ਕਿਲ੍ਹਾ ਰਾਏਪੁਰ ਦੀਆਂ ਖੇਡਾਂ ਸਮਾਪਤ; ਦਰਸ਼ਕਾਂ ’ਤੇ ਛੱਡੀ ਅਮਿੱਟ ਛਾਪ

ਡੇਹਲੋਂ : ਪੇਂਡੂ ਉਲੰਪਿਕਸ ਦੇ ਨਾਂ ਨਾਲ ਮਸ਼ਹੂਰ ਕਿਲ੍ਹਾ ਰਾਏਪੁਰ ਦਾ 82ਵਾਂ ਖੇਡ ਮੇਲਾ ਅੱਜ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ। ਮੇਲੇ ਦੌਰਾਨ ਅੱਜ ਭਗਵੰਤ ਮੈਮੋਰੀਅਲ ਹਾਕੀ ਕੱਪ ਲਈ ਫ਼ਸਵੇਂ ਮੁਕਾਬਲੇ ਹੋਏ। ਇਸ ਤੋਂ ਇਲਾਵਾ ਬਜ਼ੁਰਗਾਂ ਦੀ ਦੌੜ, ਅਥਲੈਟਿਕਸ, ਬਾਜੀਗਰਾਂ ਵੱਲੋਂ ਦਿਖਾਏ ਅਤੇ ਮੋਟਰਸਾਈਕਲਾਂ ਉੱਤੇ ਕੀਤੇ ਕਰਤੱਬ, ਕੁੱਤਿਆਂ ਦੀਆਂ ਦੌੜਾਂ ਮੇਲੇ ਦੇ ਆਖ਼ਰੀ ਦਿਨ ਦਾ ਸ਼ਿੰਗਾਰ ਬਣੀਆਂ। ਇਸ ਮੌਕੇ ਨਿਹੰਗ ਸਿੰਘਾਂ ਦਾ ਵੀ ਪੂਰਾ ਜਾਹੋ-ਜਲਾਲ ਦੇਖਣ ਨੂੰ ਮਿਲਿਆ। ਗਰੇਵਾਲ ਸਪੋਰਟਸ ਸਟੇਡੀਅਮ ਵਿੱਚ ਅੱਜ ਖੇਡਾਂ ਦੇ ਆਖ਼ਰੀ ਦਿਨ ਮੁੱਖ ਮਹਿਮਾਨ ਵੱਜੋਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਅਗਲੇ ਵਰ੍ਹੇ ਤੋਂ ਇਸ ਮੈਦਾਨ ’ਤੇ ਕੁਸ਼ਤੀ ਮੁਕਾਬਲੇ ਵੀ ਕਰਾਏ ਜਾਣਗੇ। ਸ੍ਰੀ ਬਾਦਲ ਨੇ ਕਿਹਾ ਕਿ ਬੈਲ ਗੱਡੀਆਂ ਦੀ ਦੌੜ ’ਤੇ ਲੱਗੀ ਪਾਬੰਦੀ ਸਬੰਧੀ ਅਗਲੇ ਵਿਧਾਨ ਸਭਾ ਸੈਸ਼ਨ ’ਚ ਮਤਾ ਪਾਸ ਕਰਾਇਆ ਜਾਵੇਗਾ। ਉਨ੍ਹਾਂ ਖੇਡ ਐਸੋਸੀਏਸ਼ਨ ਲਈ 15 ਲੱਖ ਰੁਪਏ ਤੇ ਪਿੰਡ ਦੇ ਵਿਕਾਸ ਕਾਰਜਾਂ ਲਈ 10 ਲੱਖ ਰੁਪਏ ਵਿਸ਼ੇਸ਼ ਗ੍ਰਾਟ ਦੇਣ ਦਾ ਐਲਾਨ ਵੀ ਕੀਤਾ। ਖੇਡ ਮੇਲੇ ’ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਪੁਰਾਤਨ ਵਿਰਸੇ ਨੂੰ ਸੰਭਾਲਣ ਵਾਲੇ ਇਸ ਮੇਲੇ ਨੂੰ ਸਾਲਾਨਾ 10 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ। ਇਸ ਮੌਕੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਗਰੇਵਾਲ ਸਪੋਰਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਸੰਦੀਪ ਸਿੰਘ ਸਨੀ ਨੇ ਵੀ ਆਪਣੇ ਵਿਚਾਰ ਰੱਖੇ। ਇਸ ਮੌਕੇ ਭਗਵੰਤ ਮੈਮੋਰੀਅਲ ਗੋਲਡ ਹਾਕੀ ਕੱਪ ਲਈ ਹੋਏ ਫ਼ਸਵੇਂ ਮੁਕਾਬਲੇ ’ਚ ਹਾਂਸ ਕਲਾਂ ਕਲੱਬ ਨੇ ਰੂਮੀ ਕਲੱਬ ਨੂੰ 2-0 ਦੇ ਫਰਕ ਨਾਲ ਹਰਾ ਕੇ ਕੱਪ ’ਤੇ ਕਬਜ਼ਾ ਕੀਤਾ। ਲੜਕੀਆਂ ਦੀ ਹਾਕੀ ਦੇ ਫਾਈਨਲ ਮੁਕਾਬਲੇ ’ਚੋਂ ਜਲਾਲਦੀਵਾਲ ਨੇ ਸਰਕਾਰੀ ਕਾਲਜ ਲੁਧਿਆਣਾ ਨੂੰ 4-3 ਨਾਲ ਹਰਾਇਆ। ਇਸ ਦੌਰਾਨ ਲੜਕਿਆਂ ਦੀ 200 ਮੀਟਰ ਦੌੜ ’ਚੋਂ ਅਰਸ਼ਦੀਪ ਸਿੰਘ ਪਟਿਆਲਾ ਨੇ ਪਹਿਲਾ, ਜਗਮੀਤ ਸਿੰਘ ਜਲੰਧਰ ਨੇ ਦੂਸਰਾ, ਰਘਬੀਰ ਸਿੰਘ ਜਲੰਧਰ ਨੇ ਤੀਸਰਾ, ਲੜਕੀਆਂ ਦੀ 200 ਮੀਟਰ ਦੌੜ ’ਚੋਂ ਵੀਰਪਾਲ ਕੌਰ ਭਾਈ ਰੂਪਾ ਨੇ ਪਹਿਲਾ, ਪ੍ਰਾਚੀ ਪਟਿਆਲ ਨੇ ਦੂਸਰਾ, ਜਗਮੀਤ ਕੌਰ ਭਾਈ ਰੂਪਾ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਨੈਸ਼ਨਲ ਸਟਾਈਲ ਕਬੱਡੀ ’ਚੋਂ ਕੋਟਲਾ ਕੌੜਾ ਨੇ ਕੋਟਲਾ ਭੜੀ ਨੂੰ ਹਰਾ ਕੇ ਜੇਤੂ ਹੋਣ ਦਾ ਮਾਣ ਪ੍ਰਾਪਤ ਕੀਤਾ। ਇਸ ਮੌਕੇ ਵਿਧਾਇਕ ਕੁਲਦੀਪ ਸਿੰਘ ਵੈਦ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਗੁਰਦੇਵ ਸਿੰਘ ਲਾਪਰਾਂ, ਜਗਪਾਲ ਸਿੰਘ ਖੰਗੂੜਾ, ਜਸਵੀਰ ਸਿੰਘ ਜੱਸੀ ਖੰਗੂੜਾ, ਗੁਰਭਜਨ ਸਿੰਘ ਗਿੱਲ, ਕੋਚ ਗੁਰਬਖਸ਼ ਸਿੰਘ, ਪਰਮਜੀਤ ਸਿੰਘ ਘਵੱਦੀ, ਸੈਕਟਰੀ ਬਲਵਿੰਦਰ ਸਿੰਘ ਜੱਗਾ, ਰਣਜੀਤ ਸਿੰਘ ਮਾਂਗਟ, ਪਰਮਜੀਤ ਸਿੰਘ ਗਰੇਵਾਲ ਅਸਿਸਟੈਂਟ ਚੀਫ਼ ਆਰਗੇਨਾਈਜ਼ਰ, ਜਸਜੀਤ ਸਿੰਘ ਹਨੀ ਕੈਸ਼ੀਅਰ ਤੇ ਹੋਰ ਹਾਜ਼ਰ ਸਨ।

Comments

comments

Share This Post

RedditYahooBloggerMyspace