ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਉਦਾਸੀ

ਬੀਰਦਵਿੰਦਰ ਸਿੰਘ

ਸਿੱਖ ਧਰਮ ਅੱਜ ਦੁਨੀਆਂ ਦੇ ਨੌਂ ਵੱਡੇ ਧਰਮਾਂ ਵਿੱਚੋਂ ਸਭ ਤੋਂ ਨਵਾਂ, ਵਿਹਾਰਕ ਤੇ ਸਰਲ ਧਰਮ ਹੈ। ਸਿੱਖ ਧਰਮ ਦਾ ਇਤਿਹਾਸ ਗੌਰਵਮਈ ਹੈ। ਇਸ ਦੇ ਪੈਰੋਕਾਰਾਂ ਦੀ ਜੀਵਨ ਜਾਚ ਨੂੰ ਗੁਰਮਤਿ ਦਾ ਸਿਧਾਂਤ ਨਿਰਧਾਰਿਤ ਕਰਦਾ ਹੈ। ਸ਼ਬਦ ਗੁਰੂ, ਸਿੱਖ ਸੁਰਤੀ ਦਾ ਮਾਰਗ ਦਰਸ਼ਕ ਹੈ। ਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਬਾਨੀ ਹਨ। ਇਸ ਲਈ ਉਨ੍ਹਾਂ ਦੇ 550ਵੇਂ ਜਨਮ ਦਿਹਾੜੇ ਨੂੰ ਇੱਕ ਯਾਦਗਾਰੀ ਉਤਸਵ ਦੇ ਰੂਪ ਵਿੱਚ ਮਨਉਣ ਲਈ ਸਮੁੱਚੀ ਸਿੱਖ ਕੌਮ ਨੂੰ ਹੁਣ ਤੋਂ ਹੀ ਵਿਆਪਕ ਯੋਜਨਾ ਉਲੀਕਣੀ ਚਾਹੀਦੀ ਹੈ। ਇਸ ਕਾਰਜ ਲਈ ਸਿੱਖ ਧਰਮ ਦੇ ਸਿਧਾਂਤਾਂ ਅਤੇ ਫਲਸਫ਼ੇ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕਾਰਜਸ਼ੀਲ ਸਾਰੀਆਂ ਸਿੱਖ ਸੰਸਥਾਵਾਂ ਨੂੰ ਹੁਣ ਤੋਂ ਹੀ ਇਸ ਵੱਡੇ ਕਾਰਜ ਵਿੱਚ ਜੁਟ ਜਾਣਾ ਚਾਹੀਦਾ ਹੈ। ਹਰ ਸੰਸਥਾ ਨੂੰ ਆਪਣਾ ਯੋਗਦਾਨ ਪਾਉਣ ਲਈ ਇੱਕ ਵਿਸ਼ੇਸ਼ ਯੋਜਨਾ ਉਲੀਕਣੀ ਚਾਹੀਦੀ ਹੈ।

ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਸਮੁੱਚੇ ਸਿੱਖ ਜਗਤ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ। ਸਿੱਖ ਧਰਮ ਦਾ ਸੰਕਲਪ ਵਿਸ਼ਵ-ਵਿਆਪੀ ਹੈ। ਇਸ ਲਈ ਇਸ ਵਿਸ਼ੇਸ਼ ਪੁਰਬ ਨੂੰ ਵਿਸ਼ਵ ਪੱਧਰ ‘ਤੇ ਮਨਾਉਣ ਦੀ ਵਿਆਪਕ ਯੋਜਨਾ ਬਣਨੀ ਚਾਹੀਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਕੌਮ ਦੀ ਸਿਰਮੌਰ ਸੰਸਥਾ ਹੈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਲੀਡਰਸ਼ਿਪ ਦੀ ਯੋਗਤਾ ਦੀ ਪਰਖ ਦੀ ਘੜੀ ਹੈ। ਇਸ ਮਹਾਨ ਕਾਰਜ ਵਿੱਚ ਸਿੱਖ ਬੁੱਧੀਜੀਵੀਆਂ ਤੇ ਲੇਖਕਾਂ ਦੀ ਵੀ ਵੱਡੀ ਭੂਮਿਕਾ ਬਣਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਉਨ੍ਹਾਂ ਦੀ ਬੌਧਿਕ ਯੋਗਤਾ ਦਾ ਸਦਪ੍ਰਯੋਗ ਕਰਨਾ ਚਾਹੀਦਾ ਹੈ। ਸਿੱਖ ਚੇਤਨਾ ਦੇ ਪਰਿਪੇਖ ਵਿੱਚ ਸਿੱਖ ਬੁੱਧੀਜੀਵੀਆਂ ਦੇ ਬੌਧਿਕ ਅਨੁਭਵਾਂ ਦਾ ਕੇਂਦਰ ਬਿੰਦੂ ਵਿਸ਼ਵ ਦੇ ਅਜੋਕੇ ਬਿਰਤਾਂਤਕ ਸਰੋਕਾਰਾਂ ਦੀ ਦ੍ਰਿਸ਼ਟੀ ਵਿੱਚ ਉੱਤਮ ਸਿੱਖ ਸਾਹਿਤ ਦੀ ਰਚਨਾ ‘ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਇਸ ਸੰਦਰਭ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਲੰਮੇ ਪੈਂਡਿਆਂ ਦੀ ਗਾਥਾ ਅਤੇ ਉਸ ਦੇ ਮੂਲ ਮਨੋਰਥਾਂ ਨੂੰ ਵਿਸ਼ਵ ਸਰੋਕਾਰਾਂ ਦੇ ਪ੍ਰਸੰਗ ਵਿੱਚ ਪੁਨਰ ਪ੍ਰਸਤੁਤ ਕਰਨ ਦੀ ਲੋੜ ਹੈ। ਇਸ ਕਾਰਜ ਨੂੰ ਸਹੀ ਸੰਦਰਭ ਵਿੱਚ ਨੇਪਰੇ ਚਾੜ੍ਹਨ ਲਈ ਨਵੇਂ ਖੋਜ ਕਾਰਜਾਂ ਨੂੰ ਪਹਿਲ ਦੇਣੀ ਬਣਦੀ ਹੈ।

ਅੱਜ ਦੁਨੀਆਂ ਦਾ ਵੱਡਾ ਹਿੱਸਾ ਬਹੁ-ਸੱਭਿਆਚਾਰੀ, ਬਹੁ-ਧਰਮੀ, ਬਹੁ-ਭਾਸ਼ਾਈ ਅਤੇ ਬਹੁ-ਨਸਲੀ ਮਨੁੱਖੀ ਸਮਾਜ ਦੇ ਅੰਤਰ ਵਿਰੋਧਾਂ ਦੇ ਦਵੰਦ ਨਾਲ ਜੂਝ ਰਿਹਾ ਹੈ। ਇਸ ਪਰਿਪੇਖ ਵਿੱਚ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੇ ਸੂਖ਼ਮ ਲਕਸ਼ਾਂ ਦੀ ਵਾਸਤਵਿਕਤਾ ਅਤੇ ਇਨ੍ਹਾਂ ਉਦਾਸੀਆਂ ਦੀ ਵਿਸ਼ੇਸ਼ ਸਾਪੇਖਤਾ ਦੀ ਦ੍ਰਿਸ਼ਟੀ ਵਿੱਚ ਪੁਨਰ ਪੜਚੋਲ ਕਰਨ ਦੀ ਲੋੜ ਹੈ। ਗੁਰੂ ਜੀ ਦੀਆਂ ਉਦਾਸੀਆਂ ਦੇ ਪੁਰਨੂਰ ਪੈਂਡਿਆਂ ਦੀਆਂ ਪੈੜਾਂ ਤੇ ਸਾਖੀਆਂ ਦਾ ਸੱਚ ਅੱਜ ਦੇ ਬੇਨੂਰ ਸਮਿਆਂ ਵਿੱਚ ਕਿੰਨਾ ਸੱਜਰਾ ਤੇ ਪ੍ਰਸੰਗਿਕ ਹੈ? ਇਸ ਸੱਚ ਨੂੰ ਸਮੁੱਚੀ ਮਾਨਵਤਾ ਵਿੱਚ ਮਾਨਵਵਾਦ ਦੇ ਪਸਾਰੇ ਲਈ ਪੁਨਰ ਪ੍ਰਭਾਸ਼ਿਤ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

ਵਿਸ਼ਵੀਕਰਨ ਦੇ ਦੌਰ ਵਿੱਚ ਸੂਚਨਾ ਤਕਨਾਲੋਜੀ ਕਾਰਨ ਅੱਜ ਪੂਰਾ ਵਿਸ਼ਵ ਸੁੰਗੜ ਕੇ ਇੱਕ ਪਿੰਡ ਬਣ ਗਿਆ ਹੈ। ਕੰਪਿਊਟਰਾਂ ਦੇ ਵਿਸ਼ਵਵਿਆਪੀ ਤਾਣੇ-ਬਾਣੇ ਰਾਹੀਂ ਬਹੁਤ ਸਾਰੀਆਂ ਅਜਿਹੀਆਂ ਜਾਣਕਾਰੀਆਂ ਸਾਡੇ ਗਿਆਨ ਵਿੱਚ ਵਾਧਾ ਕਰ ਰਹੀਆਂ ਹਨ ਜੋ ਨਵੀਆਂ ਤੇ ਹੈਰਾਨ ਕਰ ਦੇਣ ਵਾਲੀਆਂ ਹਨ। ਇਨ੍ਹਾਂ ਵਿੱਚੋਂ ਕੁਝ ਜਾਣਕਾਰੀਆਂ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਦੀ ਪੁਨਰ ਸਮੀਖਿਆ ਦੇ ਸਬੰਧ ਵਿੱਚ ਹਨ। ਇਹ ਜਾਣਕਾਰੀਆਂ ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਲਈ ਨਵੀਂ ਖੋਜ ਦਾ ਦਿਲਚਸਪ ਵਿਸ਼ਾ ਬਣ ਸਕਦੀਆਂ ਹਨ।

ਜ਼ਿਕਰਯੋਗ ਹੈ ਕਿ ਜੁਲਾਈ 2013 ਵਿੱਚ ਮੈਨੂੰ ਪੂਰਬੀ ਅਫ਼ਰੀਕੀ ਮੁਲਕ ਕੀਨੀਆ ਵਿੱਚ ਜਾਣ ਦਾ ਮੌਕਾ ਮਿਲਿਆ। ਸਬੱਬ ਇਹ ਸੀ ਕਿ ਕੀਨੀਆ ਦੇ ਸਿੱਖ ਭਾਈਚਾਰੇ ਵੱਲੋਂ ਦੇਸ਼-ਵਿਦੇਸ਼ ਪੜ੍ਹਦੇ ਸਿੱਖ ਨੌਜਵਾਨ ਬੱਚਿਆਂ ਅਤੇ ਬੱਚੀਆਂ ਨੂੰ ਸਿੱਖ ਧਰਮ ਦੇ ਬੁਨਿਆਦੀ ਸਿਧਾਂਤਾਂ ਬਾਰੇ ਸਰਬਪੱਖੀ ਤੇ ਸਰਲ ਜਾਣਕਾਰੀ ਅੰਗਰੇਜ਼ੀ ਅਤੇ ਪੰਜਾਬੀ ਜ਼ੁਬਾਨ ਵਿੱਚ ਵਿਸਥਾਰ ਪੂਰਵਕ ਢੰਗ ਨਾਲ ਦੇਣ ਲਈ ਹਰ ਵਰ੍ਹੇ ਇੱਕ ਹਫ਼ਤੇ ਦੀ ਅਵਧੀ ਵਾਲਾ ਕੈਂਪ ਗੁਰਦੁਆਰਾ ਮਕਿੰਡੂ ਸਾਹਿਬ ਵਿਖੇ ਲਾਇਆ ਜਾਂਦਾ ਹੈ। ਇਹ ਸ਼ਾਨਦਾਰ ਗੁਰਦੁਆਰਾ ਨੈਰੋਬੀ-ਮੁੰਬਾਸਾ ਸ਼ਾਹਰਾਹ ਉੱਤੇ ਨੈਰੋਬੀ ਤੋਂ ਤਕਰੀਬਨ 170 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਗੁਰਦੁਆਰਾ ਮਕਿੰਡੂ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਸਾਲ 2013 ਦੇ ਕੈਂਪ ਲਈ ਇਹ ਸੇਵਾ ਮੇਰੇ ਜ਼ਿੰਮੇ ਲਾ ਦਿੱਤੀ। ਗੁਰਦੁਆਰਾ ਮਕਿੰਡੂ ਸਾਹਿਬ ਵਿੱਚ ਇਨ੍ਹਾਂ ਪਿਆਰੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸੰਗਤ ਵਿੱਚ ਇੱਕ ਹਫ਼ਤਾ ਗੁਜ਼ਾਰ ਕੇ ਮੈਨੂੰ ਰੂਹਾਨੀਅਤ ਦਾ ਅਨੂਠਾ ਅਨੁਭਵ ਮਾਨਣ ਦਾ ਮੌਕਾ ਮਿਲਿਆ।

ਇਹ ਇੱਕ ਮੌਕਾ ਮੇਲ ਹੀ ਸੀ ਕਿ ਇਸ ਸਮੇਂ ਦੁਰਾਨ, ਯੂਗਾਂਡਾ (ਪੂਰਬੀ ਅਫ਼ਰੀਕਾ ਦਾ ਇੱਕ ਹੋਰ ਮੁਲਕ) ਦੇ ਕੰਪਾਲਾ ਸ਼ਹਿਰ ਤੋਂ ਇੱਕ ਸਿੱਖ ਪਰਿਵਾਰ ਤੇ ਉਨ੍ਹਾਂ ਦੇ ਰਿਸ਼ਤੇਦਾਰ ਵੀ ਗੁਰਦੁਆਰਾ ਸਾਹਿਬ ਵਿੱਚ ਠਹਿਰੇ ਹੋਏ ਸਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਪ੍ਰਕਾਸ਼ ਕਰਵਾਏ ਹੋਏ ਸਨ। ਇਸ ਦੌਰਾਨ ਹੀ ਯੂਗਾਂਡਾ ਦੇ ਅਫ਼ਰੀਕੀ ਮੂਲ ਦੇ ਕੁਝ ਹੋਰ ਸਿੱਖਾਂ ਦਾ ਜਥਾ ਵੀ ਗੁਰੂ ਘਰ ਵਿੱਚ ਪੁੱਜ ਗਿਆ ਜੋ ਬਾਮੂਨਾਨਿਕਾ (ਯੂਗਾਂਡਾ) ਤੋਂ ਗੁਰਦੁਆਰਾ ਮਕਿੰਡੂ ਸਾਹਿਬ ਦੇ ਦਰਸ਼ਨਾਂ ਲਈ ਆਏ ਸਨ। ਇਹ ਆਪਣਾ ਤੁਆਰੁਫ਼ ‘ਮੁੰਗੂਨਾਨਿਕਾ’ ਦੇ ਪੈਰੋਕਾਰਾਂ ਵਜੋਂ ਕਰਵਾ ਰਹੇ ਸਨ। ਵਰਨਣਯੋਗ ਹੈ ਕਿ ਸੁਹੈਲੀ ਭਾਸ਼ਾ ਵਿੱਚ ‘ਮੁੰਗੂ’ ਰੱਬ ਨੂੰ ਆਖਦੇ ਹਨ। ‘ਮੁੰਗੂਨਾਨਿਕਾ’ ਤੋਂ ਭਾਵ ਹੈ ‘ਨਾਨਕ-ਰੱਬ’। ਬਾਮੂਨਾਨਿਕਾ, ਯੂਗਾਂਡਾ ਦੀ ਰਾਜਧਾਨੀ ਕੰਪਾਲਾ ਤੋਂ ਕੰਪਾਲਾ-ਸੁਡਾਨ ਰੋਡ ‘ਤੇ ਤਕਰੀਬਨ 38 ਕਿਲੋਮੀਟਰ ਦੂਰ ਹੈ। ਯੂਗਾਂਡਾ ਵਿੱਚ ਵੱਸਦੀ ਸਿੱਖ ਸੰਗਤ ਦਾ ਵਿਸ਼ਵਾਸ ਹੈ ਕਿ ਗੁਰੂ ਨਾਨਕ ਸਾਹਿਬ ਲਗਭਗ 1519 ਦੇ ਆਸ-ਪਾਸ ਮੱਖਣ ਸ਼ਾਹ ਲੁਬਾਣਾ ਦੇ ਵੱਡੇ ਵਡੇਰਿਆਂ ਦੀ ਬੇਨਤੀ ‘ਤੇ ਇਸ ਖਿੱਤੇ ਵਿੱਚ ਆਏ ਸਨ। ਇਸ ਸਬੰਧ ਵਿੱਚ ਹੋਰ ਵਿਸਥਾਰ ਪੂਰਵਕ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਇਹ ਤੱਥ ਵੀ ਸਾਹਮਣੇ ਆਇਆ ਕਿ ਗੁਰੂ ਨਾਨਕ ਦੇਵ ਜੀ ਯੂਗਾਂਡਾ ਤੋਂ ਇਲਾਵਾ ਮਿਸਰ, ਸੁਡਾਨ, ਕੀਨੀਆ, ਇਥੋਪੀਆ, ਸੋਮਾਲੀਆ, ਤਨਜ਼ਾਨੀਆ ਅਤੇ ਕਾਂਗੋ ਵਰਗੇ ਦੇਸ਼ਾਂ ਵਿੱਚ ਵੀ ਗਏ ਸਨ ਤੇ ਤਕਰੀਬਨ ਦਸ ਮਹੀਨੇ ਦਾ ਸਮਾਂ ਇਨ੍ਹਾਂ ਅਫ਼ਰੀਕੀ ਮੂਲ ਦੇ ਲੋਕਾਂ ਨਾਲ ਗੁਜ਼ਾਰਿਆ। ਇਨ੍ਹਾਂ ਯਾਤਰਾਵਾਂ ਦਾ ਹਵਾਲਾ ਜਨਮਸਾਖੀਆਂ ਵਿੱਚ ‘ਹਬਸ਼ ਦੇਸ’ ਵਜੋਂ ਮਿਲਦਾ ਹੈ। ਇਸ ਸਬੰਧੀ ਕੈਨੇਡਾ ਵਾਸੀ ਭਾਈ ਹਰਪਾਲ ਸਿੰਘ ਗਿੱਲ ਵੱਲੋਂ ਬੜੀ ਮਿਹਨਤ ਤੇ ਬਾਰੀਕਬੀਨੀ ਨਾਲ ਖੋਜ ਕੀਤੀ ਗਈ ਹੈ ਜਿਸ ਦੇ ਤਫ਼ਸੀਲੀ ਹਵਾਲੇ www. satguru.weebly.com/satguru-nanak-sahib-in-bamunanikauganda.html ‘ਤੇ ਉਪਲੱਬਧ ਹਨ।

ਇਸੇ ਤਰ੍ਹਾਂ ਹਾਲ ਹੀ ਵਿੱਚ ਪ੍ਰਾਪਤ ਹੋਏ ਵੇਰਵਿਆਂ ਅਤੇ ਵੈਟੀਕਨ (ਰੋਮ) ਦੇ ਪੁਰਾਲੇਖੀ ਦਸਤਾਵੇਜ਼ਾ ਦੇ ਹਵਾਲਿਆਂ ਤੋਂ ਜਾਣਕਾਰੀ ਮਿਲਦੀ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਟਲੀ ਵਿੱਚ ਈਸਾਈ ਮੱਤ ਦੇ ਰੋਮ ਸਥਿਤ ਸਦਰ ਮੁਕਾਮ ‘ਵੈਟੀਕਨ’ ਦੀ ਯਾਤਰਾ ਵੀ ਸਾਲ 1520 ਵਿੱਚ ਕੀਤੀ ਅਤੇ ਉਨ੍ਹਾਂ ਨੇ ਇਸਾਈ ਮੱਤ ਦੇ ਦਸਵੇਂ ਪੋਪ ਲੀਓ ਅਤੇ ਕਾਰਡੀਨਲਜ਼ ਨਾਲ ਇੱਕ ਲੰਬੀ ਰਸਮੀ ਮੁਲਾਕਾਤ ਵੀ ਕੀਤੀ। ਉਸ ਵੇਲੇ ਉਨ੍ਹਾਂ ਨਾਲ ਭਾਈ ਮਰਦਾਨਾ ਜੀ ਵੀ ਮੌਜੂਦ ਸਨ। ਮੇਰਾ ਵਿਸ਼ਵਾਸ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਸਮੁੱਚੀ ਮਾਨਵਤਾ ਦੇ ਕਲਿਆਣ ਲਈ ਆਪਣੀਆਂ ਚਾਰ ਉਦਾਸੀਆਂ ਦੌਰਾਨ ਪੰਦਰਵੀਂ ਸਦੀ ਤੋਂ ਪਹਿਲਾਂ ਦੇ ਪ੍ਰਚੱਲਿਤ ਲਗਪਗ ਸਾਰੇ ਧਰਮਾਂ ਦੇ ਮੁੱਖ ਤੀਰਥ ਅਸਥਾਨਾਂ ਦੀ ਯਾਤਰਾ ਕਰਦੇ ਹਨ ਤੇ ਸੰਵਾਦ ਰਚਾਉਂਦੇ ਹੋਏ ਅਨੇਕਾਂ ਭਰਮ ਭੁਲੇਖੇ ਦੂਰ ਕਰਦੇ ਹਨ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਆਪਣੇ ਜਨਮ ਤੋਂ 1469 ਵਰ੍ਹੇ ਪਹਿਲਾਂ ਸਥਾਪਤ ਇਸਾਈ ਮਤ ਅਤੇ ਇਸਾਈਅਤ ਦੇ ਕੇਂਦਰੀ ਤੀਰਥ ਸਥਾਨ ਵੈਟੀਕਨ (ਰੋਮ) ਦੀ ਯਾਤਰਾ ਨਾ ਕੀਤੀ ਹੋਵੇ? ਇਹੋ ਤਰਕ ਯਹੂਦੀ ਮੱਤ ਦੇ ਤੀਰਥ ਸਥਾਨ ਯੇਰੂਸ਼ਲਮ ਦੀ ਯਾਤਰਾ ਸਬੰਧੀ ਵੀ ਦਿੱਤਾ ਜਾ ਸਕਦਾ ਹੈ। ਹੁਣ ਤਾਂ ਇਨ੍ਹਾਂ ਤੱਥਾਂ ਨੂੰ ਪ੍ਰਮਾਣਿਤ ਕਰਦੀ ਬਹੁਤ ਸਾਰੀ ਸਬੰਧਿਤ ਜਾਣਕਾਰੀ ਗੂਗਲ ਖੋਜ ਰਾਹੀਂ ਇੰਟਰਨੈੱਟ ‘ਤੇ ਵੀ ਉਪਲੱਬਧ ਹੈ। ਹੋਰ ਵਧੇਰੇ ਜਾਣਕਾਰੀ ਲਈ ਵੈੱਬਸਾਈਟਸ www.sikhnet.com, www.gurmatbibek.com ‘ਤੇ ਭਾਲ ਕੀਤੀ ਜਾ ਸਕਦੀ ਹੈ।

ਵਿਦਵਾਨਾਂ ਵੱਲੋਂ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਦੀ ਪੁਨਰ ਖੋਜ ਕੀਤੀ ਜਾਵੇ। ਭਾਵੇਂ ਗੁਰੂ ਨਾਨਕ ਦੇਵ ਜੀ ਦੀਆਂ ਚਾਰ ਉਦਾਸੀਆਂ ਬਾਰੇ ਪਹਿਲਾਂ ਹੀ ਬਹੁਤ ਸਾਰਾ ਕੰਮ ਹੋ ਚੁੱਕਾ ਹੈ, ਪਰ ਫਿਰ ਵੀ ਨਵੇਂ ਉੱਭਰੇ ਤੱਥਾਂ ਦੀ ਰੌਸ਼ਨੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਪੰਜਵੀਂ ਉਦਾਸੀ, ਭਾਵ ਪੂਰਬੀ ਅਫ਼ਰੀਕਾ, ਯੇਰੂਸ਼ਲਮ ਅਤੇ ਵੈਟੀਕਨ ਦੀ ਯਾਤਰਾ ਨੂੰ ਖੋਜਣਾ ਅਤੇ ਖੋਜ ਉਪਰੰਤ ਪ੍ਰਮਾਣਿਤ ਕਰਨਾ ਸਿੱਖ ਕੌਮ ਦੇ ਵਿਦਵਾਨਾਂ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਸਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਬਿਨਾਂ ਸਮਾਂ ਗਵਾਏ ਸ਼ੁਰੂਆਤੀ ਸਿੱਟਾਬੱਧ ਉੱਦਮ ਕਰਨੇ ਚਾਹੀਦੇ ਹਨ। ਸਿੱਖ ਕੌਮ ਦੇ ਅਜਿਹੇ ਵੱਡੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਹਰ ਕਿਸਮ ਦੀ ਰਾਜਨੀਤਕ ਸੰਕੀਰਨਤਾ ਤੋਂ ਮੁਕਤ ਹੋਣਾ ਜ਼ਰੂਰੀ ਹੈ। ਤਦ ਹੀ ਉਦਾਰ ਦ੍ਰਿਸ਼ਟੀ ਨਾਲ ਸਿੱਖ ਕੌਮ ਦੇ ਵੱਡੇ ਆਸ਼ਿਆਂ ਦੇ ਪ੍ਰਸੰਗ ਵਿੱਚ ਭਵਿੱਖੀ ਯੋਜਨਾਵਾਂ ਨੂੰ ਕੋਈ ਸੂਖ਼ਮ ਤਰਤੀਬ ਦਿੱਤੀ ਜਾ ਸਕਦੀ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਲਈ ਇੱਕ ਉੱਚ ਮਿਆਰੀ ਬਹੁਮੰਤਵੀ ਕਮੇਟੀ ਦਾ ਗਠਨ ਤੁਰੰਤ ਕੀਤਾ ਜਾਵੇ ਤਾਂ ਜੋ ਸਾਰੇ ਪ੍ਰੋਗਰਾਮਾਂ ਦੀ ਰੂਪ-ਰੇਖਾ ਤੇ ਕਾਰਜ ਸੂਚੀ ਸਿਆਣਪ ਅਤੇ ਦਾਨਾਈ ਨਾਲ ਠੀਕ ਸਮੇਂ ‘ਤੇ ਉਲੀਕੀ ਜਾਵੇ। ਇਨ੍ਹਾਂ ਸਾਰੇ ਕਾਰਜਾਂ ਉੱਤੇ ਖਰਚ ਆਉਣ ਵਾਲੀ ਅਨੁਮਾਨਤ ਰਾਸ਼ੀ ਦਾ ਪ੍ਰਬੰਧ ਵੀ ਹੁਣੇ ਤੋਂ ਹੀ ਕਰ ਲਿਆ ਜਾਵੇ। ਇਸ ਤੋਂ ਵੀ ਵੱਧ ਜ਼ਰੂਰੀ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਤਖਤਾਂ ਦੇ ਸਿੰਘ ਸਾਹਿਬਾਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਲਾਹ ਮਸ਼ਵਰਾ ਕਰਕੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀ ਤਾਰੀਖ਼ ਦਾ ਐਲਾਨ ਵੀ ਛੇਤੀ ਕਰ ਦੇਵੇ ਤਾਂ ਕਿ ਸਿੱਖ ਕੌਮ ਨੂੰ ਇਸ ਮੁਕੱਦਸ ਦਿਹਾੜੇ ਬਾਰੇ ਕਿਸੇ ਕਿਸਮ ਦਾ ਕੋਈ ਭਰਮ-ਭੁਲੇਖਾ ਨਾ ਰਹੇ।

ਗੁਰੂ ਨਾਨਕ ਦੇਵ ਜੀ ਦਾ 550ਵੇਂ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਇੱਕ ਸ਼ਾਨਦਾਰ ਤੇ ਵੱਡਾ ਸਮਾਗਮ ਪਾਕਿਸਤਾਨ ਸਰਕਾਰ ਨਾਲ ਸਲਾਹ ਮਸ਼ਵਰਾ ਕਰਕੇ ਸ੍ਰੀ ਨਨਕਾਣਾ ਸਾਹਿਬ ਵਿੱਚ ਵੀ ਉਲੀਕਿਆ ਜਾਣਾ ਚਾਹੀਦਾ ਹੈ। ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਵਿਸ਼ਵ ਯੂਨੀਵਰਸਿਟੀ ਦੀ ਸਥਾਪਨਾ ਵੀ 2019 ਵਿੱਚ ਹੀ ਹੋ ਜਾਵੇ ਤਾਂ ਚੰਗਾ ਰਹੇਗਾ। ਇਸ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਪ੍ਰਬੁੱਧ ਸਿੱਖ ਵਿਦਵਾਨਾਂ ਦੀ ਉੱਚ ਪੱਧਰੀ ਸੰਚਾਲਨ ਕਮੇਟੀ ਦਾ ਗਠਨ ਕੀਤਾ ਜਾਵੇ ਜਿਸ ਦੇ ਮੁੱਖ ਦਫ਼ਤਰ ਸ੍ਰੀ ਅੰਮ੍ਰਿਤਸਰ ਅਤੇ ਲਾਹੌਰ ਵਿੱਚ ਸਥਾਪਿਤ ਕੀਤੇ ਜਾਣ ਤਾਂ ਜੋ ਇਸ ਪ੍ਰਸਤਾਵਿਤ ਯੂਨੀਵਰਸਿਟੀ ਦੀ ਸਥਾਪਨਾ ਲਈ ਪਾਕਿਸਤਾਨ ਸਰਕਾਰ ਨਾਲ ਲੋੜੀਂਦਾ ਤਾਲਮੇਲ ਬਿਠਾ ਕੇ ਇਸ ਮਹਾਨ ਕਾਰਜ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ। ਇਸ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਨਾਲ ਹੁਣ ਤੋਂ ਹੀ ਤਾਲਮੇਲ ਬਿਠਾ ਲੈਣਾ ਚਾਹੀਦਾ ਹੈ। *

Comments

comments

Share This Post

RedditYahooBloggerMyspace