ਚਿੜੀਆਂ ਦਾ ਚੰਬਾ

-ਜਸਪ੍ਰੀਤ ਕੌਰ ਸੰਘਾ

ਪੰਜਾਬੀ ਲੋਕ ਗੀਤ ਪੰਜਾਬੀ ਸੱਭਿਆਚਾਰ ਦੀ ਜਿੰਦ-ਜਾਨ ਹਨ। ਟੱਪੇ, ਮਾਹੀਏ, ਸਿੱਠਣੀਆਂ, ਛੰਦ ਤੇ ਘੋੜੀਆਂ ਇਹ ਸਭ ਲੋਕ ਗੀਤਾਂ ਦੇ ਵੱਖੋ-ਵੱਖਰੇ ਰੂਪ ਹਨ, ਜੋ ਵੱਖ-ਵੱਖ ਸਮੇਂ ‘ਤੇ ਗਾਏ ਜਾਂਦੇ ਹਨ। ਸਿੱਠਣੀਆਂ ਨਾਨਕੀਆਂ ਤੇ ਦਾਦਕੀਆਂ ਇਕ- ਦੂਜੇ ਨੂੰ ਦਿੰਦੀਆਂ ਹਨ। ਇਨਾਂ ਲੋਕ ਗੀਤਾਂ ਦਾ ਇਕ ਰੂਪ ਸੁਹਾਗ ਹੈ। ਸੁਹਾਗ ਉਹ ਲੋਕ ਗੀਤ ਹਨ, ਜੋ ਔਰਤਾਂ ਮਿਲ ਕੇ ਲੜਕੀ ਦੇ ਵਿਆਹ ‘ਤੇ ਗਾਉਂਦੀਆਂ ਹਨ।

ਵਿਆਹ ਹਰੇਕ ਵਿਅਕਤੀ ਦੀ ਸਮਾਜਿਕ ਜ਼ਿੰਦਗੀ ਦੀ ਇਕ ਮਹੱਤਵਪੂਰਨ ਘਟਨਾ ਹੁੰਦੀ ਹੈ। ਵਿਆਹ ਲੜਕੀ ਲਈ ਲਾਡਾਂ, ਪਿਆਰਾਂ ਦੇ ਪੇਕੇ ਸੰਸਾਰ ਵਿੱਚੋਂ ਵਿਦਾ ਹੋ ਕੇ ਸਹੁਰੇ ਘਰ ਦੇ ਅਣਦੇਖੇ ਸੰਸਾਰ ਵਿਚ ਪ੍ਰਵੇਸ਼ ਕਰਨ ਦੀ ਰੀਤ ਦਾ ਨਾਂ ਹੈ। ਇਹ ਲੋਕ ਗੀਤ ਵਿਆਹੀ ਜਾਣ ਵਾਲੀ ਕੁੜੀ ਦੇ ਮਨੋਭਾਵਾਂ, ਵਿਆਹ ਦੀ ਕਾਮਨਾ, ਸੋਹਣੇ ਵਰ ਤੇ ਚੰਗੇ ਘਰ ਦੀ ਲੋਚਾ, ਮਾਪਿਆਂ ਦਾ ਘਰ ਛੱਡਣ ਦਾ ਦਰਦ ਆਦਿ ਦੇ ਪ੍ਰਗਟਾ ਦਾ ਮਾਧਿਅਮ ਬਣਦੇ ਹਨ। ਹਰ ਧੀ ਨੂੰ ਇਕ ਦਿਨ ਆਪਣਾ ਘਰ ਛੱਡ ਬਿਗਾਨੇ ਘਰ ਜਾਣਾ ਹੀ ਪੈਂਦਾ ਹੈ ਅਤੇ ਇਨਾਂ ਲੋਕ ਗੀਤਾਂ ਵਿਚ ਇਸ ਦਾ ਜ਼ਿਕਰ ਬਾਖੂਬੀ ਮਿਲਦਾ ਹੈ।

ਗਲੀਆਂ ਤੇ ਹੋਈਆਂ ਬਾਬਲ ਭੀੜੀਆਂ
ਮੇਰਾ ਆਗਨ ਹੋਇਆ ਪ੍ਰਦੇਸ ਵੇ ਬਾਬਲ
ਰੱਖ-ਰੱਖ ਬਾਬਲ ਘਰ ਆਪਣੇ
ਧੀ ਚੱਲੀ ਬਿਗਾਨੜੇ ਦੇਸ਼ ਵੇ ਬਾਬਲ..

ਧੀ ਜਦ ਜਵਾਨ ਹੁੰਦੀ ਹੈ ਤਾਂ ਉਸ ਦੇ ਮਨ ਅੰਦਰ ਜਿੱਥੇ ਇਕ ਪਾਸੇ ਪਰਿਵਾਰ ਤੋਂ ਦੂਰ ਜਾਣ ਦਾ ਦਰਦ ਹੁੰਦਾ ਹੈ ਦੂਸਰੇ ਪਾਸੇ ਨਵੇਂ ਰਿਸ਼ਤੇ-ਨਾਤੇ ਬਣਨ ਦਾ ਚਾਅ ਵੀ। ਉਸ ਦੇ ਨਾਲ ਦੀਆਂ ਸਾਰੀਆਂ ਜਦ ਵਿਆਹ ਕੇ ਆਪਣੇ ਘਰ ਚਲੇ ਜਾਂਦੀਆਂ ਹਨ ਤਾਂ ਉਹ ਵੀ ਆਪਣੀ ਮਾਂ ਤੇ ਬਾਬਲ ਨੂੰ ਸਮਝਾਉਣ ਤੇ ਜਲਦੀ ਤੋਂ ਜਲਦੀ ਉਸ ਦਾ ਵਿਆਹ ਕਰਵਾਉਣ ਲਈ ਆਖਦੀ ਹੈ।

ਸੁਣ ਨੀ ਮਾਤਾ ਮੇਰੀਏ
ਮੇਰੇ ਬਾਬਲ ਨੂੰ ਸਮਝਾ
ਧੀ ਹੋਈ ਲਟ ਬਾਵਰੀ
ਕਿਸੇ ਨੋਕਰ ਦੇ ਲੜ ਲਾ..

ਜਿਹੜੇ ਸਮਾਜਿਕ ਵਾਤਾਵਰਨ ਵਿਚ ਸੁਹਾਗ ਦੇ ਇਹ ਲੋਕ ਗੀਤ ਉਪਜੇ ਹਨ, ਉਸ ਵਿਚ ਕੁੜੀ ਦੇ ਵਿਆਹ ਦਾ ਨਿਰਣਾ ਬਾਬਲ ਕਰਦਾ ਹੈ। ਇਸ ਲਈ ਬਹੁਤੇ ਸੁਹਾਗ ਧੀ ਦੇ ਵੱਲੋਂ ਬਾਬਲ ਨੂੰ ਸੰਬੋਧਿਤ ਹਨ।

ਵੇ ਬਾਬਲ ਵਰ ਤੇ ਟੋਲਿਓ ਜੀ
ਕੋਈ ਹਾਣੋ ਹਾਣੀ
ਵੇ ਬਾਬੁਲ ਵੱਡਾ ਨਾ ਸਹੇੜਿਓ ਜੀ
ਮੇਰੀ ਉਮਰ ਅੰਞਾਣੀ
ਵੇ ਬਾਬਲ ਨਿੱਕਾ ਨਾ ਸਹੇੜਿਓ ਜੀ
ਜਿਨੇ ਸਾਰ ਨਾ ਜਾਣੀ…

