪਹਿਲਾ, ਪ੍ਰਾਚੀ ਪਟਿਆਲਾ ਨੇ ਦੂਜਾ, ਟਵਿੰਕਲ ਚੈਟਰਜੀ ਜਲੰਧਰ ਨੇ ਤੀਜਾ, 400 ਮੀਟਰ ਲੜਕਿਆਂ ’ਚੋਂ ਅਰਸ਼ਦੀਪ ਸਿੰਘ ਪਟਿਆਲਾ ਨੇ ਪਹਿਲਾ, ਜਗਮੀਤ ਸਿੰਘ ਜਲੰਧਰ ਨੇ ਦੂਜਾ, ਅੰਮ੍ਰਿਤ ਸਿੰਘ ਸੁਨਾਮ ਨੇ ਤੀਜਾ, ਲੜਕਿਆ ਦੀ ਸ਼ਾਟਪੁੱਟ ਚੋਂ ਨਵਤੇਜ ਸਿੰਘ ਨੇ ਪਹਿਲਾ, ਨਵੀਨ ਨੇ ਦੂਜਾ, ਇੰਦਰਜੀਤ ਸਿੰਘ ਨੇ ਤੀਜਾ, ਲੜਕਿਆਂ ਦੀ 2 ਮੀਲ ਸਾਈਕਲ ਰੇਸ ’ਚੋਂ ਪੁਸ਼ਪਿੰਦਰ ਸਿੰਘ ਨੇ ਪਹਿਲਾ, ਜਸ਼ਨਪ੍ਰੀਤ ਸਿੰਘ ਨੇ ਦੂਜਾ, ਚਰਨਪ੍ਰੀਤ ਸਿੰਘ ਨੇ ਤੀਜਾ,   2 ਮੀਲ ਲੜਕੀਆਂ ਦੀ ਸਾਈਕਲ ਰੇਸ ਚੋਂ ਪੂਜਾ ਲੁਧਿਆਣਾ ਨੇ ਪਹਿਲਾ, ਗੁਰਪ੍ਰੀਤ ਕੌਰ ਲੁਧਿਆਣਾ ਨੇ ਦੂਜਾ, ਨੇਹਾ ਲੁਧਿਆਣਾ ਨੇ ਤੀਜਾ, 70 ਤੋਂ 75 ਸਾਲ ਬਜੁਰਗਾਂ ਦੀ 100 ਮੀਟਰ ਰੇਸ ਚੋਂ ਹਰਭਜਨ ਸਿੰਘ ਮਾਦਪੁਰ ਨੇ ਪਹਿਲਾ, ਛੱਜੂ ਰਾਮ ਧਨੌਲਾ ਨੇ ਦੂਜਾ, ਅਜੈਬ ਸਿੰਘ ਫੌਜੀ ਨੇ ਤੀਜਾ, 65 ਤੋਂ 70 ਸਾਲ ਬਜੂਰਗਾਂ ਦੀ 100 ਮੀਟਰ ਰੇਸ ਚੋਂ ਐਸ.ਪੀ ਸ਼ਰਮਾ ਨੇ ਪਹਿਲਾ, ਮਨਮੋਹਨ ਸਿੰਘ ਕੈਨੇਡਾ ਨੇ ਦੂਜਾ, ਬੀ.ਐੱਸ ਵਿਰਕ ਨੇ ਤੀਜਾ ਸਥਾਨ ਹਾਸਲ ਕੀਤਾ। ਖੇਡ ਮੇਲੇ ਦੇ ਆਖ਼ਰੀ ਦਿਨ ਐਤਵਾਰ ਨੂੰ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਇਨਾਮਾਂ ਦੀ ਵੰਡ ਕਰਨਗੇ। ਇਸ ਮੌਕੇ  ਪ੍ਰਧਾਨ ਗੁਰਸੰਦੀਪ ਸਿੰਘ ਸਨੀ,  ਸੈਕਟਰੀ ਬਲਵਿੰਦਰ ਸਿੰਘ ਜੱਗਾ,  ਰਣਜੀਤ ਸਿੰਘ ਮਾਂਗਟ, ਪਰਮਜੀਤ ਸਿੰਘ ਗਰੇਵਾਲ ਟਾਇਰ  ਅਸਿਸਟੈਂਟ ਚੀਫ਼ ਆਰਗੇਨਾਈਜ਼ਰ, ਜਸਜੀਤ ਸਿੰਘ ਹਨੀ ਕੈਸ਼ੀਅਰ, ਪਰਮਜੀਤ ਸਿੰਘ ਘਵੱਦੀ ਤੇ ਹੋਰ ਹਾਜ਼ਰ ਸਨ।

Comments

comments

Share This Post

RedditYahooBloggerMyspace