ਪੇਕੇ ਘਰ ਦੀ ਸੁਰੱਖਿਆ ਦੇ ਮੁਕਾਬਲੇ ਸਹੁਰੇ ਘਰ ਦਾ ਮਾਹੌਲ ਹਰੇਕ ਲੜਕੀ ਲਈ ਅਣਜਾਣ ਹੁੰਦਾ ਹੈ। ਇਸ ਲਈ ਉਹ ਪਹਿਲਾਂ ਹੀ ਬਾਬਲ ਅੱਗੇ ਬੇਨਤੀ ਕਰਦੀ ਹੈ ਕਿ ਉਹ ਉਸ ਲਈ ਕਿਹੋ ਜਿਹੇ ਘਰ-ਪਰਿਵਾਰ ਦੀ ਭਾਲ ਕਰੇ।

ਕੱਚੇ ਕੋਠੇ ਵਾਲੇ ਘਰ ਨਾ ਦਈਂ ਬਾਬਲਾ
ਸਾਥੋਂ ਲਿੱਪੇ ਨਾ ਜਾਣ ਵੇ ਬਨੇਰੇ ਬਾਬੁਲਾ
ਸੱਸ-ਸਹੁਰੇ ਵਾਲੇ ਘਰ ਵੀ
ਨਾ ਦਈਂ ਬਾਬੁਲਾ
ਸਾਥੋਂ ਹੁੰਦੇ ਨਾ ਰੀਤੀਆਂ-ਰਿਵਾਜ ਬਾਬੁਲਾ…

ਹਰ ਲੜਕੀ ਚਾਹੁੰਦੀ ਹੈ ਕਿ ਉਸ ਦਾ ਵਿਆਹ ਉਸ ਘਰ ਹੋਵੇ, ਜਿਸ ਦੀ ਸਮਾਜ ਵਿਚ ਚੰਗੀ ਸਾਖ ਹੋਵੇ। ਸੱਸ-ਸਹੁਰਾ ਉਸ ਨੂੰ ਮਾਂ-ਪਿਓ ਵਾਲਾ ਪਿਆਰ ਦੇਣ, ਇਸ ਲਈ ਉਹ ਆਪਣੇ ਬਾਬਲ ਨੂੰ ਆਖਦੀ ਹੈ।

ਦੇਈਂ-ਦੇਈਂ ਵੇ ਬਾਬਲਾ ਉਸ ਘਰੇ
ਜਿਥੇ ਸੱਸ ਭਲੀ ਪ੍ਰਧਾਨ
ਸਹੁਰਾ ਸਰਦਾਰ ਹੋਵੇ
ਸਹੁਰਾ ਬਵੇ ਵਿਚ ਕਚਹਿਰੀਆਂ
ਸੱਸ ਪਾਏ ਨਾ ਮੱਥੇ ਵੱਟ
ਬਾਬਲ ਤੇਰਾ ਪੁੰਨ ਹੋਵੇ…

ਬਾਬਲ ਲਈ ਧੀ ਦਾ ਵਿਆਹ ਇਕ ਅਜਿਹਾ ਕਾਰਜ ਹੁੰਦਾ ਹੈ, ਜੋ ‘ਧਰਮ’ ਕਹਾਉਂਦਾ ਹੈ, ਜਿਸ ਕਾਰਨ ਉਸ ਦਾ ਜਸ ਹੁੰਦਾ ਹੈ ਤੇ ਪੁੰਨ ਵੀ ਮਿਲਦਾ ਹੈ, ਪਰ ਫਿਰ ਵੀ ਧੀ ਵਿਆਹੁਣ ਸਮੇਂ ਉਸ ਨੂੰ ਨਿਵਣਾ ਹੀ ਪੈਂਦਾ ਹੈ, ਜਿਸ ਦਾ ਜ਼ਿਕਰ ਲੋਕ ਗੀਤਾਂ ਵਿਚ ਹੁੰਦਾ ਹੈ।

ਬਾਬਲ ਕਿਉਂ ਨੀਵਿਆ
ਨੀ ਧਰਮੀ ਕਿਉਂ ਨੀਵਿਆ
ਇਸ ਬਾਬਲ ਘਰ ਕੰਨਿਆ ਕੰਵਾਰੀ
ਨੀ ਬਾਬੁਲ ਧਰਮੀ ਤਾਂ ਨੀਵਿਆ…

ਫਿਰ ਬਾਬਲ ਵੱਲੋਂ ਜਦੋਂ ਧੀ ਦਾ ਕਾਜ ਰਚਾਇਆ ਜਾਂਦਾ ਹੈ ਤਾਂ ਸਾਰੇ ਪਰਿਵਾਰਕ ਮੈਂਬਰ, ਰਿਸ਼ਤੇਦਾਰ, ਸੱਜਣ-ਮਿੱਤਰ ਨਾਲ ਆ ਜੁੜਦੇ ਹਨ। ਇਸ ਤਰਾਂ ਇਹ ਕਾਰਜ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਬਣ ਜਾਂਦਾ ਹੈ।

ਬਾਬਲ ਕਾਜ ਰਚਾਇਆ
ਸਭ ਪਰਿਵਾਰ ਬੁਲਾਇਆ…
ਵਿਆਹ ਸਮੇਂ ਵੱਖੋ-ਵੱਖ ਰਸਮਾਂ ਨਾਲ ਸਬੰਧਿਤ ਸੁਹਾਗ ਔਰਤਾਂ ਵੱਲੋਂ ਰਲ਼ ਕੇ ਗਾਏ ਜਾਂਦੇ ਹਨ।
ਧਨ ਨੀ ਮਾਏ ਜਣੇਦਈ
ਜਿਸ ਇਹ ਬੇਟੀ ਜਾਈ
ਮੈਲੇ-ਕੁਚੈਲੇ ਕੱਪੜੇ ਬੇਟੀ ਮਾਈਏ ਪਾਈ…

ਹਰੇਕ ਧੀ ਲਈ ਉਸ ਦਾ ਬਾਬਲ ਰਾਜਾ ਹੁੰਦਾ ਹੈ ਤੇ ਉਸ ਨੂੰ ਉਸ ਦੀ ਇੱਜ਼ਤ ਤੇ ਉਸ ਦੇ ਰੁਤਬੇ ਦੀ ਪੂਰੀ ਪ੍ਰਵਾਹ ਹੁੰਦੀ ਹੈ, ਜਿਸ ਦਾ ਵਰਨਣ ਸੁਹਾਗ ਰੂਪੀ ਲੋਕ ਗੀਤਾਂ ਵਿਚ ਹੈ।

ਅੱਜ ਕਿਸੇ ਰਾਜੇ ਨੇ ਆਉਣਾ
ਮੇਰੇ ਬਾਬਲ ਦੇ ਵਿਹੜੇ
ਮੇਰੇ ਬਾਬਲ ਦੇ ਲਾਗੀਓ,
ਖਾਣਾ ਖੂਬ ਪਕਾਇਓ,
ਬਾਬਲ ਦੇਸ਼ਾਂ ਦਾ ਰਾਜਾ,
ਮਤ ਕਿਤੇ ਨਿੰਦਿਆ ਨਾ ਜਾਵੇ…

ਫਰ ਜਦੋਂ ਇਕ ਬਾਬਲ ਆਪਣੀ ਹੱਥੀਂ ਪਾਲੀ-ਪਰੋਸੀ ਧੀ ਨੂੰ ਵਿਦਾ ਕਰਦਾ ਹੈ ਤਾਂ ਉਸ ਸਮੇਂ ਉਸ ਦੇ ਨਾਲ-ਨਾਲ ਘਰ ਦੀਆਂ ਕੰਧਾਂ ਵੀ ਰੋਂਦੀਆਂ ਹਨ। ਧੀ ਬਾਬਲ ਅੱਗੇ ਇਕ ਦਿਹਾੜੀ ਹੋਰ ਆਪਣੇ ਕੋਲ ਰੱਖਣ ਦੀ ਫ਼ਰਿਆਦ ਕਰਦੀ ਹੈ, ਪਰ ਸਮਾਜਿਕ ਰੀਤੀ- ਰਿਵਾਜ ਕਾਰਨ ਬਾਬਲ ਅਜਿਹਾ ਕਰਨ ਦੇ ਸਮਰੱਥ ਨਹੀਂ ਹੁੰਦਾ।

ਬਾਬੁਲ ਵਿਦਾ ਕਰੇਂਦਿਆਂ
ਮੈਨੂੰ ਰੱਖ ਲੈ ਅੱਜ ਦੀ ਰਾਤ ਜੀ
ਕੀਕਣ ਰੱਖਾਂ ਬੇਟੀਏ
ਖੜੇ ਸਾਜਣ ਬੂਹਿਓ ਬਾਹਰ ਜੀ…

ਆਖਰ ਇਨਾਂ ਰੀਤੀ-ਰਿਵਾਜ਼ਾਂ ਵਿਚ ਬੱਝੀ ਧੀ ਨੂੰ ਆਪਣੇ ਬਾਬਲ ਦਾ ਘਰ ਛੱਡ ਪ੍ਰਦੇਸਣ ਹੋਣਾ ਹੀ ਪੈਂਦਾ ਹੈ। ਬਾਬਲ ਮਜਬੂਰ ਹੱਥੀਂ ਆਪਣੇ ਜਿਗਰ ਦੇ ਟੁਕੜੇ ਨੂੰ ਬੇਗਾਨੇ ਹੱਥੀਂ ਸੌਂਪ ਦਿੰਦਾ ਹੈ।

ਸਾਡਾ ਚਿੜੀਆਂ ਦਾ ਚੰਬਾ ਵੇ
ਬਾਬਲ ਅਸਾਂ ਉੱਡ ਜਾਣਾ
ਸਾਡੀ ਲੰਬੀ ਉਡਾਰੀ ਏ
ਬਾਬਲ ਕਿਹੜੇ ਦੇਸ਼ ਜਾਣਾ…

ਇਸ ਤਰਾਂ ਇਹ ਲੋਕ ਗੀਤ ਇਕ ਧੀ ਦੇ ਉਸ ਦੇ ਆਪਣੇ ਮਾਪਿਆਂ ਅਤੇ ਪੇਕੇ ਘਰ ਨਾਲੋਂ ਜੁਦਾ ਹੋਣ ਦੇ ਦਰਦ ਨੂੰ ਬਾਖੂਬੀ ਬਿਆਨ ਕਰਦੇ ਹਨ। ਇਨਾਂ ਲੋਕ ਗੀਤਾਂ ‘ਚ ਜਿੱਥੇ ਜੁਦਾਈ ਦਾ ਦਰਦ ਹੈ, ਉੱਥੇ ਹੀ ਦੂਸਰੇ ਪਾਸੇ ਨਵੇਂ ਰਿਸ਼ਤਿਆਂ ਨਾਲ ਜੁੜਨ ਦਾ ਚਾਅ ਵੀ ਝਲਕਦਾ ਹੈ ਪਰ ਅਫ਼ਸੋਸ ਅੱਜ ਦੀ ਨੌਜਵਾਨ ਪੀੜੀ ਇਸ ਸੁਹਾਗ ਰੂਪੀ ਲੋਕ ਗੀਤਾਂ ਨੂੰ ਵਿਸਾਰ ਚੁੱਕੀ ਹੈ। ਹੁਣ ਨਾ ਤਾਂ ਧੀ ਦੇ ਵਿਆਹ ‘ਤੇ ਸੁਹਾਗ ਸੁਣਨ ਨੂੰ ਮਿਲਦੇ ਹਨ ਤੇ ਹੀ ਮੁੰਡੇ ਦੇ ਵਿਆਹ ਵਿਚ ਘੋੜੀਆਂ।

Comments

comments

Share This Post

RedditYahooBloggerMyspace